lakhapatirāi, lakhapatirāyaलखपतिराइ, लखपतिराय
ਇਹ ਕਲਾਨੌਰ ਦਾ ਖਤ੍ਰੀ ਯਹਿਯਾਖਾਨ ਸੂਬਾ ਲਹੌਰ ਦਾ ਦੀਵਾਨ ਸੀ. ਜਦ ਸਿੱਖਾਂ ਨੇ ਇਸ ਦੇ ਬੋਲਵਿਗਾੜ ਭਾਈ ਜਸਪਤਿ ਨੂੰ ਬੱਦੋਕੀ ਗੁਸਾਈਆਂ ਪਿੰਡ ਪਾਸ ਮਾਰ ਦਿੱਤਾ, ਤਦ ਇਹ ਹੱਥ ਧੋਕੇ ਸਿੱਖਾਂ ਦੇ ਪਿੱਛੇ ਪਿਆ ਅਰ ਭਾਰੀ ਦੁੱਖ ਦਿੱਤੇ. ਕੁਝ ਸਮੇਂ ਲਈ ਅਹਮਦਸ਼ਾਹ ਦੁੱਰਾਨੀ ਦੇ ਹੁਕਮ ਨਾਲ ਲਖਪਤਿ ਲਹੌਰ ਦਾ ਹਾਕਿਮ ਭੀ ਰਿਹਾ ਸੀ. ਅੰਤ ਨੂੰ ਮੀਰਮੰਨੂ ਨੇ ਲਖਪਤਿ ਕੈਦ ਕਰਕੇ ਦੀਵਾਨ ਕੌੜਾਮੱਲ ਦੇ ਹਵਾਲੇ ਕੀਤਾ. ਉਸ ਨੇ ਸਿੱਖਾਂ ਹੱਥ ਸੌਂਪਿਆ. ਖਾਲਸੇ ਨੇ ਛੀ ਮਹੀਨੇ ਕੈਦ ਰੱਖਕੇ ਸੰਮਤ ੧੮੦੫ ਵਿੱਚ ਇਸ ਨੂੰ ਦੁਰਦਸ਼ਾ ਨਾਲ ਮਾਰਿਆ. ਦੇਖੋ, ਘੱਲੂਘਾਰਾ. ਜਸਪਤਿ ਅਤੇ ਲਖਪਤਿ ਦਾ ਤੀਜਾ ਭਾਈ ਨਰਪਤਿਰਾਇ ਸੀ.
इह कलानौर दा खत्री यहियाखान सूबा लहौर दा दीवान सी. जद सिॱखां ने इस दे बोलविगाड़ भाई जसपति नूं बॱदोकी गुसाईआं पिंड पास मार दिॱता, तद इह हॱथ धोके सिॱखां दे पिॱछे पिआ अर भारी दुॱख दिॱते. कुझ समें लई अहमदशाह दुॱरानी दे हुकमनाल लखपति लहौर दा हाकिम भी रिहा सी. अंत नूं मीरमंनू ने लखपति कैद करके दीवान कौड़ामॱल दे हवाले कीता. उस ने सिॱखां हॱथ सौंपिआ. खालसे ने छी महीने कैद रॱखके संमत १८०५ विॱच इस नूं दुरदशा नाल मारिआ. देखो, घॱलूघारा. जसपति अते लखपति दा तीजा भाई नरपतिराइ सी.
ਗੁਰਦਾਸਪੁਰ ਦੇ ਜ਼ਿਲੇ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ, ਜਿਸ ਥਾਂ ਅਕਬਰ ਬਾਦਸ਼ਾਹ ਦੀ ਤਖਤਨਸ਼ੀਨੀ ਦੀ ਰਸਮ ਅਦਾ ਹੋਈ ਸੀ, ਅਰ ਇਹ ਅਕਬਰ ਨੂੰ ਬਹੁਤ ਪਿਆਰਾ ਸੀ. ਸੰਮਤ ੧੭੭੨ ਵਿੱਚ ਬੰਦਾ ਬਹਾਦੁਰ ਨੇ ਖਾਲਸਾ ਦਲ ਨਾਲ ਕਲਾਨੌਰ ਨੂੰ ਫਤੇ ਕੀਤਾ ਅਤੇ ਸੁਹਰਾਬ ਖ਼ਾਂ ਫੌਜਦਾਰ ਦੀ ਥਾਂ ਸਿੰਘ ਹਾਕਿਮ ਥਾਪੇ....
