motībāgaमोतीबाग
ਇਸ ਨਾਉਂ ਦੇ ਅਨੇਕ ਬਾਗ ਭਾਰਤ ਵਿੱਚ ਹਨ। ੨. ਦਿੱਲੀ ਵਿੱਚ ਉਹ ਬਾਗ, ਜਿਸ ਵਿੱਚ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਵਿਰਾਜੇ ਸਨ. ਹੁਣ ਇੱਥੇ ਕੋਈ ਬਾਗ ਨਹੀਂ ਕੇਵਲ ਗੁਰਦ੍ਵਾਰਾ ਹੈ. ਦੇਖੋ, ਦਿੱਲੀ। ੩. ਰਿਆਸਤ ਪਟਿਆਲੇ ਦਾ ਪ੍ਰਸਿੱਧ ਮੋਤੀ ਬਾਗ, ਜੋ ਮਹਾਰਾਜਾ ਦਾ ਨਿਵਾਸ ਅਸਥਾਨ ਹੈ.
इस नाउं दे अनेक बाग भारत विॱच हन। २. दिॱली विॱच उह बाग, जिस विॱच श्री गुरू गोबिंदसिंघ जी विराजे सन. हुण इॱथे कोई बाग नहीं केवल गुरद्वारा है. देखो, दिॱली। ३. रिआसत पटिआले दा प्रसिॱध मोती बाग, जो महाराजा दा निवास असथान है.
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਵਿ- ਬੱਗਾ. ਚਿੱਟਾ. "ਘਰ ਗਚ ਕੀਨੇ, ਬਾਗੇ ਬਾਗ." (ਮਃ ੧. ਵਾਰ ਸਾਰ) ਚਿੱਟੇ ਵਸਤ੍ਰ। ੨. ਸੰਗ੍ਯਾ- ਬਾਗਾ. ਵਸਤ੍ਰ ਪੋਸ਼ਾਕ. "ਕਰੇ ਭੇਸ ਕ੍ਰੂਰੰ ਧਰੇ ਬਾਗ ਕਾਰੇ." (ਸਲੋਹ) ਕਾਲੇ ਵਸਤ੍ਰ ਪਹਿਰੇ। ੩. ਸੰ. ਵਲ੍ਗਾ- वल्गा. ਲਗਾਮ ਦੀ ਡੋਰ. ਲਗਾਮ ਦਾ ਤਸਮਾ। ੪. ਫ਼ਾ. [باغ] ਬਾਗ਼ ਬਗੀਚਾ. ਉਪਵਨ. "ਜਿਹ ਪ੍ਰਸਾਦਿ ਬਾਗ ਮਿਲਖ ਧਨਾ." (ਸੁਖਮਨੀ) ੫. ਜਗਤ. ਸੰਸਾਰ....
ਵਿ- ਭਰਤ ਨਾਲ ਹੈ ਜਿਸ ਦਾ ਸੰਬੰਧ. ਭਰਤ ਦਾ। ੨. ਸੰਗ੍ਯਾ- ਰਾਜਾ ਭਰਤ ਦੇ ਨਾਮ ਪੁਰ ਹੈ ਜਿਸ ਦੇਸ਼ ਦਾ ਨਾਮ. ਹਿੰਦੁਸਤਾਨ. ਦੇਖੋ, ਭਰਤ ਅਤੇ ਭਾਰਤਵਰਸ। ੩. ਭਰਤਵੰਸ਼ੀ ਰਾਜਿਆਂ ਦਾ ਹੈ ਵਰਣਨ ਜਿਸ ਗ੍ਰੰਥ ਵਿੱਚ, ਮਹਾਭਾਰਤ, ਇਹ ਵ੍ਯਾਸ ਕ੍ਰਿਤ ੧੮. ਪਰਵਾਂ ਦਾ ਇੱਕ ਲੱਖ ਸ਼ਲੋਕ ਦਾ ਗ੍ਰੰਥ ਹੈ। ੪. ਭਰਤ ਮੁਨਿ ਦਾ ਰਚਿਆ ਨਾਟਕ....
ਜਮੁਨਾ ਨਦੀ ਦੇ ਕਿਨਾਰੇ ਇੱਕ ਪੁਰਾਣੀ ਪ੍ਰਸਿੱਧ ਨਗਰੀ, ਜੋ ਕਈ ਥਾਈਂ ਵਸ ਚੁੱਕੀ ਹੈ.¹ ਪਾਂਡਵਾਂ ਵੇਲੇ ਇਸ ਦਾ ਨਾਮ ਇੰਦ੍ਰਪਸ੍ਥ² ਅਤੇ ਪਾਂਡਵਨਗਰ ਸੀ. ਫੇਰ ਇਸ ਦਾ ਨਾਮ ਯੋਗਿਨੀਪੁਰ ਹੋਇਆ. ਤੋਮਰਵੰਸ਼ ਦੇ ਰਾਜਾ ਰਾਇਸੇਨ ਨੇ ਸਨ ੯੧੯- ੨੦ ਵਿੱਚ ਸੁੰਦਰ ਮਕਾਨ ਬਣਵਾਕੇ ਰਾਜਧਾਨੀ ਕ਼ਾਯਮ ਕੀਤੀ.#ਮਯੂਰਵੰਸ਼ ਦੇ ਰਾਜਾ ਦਿਲੂ ਨੇ ਇਸ ਨੂੰ ਦਿੱਲੀ ਨਾਉਂ ਦਿੱਤਾ.³ ਸਨ ੧੧੫੧ ਵਿੱਚ ਚੌਹਾਨ ਰਾਜਪੂਤ ਵਿਸ਼ਾਲਦੇਵ ਨੇ ਇਸਨੂੰ ਰਾਜਧਾਨੀ ਬਣਾਇਆ. ਇਸ ਦੇ ਪੋਤੇ ਪ੍ਰਿਥੀ (ਪ੍ਰਿਥਿਵੀ) ਰਾਜ ਨੂੰ ਸਨ ੧੧੯੨ ਵਿੱਚ ਜਿੱਤਕੇ ਸ਼ਹਾਬੁੱਦੀਨ ਮੁਹ਼ੰਮਦ ਗੌਰੀ ਨੇ ਮੁਸਲਿਮ ਰਾਜ ਕ਼ਾਯਮ ਕੀਤਾ.#ਇਸ ਵੇਲੇ ਜਮੁਨਾ ਦੇ ਕਿਨਾਰੇ ਜੋ ਪੱਕੀ ਚਾਰ ਦੀਵਾਰੀ ਅੰਦਰ ਬਸਤੀ ਦੇਖੀ ਜਾਂਦੀ ਹੈ ਇਹ ਬਾਦਸ਼ਾਹ ਸ਼ਾਹਜਹਾਂ ਦੀ ਰਚਨਾ ਹੈ. ਉਸ ਨੇ ਇਸ ਦੇ ਲਾਲ ਕਿਲੇ ਅਤੇ ਸ਼ਹਿਰ ਦੀ ਬੁਨਿਆਦ ੧੬. ਏਪ੍ਰਿਲ ਸਨ ੧੬੩੯ ਨੂੰ ਰੱਖੀ ਅਤੇ ਚਤੁਰ ਅਹਿਲਕਾਰ ਗ਼ੈਰਤਖ਼ਾਨ ਦੀ ਨਿਗਰਾਨੀ ਵਿੱਚ ਇਮਾਰਤ ਬਣੀ. ਬਾਦਸ਼ਾਹ ਨੇ ਇਸ ਦਾ ਨਾਮ "ਸ਼ਾਹਜਹਾਨਾਬਾਦ" ਰੱਖਿਆ ਸੀ, ਪਰ ਜਗਤ ਪ੍ਰਸਿੱਧ ਦਿੱਲੀ ਹੀ ਰਿਹਾ.#ਸਨ ੧੮੦੩ ਵਿੱਚ ਦਿੱਲੀ ਅੰਗ੍ਰੇਜ਼ਾਂ ਦੇ ਅਧਿਕਾਰ ਵਿੱਚ ਆਈ, ਭਾਵੇਂ ਨਾਮਮਾਤ੍ਰ ਮੁਗਲ ਰਾਜਧਾਨੀ ਰਹੀ. ਸਨ ੧੮੫੭ ਦੇ ਗ਼ਦਰ ਪਿੱਛੋਂ ਦਿੱਲੀ ਅੰਗ੍ਰੇਜ਼ੀ ਰਾਜ ਨਾਲ ਮਿਲੀ, ਅਰ ੧੨. ਦਿਸੰਬਰ ਸਨ ੧੯੧੧ ਨੂੰ ਸ਼ਹਨਸ਼ਾਹ ਜਾਰਜਪੰਜਮ (George V) ਨੇ ਇਸ ਨੂੰ ਭਾਰਤ ਦੀ ਰਾਜਧਾਨੀ ਹੋਣ ਦਾ ਮੁੜ ਮਾਨ ਦਿੱਤਾ. ੧. ਅਕਤੂਬਰ ਸਨ ੧੯੧੨ ਨੂੰ ਦਿੱਲੀ ਨੂੰ ਪੰਜਾਬ ਤੋਂ ਅਲਗ ਕਰਕੇ ਚੀਫ਼ਕਮਿਸ਼ਨਰ ਦੇ ਅਧੀਨ ਕੀਤਾ ਗਿਆ.#ਦਿੱਲੀ ਤੋਂ ਲਹੌਰ ੨੯੭, ਕਲਕੱਤਾ ੯੫੬, ਬੰਬਈ ੯੮੨ ਅਤੇ ਕਰਾਚੀ ੯੦੭ ਮੀਲ ਹੈ.#ਸਨ ੧੯੨੧ ਦੀ ਮਰਦਮਸ਼ੂਮਾਰੀ ਅਨੁਸਾਰ ਦਿੱਲੀ ਦੀ ਆਬਾਦੀ ੩੦੪੪੨੦ ਹੈ. ਜਿਸ ਵਿੱਚੋਂ ਹਿੰਦੂ ੧੭੪੩੦੩, ਮੁਸਲਮਾਨ ੧੧੪੭੦੪, ਈਸਾਈ ੮੭੯੧, ਜੈਨੀ ੩੮੬੨, ਸਿੱਖ ੨੬੬੯, ਅਤੇ ਬਾਕੀ ਬੋੱਧ ਪਾਰਸੀ ਯਹੂਦੀ ੯੧ ਹਨ#ਜਾਰਜਪੰਜਮ ਨੇ ਜਿਸ ਨਵੀਂ ਬਸਤੀ ਦੀ ਨਿਉਂ ਰੱਖੀ ਹੈ, ਉਸ ਦਾ ਨਾਉਂ ਨ੍ਯੂ (New) ਦਿੱਲੀ ਹੈ, ਜੋ ਪਹਾੜੀਗੰਜ ਅਤੇ ਸਫਦਰਜੰਗ ਦੇ ਵਿਚਕਾਰ ਵਸੀ ਹੈ.#ਦਿੱਲੀ ਵਿੱਚ ਇਹ ਗੁਰਦ੍ਵਾਰੇ ਹਨ:-⁴#(੧) ਸੀਸਗੰਜ. ਇਹ ਚਾਂਦਨੀ ਚੌਕ ਵਿੱਚ ਹੈ. ਇੱਥੇ ੧੨. ਮੱਘਰ ਸੰਮਤ ੧੭੩੨ ਨੂੰ ਗੁਰੂ ਤੇਗਬਹਾਦੁਰ ਸਾਹਿਬ ਨੇ ਦੇਸ਼ ਅਤੇ ਧਰਮ ਦੀ ਖਾਤਿਰ ਸੀਸ ਕੁਰਬਾਨ ਕੀਤਾ. ਇਹ ਗੁਰਦ੍ਵਾਰਾ ਪਹਿਲਾਂ ਸਰਦਾਰ ਬਘੇਲਸਿੰਘ ਜੀ ਨੇ ਬਣਵਾਇਆ ਸੀ. ਫੇਰ ਮੁਸਲਮਾਨਾਂ ਨੇ ਗੁਰਦ੍ਵਾਰਾ ਢਾਹਕੇ ਪਾਸ ਮਸੀਤ ਉਸਾਰਦਿੱਤੀ. ਸਨ ੧੮੫੭ ਦੇ ਗਦਰ ਦੇ ਅੰਤ ਰਾਜਾ ਸਰੂਪਸਿੰਘ ਸਾਹਿਬ ਜੀਂਦਪਤਿ ਨੇ ਸੀਸਗੰਜ ਗੁਰਦ੍ਵਾਰੇ ਦੀ ਇਮਾਰਤ ਬਣਵਾਈ ਅਰ ਹੁਣ ਪ੍ਰੇਮੀ ਗੁਰਸਿੱਖਾਂ ਦੇ ਉੱਦਮ ਨਾਲ ਪੱਥਰ ਦੀ ਆਲੀਸ਼ਾਨ ਇਮਾਰਤ ਬਣ ਰਹੀ ਹੈ.#ਨਿੱਤ ਦੀ ਚੜ੍ਹਤ (ਭੇਟਾ ਪੂਜਾ) ਤੋਂ ਛੁੱਟ, (ਜਿਸ ਦਾ ਅੰਦਾਜ਼ਾ ਤਿੰਨ ਹਜਾਰ ਰੁਪਯਾ ਸਾਲ ਹੈ), ਇਸ ਗੁਰਦ੍ਵਾਰੇ ਨੂੰ ਹੇਠ ਲਿਖੀ ਸਾਲਾਨਾ ਪੱਕੀ ਆਮਦਨ ਹੈ:-#ਮਹਾਰਾਜਾ ਰਣਜੀਤ ਸਿੰਘ ਜੀ ਦਾ ਦਿੱਲੀ ਦੇ ਗੁਰਦ੍ਵਾਰਿਆਂ ਨੂੰ ਦਿੱਤਾ ਪਿੰਡ "ਦੋਸਾਂਝ" (ਤਸੀਲ ਨਵਾਂ ਸ਼ਹਿਰ, ਜਿਲਾ ਜਲੰਧਰ ਵਿੱਚ) ਹੈ, ਉਸ ਦਾ ਹਿੱਸਾ ੨੦੦, ਰਿਆਸਤ ਜੀਂਦ ਤੋਂ ੬੨), ਰਿਆਸਤ ਨਾਭੇ ਤੋਂ ੨੧੫), ਰਿਆਸਤ ਪਟਿਆਲੇ ਤੋਂ ੩੮੦)- ਜ਼ੀਨਤਮਹਿਲ ਦੇ ਕਿਰਾਏ ਵਿੱਚੋਂ ਦੋ ਸੌ ਚਾਲੀ, ਅਤੇ ਪੂਜਾ ਦੇ ਇੱਕ ਸੌ ਚਾਲੀ ਸਾਲਾਨਾ ਮਿਲਦੇ ਹਨ.#ਰਾਇਸੀਨਾ ਪਿੰਡ, ਜੋ ਰਿਆਸਤ ਜੀਂਦ ਨੇ ਖ਼ਰੀਦ ਕੇ ਗੁਰਦ੍ਵਾਰਾ ਸੀਸਗੰਜ ਅਤੇ ਰਕਾਬਗੰਜ ਨੂੰ ਭੇਟਾ ਕੀਤਾ ਸੀ, ਉਹ ਨਵੀਂ ਦਿੱਲੀ ਵਿੱਚ ਆ ਗਿਆ. ਗਵਰਨਮੇਂਟ ਨੇ ਉਸ ਦੀ ਕੀਮਤ ਜੋ ਦਿੱਤੀ ਉਸ ਦੇ ਪ੍ਰਾਮਿਸਰੀ (Promissory) ਨੋਟ ਖਰੀਦੇ ਗਏ. ਗੁਰਦ੍ਵਾਰਾ ਸੀਸਗੰਜ ਦੀ ਰਕਮ ਬੱਤੀ ਹਜਾਰ ਦਾ ਸੂਦ ਸਾਲਾਨਾ ੧੧੫੨) ਹੈ. ਇਸ ਤੋਂ ਛੁੱਟ ੧੫. ਮੁਰੱਬੇ ਜ਼ਮੀਨ ਗਵਰਨਮੇਂਟ ਨੇ ਦਿੱਤੀ, ਜਿਸ ਦੇ ਠੇਕੇ ਦੀ ਮਾਕੂਲ ਆਮਦਨ ਹੈ. ਗੁਰਦ੍ਵਾਰੇ ਦੇ ਸੇਵਾਦਾਰ ਮਹੰਤ ਭਾਈ ਹਰੀਸਿੰਘ ਜੀ ਬੀ. ਏ. ਅਤੇ ਭਾਈ ਰਣਜੋਧ ਸਿੰਘ ਜੀ ਹਨ.#(੨) ਰਕਾਬਗੰਜ. ਇੱਥੇ ਗੁਰੂ ਸਾਹਿਬ ਦੇ ਧੜ ਦਾ ਸਸਕਾਰ ਹੋਇਆ ਹੈ. ਇਹ ਅਸਥਾਨ ਗੁਰਦ੍ਵਾਰਾ ਰੋਡ ਤੇ ਹੈ, ਜੋ ਚਾਂਦਨੀ ਚੌਕ ਤੋਂ ਤਿੰਨ ਮੀਲ ਹੈ. ਇਸ ਗੁਰਧਾਮ ਨੂੰ ਸਾਲਾਨਾ ਆਮਦਨ ਦੋਸਾਂਝ ਪਿੰਡ ਦੇ ਹਿੱਸੇ ਵਿੱਚੋਂ ੩੩੨), ਰਿਆਸਤ ਪਟਿਆਲੇ ਤੋਂ ਆਲਾਸਿੰਘ ਦੀ ਵਡਾਲੀ ਅਤੇ ਹਿੰਦੂਪੁਰ ਦੋ ਪਿੰਡ ਜਾਗੀਰ, ਜਿਨ੍ਹਾਂ ਦੀ ਸਾਲਾਨਾ ਰਕਮ ੧੩੯੦) ਹੈ, ਰਾਇਸੀਨਾ ਪਿੰਡ ਦੀ ਰਕਮ ਦੇ ਖਰੀਦੇ ਪ੍ਰਾਮਿਸਰੀ ਨੋਟਾਂ ਦਾ ਸੂਦ ੧੩੯੮), ਮਹਾਰਾਜਾ ਪਟਿਆਲਾ ਵੱਲੋਂ ਪੂਜਾ ੧੪੦), ਕਿਰਾਇਆ ਕੋਠੜੀਆਂ ੨੫੦), ਅੱਠ ਏਕੜ ਦਾ ਗੁਰਦ੍ਵਾਰੇ ਨਾਲ ਬਾਗ਼. ਜਿਸ ਦੀ ਸਾਲਾਨਾ ਆਮਦਨ ੨੫੦) ਹੈ, ਪੰਦਰਾਂ ਮੁਰੱਬੇ ਜ਼ਮੀਨ ਗਵਰਨਮੇਂਟ ਵੱਲੋਂ, ਜੋ ਠੇਕੇ ਪੁਰ ਚੜ੍ਹਾਈ ਜਾਂਦੀ ਹੈ. ਗੁਰਦ੍ਵਾਰੇ ਦੀ ਸੇਵਾ ਕਰਨ ਵਾਲੇ ਭਾਈ ਗੁਰਬਖਸ਼ਸਿੰਘ ਜੀ ਅਤੇ ਜੀਵਨਸਿੰਘ ਜੀ ਹਨ.#(੩) ਬੰਗਲਾਸਾਹਿਬ. ਜਯਸਿੰਘਪੁਰੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਸੰਮਤ ੧੭੨੦ ਵਿੱਚ ਵਿਰਾਜੇ ਸਨ. ਉਸ ਸਮੇਂ ਗੁਰੂਸਾਹਿਬ ਦੇ ਨਿਵਾਸ ਲਈ ਅੰਬਰਪਤਿ⁵ ਮਿਰਜ਼ਾ ਜਯਸਿੰਘ ਨੇ ਬੰਗਲਾ ਬਣਵਾਇਆ ਸੀ. ਇਹ ਗੁਰਦ੍ਵਾਰਾ ਜਯਸਿੰਘ ਰੋਡ ਅਤੇ ਕੈਂਟਨਮੈਂਟ ਰੋਡ (Cantonement Road) ਦੇ ਮੱਧ ਹੈ. ਇਸ ਗੁਰਦ੍ਵਾਰੇ ਨੂੰ ਪਿੰਡ ਦੋਸਾਂਝ ਦਾ ਹਿੱਸਾ ੧੬੯), ਨਾਭੇ ਤੋਂ ੪॥), ਜੀਂਦ ਤੋਂ ੬੨), ਪਟਿਆਲੇ ਤੋਂ ੧੪੦), ਗੁਰਦ੍ਵਾਰੇ ਦੀ ਕੁਝ ਜ਼ਮੀਨ ਜੋ ਸਰਕਾਰ ਨੇ ਨਵੀਂ ਆਬਾਦੀ ਲਈ ਲਈ ਹੈ, ਉਸ ਦੀ ਰਕਮ ਦਾ ਸਾਲਾਨਾ ਸੂਦ ੨੨੦) ਹੈ. ਪੁਜਾਰੀ ਭਾਈ ਹਾਕਮਸਿੰਘ ਜੀ ਹਨ.#(੪) ਬਾਲਾਸਾਹਿਬ. ਬਾਲਗੁਰੂ ਹਰਿਕ੍ਰਿਸਨ ਜੀ ਦੇ ਸ਼ਰੀਰ ਦਾ ਸਸਕਾਰ ਇਸ ਥਾਂ ਸੰਮਤ ੧੭੨੧ ਵਿੱਚ ਹੋਇਆ ਹੈ. ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਦਾ ਸਸਕਾਰ ਭੀ ਇਸੇ ਥਾਂ ਹੋਇਆ ਹੈ. ਦਿੱਲੀ ਦਰਵਾਜ਼ੇ ਤੋਂ ਬਾਹਰ ਬਾਰਾਂਪੁਲਾ ਲੰਘਕੇ ਨਾਲੇ ਤੋਂ ਪਾਰ ਇਹ ਅਸਥਾਨ ਹੈ, ਜੋ ਚਾਂਦਨੀ ਚੌਕ ਤੋਂ ਚਾਰ ਮੀਲ ਹੈ. ਗੁਰਦ੍ਵਾਰੇ ਦੀ ਸਾਲਾਨਾ ਆਮਦਨ- ਦੋਸਾਂਝ ਵਿੱਚੋਂ ਹਿੱਸਾ ੭੦੨), ਜੀਂਦ ਤੋਂ ੬੨), ਪਟਿਆਲੇ ਤੋਂ ਬੰਧਾਨ ੧੨੫) ਅਤੇ ਪੂਜਾ ੩੦੬), ਨਾਭੇ ਤੋਂ ੧੦੯॥), ਗੁਰਦ੍ਵਾਰੇ ਨਾਲ ਲਗਦੀ ਜ਼ਮੀਨ ਦੀ ਆਮਦਨ ੪੦) ਹੈ. ਸੇਵਾਦਾਰ ਭਾਈ ਤਾਰਾਸਿੰਘ ਜੀ ਅਤੇ ਬੀਰਸਿੰਘ ਜੀ ਹਨ.#(੫) ਮੋਤੀਬਾਗ. ਇਸ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਸੰਮਤ ੧੭੬੪ ਵਿੱਚ ਚਰਣ ਪਾਏ ਹਨ. ਇਹ ਗੁਰਦ੍ਵਾਰਾ ਅਜਮੇਰੀ ਦਰਵਾਜ਼ੇ ਤੋਂ ਬਾਹਰ, ਚਾਂਦਨੀ ਚੌਕ ਤੋਂ ਪੰਜ ਮੀਲ ਹੈ. ਇਸ ਅਸਥਾਨ ਨੂੰ ਕੇਵਲ ਪਟਿਆਲੇ ਤੋਂ ਸਾਲਾਨਾ ੨੫) ਬੰਧਾਨ ਅਤੇ ਪੂਜਾ ੧੪੦) ਹੈ. ਪੁਜਾਰੀ ਭਾਈ ਦੇਵਾਸਿੰਘ ਜੀ ਹਨ.#(੬) ਦਮਦਮਾ ਸਾਹਿਬ. ਇਸ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਹਾਥੀ ਨਾਲ ਝੋਟੇ ਦੀ ਲੜਾਈ ਕਰਵਾਈ ਸੀ. ਗੁਰਦ੍ਵਾਰਾ ਹੁਮਾਯੂੰ ਦੇ ਮਕਬਰੇ ਪਾਸ ਹੈ. ਚਾਂਦਨੀ ਚੌਕ ਤੋਂ ਤਿੰਨ ਮੀਲ ਹੈ. ਇਸ ਗਰੁਦ੍ਵਾਰੇ ਨੂੰ ਮਹਾਰਾਜਾ ਪਟਿਆਲਾ ਵੱਲੋਂ ੧੪੦) ਅਤੇ ਇੱਕ ਪ੍ਰੇਮੀ ਸਿੱਖ ਦੀ ਚੜ੍ਹਾਈ ਹੋਈ ੩੮ ਵਿੱਘੇ ਜ਼ਮੀਨ ਜੋਗਾਬਾਈ ਪਿੰਡ ਵਿੱਚ ਹੈ, ਜਿਸ ਦੀ ਆਮਦਨ ੬੪) ਸਾਲਾਨਾ ਹੈ. ਸੇਵਾਦਾਰ ਭਾਈ ਰਘੁਬੀਰਸਿੰਘ ਜੀ ਹਨ.#(੭) ਮਾਤਾ ਸੁੰਦਰੀ ਜੀ ਦੀ ਹਵੇਲੀ, ਜੋ ਤੁਰਕਮਾਨ ਦਰਵਾਜੇ ਤੋਂ ਬਾਹਰ ਚਾਂਦਨੀ ਚੌਕ ਤੋਂ ਡੇਢ ਮੀਲ ਹੈ. ਇੱਥੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਦੇਹਾਂਤ ਤੀਕ ਨਿਵਾਸ ਕਰਦੇ ਰਹੇ. ਇਹ ਅਸਥਾਨ ਨੂੰ ਪਟਿਆਲੇ ਤੋਂ ੨੫) ਬੰਧਾਨ, ਅਤੇ ਪੂਜਾ ੫੧) ਹੈ. ਜੀਂਦ ਤੋਂ ੬੨) ਸਾਲਾਨਾ ਮਿਲਦੇ ਹਨ. ਗਵਰਨਮੇਂਟ ਨੇ ਜੋ ਗੁਰਦ੍ਵਾਰੇ ਦੀ ਜ਼ਮੀਨ ਨਵੀਂ ਆਬਾਦੀ ਲਈ ਖਰੀਦੀ, ਉਸ ਦੀ ਰਕਮ ਦਾ ਸਾਲਾਨਾ ਸੂਦ ੪੮) ਹੈ. ਸੇਵਾਦਾਰ ਭਾਈ ਕਾਹਨਸਿੰਘ ਜੀ ਅਤੇ ਬਾਬਾ ਦਿਆਲ ਸਿੰਘ ਜੀ ਹਨ.#(੮) ਮਜਨੂੰ ਦਾ ਟਿੱਲਾ. ਇੱਥੇ ਜਗਤਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਰਾਜੇ ਹਨ, ਅਰ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿਣ ਸਮੇਂ ਬਾਬਾ ਰਾਮਰਾਇ ਜੀ ਦਾ ਨਿਵਾਸ ਭੀ ਇੱਥੇ ਹੀ ਰਿਹਾ ਹੈ. ਇਹ ਗੁਰਦ੍ਵਾਰਾ ਜਮੁਨਾ ਕਿਨਾਰੇ ਚੰਦ੍ਰਾਵਲ ਪਿੰਡ ਪਾਸ ਹੈ. ਕਸ਼ਮੀਰੀ ਦਰਵਾਜ਼ੇ ਤੋਂ ਬਾਹਰ, ਚਾਂਦਨੀ ਚੌਕ ਤੋਂ ੩. ਮੀਲ ਹੈ. ਇਸ ਗੁਰਦ੍ਵਾਰੇ ਨੂੰ ਕੋਈ ਜਾਗੀਰ ਨਹੀਂ. ਸੇਵਾਦਾਰ ਮਹੰਤ ਬਿਸਨਦਾਸ ਜੀ ਹਨ.#(੯) ਕੂਚਾ ਦਿਲਵਾਲੀਸਿੰਘ. ਇਹ ਅਜਮੇਰੀ ਦਰਵਾਜ਼ੇ ਤੋਂ ਅੰਦਰ ਸੀਸਗੰਜ ਗੁਰਦ੍ਵਾਰੇ ਤੋਂ ਅੱਧ ਮੀਲ ਹੈ. ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਦਸ਼ਮੇਸ਼ ਦੀ ਆਗ੍ਯਾ ਅਨੁਸਾਰ ਭਾਈ ਮਨੀਸਿੰਘ ਜੀ ਨਾਲ ਜਦ ਦਿੱਲੀ ਪੁੱਜੇ, ਤਦ ਪਹਿਲਾਂ ਕੁਝ ਕਾਲ ਇੱਥੇ ਰਹੇ. ਇੱਥੇ ਰਹਿਣ ਸਮੇਂ ਮਾਤਾ ਸੁੰਦਰੀ ਜੀ ਨੇ ਅਜੀਤਸਿੰਘ ਪਾਲਿਤਪੁਤ੍ਰ ਬਣਾਇਆ ਸੀ. ਸਿੱਖਾਂ ਨੇ ਅਨਗਹਿਲੀ ਕਰਕੇ ਇੱਥੇ ਗੁਰਦ੍ਵਾਰਾ ਨਹੀਂ ਬਣਾਇਆ. ਹਿੰਦੂ ਅਰੋੜੇ ਇਸ ਥਾਂ ਵਸਦੇ ਹਨ.#(੧੦) ਮਟੀਆ ਬਾਜ਼ਾਰ ਦੇ ਚਿਤਲੀਕਬਰ ਮਹਲੇ ਵਿੱਚ ਮਾਤਾ ਸੁੰਦਰੀ ਜੀ ਦੇ ਸੇਵਕ ਜੀਵਨਸਿੰਘ ਪਾਸ ਉਹ ਸ਼ਸਤ੍ਰ ਸਨ, ਜੋ ਸ਼੍ਰੀ ਦਸ਼ਮੇਸ਼ ਜੀ ਨੇ ਮਾਤਾ ਸਾਹਿਬਕੌਰ ਜੀ ਨੂੰ ਬਖ਼ਸ਼ੇ ਸਨ. ਜੀਵਨਸਿੰਘ ਦੀ ਔਲਾਦ ਇਨ੍ਹਾਂ ਸ਼ਸਤ੍ਰਾਂ ਦਾ ਦਰਸ਼ਨ ਗੁਰਸਿੱਖਾਂ ਨੂੰ ਕਰਾਉਂਦੀ ਅਤੇ ਧੂਪ ਦੀਪ ਦੀ ਸੇਵਾ ਕਰਦੀ ਰਹੀ ਹੈ. ਹੁਣ ਇਹ ਸ਼ਸਤ੍ਰ ਗੁਰਦ੍ਵਾਰਾ ਰਕਾਬਗੰਜ ਵਿੱਚ ਅਸਥਾਪਨ ਕੀਤੇ ਗਏ ਹਨ. ਸ਼ਸਤ੍ਰਾਂ ਦੀ ਸੇਵਾ ਲਈ ਪਟਿਆਲੇ ਤੋਂ ਸਾਲਾਨਾ ੧੦੧/- ) ਅਤੇ ਪੂਜਾ ੭੪) ਹੈ, ਰਿਆਸਤ ਨਾਭੇ ਤੋਂ ੨੦) ਅਤੇ ਦੋਸਾਂਝ ਦੀ ਜਾਗੀਰ ਵਿੱਚੋਂ ਹਿੱਸਾ ੭੦) ਮਿਲਦੇ ਹਨ.#(੧੧) ਨਾਨਕਪਿਆਉ. ਸਤਿਗੁਰੂ ਨਾਨਕਦੇਵ ਜੀ ਨੇ ਇਹ ਖੂਸ ਤੋਂ ਜਲ ਕੱਢਕੇ ਤ੍ਰਿਖਾਤੁਰ ਰਾਹੀਆਂ ਨੂੰ ਪਿਆਇਆ ਸੀ. ਇਹ ਅਸਥਾਨ ਕਰਨਾਲ ਰੋਡ ਦੇ ਕਿਨਾਰੇ ਸੀਸਗੰਜ ਤੋਂ ਉੱਤਰ ਪੱਛਮ ਚਾਰ ਮੀਲ ਹੈ. ਇਸ ਨੂੰ "ਪਉ ਸਾਹਿਬ" ਭੀ ਆਖਦੇ ਹਨ. ਇਸ ਗੁਰਦ੍ਵਾਰੇ ਨੂੰ ਕੋਈ ਜਾਗੀਰ ਨਹੀਂ. ਸੇਵਾਦਾਰ ਮਹੰਤ ਨਿਰੰਜਨਦਾਸ ਜੀ ਹਨ.#ਦੇਖੋ, ਦਿੱਲੀ ਦਾ ਨਕਸ਼ਾ.#ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਯਰ ਦੇ ਕਿਲੇ ਰਹੇ, ਤਦ ਬਾਬਾ ਬੁੱਢਾ ਜੀ ਦਿੱਲੀ ਤੋਂ ਪੰਜ ਕੋਹ ਤੇ ਗੁਰੂ ਸਾਹਿਬ ਦੇ ਘੋੜਿਆਂ ਨੂੰ ਲੈਕੇ ਜਮੁਨਾ ਕਿਨਾਰੇ ਰਹੇ ਹਨ, ਪਰ ਸਾਨੂੰ ਇਸ ਥਾਂ ਦਾ ਕੁਝ ਪਤਾ ਨਹੀਂ ਮਿਲਿਆ.#"ਚਲੇ ਆਗਰੇ ਤੇ ਸਭ ਆਏ,#ਦਿੱਲੀ ਨਗਰ ਪਿਖ੍ਯੋ ਸਮੁਦਾਏ,#ਸੁਨ੍ਯੋ ਘਾਸ ਜਹਿਂ ਖਰੋ ਉਦਾਰੇ,#ਪੰਚ ਕੋਸ ਪੁਰ ਤਯਾਗ ਪਧਾਰੇ,#ਹਰਿਤ ਤਿਰਣ ਦੇਖਤ ਹਰਖਾਏ,#ਕਰ੍ਯੋ ਸਿਵਿਰ ਉਤਰੇ ਸਮੁਦਾਏ,#ਅਬ ਲੌ ਤਿਸ ਥਲ ਚਿੰਨ੍ਹ ਲਖੰਤੇ,#ਜਗਾ ਬ੍ਰਿੱਧ ਕੀ ਲੋਕ ਕਹੰਤੇ." (ਗੁਪ੍ਰਸੂ ਰਾਸਿ ੪, ਅਃ ੬੧)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਕ੍ਰਿ. ਵਿ- ਅਬ. ਇਸ ਵੇਲੇ. "ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ." (ਮਾਝ ