shāhadharāशाहदरा
ਲਹੌਰ ਪਾਸ ਰਾਵੀ ਪਾਰ ਜਹਾਂਗੀਰ ਬਾਦਸ਼ਾਹ ਦਾ ਮਕਬਰਾ, ਜਿਸਦੇ ਪਾਸ ਦੀ ਬਸਤੀ ਦਾ ਨਾਉਂ ਭੀ ਇਹੀ ਹੋ ਗਿਆ. ਦੇਖੋ, ਜਹਾਂਗੀਰ। ੨. ਦਿੱਲੀ ਤੋਂ ਪੰਜ ਮੀਲ ਦੀ ਵਿੱਥ ਤੇ ਜਮੁਨਾ ਪਾਰ ਬਾਦਸ਼ਾਹ ਸ਼ਾਹਜਹਾਂ ਦਾ ਵਸਾਇਆ ਇੱਕ ਪਿੰਡ, ਜੋ ਉਸ ਵੇਲੇ ਮੰਡੀ ਦਾ ਕੰਮ ਦਿੰਦਾ ਸੀ.
लहौर पास रावी पार जहांगीर बादशाह दा मकबरा, जिसदे पास दी बसती दा नाउं भी इही हो गिआ. देखो, जहांगीर। २. दिॱली तों पंज मील दी विॱथ ते जमुना पार बादशाह शाहजहां दा वसाइआ इॱकपिंड, जो उस वेले मंडी दा कंम दिंदा सी.
ਲਵਪੁਰ. ਰਾਮਚੰਦ੍ਰ ਜੀ ਦੇ ਬੇਟੇ ਲਵ ਦਾ ਵਸਾਇਆ ਰਾਵੀ (ਏਰਾਵਤੀ) ਕਿਨਾਰੇ ਨਗਰ, ਜੋ ਪੰਜਾਬ ਦੀ ਰਾਜਧਾਨੀ ਹੈ,¹ ਦੇਖੋ, ਵਿਚਿਤ੍ਰਨਾਟਕ ਅਃ ੨, ਅੰਕ ੨੪. ਲਹੌਰ ਤੇ ਸੋਲੰਕੀ, ਭੱਟੀ ਅਤੇ ਚੁਹਾਨ ਰਾਜਪੂਤਾਂ ਦਾ ਸਿਲਸਿਲੇਵਾਰ ਚਿਰ ਤੀਕ ਕਬਜਾ ਰਿਹਾ, ਫੇਰ ਇਹ ਬ੍ਰਾਹਮਣਾਂ ਦੇ ਅਧਿਕਾਰ ਵਿੱਚ ਆਇਆ. ਸੁਬਕਤਗੀਨ ਨੇ ਜਯਪਾਲ ਅਤੇ ਅਨੰਗਪਾਲ ਨੂੰ ਜਿੱਤਕੇ ਸਨ ੧੦੦੨ ਵਿੱਚ ਮੁਸਲਮਾਨੀ ਰਾਜ ਕਾਇਮ ਕੀਤਾ. ਸੁਬਕਤਗੀਨ ਦੇ ਪੁਤ੍ਰ ਮਹਮੂਦ ਨੇ ਲਹੌਰ ਦਾ ਨਾਉਂ "ਮਹਮੂਦਪੁਰ" ਰੱਖਿਆ ਸੀ. ਜੋ ਉਸ ਦੇ ਸਿੱਕੇ ਵਿੱਚ ਦੇਖੀਦਾ ਹੈ.#ਤੈਮੂਰ ਨੇ ਸਨ ੧੩੯੮ ਵਿੱਚ ਲਹੌਰ ਫਤੇ ਕੀਤਾ. ਇਹ ਕੁਝ ਕਾਲ ਲੋਦੀਆਂ ਦੀ ਹੁਕੂਮਤ ਅੰਦਰ ਭੀ ਰਿਹਾ. ਸਨ ੧੫੨੪ ਵਿੱਚ ਬਾਬਰ ਨੇ ਫ਼ਤੇ ਕਰਕੇ ਮੁਗਲਰਾਜ ਥਾਪਿਆ. ਬਾਦਸ਼ਾਹ ਅਕਬਰ ਜਹਾਂਗੀਰ ਅਤੇ ਸ਼ਾਹਜਹਾਂ ਨੇ ਆਪਣੇ ਆਪਣੇ ਸਮੇਂ ਕਿਲੇ ਦੀਆਂ ਇਮਾਰਤਾਂ ਬਣਵਾਈਆਂ. ਔਰੰਗਜ਼ੇਬ ਨੇ ਕਿਲੇ ਦੇ ਸਾਮ੍ਹਣੇ ਆਲੀਸ਼ਾਨ ਮਸੀਤ ਬਣਵਾਈ.#ਮਹਾਰਾਜਾ ਰਣਜੀਤਸਿੰਘ ਨੇ ਸਨ ੧੭੯੯ ਵਿੱਚ ਲਹੌਰ ਫਤੇ ਕਰਕੇ ਸਿੱਖਰਾਜ ਕਾਇਮ ਕੀਤਾ. ਇਸ ਪ੍ਰਸਿੱਧ ਸ਼ਹਿਰ ਦਾ ਸਿੱਖ ਇਤਿਹਾਸ ਨਾਲ ਗਾੜ੍ਹਾ ਸੰਬੰਧ ਹੈ. ੨੯ ਮਾਰਚ ਸਨ ੧੮੪੯ ਨੂੰ ਲਹੌਰ ਅੰਗ੍ਰੇਜਾਂ ਦੇ ਅਧਿਕਾਰ ਵਿੱਚ ਆਇਆ. ਦੇਖੋ, ਪੰਜਾਬ#ਰੇਲ ਦੇ ਰਸਤੇ ਲਹੌਰ ਤੋਂ ਕਲਕੱਤਾ ੧੧੯੯, ਪੇਸ਼ਾਵਰ ੨੮੮ ਅਤੇ ਬੰਬਈ ੧੧੪੬ ਮੀਲ ਹੈ. ਜਨਸੰਖ੍ਯਾ ੨੭੯, ੫੫੮ ਹੈ.#ਲਹੌਰ ਪਰਥਾਇ ਗੁਰੂ ਨਾਨਕਸਾਹਿਬ ਅਤੇ ਗੁਰੂ ਅਮਰਦਾਸ ਜੀ ਦੇ ਵਾਕ ਜੋ ਵਾਰਾਂ ਤੋਂ ਵਧੀਕ ਸਲੋਕਾਂ ਵਿੱਚ ਦੇਖੇ ਜਾਂਦੇ ਹਨ, ਉਨ੍ਹਾਂ ਦਾ ਨਿਰਣਾ "ਲਾਹੋਰ" ਸ਼ਬਦ ਵਿੱਚ ਦੇਖੋ.#ਲਹੌਰ ਵਿੱਚ ਸਤਿਗੁਰਾਂ ਅਤੇ ਸ਼ਹੀਦਾਂ ਦੇ ਇਹ ਪਵਿਤ੍ਰ ਅਸਥਾਨ ਹਨ-#(੧) ਜਵਾਹਰਮੱਲ ਦੇ ਚੌਹੱਟੇ ਪਾਸ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਗੁਰਦ੍ਵਾਰਾ ਹੈ. ਇੱਥੇ ਸਤਿਗੁਰੂ ਨੇ ਦੁਨੀਚੰਦ ਨੂੰ ਪਾਖੰਡਰੂਪ ਸ਼੍ਰਾੱਧਕਰਮ ਤੋਂ ਵਰਜਕੇ ਗੁਰਸਿੱਖੀ ਬਖ਼ਸ਼ੀ ਸੀ. ਇਹ ਅਸਥਾਨ ਸਿਰੀਆਂ ਵਾਲੇ ਮਹੱਲੇ ਪਾਸ ਹੈ. ਗੁਰਦ੍ਵਾਰਾ ਬਣਿਆ ਹੋਇਆ ਹੈ, ਸਿੱਘ ਪੁਜਾਰੀ ਹੈ.#(੨) ਚੂਨੀਮੰਡੀ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਹੈ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਨਾਲ ਅੱਠ ਦੁਕਾਨਾਂ ਹਨ. ਪੁਜਾਰੀ ਸਿੰਘ ਹੈ.#(੩) ਜਨਮ ਅਸਥਾਨ ਦੇ ਪਾਸ ਹੀ ਸ਼੍ਰੀ ਗੁਰੂ ਰਾਮਦਾਸ ਜੀ ਦੀ ਧਰਮਸ਼ਾਲਾ ਹੈ. ਇਸ ਹਾਤੇ ਅੰਦਰ ਹੀ ਸ਼੍ਰੀ ਗੁਰੂ ਅਰਜਨਸਾਹਿਬ ਜੀ ਦਾ ਦੀਵਾਨਖਾਨਾ ਭੀ ਹੈ. ਇਸ ਦੇ ਨਾਲ ਚਾਰ ਦੁਕਾਨਾਂ ਅਤੇ ਅਠਾਰਾਂ ਘੁਮਾਉਂ ਜ਼ਮੀਨ ਪਿੰਡ ਰਾਣਾ ਭੱਟੀ, ਤਸੀਲ ਸ਼ਾਹਦਰਾ ਜਿਲਾ ਸ਼ੇਖੂਪੁਰਾ ਵਿੱਚ ਹੈ.#ਇਸੇ ਥਾਂ ਤੋਂ- "ਮੇਰਾ ਮਨੁ ਲੋਚੈ ਗੁਰਦਰਸਨ ਤਾਈ"- ਸ਼ਬਦ ਲਿਖਕੇ ਗੁਰੂਸਾਹਿਬ ਨੇ ਪਿਤਾ ਜੀ ਪਾਸ ਅਮ੍ਰਿਤਸਰ ਭੇਜਿਆ ਸੀ.#(੪) ਕਿਲੇ ਦੇ ਸਾਮ੍ਹਣੇ ਸ਼੍ਰੀ ਗੁਰੂ ਅਰਜਨਸਾਹਿਬ ਦਾ ਦੇਹਰਾ ਹੈ, ਜਿੱਥੇ ਜੇਠ ਸੁਦੀ ੪. ਸੰਮਤ ੧੬੬੩ ਨੂੰ ਜੋਤੀ ਜੋਤਿ ਸਮਾਏ ਹਨ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਦੀਵਾਨਖਾਨਾ ਭੀ ਮਨੋਹਰ ਹੈ. ਨਿੱਤ ਕੀਰਤਨ ਹੁੰਦਾ ਹੈ. ਮਹਾਰਾਜਾ ਰਣਜੀਤਸਿੰਘ ਦੀ ਲਾਈ ਜਾਗੀਰ ਪਿੰਡ ਨੰਦੀਪੁਰ ਜਿਲਾ ਸਿਆਲਕੋਟ ਤਸੀਲ ਡਸਕਾ ਵਿੱਚ ਹੈ, ਜਿਸ ਦਾ ਰਕਬਾ ੫੮੯ ਵਿੱਘੇ ਹੈ, ਅਤੇ ੫੦ ਰੁਪਯੇ ਸਾਲਨਾ ਪਿੰਡ ਕੁਤਬਾ ਤਸੀਲ ਕੁਸੂਰ ਤੋਂ ਮਿਲਦੇ ਹਨ. ੯੦ ਰੁਪਯੇ ਰਿਆਸਤ ਨਾਭੇ ਵੱਲੋਂ ਹਨ. ਜੇਠ ਸੁਦੀ ੪. ਨੂੰ ਮੇਲਾ ਹੁੰਦਾ ਹੈ, ਪੁਜਾਰੀ ਸਿੰਘ ਹਨ. ਇਸ ਗੁਰਦ੍ਵਾਰੇ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਦੰਦਖੰਡ ਦਾ ਇੱਕ ਕੰਘਾ ਹੈ, ਜਿਸ ਦੇ ੩੮ ਦੰਦੇ ਹਨ, ਦੋ ਦੰਦੇ ਟੁੱਟੇ ਹੋਏ ਹਨ.#(੫) ਲਹੌਰ ਕਿਲੇ ਤੋਂ ਦੌ ਸੌ ਕਦਮ ਦੱਖਣ ਵੱਲ ਲਾਲ ਕੂਆ ਅਥਵਾ ਲਾਲ ਖੂਹੀ ਹੈ. ਇਹ ਚੰਦੂ ਦੇ ਘਰ ਵਿੱਚ ਸੀ. ਇਸ ਦੇ ਜਲ ਨਾਲ ਸ਼੍ਰੀ ਗੁਰੂ ਅਰਜਨ ਦੇਵ ਨੇ ਕਈ ਵਾਰ ਸਨਾਨ ਕੀਤਾ ਸੀ. ਇੱਥੇ ਛੋਟਾ ਜਿਹਾ ਮੰਜੀਸਾਹਿਬ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਦਾ ਪ੍ਰਕਾਸ਼ ਹੁੰਦਾ ਹੈ. ਇਸ ਗੁਰਦ੍ਵਾਰੇ ਨਾਲ ਇੱਕ ਦੁਕਾਨ, ੨੧. ਕਨਾਲ ੧੪. ਮਰਲੇ ਜਮੀਨ ਪਿੰਡ ਖੋਖਰ, ਤਸੀਲ ਲਹੌਰ ਵਿੱਚ ਹੈ. ਪੁਜਾਰੀ ਸਿੰਘ ਹੈ. ਇੱਥੇ ਤੀਹ ਚਾਲੀ ਗੁੰਗੇ ਭੀ ਰਹਿਂਦੇ ਹਨ.#(੬) ਡੱਬੀ ਬਾਜਾਰ ਵਿੱਚ ਸ਼੍ਰੀ ਗੁਰੂ ਅਰਜਨਦੇਵ ਜੀ ਦੀ ਬਾਵਲੀ ਹੈ. ਇਹ ਛੱਜੂ ਵਪਾਰੀ ਦੇ ਅਰਪੇ ਹੋਏ ਧਨ ਤੋਂ ਗੁਰੂਸਾਹਿਬ ਨੇ ਲਵਾਈ ਸੀ. ਬਾਦਸ਼ਾਹ ਸ਼ਾਹਜਹਾਂ ਦੇ ਸਮੇਂ ਇਹ ਅੱਟੀ ਗਈ ਸੀ. ਮਹਾਰਾਜਾ ਰਣਜੀਤਸਿੰਘ ਜੀ ਨੇ ਫੇਰ ਪ੍ਰਗਟ ਕੀਤੀ. ਇਸ ਨਾਲ ੧੧੨ ਹੱਟਾਂ ਹਨ, ਜਿਨ੍ਹਾਂ ਦੀ ਚੋਖੀ ਆਮਦਨ ਹੈ.#(੭) ਮੁਜੰਗ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਅਸਥਾਨ ਹੈ, ਜਿੱਥੇ ਬਹੁਤ ਚਿਰ ਗੁਰੂਸਾਹਿਬ ਦਾ ਡੇਰਾ ਰਿਹਾ ਹੈ. ਇਸ ਗੁਰਦ੍ਵਾਰੇ ਨਾਲ ਨੌ ਦੁਕਾਨਾਂ ਹਨ.#(੮) ਭਾਟੀ ਦਰਵਾਜੇ ਮਹੱਲਾ ਚੁਮਾਲਾ ਅੰਦਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦ੍ਵਾਰਾ ਹੈ. ਸਤਿਗੁਰੂ ਮੁਜੰਗ ਤੋਂ ਆਕੇ ਇੱਥੇ ਕਈ ਵਾਰ ਦੀਵਾਨ ਲਗਾਇਆ ਕਰਦੇ ਸਨ, ਜਿਸ ਬੇਰੀ ਨਾਲ ਘੋੜਾ ਬੰਨ੍ਹਿਆ ਜਾਂਦਾ ਸੀ, ਉਹ ਮੌਜੂਦ ਹੈ.#ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਪ੍ਰਕਾਸ਼ ਲਈ ਸੁੰਦਰ ਖੁਲ੍ਹਾ ਕਮਰਾ ਹੈ. ਮੁਸਾਫਰਾਂ ਦੇ ਰਹਿਣ ਲਈ ਚੋਖੇ ਮਕਾਨ ਹਨ. ਗੁਰਦ੍ਵਾਰੇ ਨਾਲ ਇੱਕ ਮਕਾਨ ਭਾਟੀ ਦਰਵਾਜੇ ਅਤੇ ੮੭ ਘੁਮਾਉਂ ਜ਼ਮੀਨ ਪਿੰਡ ਖੁਰਦਪੁਰ, ਤਸੀਲ ਲਹੌਰ ਵਿੱਚ ਹੈ. ਕਮੇਟੀ ਦੇ ਹੱਥ ਪ੍ਰਬੰਧ ਹੈ. ਬਸੰਤ- ਪੰਚਮੀ ਨੂੰ ਮੇਲਾ ਹੁੰਦਾ ਹੈ.#(੯) ਸ਼ਹਿਰ ਦੇ ਉੱਤਰ ਕਿਲੇ ਦੇ ਪਾਸ ਭਾਈ ਮਨੀਸਿੰਘ ਜੀ ਦਾ ਸ਼ਹੀਦਗੰਜ ਹੈ. ਦੇਖੋ, ਮਨੀਸਿੰਘ ਭਾਈ. ਇੱਥੇ ਉਹ ਖੂਹ ਭੀ ਹੈ ਜੋ ਜਾਲਿਮ ਹਾਕਮਾਂ ਨੇ ਸਿੱਖਾਂ ਦੇ ਸਿਰਾਂ ਨਾਲ ਭਰਵਾ ਦਿੱਤਾ ਸੀ. ਇਸ ਸ਼ਹੀਦਗੰਜ ਨਾਲ ਇੱਕ ਦੁਕਾਨ ਚੂਨੀਮੰਡੀ ਵਿੱਚ ਹੈ. ਕਮੇਟੀ ਦੇ ਹੱਥ ਇਸ ਦਾ ਪ੍ਰਬੰਧ ਹੈ. ਰੇਲਵੇ ਸਟੇਸ਼ਨ ਬਾਦਾਮੀਬਾਗ ਤੋਂ ਪੌਣ ਮੀਲ ਪੱਛਮ ਹੈ.#(੧੦) ਲੰਡਾ ਬਾਜਾਰ ਵਿੱਚ ਭਾਈ ਤਾਰੂਸਿੰਘ ਜੀ ਦਾ ਸ਼ਹੀਦਗੰਜ ਹੈ. ਇਸ ਨਾਲ ਕਈ ਟੁਕੜੇ ਜ਼ਮੀਨ ਦੇ ਕਰੀਬ ਛੀ ਕਨਾਲ ਸ਼ਹਿਰ ਵਿੱਚ ਹਨ, ਅਤੇ ਪਿੰਡ ਬੱਲਾ ਬਸਤੀਰਾਮ ਤਸੀਲ ਲਹੌਰ ਤੋਂ ਸੌ ਰੁਪਯਾ ਸਾਲਾਨਾ ਸਿੱਖਰਾਜ ਸਮੇਂ ਦੀ ਜਾਗੀਰ ਹੈ. ਕੁਝ ਦੁਕਾਨਾਂ ਦਾ ਕਰਾਇਆ ਆਉਂਦਾ ਹੈ. ਪੁਜਾਰੀ ਸਿੰਘ ਹੈ. ਦੇਖੋ, ਤਾਰੂਸਿੰਘ ਭਾਈ.#(੧੧) ਭਾਈ ਤਾਰੂਸਿੰਘ ਜੀ ਦੇ ਸ਼ਹੀਦਗੰਜ ਦੇ ਨੇੜੇ ਹੀ ਸਿੰਘਣੀਆਂ ਦਾ ਸ਼ਹੀਦਗੰਜ ਹੈ. ਇੱਥੇ ਸਿੰਘਣੀਆਂ ਨੇ ਅਨੇਕ ਦੁੱਖ ਸਹਾਰੇ. ਆਪਣੇ ਬੱਚੇ ਟੋਟੇ ਕਰਵਾਕੇ ਝੋਲੀ ਪਵਾਏ, ਪਰ ਪਿਆਰਾ ਧਰਮ ਨਹੀਂ ਤਿਆਗਿਆ....
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਰਮਣ ਕੀਤੀ. ਭੋਗੀ. "ਰਾਵੀ ਸਿਰਜਨਹਾਰਿ." (ਮਃ ੩. ਵਾਰ ਸ੍ਰੀ) ੨. ਸੰਗ੍ਯਾ- ਐਰਾਵਤੀ ਨਦੀ. ਰਿਗਵੇਦ ਵਿੱਚ ਇਸ ਦਾ ਨਾਮ ਪਰੁਸਨੀ (परुष्णी) ਆਇਆ ਹੈ. ਰਾਵੀ ਕੁੱਲੂ ਦੇ ਇਲਾਕੇ ਤੋਂ ਨਿਕਲਕੇ ਚੰਬਾ ਮਾਧੋਪੁਰ ਦੇਹਰਾ ਬਾਬਾ ਨਾਨਕ ਲਹੌਰ ਮਾਂਟਗੁਮਰੀ. ਮੁਲਤਾਨ ਆਦਿ ਵਿੱਚ ੪੫੦ ਮੀਲ ਵਹਿਂਦੀ ਹੋਈ, ਚਨਾਬ (ਚੰਦ੍ਰਭਾਗਾ) ਨੂੰ ਜਾ ਮਿਲਦੀ ਹੈ....
ਸੰਗ੍ਯਾ- ਪਾੜ. ਸੰਨ੍ਹ. ਨਕ਼ਬ. "ਇਸ ਕੋ ਪਾਰ ਦਯੋ ਦਰਸਾਵੈ." (ਗੁਪ੍ਰਸੂ) ੨. ਸੰ. पार्. ਧਾ- ਸਮਾਪਤ ਕਰਨਾ, ਪੂਰਾ ਕਰਨਾ। ੩. ਸੰਗ੍ਯਾ- ਦੂਜਾ ਕਿਨਾਰਾ. ਪਰਲਾ ਕਿਨਾਰਾ. ਅਪਰ ਤਟ. "ਪਾਰ ਪਰੇ ਜਗਸਾਗਰ ਤੇ." (ਗੁਪ੍ਰਸੂ) ੪. ਅੰਤ. ਹੱਦ. "ਪਾਰ ਨ ਪਾਇ ਸਕੈ ਪਦਮਾਪਤਿ." (ਅਕਾਲ) ੫. ਕ੍ਰਿ. ਵਿ- ਪਰਲੇ ਪਾਸੇ. ਦੂਜੀ ਵੱਲ। ੬. ਦੇਖੋ, ਪਾਰਿ. ਪਾੜਕੇ. "ਉਰ ਤੇ ਪਰਦਾ ਭ੍ਰਮ ਕੋ ਸਭ ਪਾਰ." (ਗੁਪ੍ਰਸੂ) ੭. ਫ਼ਾ. [پار] ਪਿਛਲਾ ਸਾਲ. ਵੀਤਿਆ ਵਰ੍ਹਾ। ੮. ਫ਼ਾ. [پارہ] ਪਾਰਹ. ਖੰਡ ਟੁਕੜਾ. ਟੂਕ. "ਸਿਰ ਕਰਵਤ ਸਹਿ ਤਰੁ ਪਾਰ ਪਾਰ ਹੈ." (ਭਾਗੁ ਕ) ਪਾਰਹ ਪਾਰਹ ਹੁੰਦਾ ਹੈ....
ਫ਼ਾ. [جہانگیِر] ਵਿ- ਜਹਾਨ ਨੂੰ ਫ਼ਤੇ ਕਰਨ ਵਾਲਾ. ਸੰਸਾਰ ਨੂੰ ਕ਼ਬਜੇ ਵਿੱਚ ਲੈਣ ਵਾਲਾ।੨. ਸੰਗ੍ਯਾ- ਅਕਬਰ ਦਾ ਪੁਤ੍ਰ ਸਲੀਮ, ਜੋ ਬਿਹਾਰੀਮੱਲ ਕਛਵਾਹੇ ਦੀ ਕੰਨ੍ਯਾ ਮਰੀਅਮ ਜ਼ਮਾਨੀ ਦੇ ਉਦਰ ਤੋਂ ਸਿਕਰੀ ਦੇ ਮਕਾਮ ੩੧ ਅਗਸ੍ਤ ਸਨ ੧੫੬੯ (ਸੰਮਤ ੧੬੨੭) ਨੂੰ ਪੈਦਾ ਹੋਇਆ. ਇਹ ੨੪ ਅਕਤੂਬਰ ਸਨ ੧੬੦੫ ਨੂੰ ਦਿੱਲੀ ਦੇ ਤਖ਼ਤ ਪੁਰ ਬੈਠਾ, ਅਰ ਆਪਣਾ ਨਾਮ ਜਹਾਂਗੀਰ ਰੱਖਿਆ.¹ ਇਸਦੇ ਜ਼ਮਾਨੇ ਇੰਗਲੈਂਡ ਦੇ ਬਾਦਸ਼ਾਹ ਜੇਮਸ ੧. (James I) ਵੱਲੋਂ ਪਤ੍ਰ ਲੈ ਕੇ ਕਪਤਾਨ ਹਾਕਿਨਸ (Hawkinns) ਅਰ ਸਰ ਟਾਮਸ ਰੋ (Sir Thomas Roe) ਵਪਾਰ ਦੀ ਵ੍ਰਿੱਧੀ ਲਈ ਆਏ ਸਨ, ਜਿਸ ਦਾ ਫਲ ਸੂਰਤ ਪਾਸ ਅੰਗ੍ਰੇਜ਼ੀ ਕੋਠੀਆਂ ਅਤੇ ਕਾਰਖ਼ਾਨੇ ਕ਼ਾਇਮ ਹੋਏ।#ਇਸਦਾ ਬੇਟਾ ਖ਼ੁਸਰੋ ਤਖ਼ਤ ਦੀ ਇੱਛਾ ਕਰਕੇ ਵਿਰੋਧੀ ਹੋ ਗਿਆ ਸੀ, ਜਿਸ ਪੁਰ ਉਸ ਨੂੰ ਕੈਦ ਕੀਤਾ ਗਿਆ ਅਰ ਉਸ ਦੇ ਸੰਗੀ ਕਤਲ ਕੀਤੇ ਗਏ. ਸ਼੍ਰੀ ਗੁਰੂ ਅਰਜਨਦੇਵ ਦੇ ਵਿਰੁੱਧ ਚੰਦੂ ਆਦਿਕਾਂ ਨੂੰ ਸ਼ਕਾਇਤ ਕਰਨ ਦਾ ਇਹ ਮੌਕਾ ਮਿਲਿਆ ਕਿ ਗੁਰੂ ਸਾਹਿਬ ਨੇ ਖ਼ੁਸਰੋ ਦੇ ਹੱਕ ਦੁਆ ਮੰਗੀ ਅਤੇ ਉਸ ਨੂੰ ਰੁਪਯੇ ਦੀ ਸਹਾਇਤਾ ਦਿੱਤੀ.²#ਤਖ਼ਤ ਬੈਠਣ ਤੋਂ ਛੀ ਵਰ੍ਹੇ ਪਿੱਛੋਂ, ਇਸ ਨੇ ਨੂਰਜਹਾਂ ਨਾਲ ਸ਼ਾਦੀ ਕੀਤੀ. ਨੂਰਜਹਾਂ ਇੱਕ ਈਰਾਨ ਦੇ ਵਪਾਰੀ ਮਿਰਜ਼ਾ ਗ਼ਯਾਸ ਦੀ ਬੇਟੀ ਸੀ. ਗ਼ਯਾਸ ਅਕਬਰ ਦੇ ਜ਼ਮਾਨੇ ਸ਼ਾਹੀ ਮੁਲਾਜ਼ਮ ਹੋਇਆ ਅਰ ਆਪਣੀ ਲਯਾਕਤ ਨਾਲ ਅਹੁਦੇਦਾਰ ਬਣਿਆ. ਛੋਟੀ ਉਮਰ ਵਿੱਚ ਨੂਰਜਹਾਂ ਜਦ ਸ਼ਾਹੀ ਮਹਿਲਾਂ ਵਿੱਚ ਜਾਇਆ ਕਰਦੀ, ਤਦ ਇਸ ਦਾ ਸੁੰਦਰ ਰੂਪ ਵੇਖਕੇ ਜਹਾਂਗੀਰ ਉਸ ਉਤੇ ਮੋਹਿਤ ਹੋ ਗਿਆ ਸੀ, ਇਸ ਪੁਰ ਅਕਬਰ ਦੀ ਆਗ੍ਯਾ ਅਨੁਸਾਰ ਨੂਰਜਹਾਂ ਦਾ ਨਿਕਾਹ ਇੱਕ ਈਰਾਨੀ ਸਰਦਾਰ ਅਲੀਕੁਲੀ ਖ਼ਾਂ (ਸ਼ੇਰਅਫ਼ਗਨਖ਼ਾਂ) ਨਾਲ ਕੀਤਾ ਗਿਆ, ਜਿਸ ਨੂੰ ਅਕਬਰ ਨੇ ਬੰਗਾਲ ਵਿੱਚ ਜਾਗੀਰ ਬਖ਼ਸ਼ੀ. ਜਦ ਜਹਾਂਗੀਰ ਤਖ਼ਤ ਪੁਰ ਬੈਠਾ, ਤਦ ਸ਼ੇਰਅਫ਼ਗਨਖ਼ਾਂ ਨੂੰ ਕ਼ਤਲ ਕਰਵਾਕੇ ਨੂਰਜਹਾਂ ਨਾਲ ਵਿਆਹ ਕੀਤਾ, ਅਰ ਉਸ ਦੇ ਭਾਈ ਨੂੰ ਆਸਫ਼ਖ਼ਾਂ ਦਾ ਖਿਤਾਬ ਦੇ ਕੇ ਵਡਾ ਮੁਸ਼ੀਰ ਬਣਾਇਆ.#ਨੂਰਜਹਾਂ ਦੇ ਵਸ਼ ਵਿੱਚ ਜਹਾਂਗੀਰ ਕਠਪੁਤਲੀ ਦੀ ਤਰਾਂ ਨਾਚ ਕਰਦਾ ਸੀ, ਯਥਾ- "ਜਹਾਂਗੀਰ ਪਤਸ਼ਾਹ ਕੇ ਬੇਗਮ ਨੂਰਜਹਾਂ। ਵਸ਼ਿ ਕੀਨਾ ਪਤਿ ਆਪਨੋ ਇਹ ਰਸ ਜਹਾਂ ਤਹਾਂ." (ਚਰਿਤ੍ਰ ੪੮)#ਜਹਾਂਗੀਰ ਸ਼ਰਾਬ ਅਤੇ ਸ਼ਿਕਾਰ ਦਾ ਬਹੁਤ ਪ੍ਰੇਮੀ ਸੀ. ਸੰਮਤ ੧੬੮੪ ਵਿੱਚ ਕਸ਼ਮੀਰ ਤੋਂ ਮੁੜਦਾ ਹੋਇਆ ਦਮੇ ਰੋਗ ਦੀ ਪ੍ਰਬਲਤਾ ਕਾਰਣ (੨੮ ਅਕਤੂਬਰ ਸਨ ੧੬੨੭ ਨੂੰ) ਰਸਤੇ ਵਿੱਚ ਮਰ ਗਿਆ. ਲਹੌਰ ਪਾਸ ਸ਼ਾਹਦਰੇ ਉਸ ਦਾ ਸੁੰਦਰ ਮਕਬਰਾ ਬਣਿਆ ਹੋਇਆ ਹੈ. ਦੇਖੋ, ਨੂਰਜਹਾਂ....
ਫ਼ਾ. [بادشاہ] ਸੰਗ੍ਯਾ- ਬਾਦ (ਤਖ਼ਤ) ਦਾ ਸ਼ਾਹ (ਸ੍ਵਾਮੀ). ਸਿੰਘਾਸਨਪਤਿ. ਮਹਾਰਾਜਾ....
ਅ਼. [مقبرہ] ਸੰਗ੍ਯਾ- ਕ਼ਬਰ ਦਾ ਅਸਥਾਨ. ਉਹ ਮਕਾਨ, ਜਿਸ ਵਿੱਚ ਮੁਰਦੇ ਦੀ ਕ਼ਬਰ ਹੋਵੇ....
ਵਸਦੀ. "ਇਹ ਬਸਤੀ, ਤਾ ਬਸਤ ਸਰੀਰਾ." (ਆਸਾ ਕਬੀਰ) ੨. ਸੰਗ੍ਯਾ- ਆਬਾਦੀ. ਵਸੋਂ ਸੰ. ਵਸਤਿ। ੩. ਗ੍ਰਾਮ. ਨਗਰ....
ਇਹ ਦੇ ਅੰਤ ਈ ਪ੍ਰਤ੍ਯਯ ਨਿਸ਼ਚਾ ਅਤੇ ਕੇਵਲ ਅਰਥ ਪ੍ਰਗਟ ਕਰਦਾ ਹੈ. ਇਹੋ. ਯਹੀ. ਕੇਵਲ ਇਹ. "ਇਹੀ ਹਮਾਰੈ ਸਫਲ ਕਾਜ." (ਮਾਲੀ ਮਃ ੫) "ਇਹੀ ਤੇਰਾ ਅਉਸਰ ਇਹ ਤੇਰੀ ਬਾਰ." (ਭੈਰ ਕਬੀਰ)...
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਜਮੁਨਾ ਨਦੀ ਦੇ ਕਿਨਾਰੇ ਇੱਕ ਪੁਰਾਣੀ ਪ੍ਰਸਿੱਧ ਨਗਰੀ, ਜੋ ਕਈ ਥਾਈਂ ਵਸ ਚੁੱਕੀ ਹੈ.¹ ਪਾਂਡਵਾਂ ਵੇਲੇ ਇਸ ਦਾ ਨਾਮ ਇੰਦ੍ਰਪਸ੍ਥ² ਅਤੇ ਪਾਂਡਵਨਗਰ ਸੀ. ਫੇਰ ਇਸ ਦਾ ਨਾਮ ਯੋਗਿਨੀਪੁਰ ਹੋਇਆ. ਤੋਮਰਵੰਸ਼ ਦੇ ਰਾਜਾ ਰਾਇਸੇਨ ਨੇ ਸਨ ੯੧੯- ੨੦ ਵਿੱਚ ਸੁੰਦਰ ਮਕਾਨ ਬਣਵਾਕੇ ਰਾਜਧਾਨੀ ਕ਼ਾਯਮ ਕੀਤੀ.#ਮਯੂਰਵੰਸ਼ ਦੇ ਰਾਜਾ ਦਿਲੂ ਨੇ ਇਸ ਨੂੰ ਦਿੱਲੀ ਨਾਉਂ ਦਿੱਤਾ.³ ਸਨ ੧੧੫੧ ਵਿੱਚ ਚੌਹਾਨ ਰਾਜਪੂਤ ਵਿਸ਼ਾਲਦੇਵ ਨੇ ਇਸਨੂੰ ਰਾਜਧਾਨੀ ਬਣਾਇਆ. ਇਸ ਦੇ ਪੋਤੇ ਪ੍ਰਿਥੀ (ਪ੍ਰਿਥਿਵੀ) ਰਾਜ ਨੂੰ ਸਨ ੧੧੯੨ ਵਿੱਚ ਜਿੱਤਕੇ ਸ਼ਹਾਬੁੱਦੀਨ ਮੁਹ਼ੰਮਦ ਗੌਰੀ ਨੇ ਮੁਸਲਿਮ ਰਾਜ ਕ਼ਾਯਮ ਕੀਤਾ.#ਇਸ ਵੇਲੇ ਜਮੁਨਾ ਦੇ ਕਿਨਾਰੇ ਜੋ ਪੱਕੀ ਚਾਰ ਦੀਵਾਰੀ ਅੰਦਰ ਬਸਤੀ ਦੇਖੀ ਜਾਂਦੀ ਹੈ ਇਹ ਬਾਦਸ਼ਾਹ ਸ਼ਾਹਜਹਾਂ ਦੀ ਰਚਨਾ ਹੈ. ਉਸ ਨੇ ਇਸ ਦੇ ਲਾਲ ਕਿਲੇ ਅਤੇ ਸ਼ਹਿਰ ਦੀ ਬੁਨਿਆਦ ੧੬. ਏਪ੍ਰਿਲ ਸਨ ੧੬੩੯ ਨੂੰ ਰੱਖੀ ਅਤੇ ਚਤੁਰ ਅਹਿਲਕਾਰ ਗ਼ੈਰਤਖ਼ਾਨ ਦੀ ਨਿਗਰਾਨੀ ਵਿੱਚ ਇਮਾਰਤ ਬਣੀ. ਬਾਦਸ਼ਾਹ ਨੇ ਇਸ ਦਾ ਨਾਮ "ਸ਼ਾਹਜਹਾਨਾਬਾਦ" ਰੱਖਿਆ ਸੀ, ਪਰ ਜਗਤ ਪ੍ਰਸਿੱਧ ਦਿੱਲੀ ਹੀ ਰਿਹਾ.#ਸਨ ੧੮੦੩ ਵਿੱਚ ਦਿੱਲੀ ਅੰਗ੍ਰੇਜ਼ਾਂ ਦੇ ਅਧਿਕਾਰ ਵਿੱਚ ਆਈ, ਭਾਵੇਂ ਨਾਮਮਾਤ੍ਰ ਮੁਗਲ ਰਾਜਧਾਨੀ ਰਹੀ. ਸਨ ੧੮੫੭ ਦੇ ਗ਼ਦਰ ਪਿੱਛੋਂ ਦਿੱਲੀ ਅੰਗ੍ਰੇਜ਼ੀ ਰਾਜ ਨਾਲ ਮਿਲੀ, ਅਰ ੧੨. ਦਿਸੰਬਰ ਸਨ ੧੯੧੧ ਨੂੰ ਸ਼ਹਨਸ਼ਾਹ ਜਾਰਜਪੰਜਮ (George V) ਨੇ ਇਸ ਨੂੰ ਭਾਰਤ ਦੀ ਰਾਜਧਾਨੀ ਹੋਣ ਦਾ ਮੁੜ ਮਾਨ ਦਿੱਤਾ. ੧. ਅਕਤੂਬਰ ਸਨ ੧੯੧੨ ਨੂੰ ਦਿੱਲੀ ਨੂੰ ਪੰਜਾਬ ਤੋਂ ਅਲਗ ਕਰਕੇ ਚੀਫ਼ਕਮਿਸ਼ਨਰ ਦੇ ਅਧੀਨ ਕੀਤਾ ਗਿਆ.#ਦਿੱਲੀ ਤੋਂ ਲਹੌਰ ੨੯੭, ਕਲਕੱਤਾ ੯੫੬, ਬੰਬਈ ੯੮੨ ਅਤੇ ਕਰਾਚੀ ੯੦੭ ਮੀਲ ਹੈ.#ਸਨ ੧੯੨੧ ਦੀ ਮਰਦਮਸ਼ੂਮਾਰੀ ਅਨੁਸਾਰ ਦਿੱਲੀ ਦੀ ਆਬਾਦੀ ੩੦੪੪੨੦ ਹੈ. ਜਿਸ ਵਿੱਚੋਂ ਹਿੰਦੂ ੧੭੪੩੦੩, ਮੁਸਲਮਾਨ ੧੧੪੭੦੪, ਈਸਾਈ ੮੭੯੧, ਜੈਨੀ ੩੮੬੨, ਸਿੱਖ ੨੬੬੯, ਅਤੇ ਬਾਕੀ ਬੋੱਧ ਪਾਰਸੀ ਯਹੂਦੀ ੯੧ ਹਨ#ਜਾਰਜਪੰਜਮ ਨੇ ਜਿਸ ਨਵੀਂ ਬਸਤੀ ਦੀ ਨਿਉਂ ਰੱਖੀ ਹੈ, ਉਸ ਦਾ ਨਾਉਂ ਨ੍ਯੂ (New) ਦਿੱਲੀ ਹੈ, ਜੋ ਪਹਾੜੀਗੰਜ ਅਤੇ ਸਫਦਰਜੰਗ ਦੇ ਵਿਚਕਾਰ ਵਸੀ ਹੈ.#ਦਿੱਲੀ ਵਿੱਚ ਇਹ ਗੁਰਦ੍ਵਾਰੇ ਹਨ:-⁴#(੧) ਸੀਸਗੰਜ. ਇਹ ਚਾਂਦਨੀ ਚੌਕ ਵਿੱਚ ਹੈ. ਇੱਥੇ ੧੨. ਮੱਘਰ ਸੰਮਤ ੧੭੩੨ ਨੂੰ ਗੁਰੂ ਤੇਗਬਹਾਦੁਰ ਸਾਹਿਬ ਨੇ ਦੇਸ਼ ਅਤੇ ਧਰਮ ਦੀ ਖਾਤਿਰ ਸੀਸ ਕੁਰਬਾਨ ਕੀਤਾ. ਇਹ ਗੁਰਦ੍ਵਾਰਾ ਪਹਿਲਾਂ ਸਰਦਾਰ ਬਘੇਲਸਿੰਘ ਜੀ ਨੇ ਬਣਵਾਇਆ ਸੀ. ਫੇਰ ਮੁਸਲਮਾਨਾਂ ਨੇ ਗੁਰਦ੍ਵਾਰਾ ਢਾਹਕੇ ਪਾਸ ਮਸੀਤ ਉਸਾਰਦਿੱਤੀ. ਸਨ ੧੮੫੭ ਦੇ ਗਦਰ ਦੇ ਅੰਤ ਰਾਜਾ ਸਰੂਪਸਿੰਘ ਸਾਹਿਬ ਜੀਂਦਪਤਿ ਨੇ ਸੀਸਗੰਜ ਗੁਰਦ੍ਵਾਰੇ ਦੀ ਇਮਾਰਤ ਬਣਵਾਈ ਅਰ ਹੁਣ ਪ੍ਰੇਮੀ ਗੁਰਸਿੱਖਾਂ ਦੇ ਉੱਦਮ ਨਾਲ ਪੱਥਰ ਦੀ ਆਲੀਸ਼ਾਨ ਇਮਾਰਤ ਬਣ ਰਹੀ ਹੈ.#ਨਿੱਤ ਦੀ ਚੜ੍ਹਤ (ਭੇਟਾ ਪੂਜਾ) ਤੋਂ ਛੁੱਟ, (ਜਿਸ ਦਾ ਅੰਦਾਜ਼ਾ ਤਿੰਨ ਹਜਾਰ ਰੁਪਯਾ ਸਾਲ ਹੈ), ਇਸ ਗੁਰਦ੍ਵਾਰੇ ਨੂੰ ਹੇਠ ਲਿਖੀ ਸਾਲਾਨਾ ਪੱਕੀ ਆਮਦਨ ਹੈ:-#ਮਹਾਰਾਜਾ ਰਣਜੀਤ ਸਿੰਘ ਜੀ ਦਾ ਦਿੱਲੀ ਦੇ ਗੁਰਦ੍ਵਾਰਿਆਂ ਨੂੰ ਦਿੱਤਾ ਪਿੰਡ "ਦੋਸਾਂਝ" (ਤਸੀਲ ਨਵਾਂ ਸ਼ਹਿਰ, ਜਿਲਾ ਜਲੰਧਰ ਵਿੱਚ) ਹੈ, ਉਸ ਦਾ ਹਿੱਸਾ ੨੦੦, ਰਿਆਸਤ ਜੀਂਦ ਤੋਂ ੬੨), ਰਿਆਸਤ ਨਾਭੇ ਤੋਂ ੨੧੫), ਰਿਆਸਤ ਪਟਿਆਲੇ ਤੋਂ ੩੮੦)- ਜ਼ੀਨਤਮਹਿਲ ਦੇ ਕਿਰਾਏ ਵਿੱਚੋਂ ਦੋ ਸੌ ਚਾਲੀ, ਅਤੇ ਪੂਜਾ ਦੇ ਇੱਕ ਸੌ ਚਾਲੀ ਸਾਲਾਨਾ ਮਿਲਦੇ ਹਨ.#ਰਾਇਸੀਨਾ ਪਿੰਡ, ਜੋ ਰਿਆਸਤ ਜੀਂਦ ਨੇ ਖ਼ਰੀਦ ਕੇ ਗੁਰਦ੍ਵਾਰਾ ਸੀਸਗੰਜ ਅਤੇ ਰਕਾਬਗੰਜ ਨੂੰ ਭੇਟਾ ਕੀਤਾ ਸੀ, ਉਹ ਨਵੀਂ ਦਿੱਲੀ ਵਿੱਚ ਆ ਗਿਆ. ਗਵਰਨਮੇਂਟ ਨੇ ਉਸ ਦੀ ਕੀਮਤ ਜੋ ਦਿੱਤੀ ਉਸ ਦੇ ਪ੍ਰਾਮਿਸਰੀ (Promissory) ਨੋਟ ਖਰੀਦੇ ਗਏ. ਗੁਰਦ੍ਵਾਰਾ ਸੀਸਗੰਜ ਦੀ ਰਕਮ ਬੱਤੀ ਹਜਾਰ ਦਾ ਸੂਦ ਸਾਲਾਨਾ ੧੧੫੨) ਹੈ. ਇਸ ਤੋਂ ਛੁੱਟ ੧੫. ਮੁਰੱਬੇ ਜ਼ਮੀਨ ਗਵਰਨਮੇਂਟ ਨੇ ਦਿੱਤੀ, ਜਿਸ ਦੇ ਠੇਕੇ ਦੀ ਮਾਕੂਲ ਆਮਦਨ ਹੈ. ਗੁਰਦ੍ਵਾਰੇ ਦੇ ਸੇਵਾਦਾਰ ਮਹੰਤ ਭਾਈ ਹਰੀਸਿੰਘ ਜੀ ਬੀ. ਏ. ਅਤੇ ਭਾਈ ਰਣਜੋਧ ਸਿੰਘ ਜੀ ਹਨ.#(੨) ਰਕਾਬਗੰਜ. ਇੱਥੇ ਗੁਰੂ ਸਾਹਿਬ ਦੇ ਧੜ ਦਾ ਸਸਕਾਰ ਹੋਇਆ ਹੈ. ਇਹ ਅਸਥਾਨ ਗੁਰਦ੍ਵਾਰਾ ਰੋਡ ਤੇ ਹੈ, ਜੋ ਚਾਂਦਨੀ ਚੌਕ ਤੋਂ ਤਿੰਨ ਮੀਲ ਹੈ. ਇਸ ਗੁਰਧਾਮ ਨੂੰ ਸਾਲਾਨਾ ਆਮਦਨ ਦੋਸਾਂਝ ਪਿੰਡ ਦੇ ਹਿੱਸੇ ਵਿੱਚੋਂ ੩੩੨), ਰਿਆਸਤ ਪਟਿਆਲੇ ਤੋਂ ਆਲਾਸਿੰਘ ਦੀ ਵਡਾਲੀ ਅਤੇ ਹਿੰਦੂਪੁਰ ਦੋ ਪਿੰਡ ਜਾਗੀਰ, ਜਿਨ੍ਹਾਂ ਦੀ ਸਾਲਾਨਾ ਰਕਮ ੧੩੯੦) ਹੈ, ਰਾਇਸੀਨਾ ਪਿੰਡ ਦੀ ਰਕਮ ਦੇ ਖਰੀਦੇ ਪ੍ਰਾਮਿਸਰੀ ਨੋਟਾਂ ਦਾ ਸੂਦ ੧੩੯੮), ਮਹਾਰਾਜਾ ਪਟਿਆਲਾ ਵੱਲੋਂ ਪੂਜਾ ੧੪੦), ਕਿਰਾਇਆ ਕੋਠੜੀਆਂ ੨੫੦), ਅੱਠ ਏਕੜ ਦਾ ਗੁਰਦ੍ਵਾਰੇ ਨਾਲ ਬਾਗ਼. ਜਿਸ ਦੀ ਸਾਲਾਨਾ ਆਮਦਨ ੨੫੦) ਹੈ, ਪੰਦਰਾਂ ਮੁਰੱਬੇ ਜ਼ਮੀਨ ਗਵਰਨਮੇਂਟ ਵੱਲੋਂ, ਜੋ ਠੇਕੇ ਪੁਰ ਚੜ੍ਹਾਈ ਜਾਂਦੀ ਹੈ. ਗੁਰਦ੍ਵਾਰੇ ਦੀ ਸੇਵਾ ਕਰਨ ਵਾਲੇ ਭਾਈ ਗੁਰਬਖਸ਼ਸਿੰਘ ਜੀ ਅਤੇ ਜੀਵਨਸਿੰਘ ਜੀ ਹਨ.#(੩) ਬੰਗਲਾਸਾਹਿਬ. ਜਯਸਿੰਘਪੁਰੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਸੰਮਤ ੧੭੨੦ ਵਿੱਚ ਵਿਰਾਜੇ ਸਨ. ਉਸ ਸਮੇਂ ਗੁਰੂਸਾਹਿਬ ਦੇ ਨਿਵਾਸ ਲਈ ਅੰਬਰਪਤਿ⁵ ਮਿਰਜ਼ਾ ਜਯਸਿੰਘ ਨੇ ਬੰਗਲਾ ਬਣਵਾਇਆ ਸੀ. ਇਹ ਗੁਰਦ੍ਵਾਰਾ ਜਯਸਿੰਘ ਰੋਡ ਅਤੇ ਕੈਂਟਨਮੈਂਟ ਰੋਡ (Cantonement Road) ਦੇ ਮੱਧ ਹੈ. ਇਸ ਗੁਰਦ੍ਵਾਰੇ ਨੂੰ ਪਿੰਡ ਦੋਸਾਂਝ ਦਾ ਹਿੱਸਾ ੧੬੯), ਨਾਭੇ ਤੋਂ ੪॥), ਜੀਂਦ ਤੋਂ ੬੨), ਪਟਿਆਲੇ ਤੋਂ ੧੪੦), ਗੁਰਦ੍ਵਾਰੇ ਦੀ ਕੁਝ ਜ਼ਮੀਨ ਜੋ ਸਰਕਾਰ ਨੇ ਨਵੀਂ ਆਬਾਦੀ ਲਈ ਲਈ ਹੈ, ਉਸ ਦੀ ਰਕਮ ਦਾ ਸਾਲਾਨਾ ਸੂਦ ੨੨੦) ਹੈ. ਪੁਜਾਰੀ ਭਾਈ ਹਾਕਮਸਿੰਘ ਜੀ ਹਨ.#(੪) ਬਾਲਾਸਾਹਿਬ. ਬਾਲਗੁਰੂ ਹਰਿਕ੍ਰਿਸਨ ਜੀ ਦੇ ਸ਼ਰੀਰ ਦਾ ਸਸਕਾਰ ਇਸ ਥਾਂ ਸੰਮਤ ੧੭੨੧ ਵਿੱਚ ਹੋਇਆ ਹੈ. ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਦਾ ਸਸਕਾਰ ਭੀ ਇਸੇ ਥਾਂ ਹੋਇਆ ਹੈ. ਦਿੱਲੀ ਦਰਵਾਜ਼ੇ ਤੋਂ ਬਾਹਰ ਬਾਰਾਂਪੁਲਾ ਲੰਘਕੇ ਨਾਲੇ ਤੋਂ ਪਾਰ ਇਹ ਅਸਥਾਨ ਹੈ, ਜੋ ਚਾਂਦਨੀ ਚੌਕ ਤੋਂ ਚਾਰ ਮੀਲ ਹੈ. ਗੁਰਦ੍ਵਾਰੇ ਦੀ ਸਾਲਾਨਾ ਆਮਦਨ- ਦੋਸਾਂਝ ਵਿੱਚੋਂ ਹਿੱਸਾ ੭੦੨), ਜੀਂਦ ਤੋਂ ੬੨), ਪਟਿਆਲੇ ਤੋਂ ਬੰਧਾਨ ੧੨੫) ਅਤੇ ਪੂਜਾ ੩੦੬), ਨਾਭੇ ਤੋਂ ੧੦੯॥), ਗੁਰਦ੍ਵਾਰੇ ਨਾਲ ਲਗਦੀ ਜ਼ਮੀਨ ਦੀ ਆਮਦਨ ੪੦) ਹੈ. ਸੇਵਾਦਾਰ ਭਾਈ ਤਾਰਾਸਿੰਘ ਜੀ ਅਤੇ ਬੀਰਸਿੰਘ ਜੀ ਹਨ.#(੫) ਮੋਤੀਬਾਗ. ਇਸ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਸੰਮਤ ੧੭੬੪ ਵਿੱਚ ਚਰਣ ਪਾਏ ਹਨ. ਇਹ ਗੁਰਦ੍ਵਾਰਾ ਅਜਮੇਰੀ ਦਰਵਾਜ਼ੇ ਤੋਂ ਬਾਹਰ, ਚਾਂਦਨੀ ਚੌਕ ਤੋਂ ਪੰਜ ਮੀਲ ਹੈ. ਇਸ ਅਸਥਾਨ ਨੂੰ ਕੇਵਲ ਪਟਿਆਲੇ ਤੋਂ ਸਾਲਾਨਾ ੨੫) ਬੰਧਾਨ ਅਤੇ ਪੂਜਾ ੧੪੦) ਹੈ. ਪੁਜਾਰੀ ਭਾਈ ਦੇਵਾਸਿੰਘ ਜੀ ਹਨ.#(੬) ਦਮਦਮਾ ਸਾਹਿਬ. ਇਸ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਹਾਥੀ ਨਾਲ ਝੋਟੇ ਦੀ ਲੜਾਈ ਕਰਵਾਈ ਸੀ. ਗੁਰਦ੍ਵਾਰਾ ਹੁਮਾਯੂੰ ਦੇ ਮਕਬਰੇ ਪਾਸ ਹੈ. ਚਾਂਦਨੀ ਚੌਕ ਤੋਂ ਤਿੰਨ ਮੀਲ ਹੈ. ਇਸ ਗਰੁਦ੍ਵਾਰੇ ਨੂੰ ਮਹਾਰਾਜਾ ਪਟਿਆਲਾ ਵੱਲੋਂ ੧੪੦) ਅਤੇ ਇੱਕ ਪ੍ਰੇਮੀ ਸਿੱਖ ਦੀ ਚੜ੍ਹਾਈ ਹੋਈ ੩੮ ਵਿੱਘੇ ਜ਼ਮੀਨ ਜੋਗਾਬਾਈ ਪਿੰਡ ਵਿੱਚ ਹੈ, ਜਿਸ ਦੀ ਆਮਦਨ ੬੪) ਸਾਲਾਨਾ ਹੈ. ਸੇਵਾਦਾਰ ਭਾਈ ਰਘੁਬੀਰਸਿੰਘ ਜੀ ਹਨ.#(੭) ਮਾਤਾ ਸੁੰਦਰੀ ਜੀ ਦੀ ਹਵੇਲੀ, ਜੋ ਤੁਰਕਮਾਨ ਦਰਵਾਜੇ ਤੋਂ ਬਾਹਰ ਚਾਂਦਨੀ ਚੌਕ ਤੋਂ ਡੇਢ ਮੀਲ ਹੈ. ਇੱਥੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਦੇਹਾਂਤ ਤੀਕ ਨਿਵਾਸ ਕਰਦੇ ਰਹੇ. ਇਹ ਅਸਥਾਨ ਨੂੰ ਪਟਿਆਲੇ ਤੋਂ ੨੫) ਬੰਧਾਨ, ਅਤੇ ਪੂਜਾ ੫੧) ਹੈ. ਜੀਂਦ ਤੋਂ ੬੨) ਸਾਲਾਨਾ ਮਿਲਦੇ ਹਨ. ਗਵਰਨਮੇਂਟ ਨੇ ਜੋ ਗੁਰਦ੍ਵਾਰੇ ਦੀ ਜ਼ਮੀਨ ਨਵੀਂ ਆਬਾਦੀ ਲਈ ਖਰੀਦੀ, ਉਸ ਦੀ ਰਕਮ ਦਾ ਸਾਲਾਨਾ ਸੂਦ ੪੮) ਹੈ. ਸੇਵਾਦਾਰ ਭਾਈ ਕਾਹਨਸਿੰਘ ਜੀ ਅਤੇ ਬਾਬਾ ਦਿਆਲ ਸਿੰਘ ਜੀ ਹਨ.#(੮) ਮਜਨੂੰ ਦਾ ਟਿੱਲਾ. ਇੱਥੇ ਜਗਤਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਰਾਜੇ ਹਨ, ਅਰ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿਣ ਸਮੇਂ ਬਾਬਾ ਰਾਮਰਾਇ ਜੀ ਦਾ ਨਿਵਾਸ ਭੀ ਇੱਥੇ ਹੀ ਰਿਹਾ ਹੈ. ਇਹ ਗੁਰਦ੍ਵਾਰਾ ਜਮੁਨਾ ਕਿਨਾਰੇ ਚੰਦ੍ਰਾਵਲ ਪਿੰਡ ਪਾਸ ਹੈ. ਕਸ਼ਮੀਰੀ ਦਰਵਾਜ਼ੇ ਤੋਂ ਬਾਹਰ, ਚਾਂਦਨੀ ਚੌਕ ਤੋਂ ੩. ਮੀਲ ਹੈ. ਇਸ ਗੁਰਦ੍ਵਾਰੇ ਨੂੰ ਕੋਈ ਜਾਗੀਰ ਨਹੀਂ. ਸੇਵਾਦਾਰ ਮਹੰਤ ਬਿਸਨਦਾਸ ਜੀ ਹਨ.#(੯) ਕੂਚਾ ਦਿਲਵਾਲੀਸਿੰਘ. ਇਹ ਅਜਮੇਰੀ ਦਰਵਾਜ਼ੇ ਤੋਂ ਅੰਦਰ ਸੀਸਗੰਜ ਗੁਰਦ੍ਵਾਰੇ ਤੋਂ ਅੱਧ ਮੀਲ ਹੈ. ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਦਸ਼ਮੇਸ਼ ਦੀ ਆਗ੍ਯਾ ਅਨੁਸਾਰ ਭਾਈ ਮਨੀਸਿੰਘ ਜੀ ਨਾਲ ਜਦ ਦਿੱਲੀ ਪੁੱਜੇ, ਤਦ ਪਹਿਲਾਂ ਕੁਝ ਕਾਲ ਇੱਥੇ ਰਹੇ. ਇੱਥੇ ਰਹਿਣ ਸਮੇਂ ਮਾਤਾ ਸੁੰਦਰੀ ਜੀ ਨੇ ਅਜੀਤਸਿੰਘ ਪਾਲਿਤਪੁਤ੍ਰ ਬਣਾਇਆ ਸੀ. ਸਿੱਖਾਂ ਨੇ ਅਨਗਹਿਲੀ ਕਰਕੇ ਇੱਥੇ ਗੁਰਦ੍ਵਾਰਾ ਨਹੀਂ ਬਣਾਇਆ. ਹਿੰਦੂ ਅਰੋੜੇ ਇਸ ਥਾਂ ਵਸਦੇ ਹਨ.#(੧੦) ਮਟੀਆ ਬਾਜ਼ਾਰ ਦੇ ਚਿਤਲੀਕਬਰ ਮਹਲੇ ਵਿੱਚ ਮਾਤਾ ਸੁੰਦਰੀ ਜੀ ਦੇ ਸੇਵਕ ਜੀਵਨਸਿੰਘ ਪਾਸ ਉਹ ਸ਼ਸਤ੍ਰ ਸਨ, ਜੋ ਸ਼੍ਰੀ ਦਸ਼ਮੇਸ਼ ਜੀ ਨੇ ਮਾਤਾ ਸਾਹਿਬਕੌਰ ਜੀ ਨੂੰ ਬਖ਼ਸ਼ੇ ਸਨ. ਜੀਵਨਸਿੰਘ ਦੀ ਔਲਾਦ ਇਨ੍ਹਾਂ ਸ਼ਸਤ੍ਰਾਂ ਦਾ ਦਰਸ਼ਨ ਗੁਰਸਿੱਖਾਂ ਨੂੰ ਕਰਾਉਂਦੀ ਅਤੇ ਧੂਪ ਦੀਪ ਦੀ ਸੇਵਾ ਕਰਦੀ ਰਹੀ ਹੈ. ਹੁਣ ਇਹ ਸ਼ਸਤ੍ਰ ਗੁਰਦ੍ਵਾਰਾ ਰਕਾਬਗੰਜ ਵਿੱਚ ਅਸਥਾਪਨ ਕੀਤੇ ਗਏ ਹਨ. ਸ਼ਸਤ੍ਰਾਂ ਦੀ ਸੇਵਾ ਲਈ ਪਟਿਆਲੇ ਤੋਂ ਸਾਲਾਨਾ ੧੦੧/- ) ਅਤੇ ਪੂਜਾ ੭੪) ਹੈ, ਰਿਆਸਤ ਨਾਭੇ ਤੋਂ ੨੦) ਅਤੇ ਦੋਸਾਂਝ ਦੀ ਜਾਗੀਰ ਵਿੱਚੋਂ ਹਿੱਸਾ ੭੦) ਮਿਲਦੇ ਹਨ.#(੧੧) ਨਾਨਕਪਿਆਉ. ਸਤਿਗੁਰੂ ਨਾਨਕਦੇਵ ਜੀ ਨੇ ਇਹ ਖੂਸ ਤੋਂ ਜਲ ਕੱਢਕੇ ਤ੍ਰਿਖਾਤੁਰ ਰਾਹੀਆਂ ਨੂੰ ਪਿਆਇਆ ਸੀ. ਇਹ ਅਸਥਾਨ ਕਰਨਾਲ ਰੋਡ ਦੇ ਕਿਨਾਰੇ ਸੀਸਗੰਜ ਤੋਂ ਉੱਤਰ ਪੱਛਮ ਚਾਰ ਮੀਲ ਹੈ. ਇਸ ਨੂੰ "ਪਉ ਸਾਹਿਬ" ਭੀ ਆਖਦੇ ਹਨ. ਇਸ ਗੁਰਦ੍ਵਾਰੇ ਨੂੰ ਕੋਈ ਜਾਗੀਰ ਨਹੀਂ. ਸੇਵਾਦਾਰ ਮਹੰਤ ਨਿਰੰਜਨਦਾਸ ਜੀ ਹਨ.#ਦੇਖੋ, ਦਿੱਲੀ ਦਾ ਨਕਸ਼ਾ.#ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਯਰ ਦੇ ਕਿਲੇ ਰਹੇ, ਤਦ ਬਾਬਾ ਬੁੱਢਾ ਜੀ ਦਿੱਲੀ ਤੋਂ ਪੰਜ ਕੋਹ ਤੇ ਗੁਰੂ ਸਾਹਿਬ ਦੇ ਘੋੜਿਆਂ ਨੂੰ ਲੈਕੇ ਜਮੁਨਾ ਕਿਨਾਰੇ ਰਹੇ ਹਨ, ਪਰ ਸਾਨੂੰ ਇਸ ਥਾਂ ਦਾ ਕੁਝ ਪਤਾ ਨਹੀਂ ਮਿਲਿਆ.#"ਚਲੇ ਆਗਰੇ ਤੇ ਸਭ ਆਏ,#ਦਿੱਲੀ ਨਗਰ ਪਿਖ੍ਯੋ ਸਮੁਦਾਏ,#ਸੁਨ੍ਯੋ ਘਾਸ ਜਹਿਂ ਖਰੋ ਉਦਾਰੇ,#ਪੰਚ ਕੋਸ ਪੁਰ ਤਯਾਗ ਪਧਾਰੇ,#ਹਰਿਤ ਤਿਰਣ ਦੇਖਤ ਹਰਖਾਏ,#ਕਰ੍ਯੋ ਸਿਵਿਰ ਉਤਰੇ ਸਮੁਦਾਏ,#ਅਬ ਲੌ ਤਿਸ ਥਲ ਚਿੰਨ੍ਹ ਲਖੰਤੇ,#ਜਗਾ ਬ੍ਰਿੱਧ ਕੀ ਲੋਕ ਕਹੰਤੇ." (ਗੁਪ੍ਰਸੂ ਰਾਸਿ ੪, ਅਃ ੬੧)...
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਸੰ. मील्. ਧਾ- ਅੱਖਾਂ ਮੁੰਦਣੀਆਂ, ਪਲਕਾਂ ਮਾਰਨੀਆਂ, ਖਿੜਨਾ, ਫੈਲਣਾ। ੨. ਅੰ. Mile ੧੭੬੦ ਗਜ਼ ਦੀ ਲੰਬਾਈ ਅਥਵਾ ਅੱਠ ਫਰਲਾਂਗ (furlong)...
ਬਿਬ. ਅੰਤਰਾ....
ਦੇਖੋ, ਜਮਨਾ....
[شاہجہان] ਰਾਜਾ ਉਦਯ ਸਿੰਘ ਜੋਧਪੁਰੀ ਦੀ ਕੰਨ੍ਯਾ ਬਾਲਮਤੀ (ਜੋਧਬਾਈ) ਦੇ ਉਦਰ ਤੋਂ ਜਹਾਂਗੀਰ ਦਾ ਤੀਜਾ ਪੁਤ੍ਰ, ਜਿਸ ਦਾ ਜਨਮ ੫. ਜਨਵਰੀ ਸਨ ੧੫੯੩ ਨੂੰ ਲਾਹੌਰ ਹੋਇਆ. ਇਸ ਦਾ ਪਹਿਲਾ ਨਾਉਂ ਮਿਰਜ਼ਾ ਖ਼ੁੱਰਮ ਸੀ. ਇਹ ਬਾਪ ਦੇ ਮਰਣ ਪਿੱਛੋਂ ਸਨ ੧੬੨੮ ਵਿੱਚ ਤਖਤ ਤੇ ਬੈਠਾ.¹ ਇਸ ਦੇ ਅਹਿਦ ਵਿੱਚ ਰਾਜ ਦੀ ਵੱਡੀ ਤਰੱਕੀ ਹੋਈ. ਮੁਆਮਲਾ ੨੩ ਕਰੋੜ ਰੁਪਯਾ ਵਸੂਲ ਹੁੰਦਾ ਸੀ.#ਸ਼ਾਹਜਹਾਂ ਨੂੰ ਇਮਾਰਤਾਂ ਦਾ ਵਡਾ ਸ਼ੌਕ ਸੀ. ਆਗਰੇ ਵਿੱਚ ਮੌਤੀ ਮਸਜਿਦ ਅਤੇ ਆਪਣੀ ਪਿਆਰੀ ਬੇਗਮ ਅਰਜਮੰਦ ਬਾਨੂ ਦਾ ਮਕਬਰਾ (ਜਿਸ ਦੇ ਨਾਮ ਮੁਮਤਾਜ਼ ਮਹਲ ਅਤੇ ਕੁਦਸੀਆ ਬੇਗਮ ਭੀ ਹਨ, ਜੋ ਨੂਰਜਹਾਂ ਦੇ ਭਾਈ ਆਸਿਫ ਖਾਂ ਦੀ ਪੁਤ੍ਰੀ ਸੀ. ਜਿਸ ਦਾ ਜਨਮ ਸਨ ੧੫੯੨ ਅਤੇ ਦੇਹਾਂਤ ੭. ਜੁਲਾਈ ਸਨ ੧੬੩੧ ਨੂੰ ਹੋਇਆ) ਚਾਰ ਕਰੋੜ ਪੰਜਾਹ ਲੱਖ ਰੁਪਯਾ ਖਰਚਕੇ ਬਣਵਾਇਆ, ਜੋ "ਤਾਜ" ਨਾਉਂ ਤੋਂ ਪ੍ਰਸਿੱਧ ਹੈ. ਕਈ ਲੇਖਕਾਂ ਨੇ ਤਾਜ ਮਹਿਲ ਦੀ ਲਾਗਤ ਇੱਕ ਕਰੋੜ ਸਾਢੇ ਬਾਰਾਂ ਲੱਖ ਲਿਖੀ ਹੈ.#ਜੋ ਇਸ ਵੇਲੇ ਲਾਲ ਕਿਲੇ ਦੇ ਸਾਮ੍ਹਣੇ ਜਮਨਾ ਕਿਨਾਰੇ ਵਸੀ ਹੋਈ ਦਿੱਲੀ ਦੇਖੀ ਜਾਂਦੀ ਹੈ, ਇਹ ਇਸੇ ਬਾਦਸ਼ਾਹ ਨੇ ਸਨ ੧੬੩੧ ਵਿੱਚ ਆਬਾਦ ਕੀਤੀ ਹੈ, ਇਸ ਦਾ ਨਾਉਂ ਉਸ ਨੇ "ਸ਼ਾਹਜਹਾਨਾਬਾਦ" ਰੱਖਿਆ, ਦਿੱਲੀ ਦਾ ਲਾਲ ਕਿਲਾ, ਦੀਵਾਨ ਖਾਸ, ਦੀਵਾਨ ਆਮ, ਅਰ ਜਾਮਾ ਮਸਜਿਦ ਆਦਿਕ ਸੁੰਦਰ ਇਮਾਰਤਾਂ ਸ਼ਾਹਜਹਾਨ ਦੀ ਕੀਰਤੀ ਪ੍ਰਗਟ ਕਰਦੀਆਂ ਹਨ. ਤਖਤ ਤਾਊਸ, ਜਿਸ ਤੇ ਸੱਤ ਕਰੋੜ ਦਸ ਲੱਖ ਰੁਪਯਾ ਖਰਚ ਹੋਇਆ ਸੀ, ਇਸੇ ਬਾਦਸ਼ਾਹ ਨੇ ਬਣਵਾਇਆ ਸੀ. ਜਗਤਪ੍ਰਸਿੱਧ ਕੋਹਨੂਰ ਹੀਰਾ, ਜਿਸ ਦਾ ਵਜਨ ੩੧੯ ਰੱਤੀ ਅਤੇ ਉਸ ਸਮੇਂ ੭੮੧੫੨੨੫) ਰੁਪਯੇ ਕੀਮਤ ਦਾ ਜਾਚਿਆ ਗਿਆ ਸੀ, ਮੀਰ ਜੁਮਲਾ ਨੇ ਇਸੇ ਚਕ੍ਰਵਰਤੀ ਮਹਾਰਾਜਾ ਨੂੰ ਨਜਰ ਕੀਤਾ ਸੀ.#ਕਈ ਖੋਟੇ ਮੰਤ੍ਰੀਆਂ ਦੀ ਨਾਲਾਇਕੀ ਕਰਕੇ ਇਸ ਨੇ ਈਸਾਈਆਂ, ਹਿੰਦੂਆਂ ਦੇ ਧਰਮ ਦੇ ਵਿਰੁੱਧ ਹੱਥ ਚੁੱਕਿਆ, ਇਸੇ ਤਰਾਂ ਇਸਦਾ ਵਿਰੋਧ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਹੋ ਗਿਆ, ਜਿਸ ਕਾਰਣ ਗੁਰੂ ਸਾਹਿਬ ਨੂੰ ਸ੍ਵਰਖ੍ਯਾ ਲਈ ਸ਼ਸਤ੍ਰ, ਚੁੱਕਣੇ ਪਏ.#ਸ਼ਾਹਜਹਾਂ ਦੇ ਚਾਰ ਪੁਤ੍ਰ ਸਨ- ਦਾਰਾਸ਼ਿਕੋਹ, ਸ਼ੁਜਾ, ਔਰੰਗਜ਼ੇਬ ਅਤੇ ਮੁਰਾਦ. ਇੱਕ ਵਾਰ ਜਦ ਸ਼ਾਹਜਹਾਂ ਬੀਮਾਰ ਹੋ ਗਿਆ ਤਦ ਉਸ ਨੂੰ ਔਰੰਗਜ਼ੇਬ ਨੇ, (ਆਪਣੇ ਭਾਈਆਂ ਨੂੰ ਪਹਿਲਾਂ ਕਾਬੂ ਕਰਕੇ), ਆਗਰੇ ਦੇ ਕਿਲੇ ਸਨ ੧੬੫੮ ਵਿੱਚ ਕੈਦ ਕਰ ਲਿਆ. ਸੱਤ ਵਰ੍ਹੇ ਬੇਟੇ ਦੀ ਬੰਦੀ ਵਿੱਚ ਰਹਿਕੇ (੨੩ ਜਨਵਰੀ ਸਨ ੧੬੬੬) ਸੰਮਤ ੧੭੨੩ ਵਿੱਚ ਹੁਕੂਮਤ ਨੂੰ ਤਰਸਦਾ ਹੋਇਆ ਸ਼ਾਹਜਹਾਂ ਦੁਨੀਆਂ ਤੋਂ ਕੂਚ ਕਰ ਗਿਆ, ਅਤੇ ਆਪਣੀ ਪਿਆਰੀ ਬੇਗਮ ਦੇ ਪਾਸ ਆਗਰੇ ਤਾਜ ਅੰਦਰ ਦਫਨ ਕੀਤਾ ਗਿਆ....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਮੰਡਿਆਲ ਰਾਜਪੂਤਾਂ ਦੀ ਰਾਜਧਾਨੀ, ਜੋ ਕਾਂਗੜੇ ਪਹਾੜ ਦੀ ਪ੍ਰਸਿੱਧ ਰਿਆਸਤ ਹੈ, ਇਸ ਦਾ ਪ੍ਰਧਾਨ ਨਗਰ "ਮੰਡੀ" ਦਰਿਆ ਬਿਆਸ ਦੇ ਕਿਨਾਰੇ ਅਜਬਰਸੇਨ ਨੇ ਸਨ ੧੫੨੭ ਵਿੱਚ ਵਸਾਇਆ ਸੀ. ਮੰਡੀ ਪਠਾਨਕੋਟ ਤੋਂ ੧੩੧ ਅਤੇ ਸ਼ਿਮਲੇ ਤੋਂ ੮੮ ਮੀਲ ਹੈ. ਇਸ ਦੀ ਉਚਿਆਈ ਸਮੁੰਦਰ ਤੋਂ ੨੦੦੦ ਫੁਟ ਹੈ. ਰਿਆਸਤ ਮੰਡੀ ਦਾ ਰਕਬਾ ੧੨੦੦ ਵਰਗ ਮੀਲ ਅਤੇ ਆਬਾਦੀ ੧੮੫, ੦੪੮ ਹੈ. ਮੰਡੀ ਦਾ ਨੰਬਰ ਪੰਜਾਬ ਵਿੱਚ ਛੇਵਾਂ¹ ਹੈ. ੧. ਨਵੰਬਰ ਸਨ ੧੯੨੧ ਤੋਂ ਇਸ ਦਾ ਗਵਰਨਮੇਂਟ ਨਾਲ ਨੀਤਿ ਸੰਬੰਧ ਏ. ਜੀ. ਜੀ. ਪੰਜਾਬ ਸਟੇਟਸ ਦ੍ਵਾਰਾ ਹੈ. ਵਰਤਮਾਨ ਰਾਜਾ ਸਾਹਿਬ ਦਾ ਨਾਮ ਜੋਗੇਂਦ੍ਰਸੇਨ ਹੈ, ਜਿਨ੍ਹਾਂ ਦਾ ਜਨਮ ੧੯. ਅਗਸਤ ਸਨ ੧੯੦੪ ਨੂੰ ਹੋਇਆ ਹੈ. ਫਰਵਰੀ ੧੯੨੩ ਵਿੱਚ ਰਾਜਾ ਸਾਹਿਬ ਦੀ ਸ਼ਾਦੀ ਮਹਾਰਾਜਾ ਜਗਤਜੀਤ ਸਿੰਘ ਜੀ ਕਪੂਰਥਲਾ ਦੀ ਸੁਪੁਤ੍ਰੀ ਬੀਬੀ ਅਮ੍ਰਿਤਕੌਰ ਨਾਲ ਵਡੀ ਧੂਮਧਾਮ ਨਾਲ ਹੋਈ.#ਇਸ ਰਿਆਸਤ ਦਾ ਰਾਜਾ ਸਿੱਧਸੇਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਦਾ ਪ੍ਰੇਮਭਾਵ ਰਖਦਾ ਰਿਹਾ ਅਰ ਗੁਰੂ ਸਾਹਿਬ ਨੂੰ ਰਿਆਸਤ ਵਿੱਚ ਬੁਲਾਕੇ ਸੇਵਾ ਕੀਤੀ. ਇੱਕ ਗੁਰਦ੍ਵਾਰਾ ਵਿਪਾਸ਼ਾ ਦੇ ਕਿਨਾਰੇ, ਦੂਜਾ ਰਾਜਮਹਿਲ ਵਿੱਚ ਹੈ. ਦੇਖੋ, ਸਿੱਧਸੇਨ ਅਤੇ ਪਾਡਲ ਸਾਹਿਬ। ੨. ਬਹੁਤ ਕਲੀਆਂ ਦਾ ਘੇਰਦਾਰ ਅੰਗਾ। ੩. ਫਲ ਅੰਨ ਸਬਜ਼ੀ ਪਸ਼ੂ ਆਦਿ ਦੇ ਵਿਕਣ ਦਾ ਬਾਜ਼ਾਰ....
ਸੰ. ਕਰ੍ਮ. ਕਾਂਮ. "ਹਰਿ ਕੰਮ ਕਰਾਵਨ ਆਇਆ." (ਸੂਹੀ ਛੰਤ ਮਃ ੫)...