ਸੰ. क्षत्रिय ਕ੍ਸ਼ਤ੍ਰਿਯ. ਹਿੰਦੂਆਂ ਦੇ ਚਾਰ ਵਰਣਾਂ ਵਿੱਚੋਂ ਦੂਜਾ ਵਰਣ. "ਖਤ੍ਰੀ ਬ੍ਰਾਹਮਣੁ ਸੂਦੁ ਬੈਸੁ ਉਧਰੈ ਸਿਮਰਿ ਚੰਡਾਲ." (ਗਉ ਥਿਤੀ ਮਃ ੫) ੨. ਯੋਧਾ. ਪ੍ਰਜਾ ਨੂੰ ਭੈ ਤੋਂ ਬਚਾਉਣ ਵਾਲਾ. "ਖਤ੍ਰੀ ਸੋ ਜੁ ਕਰਮਾ ਕਾ ਸੂਰੁ." (ਸਵਾ ਮਃ ੧) ੩. ਬਹੁਤ ਖ਼ਿਆਲ ਕਰਦੇ ਹਨ ਕਿ ਛਤ੍ਰੀ ਅਤੇ ਖਤ੍ਰੀ ਸ਼ਬਦ ਦੇ ਭਿੰਨ ਅਰਥ ਹਨ, ਪਰੰਤੂ ਐਸਾ ਨਹੀਂ. ਦੋਹਾਂ ਦਾ ਮੂਲ ਕ੍ਸ਼ਤ੍ਰਿਯ ਸ਼ਬਦ ਹੈ. ਪੁਰਾਣਾਂ ਵਿੱਚ ਕ੍ਸ਼ਤ੍ਰੀਆਂ ਦੇ ਮੁੱਖ ਦੋ ਵੰਸ਼ ਲਿਖੇ ਹਨ, ਇੱਕ ਸੂਰਜਵੰਸ਼, ਜਿਸ ਵਿੱਚ ਰਾਮਚੰਦ੍ਰ ਜੀ ਹੋਏ ਹਨ, ਦੂਜਾ ਚੰਦ੍ਰਵੰਸ਼, ਜਿਸ ਵਿੱਚ ਕ੍ਰਿਸ੍ਨ ਜੀ ਪ੍ਰਗਟੇ ਹਨ.#ਵਰਤਮਾਨ ਕਾਲ ਵਿੱਚ ਖਤ੍ਰੀ ਚਾਰ ਭਾਗਾਂ ਵਿੱਚ ਵੰਡੇ ਹੋਏ ਹਨ- ਬਾਰ੍ਹੀ, ਖੁਖਰਾਣ, ਬੁੰਜਾਹੀ ਅਤੇ ਸਰੀਨ.#ਬਾਰ੍ਹੀ ਬਾਰਾਂ ਗੋਤਾਂ ਵਿੱਚ, ਖੁਖਰਾਣ ਅੱਠ ਗੋਤਾਂ ਵਿੱਚ,¹ ਬੁੰਜਾਹੀ ਬਵੰਜਾ ਅਤੇ ਸਰੀਨ ਵੀਹ ਗੋਤ੍ਰਾਂ ਵਿੱਚ ਵੰਡੇ ਹੋਏ (ਵਿਭਕ੍ਤ) ਹਨ. ਖਤ੍ਰੀਆਂ ਵਿੱਚ ਢਾਈ ਘਰ ਦੇ ਖਤ੍ਰੀ- ਸੇਠ, ਮੇਹਰਾ, ਕਪੂਰ ਅਤੇ ਖੰਨਾ ਹਨ. ਛੀ ਜਾਤੀ ਵਿੱਚ- ਬਹਲ, ਧੌਨ, ਚੋਪੜਾ, ਸਹਗਲ, ਤਲਵਾੜ ਅਤੇ ਪੁਰੀ ਹਨ. ਪੰਜ ਜਾਤੀ ਵਿੱਚ- ਬਹਲ, ਬੇਰੀ ਸਹਗਲ, ਵਾਹੀ ਅਤੇ ਵਿੱਜ ਹਨ.#ਸ਼੍ਰੀ ਗੁਰੂ ਨਾਨਕ ਦੇਵ ਦੇ ਜਨਮ ਨਾਲ ਵੇਦੀ, ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਜਨਮ ਨਾਲ ਤ੍ਰੇਹਣ (ਅਥਵਾ ਤੇਹਣ), ਸ਼੍ਰੀ ਗੁਰੂ ਅਮਰ ਦੇਵ ਜੀ ਦੇ ਜਨਮ ਕਰਕੇ ਭੱਲੇ ਅਤੇ ਸ਼੍ਰੀ ਗਰੂ ਰਾਮਦਾਸ ਸਾਹਿਬ ਦੇ ਪ੍ਰਗਟਣ ਕਰਕੇ ਸੋਢੀ ਗੋਤ੍ਰ ਜੋ ਮਾਨ ਯੋਗ੍ਯ ਹੋਏ ਹਨ, ਇਹ ਸਰੀਨ ਜਾਤਿ ਦੇ ਅੰਦਰ ਹਨ.#ਖਤ੍ਰੀਆਂ ਵਿੱਚ ਇਹ ਕਥਾ ਚਲੀ ਆਈ ਹੈ ਕਿ ਦਿੱਲੀਪਤਿ ਅਲਾਉੱਦੀਨ ਖ਼ਲਜੀ ਦੇ ਸਮੇਂ ਜਦ ਬਹੁਤ ਖਤ੍ਰੀਸਿਪਾਹੀ ਜੰਗ ਵਿੱਚ ਮਾਰੇ ਗਏ, ਤਦ ਉਨ੍ਹਾਂ ਦੀਆਂ ਵਿਧਵਾ ਇਸਤ੍ਰੀਆਂ ਦਾ ਪੁਨਰਵਿਵਾਹ ਕਰਾਉਣ ਲਈ ਬਾਦਸ਼ਾਹ ਨੇ ਯਤਨ ਕੀਤਾ. ਜਿਨ੍ਹਾਂ ਖਤ੍ਰੀਆਂ ਨੇ ਸ਼ਾਹੀ ਹੁਕਮ ਮੰਨਿਆ ਉਨ੍ਹਾਂ ਦਾ ਨਾਉਂ ਸਰੀਨ (ਸ਼ਰਹ- ਆਈਨ ਮੰਨਣ ਵਾਲੇ) ਹੋਇਆ. ਵਿਧਵਾ- ਵਿਵਾਹ ਦੇ ਵਿਰੁੱਧ ਕਜਨੰਦ ਗ੍ਰਾਮ ਦੇ ਨਿਵਾਸੀ ਧੰਨਾ ਮਿਹਰਾ ਆਦਿ ਖਤ੍ਰੀ, ਜੋ ਬਾਦਸ਼ਾਹ ਪਾਸ ਅਪੀਲ ਕਰਨ ਲਈ ਤੁਰੇ, ਉਨ੍ਹਾਂ ਨਾਲ ਸ਼ਾਮਿਲ ਹੋਣ ਵਾਲੇ ਖਤ੍ਰੀ ਜੋ ਢਾਈ ਕੋਹ ਪੁਰ ਜਾ ਮਿਲੇ ਉਹ ਢਾਈ ਘਰ, ਬਾਰਾਂ ਕੋਹ ਪੁਰ ਮਿਲਣ ਵਾਲੇ ਬਾਰ੍ਹੀ ਪ੍ਰਸਿੱਧ ਹੋਏ. ਇਸ ਪਿੱਛੋਂ ਜੋ ਬਹੁਤ ਜਗਾ ਦੇ ਖਤ੍ਰੀ ਭਿੰਨ ਭਿੰਨ ਦੂਰੀ ਤੇ ਮਿਲੇ ਉਨ੍ਹਾਂ ਦੀ ਸੰਗ੍ਯਾ ਬਹੁਜਾਈ (ਬੁੰਜਾਹੀ) ਹੋਈ....
[یحٰےخاں] ਜ਼ਕਰੀਆਖ਼ਾਨ (ਖ਼ਾਨ- ਬਹਾਦੁਰ) ਦਾ ਬੇਟਾ ਅਤੇ ਸ਼ਾਹਨਵਾਜ਼ਖ਼ਾਨ ਦਾ ਭਾਈ. ਇਹ ਦੋ ਸਾਉਂਣ ਸੰਮਤ ੧੮੦੨ (ਸਨ ੧੭੪੫) ਨੂੰ ਖ਼ਾਨਬਹਾਦੁਰ ਦੇ ਮਰਣ ਪੁਰ ਕੁਝ ਸਮਾਂ ਲਹੌਰ ਦਾ ਹਾਕਿਮ ਰਿਹਾ ਹੈ. ਇਸ ਨੇ ਸਿੱਖਾਂ ਨਾਲ ਲੜਦੇ ਭਿੜਦੇ ਸਮਾਂ ਵਿਤਾਇਆ ਅਤੇ ਅਨੇਕ ਧਰਮਵੀਰਾਂ ਨੂੰ ਵਡੇ ਦੁੱਖ ਦੇਕੇ ਮਾਰਿਆ. ਇਸ ਦਾ ਮਕਬਰਾ ਲਹੌਰ ਪਾਸ ਬੇਗਮਪੁਰੇ ਦੇ ਪੂਰਵ "ਬੱਗਾ ਗੁੰਬਜ" ਨਾਮ ਤੋਂ ਪ੍ਰਸਿੱਧ ਹੈ. ਦੇਖੋ, ਮੀਰਮੰਨੂ...
ਅ਼. [صوُبہ] ਸੂਬਹ. ਸੰਗ੍ਯਾ- ਇਲਾਕਾ. ਰਾਜ ਦਾ ਇੱਕ ਹਿੱਸਾ। ੨. ਇਲਾਕੇ ਦਾ ਹਾਕਿਮ. ਨਾਜਿਮ. ਸੂਬਹਦਾਰ।...
ਲਵਪੁਰ. ਰਾਮਚੰਦ੍ਰ ਜੀ ਦੇ ਬੇਟੇ ਲਵ ਦਾ ਵਸਾਇਆ ਰਾਵੀ (ਏਰਾਵਤੀ) ਕਿਨਾਰੇ ਨਗਰ, ਜੋ ਪੰਜਾਬ ਦੀ ਰਾਜਧਾਨੀ ਹੈ,¹ ਦੇਖੋ, ਵਿਚਿਤ੍ਰਨਾਟਕ ਅਃ ੨, ਅੰਕ ੨੪. ਲਹੌਰ ਤੇ ਸੋਲੰਕੀ, ਭੱਟੀ ਅਤੇ ਚੁਹਾਨ ਰਾਜਪੂਤਾਂ ਦਾ ਸਿਲਸਿਲੇਵਾਰ ਚਿਰ ਤੀਕ ਕਬਜਾ ਰਿਹਾ, ਫੇਰ ਇਹ ਬ੍ਰਾਹਮਣਾਂ ਦੇ ਅਧਿਕਾਰ ਵਿੱਚ ਆਇਆ. ਸੁਬਕਤਗੀਨ ਨੇ ਜਯਪਾਲ ਅਤੇ ਅਨੰਗਪਾਲ ਨੂੰ ਜਿੱਤਕੇ ਸਨ ੧੦੦੨ ਵਿੱਚ ਮੁਸਲਮਾਨੀ ਰਾਜ ਕਾਇਮ ਕੀਤਾ. ਸੁਬਕਤਗੀਨ ਦੇ ਪੁਤ੍ਰ ਮਹਮੂਦ ਨੇ ਲਹੌਰ ਦਾ ਨਾਉਂ "ਮਹਮੂਦਪੁਰ" ਰੱਖਿਆ ਸੀ. ਜੋ ਉਸ ਦੇ ਸਿੱਕੇ ਵਿੱਚ ਦੇਖੀਦਾ ਹੈ.#ਤੈਮੂਰ ਨੇ ਸਨ ੧੩੯੮ ਵਿੱਚ ਲਹੌਰ ਫਤੇ ਕੀਤਾ. ਇਹ ਕੁਝ ਕਾਲ ਲੋਦੀਆਂ ਦੀ ਹੁਕੂਮਤ ਅੰਦਰ ਭੀ ਰਿਹਾ. ਸਨ ੧੫੨੪ ਵਿੱਚ ਬਾਬਰ ਨੇ ਫ਼ਤੇ ਕਰਕੇ ਮੁਗਲਰਾਜ ਥਾਪਿਆ. ਬਾਦਸ਼ਾਹ ਅਕਬਰ ਜਹਾਂਗੀਰ ਅਤੇ ਸ਼ਾਹਜਹਾਂ ਨੇ ਆਪਣੇ ਆਪਣੇ ਸਮੇਂ ਕਿਲੇ ਦੀਆਂ ਇਮਾਰਤਾਂ ਬਣਵਾਈਆਂ. ਔਰੰਗਜ਼ੇਬ ਨੇ ਕਿਲੇ ਦੇ ਸਾਮ੍ਹਣੇ ਆਲੀਸ਼ਾਨ ਮਸੀਤ ਬਣਵਾਈ.#ਮਹਾਰਾਜਾ ਰਣਜੀਤਸਿੰਘ ਨੇ ਸਨ ੧੭੯੯ ਵਿੱਚ ਲਹੌਰ ਫਤੇ ਕਰਕੇ ਸਿੱਖਰਾਜ ਕਾਇਮ ਕੀਤਾ. ਇਸ ਪ੍ਰਸਿੱਧ ਸ਼ਹਿਰ ਦਾ ਸਿੱਖ ਇਤਿਹਾਸ ਨਾਲ ਗਾੜ੍ਹਾ ਸੰਬੰਧ ਹੈ. ੨੯ ਮਾਰਚ ਸਨ ੧੮੪੯ ਨੂੰ ਲਹੌਰ ਅੰਗ੍ਰੇਜਾਂ ਦੇ ਅਧਿਕਾਰ ਵਿੱਚ ਆਇਆ. ਦੇਖੋ, ਪੰਜਾਬ#ਰੇਲ ਦੇ ਰਸਤੇ ਲਹੌਰ ਤੋਂ ਕਲਕੱਤਾ ੧੧੯੯, ਪੇਸ਼ਾਵਰ ੨੮੮ ਅਤੇ ਬੰਬਈ ੧੧੪੬ ਮੀਲ ਹੈ. ਜਨਸੰਖ੍ਯਾ ੨੭੯, ੫੫੮ ਹੈ.#ਲਹੌਰ ਪਰਥਾਇ ਗੁਰੂ ਨਾਨਕਸਾਹਿਬ ਅਤੇ ਗੁਰੂ ਅਮਰਦਾਸ ਜੀ ਦੇ ਵਾਕ ਜੋ ਵਾਰਾਂ ਤੋਂ ਵਧੀਕ ਸਲੋਕਾਂ ਵਿੱਚ ਦੇਖੇ ਜਾਂਦੇ ਹਨ, ਉਨ੍ਹਾਂ ਦਾ ਨਿਰਣਾ "ਲਾਹੋਰ" ਸ਼ਬਦ ਵਿੱਚ ਦੇਖੋ.#ਲਹੌਰ ਵਿੱਚ ਸਤਿਗੁਰਾਂ ਅਤੇ ਸ਼ਹੀਦਾਂ ਦੇ ਇਹ ਪਵਿਤ੍ਰ ਅਸਥਾਨ ਹਨ-#(੧) ਜਵਾਹਰਮੱਲ ਦੇ ਚੌਹੱਟੇ ਪਾਸ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਗੁਰਦ੍ਵਾਰਾ ਹੈ. ਇੱਥੇ ਸਤਿਗੁਰੂ ਨੇ ਦੁਨੀਚੰਦ ਨੂੰ ਪਾਖੰਡਰੂਪ ਸ਼੍ਰਾੱਧਕਰਮ ਤੋਂ ਵਰਜਕੇ ਗੁਰਸਿੱਖੀ ਬਖ਼ਸ਼ੀ ਸੀ. ਇਹ ਅਸਥਾਨ ਸਿਰੀਆਂ ਵਾਲੇ ਮਹੱਲੇ ਪਾਸ ਹੈ. ਗੁਰਦ੍ਵਾਰਾ ਬਣਿਆ ਹੋਇਆ ਹੈ, ਸਿੱਘ ਪੁਜਾਰੀ ਹੈ.#(੨) ਚੂਨੀਮੰਡੀ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਹੈ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਨਾਲ ਅੱਠ ਦੁਕਾਨਾਂ ਹਨ. ਪੁਜਾਰੀ ਸਿੰਘ ਹੈ.#(੩) ਜਨਮ ਅਸਥਾਨ ਦੇ ਪਾਸ ਹੀ ਸ਼੍ਰੀ ਗੁਰੂ ਰਾਮਦਾਸ ਜੀ ਦੀ ਧਰਮਸ਼ਾਲਾ ਹੈ. ਇਸ ਹਾਤੇ ਅੰਦਰ ਹੀ ਸ਼੍ਰੀ ਗੁਰੂ ਅਰਜਨਸਾਹਿਬ ਜੀ ਦਾ ਦੀਵਾਨਖਾਨਾ ਭੀ ਹੈ. ਇਸ ਦੇ ਨਾਲ ਚਾਰ ਦੁਕਾਨਾਂ ਅਤੇ ਅਠਾਰਾਂ ਘੁਮਾਉਂ ਜ਼ਮੀਨ ਪਿੰਡ ਰਾਣਾ ਭੱਟੀ, ਤਸੀਲ ਸ਼ਾਹਦਰਾ ਜਿਲਾ ਸ਼ੇਖੂਪੁਰਾ ਵਿੱਚ ਹੈ.#ਇਸੇ ਥਾਂ ਤੋਂ- "ਮੇਰਾ ਮਨੁ ਲੋਚੈ ਗੁਰਦਰਸਨ ਤਾਈ"- ਸ਼ਬਦ ਲਿਖਕੇ ਗੁਰੂਸਾਹਿਬ ਨੇ ਪਿਤਾ ਜੀ ਪਾਸ ਅਮ੍ਰਿਤਸਰ ਭੇਜਿਆ ਸੀ.#(੪) ਕਿਲੇ ਦੇ ਸਾਮ੍ਹਣੇ ਸ਼੍ਰੀ ਗੁਰੂ ਅਰਜਨਸਾਹਿਬ ਦਾ ਦੇਹਰਾ ਹੈ, ਜਿੱਥੇ ਜੇਠ ਸੁਦੀ ੪. ਸੰਮਤ ੧੬੬੩ ਨੂੰ ਜੋਤੀ ਜੋਤਿ ਸਮਾਏ ਹਨ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਦੀਵਾਨਖਾਨਾ ਭੀ ਮਨੋਹਰ ਹੈ. ਨਿੱਤ ਕੀਰਤਨ ਹੁੰਦਾ ਹੈ. ਮਹਾਰਾਜਾ ਰਣਜੀਤਸਿੰਘ ਦੀ ਲਾਈ ਜਾਗੀਰ ਪਿੰਡ ਨੰਦੀਪੁਰ ਜਿਲਾ ਸਿਆਲਕੋਟ ਤਸੀਲ ਡਸਕਾ ਵਿੱਚ ਹੈ, ਜਿਸ ਦਾ ਰਕਬਾ ੫੮੯ ਵਿੱਘੇ ਹੈ, ਅਤੇ ੫੦ ਰੁਪਯੇ ਸਾਲਨਾ ਪਿੰਡ ਕੁਤਬਾ ਤਸੀਲ ਕੁਸੂਰ ਤੋਂ ਮਿਲਦੇ ਹਨ. ੯੦ ਰੁਪਯੇ ਰਿਆਸਤ ਨਾਭੇ ਵੱਲੋਂ ਹਨ. ਜੇਠ ਸੁਦੀ ੪. ਨੂੰ ਮੇਲਾ ਹੁੰਦਾ ਹੈ, ਪੁਜਾਰੀ ਸਿੰਘ ਹਨ. ਇਸ ਗੁਰਦ੍ਵਾਰੇ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਦੰਦਖੰਡ ਦਾ ਇੱਕ ਕੰਘਾ ਹੈ, ਜਿਸ ਦੇ ੩੮ ਦੰਦੇ ਹਨ, ਦੋ ਦੰਦੇ ਟੁੱਟੇ ਹੋਏ ਹਨ.#(੫) ਲਹੌਰ ਕਿਲੇ ਤੋਂ ਦੌ ਸੌ ਕਦਮ ਦੱਖਣ ਵੱਲ ਲਾਲ ਕੂਆ ਅਥਵਾ ਲਾਲ ਖੂਹੀ ਹੈ. ਇਹ ਚੰਦੂ ਦੇ ਘਰ ਵਿੱਚ ਸੀ. ਇਸ ਦੇ ਜਲ ਨਾਲ ਸ਼੍ਰੀ ਗੁਰੂ ਅਰਜਨ ਦੇਵ ਨੇ ਕਈ ਵਾਰ ਸਨਾਨ ਕੀਤਾ ਸੀ. ਇੱਥੇ ਛੋਟਾ ਜਿਹਾ ਮੰਜੀਸਾਹਿਬ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਦਾ ਪ੍ਰਕਾਸ਼ ਹੁੰਦਾ ਹੈ. ਇਸ ਗੁਰਦ੍ਵਾਰੇ ਨਾਲ ਇੱਕ ਦੁਕਾਨ, ੨੧. ਕਨਾਲ ੧੪. ਮਰਲੇ ਜਮੀਨ ਪਿੰਡ ਖੋਖਰ, ਤਸੀਲ ਲਹੌਰ ਵਿੱਚ ਹੈ. ਪੁਜਾਰੀ ਸਿੰਘ ਹੈ. ਇੱਥੇ ਤੀਹ ਚਾਲੀ ਗੁੰਗੇ ਭੀ ਰਹਿਂਦੇ ਹਨ.#(੬) ਡੱਬੀ ਬਾਜਾਰ ਵਿੱਚ ਸ਼੍ਰੀ ਗੁਰੂ ਅਰਜਨਦੇਵ ਜੀ ਦੀ ਬਾਵਲੀ ਹੈ. ਇਹ ਛੱਜੂ ਵਪਾਰੀ ਦੇ ਅਰਪੇ ਹੋਏ ਧਨ ਤੋਂ ਗੁਰੂਸਾਹਿਬ ਨੇ ਲਵਾਈ ਸੀ. ਬਾਦਸ਼ਾਹ ਸ਼ਾਹਜਹਾਂ ਦੇ ਸਮੇਂ ਇਹ ਅੱਟੀ ਗਈ ਸੀ. ਮਹਾਰਾਜਾ ਰਣਜੀਤਸਿੰਘ ਜੀ ਨੇ ਫੇਰ ਪ੍ਰਗਟ ਕੀਤੀ. ਇਸ ਨਾਲ ੧੧੨ ਹੱਟਾਂ ਹਨ, ਜਿਨ੍ਹਾਂ ਦੀ ਚੋਖੀ ਆਮਦਨ ਹੈ.#(੭) ਮੁਜੰਗ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਅਸਥਾਨ ਹੈ, ਜਿੱਥੇ ਬਹੁਤ ਚਿਰ ਗੁਰੂਸਾਹਿਬ ਦਾ ਡੇਰਾ ਰਿਹਾ ਹੈ. ਇਸ ਗੁਰਦ੍ਵਾਰੇ ਨਾਲ ਨੌ ਦੁਕਾਨਾਂ ਹਨ.#(੮) ਭਾਟੀ ਦਰਵਾਜੇ ਮਹੱਲਾ ਚੁਮਾਲਾ ਅੰਦਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦ੍ਵਾਰਾ ਹੈ. ਸਤਿਗੁਰੂ ਮੁਜੰਗ ਤੋਂ ਆਕੇ ਇੱਥੇ ਕਈ ਵਾਰ ਦੀਵਾਨ ਲਗਾਇਆ ਕਰਦੇ ਸਨ, ਜਿਸ ਬੇਰੀ ਨਾਲ ਘੋੜਾ ਬੰਨ੍ਹਿਆ ਜਾਂਦਾ ਸੀ, ਉਹ ਮੌਜੂਦ ਹੈ.#ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਪ੍ਰਕਾਸ਼ ਲਈ ਸੁੰਦਰ ਖੁਲ੍ਹਾ ਕਮਰਾ ਹੈ. ਮੁਸਾਫਰਾਂ ਦੇ ਰਹਿਣ ਲਈ ਚੋਖੇ ਮਕਾਨ ਹਨ. ਗੁਰਦ੍ਵਾਰੇ ਨਾਲ ਇੱਕ ਮਕਾਨ ਭਾਟੀ ਦਰਵਾਜੇ ਅਤੇ ੮੭ ਘੁਮਾਉਂ ਜ਼ਮੀਨ ਪਿੰਡ ਖੁਰਦਪੁਰ, ਤਸੀਲ ਲਹੌਰ ਵਿੱਚ ਹੈ. ਕਮੇਟੀ ਦੇ ਹੱਥ ਪ੍ਰਬੰਧ ਹੈ. ਬਸੰਤ- ਪੰਚਮੀ ਨੂੰ ਮੇਲਾ ਹੁੰਦਾ ਹੈ.#(੯) ਸ਼ਹਿਰ ਦੇ ਉੱਤਰ ਕਿਲੇ ਦੇ ਪਾਸ ਭਾਈ ਮਨੀਸਿੰਘ ਜੀ ਦਾ ਸ਼ਹੀਦਗੰਜ ਹੈ. ਦੇਖੋ, ਮਨੀਸਿੰਘ ਭਾਈ. ਇੱਥੇ ਉਹ ਖੂਹ ਭੀ ਹੈ ਜੋ ਜਾਲਿਮ ਹਾਕਮਾਂ ਨੇ ਸਿੱਖਾਂ ਦੇ ਸਿਰਾਂ ਨਾਲ ਭਰਵਾ ਦਿੱਤਾ ਸੀ. ਇਸ ਸ਼ਹੀਦਗੰਜ ਨਾਲ ਇੱਕ ਦੁਕਾਨ ਚੂਨੀਮੰਡੀ ਵਿੱਚ ਹੈ. ਕਮੇਟੀ ਦੇ ਹੱਥ ਇਸ ਦਾ ਪ੍ਰਬੰਧ ਹੈ. ਰੇਲਵੇ ਸਟੇਸ਼ਨ ਬਾਦਾਮੀਬਾਗ ਤੋਂ ਪੌਣ ਮੀਲ ਪੱਛਮ ਹੈ.#(੧੦) ਲੰਡਾ ਬਾਜਾਰ ਵਿੱਚ ਭਾਈ ਤਾਰੂਸਿੰਘ ਜੀ ਦਾ ਸ਼ਹੀਦਗੰਜ ਹੈ. ਇਸ ਨਾਲ ਕਈ ਟੁਕੜੇ ਜ਼ਮੀਨ ਦੇ ਕਰੀਬ ਛੀ ਕਨਾਲ ਸ਼ਹਿਰ ਵਿੱਚ ਹਨ, ਅਤੇ ਪਿੰਡ ਬੱਲਾ ਬਸਤੀਰਾਮ ਤਸੀਲ ਲਹੌਰ ਤੋਂ ਸੌ ਰੁਪਯਾ ਸਾਲਾਨਾ ਸਿੱਖਰਾਜ ਸਮੇਂ ਦੀ ਜਾਗੀਰ ਹੈ. ਕੁਝ ਦੁਕਾਨਾਂ ਦਾ ਕਰਾਇਆ ਆਉਂਦਾ ਹੈ. ਪੁਜਾਰੀ ਸਿੰਘ ਹੈ. ਦੇਖੋ, ਤਾਰੂਸਿੰਘ ਭਾਈ.#(੧੧) ਭਾਈ ਤਾਰੂਸਿੰਘ ਜੀ ਦੇ ਸ਼ਹੀਦਗੰਜ ਦੇ ਨੇੜੇ ਹੀ ਸਿੰਘਣੀਆਂ ਦਾ ਸ਼ਹੀਦਗੰਜ ਹੈ. ਇੱਥੇ ਸਿੰਘਣੀਆਂ ਨੇ ਅਨੇਕ ਦੁੱਖ ਸਹਾਰੇ. ਆਪਣੇ ਬੱਚੇ ਟੋਟੇ ਕਰਵਾਕੇ ਝੋਲੀ ਪਵਾਏ, ਪਰ ਪਿਆਰਾ ਧਰਮ ਨਹੀਂ ਤਿਆਗਿਆ....
ਦੇਖੋ, ਦੀਬਾਨ. "ਸਭਨਾ ਦੀਵਾਨ ਦਇਆਲਾ." (ਵਡ ਮਃ ੩) ੨. ਗ਼ਜ਼ਲਾਂ ਦਾ ਸਮੁਦਾਯ ਹੋਵੇ ਜਿਸ ਪੁਸ੍ਤਕ ਵਿੱਚ. ਗ਼ਜ਼ਲਾਂ ਦਾ ਗ੍ਰੰਥ. ਦੇਖੋ, ਦੀਵਾਨ ਗੋਯਾ....
ਵਿ- ਕੁਵਾਕ ਬੋਲਕੇ ਵਿਗਾੜ (ਵਿਰੋਧ) ਕਰਲੈਣ ਵਾਲਾ. "ਅਸੀ ਬੋਲਵਿਗਾੜ ਵਿਗਾੜਹਿ ਬੋਲ." (ਸ੍ਰੀ ਮਃ ੧) ੨. ਬਕਬਾਦੀ. ਵਿਗੜਿਆ ਹੋਇਆ ਬੋਲ ਬੋਲਣਵਾਲਾ....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਸੰ. ਸੰਗ੍ਯਾ- ਮੋਤ. ਮ੍ਰਿਤ੍ਯੁ. ਦੇਖੋ, ਮਾਰਿ ੨। ੨. ਜੋ ਲੋਕਾਂ ਨੂੰ ਮਾਰ ਸਿਟਦਾ ਹੈ, ਕਾਮਦੇਵ. ਅਨੰਗ. "ਰਦ੍ਰ ਜਿਮ ਮਾਰ ਪਰ." (ਗੁਪ੍ਰਸੂ) ੩. ਸ਼ਿਕਾਰ. "ਮਾਰ ਪਰ ਸਿੰਘ ਹੈ." (ਗੁਪ੍ਰਸੂ) ੪. ਪ੍ਰਹਾਰ. ਆਘਾਤ. ਤਾੜਨ ਦੀ ਕ੍ਰਿਯਾ. "ਏਤੀ ਮਾਰ ਪਈ ਕੁਰਲਾਣੇ." (ਆਸਾ ਮਃ ੧) "ਸਿਮਰਤ ਰਾਮ ਨਾਹੀ ਜਮਮਾਰ." (ਗਉ ਮਃ ੫) ੫. ਵਿਘਨ। ੬. ਜ਼ਹਿਰ. ਵਿਸ. "ਇਸ ਕੋ ਮਾਰ ਗਾਢ ਬਹੁ ਹੋਈ." (ਨਾਪ੍ਰ) ੭. ਲਾਟਾ. ਅਗਨਿ ਦੀ ਸ਼ਿਖਾ. "ਪੌਨ ਦੀਪਮਾਰ ਪਰ." (ਗੁਪ੍ਰਸੂ) ੮. ਬੌੱਧਮਤ ਅਨੁਸਾਰ ਵਾਸਨਾ ਦਾ ਨਾਮ ਮਾਰ ਹੈ। ੯. ਫ਼ਾ. [مار] ਸਰਪ. "ਵੈਨਤੇਯ ਮਾਰ ਪਰ." (ਗੁਪ੍ਰਸੂ) ੧੦. ਬੀਮਾਰੀ. ਰੋਗ। ੧੧. ਦੇਖੋ, ਮਾਰਗਣ....
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)...
ਵਿ- ਬੋਝਲ. "ਹਲਕੀ ਲਗੈ ਨ ਭਾਰੀ." (ਗਉ ਕਬੀਰ) ੨. ਸੰਗ੍ਯਾ- ਵਿਪਦਾ. ਮੁਸੀਬਤ. "ਅੰਤਕਾਲ ਕਉ ਭਾਰੀ." (ਗਉ ਕਬੀਰ) ੩. ਦੇਖੋ, ਭਾਲੀ....
ਵਿ- ਕਛੁ. ਕਿਛੁ. ਕੁਛ. ਤਨਿਕ. ਥੋੜਾ....
ਅ਼. [حُکم] ਹ਼ੁਕਮ. ਸੰਗ੍ਯਾ- ਆਗ੍ਯਾ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਵਿ- ਲਕ੍ਸ਼੍ਪਤਿ. ਜਿਸ ਪਾਸ ਲਕ੍ਸ਼੍ (ਲੱਖ) ਅਥਵਾ ਲੱਖਾਂ ਰੁਪਯੇ ਹਨ. ਦੌਲਤਮੰਦ....
ਫ਼ਾ. [رِہا] ਵਿ- ਛੱਡਿਆ ਹੋਇਆ. ਖੁਲ੍ਹਾ. ਨਿਰਬੰਧ....
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
[معین اُلدین معین اُلمُلک رُستمِہِند] ਇਸ ਦਾ ਅਸਲ ਨਾਮ ਮੁੲ਼ਨੁੱਦੀਨ ਅਤੇ ਖ਼ਿਤਾਬ ਮੁਈ਼ ਨੁਲਮੁਲਕ ਰੁਸ੍ਤਮਹਿੰਦ ਸੀ. ਇਹ ਕ਼ਮਰੁੱਦੀਨਖ਼ਾਂ ਦਿੱਲੀ ਦੇ ਵਜ਼ੀਰ ਦਾ ਪੁਤ੍ਰ ਅਤੇ ਲਹੌਰ ਦਾ ਸੂਬਾ ਸੀ. ਇਸ ਨੇ ਅਹਮਦਸ਼ਾਹ ਦੀ ਤਾਬੇਦਾਰੀ ਮਨਜੂਰ ਕਰ ਲਈ ਸੀ, ਇਸ ਲਈ ਬਾਦਸ਼ਾਹ ਦਿੱਲੀ ਨੇ ਇਸ ਨੂੰ ਹਟਾਕੇ ਸ਼ਾਹਨਿਵਾਜ਼ ਨੂੰ ਸੂਬਾ ਥਾਪਿਆ. ਸੰਮਤ ੧੮੦੮ ਵਿੱਚ ਮੰਨੂ ਨੇ ਦੀਵਾਨ ਕੌੜਾਮੱਲ ਦੀ ਰਾਹੀਂ ਸਿੱਖਾਂ ਦੀ ਸਹਾਇਤਾ ਚਾਹੀ. "ਸਿੱਖਾਂ ਨੇ ਜੰਗ ਵਿੱਚ ਪੂਰੀ ਇਮਦਾਦ ਦਿੱਤੀ ਅਰ ਭੀਮਸਿੰਘ ਨੇ ਸ਼ਾਹਨਵਾਜ਼ ਦਾ ਸਿਰ ਵੱਢਿਆ. ਇਸ ਦੇ ਬਦਲੇ ਇਸ ਨੇ ਕੌੜਾਮੱਲ ਨੂੰ ਮਹਾਰਾਜਗੀ ਦਾ ਖਿਤਾਬ ਦਿੱਤਾ, ਪਰ ਕੌੜਾਮੱਲ ਦੇ ਮਰਣ ਪਿੱਛੋਂ ਇਸ ਨੇ ਸਿੱਖਾਂ ਨਾਲ ਬਹੁਤ ਜਾਲਿਮਾਨਾ ਵਰਤਾਉ ਕੀਤਾ. ਇਹ ਸ਼ਿਕਾਰ ਖੇਡਦਾ ੨੪ ਕੱਤਕ ਸੰਮਤ ੧੮੧੦¹ ਨੂੰ ਘੋੜੇ ਤੋਂ ਡਿਗਕੇ ਲਹੌਰ ਮੋਇਆ.#ਪ੍ਰਾਚੀਨ ਪੰਥਪ੍ਰਕਾਸ਼ ਦਾ ਕਰਤਾ ਲਿਖਦਾ ਹੈ ਕਿ ਮੀਰਮੰਨੂ ਨੇ ਕਮਾਦ ਵਿੱਚ ਲੁਕੇ ਸਿੱਖਾਂ ਨੂੰ ਆ ਘੇਰਿਆ. ਜਦ ਫੌਜ ਦੇ ਆਦਮੀ ਇੱਖ ਝਾੜਨ ਲੱਗੇ ਤਦ ਸਿੱਖਾਂ ਦਾ ਅਜੇਹਾ ਸ਼ੋਰ ਹੋਇਆ ਕਿ ਮੀਰਮੰਨੂ ਦਾ ਘੋੜਾ ਡਰਕੇ ਸੀਖਪਾਲ ਹੋਗਿਆ. ਜਿਸ ਤੋਂ ਡਿਗਕੇ ਉਸ ਦੀ ਮੌਤ ਹੋਈ. ਮੀਰਮੰਨੂ ਦੀ ਕ਼ਬਰ ਲਹੌਰ ਰੇਲਵੇ ਸਟੇਸ਼ਨ ਪਾਸ ਹੈ.#ਖਾਨਬਹਾਦੁਰ, ਮੀਰਮੰਨੂ ਆਦਿਕਾਂ ਦਾ ਨਾਉਂ ਸਾਡੀਆਂ ਪੋਥੀਆਂ ਵਿੱਚ ਅਨੇਕ ਵਾਰ ਆਉਂਦਾ ਹੈ, ਇਸ ਲਈ ਇੱਥੇ ਸ਼ਜਰਾ (ਵੰਸ਼ਾਵਲੀ) ਲਿਖਦੇ ਹਾਂ:-:#ਮੁਹੰਮਦ ਅਮੀਨਖ਼ਾਨ (ਇਤਿਮਾਦੁੱਦੌਲਾ)#।#।...
ਅ਼. [قیَد] ਕ਼ੈਦ. ਸੰਗ੍ਯਾ- ਬੰਧਨ. ਬੰਦੀ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਏਹ ਲਹੌਰ ਦੇ ਸੂਬੇਦਾਰ ਮੀਰਮੰਨੂ ਦਾ ਦੀਵਾਨ ਸੀ. ਗੁਰੂ ਦਾ ਭਗਤ ਅਤੇ ਸਿੱਖਾਂ ਦਾ ਸਹਾਇਕ ਹੋਣ ਕਰਕੇ ਖ਼ਾਲਸਾਪੰਥ ਵਿੱਚ ਇਸ ਦਾ ਨਾਉਂ "ਮਿੱਠਾ ਮੱਲ" ਪ੍ਰਸਿੱਧ ਹੈ. ਇਸ ਦਾ ਦੇਹਾਂਤ ਦੁਰਾਨੀਆਂ ਦੀ ਫ਼ੌਜ ਦਾ ਟਾਕਰਾ ਕਰਦੇ ਹੋਏ ਸਨ ੧੭੫੨ (ਸੰਮਤ ੧੮੧੦) ਵਿੱਚ ਲਹੌਰ ਹੋਇਆ. ਦੇਖੋ, ਮੀਰਮੰਨੂ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰ. ਵਿ- ਮਾਨ ਕੀਤਾ ਹੋਇਆ। ੨. ਸਹਿਮਤ. ਰਾਇ ਅਨੁਸਾਰ. "ਯਹ ਸਭ ਸੰਮਤ ਮੇਰੋ ਹੋਈ." (ਨਾਪ੍ਰ) ੩. ਸੰਵਤ. ਵਰ੍ਹਾ. ਸਾਲ. ਇਸ ਗ੍ਰੰਥ ਵਿੱਚ ਜਿੱਥੇ "ਸੰਮਤ" ਸ਼ਬਦ ਵਰਤਿਆ ਹੈ ਉਹ ਵਿਕ੍ਰਮੀ ਸਾਲ ਲਈ ਹੈ. ਦੇਖੋ, ਸੰਵਤ ਅਤੇ ਵਰਸ....
ਸੰ. ਦੁਰ੍ਦਸ਼ਾ. ਸੰਗ੍ਯਾ- ਬੁਰੀ ਹ਼ਾਲਤ. ਮੰਦ ਅਵਸਥਾ....
ਤਬਾਹੀ. ਗ਼ਾਰਤੀ. ਸਰਵਨਾਸ਼। ੨. ਜੇਠ ਸੰਮਤ ੧੮੦੩ ਵਿੱਚ ਦੀਵਾਨ ਲਖਪਤਰਾਇ ਨਾਲ ਜੋ ਖਾਲਸੇ ਦੀ ਲੜਾਈ ਕਾਨੂਵਾਣ ਦੇ ਛੰਭ ਪਾਸ ਹੋਈ ਹੈ, ਓਹ ਛੋਟਾ ਘੱਲੂਘਾਰਾ, ਅਤੇ ੨੮ ਮਾਘ ਸੰਮਤ ੧੮੧੮ (੫ ਫਰਵਰੀ ਸਨ ੧੭੬੨) ਨੂੰ ਜੋ ਅਹਮਦਸ਼ਾਹ ਦੁੱਰਾਨੀ ਨਾਲ ਰਾਇਪੁਰ ਗੁੱਜਰਵਾਲ ਪਾਸ ਕੁੱਪਰਹੀੜੇ ਦੇ ਮਕਾਮ ਹੋਈ, ਓਹ ਵਡਾ ਘੱਲੂਘਾਰਾ ਸਿੱਖ ਇਤਿਹਾਸ ਵਿੱਚ ਪ੍ਰਸਿੱਧ ਹੈ, ਇਸ ਘੱਲੂਘਾਰੇ ਵਿੱਚ ਪੰਦ੍ਰਾਂ ਵੀਹ ਹਜ਼ਾਰ ਸਿੰਘ, ਅਤੇ ਇਤਨੀ ਹੀ ਦੁੱਰਾਨੀ ਫ਼ੌਜ ਖੇਤ ਰਹੀ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਤ੍ਰਿਤੀਯ. ਤੀਸਰਾ. ਤੀਸਰੀ. "ਤੀਜੜੀ ਲਾਵ ਮਨਿ ਚਾਉ ਭਇਆ." (ਸੂਹੀ ਛੰਤ ਮਃ ੪) "ਤੀਜਾ ਪਹਰੁ ਭਇਆ." (ਤੁਖਾ ਛੰਤ ਮਃ ੧) ਤੀਜੇ ਪਹਰ ਤੋਂ ਭਾਵ ਪਚਾਸ ਅਤੇ ਪਛੱਤਰ ਦੇ ਵਿਚਕਾਰ ਦੀ ਅਵਸਥਾ ਹੈ....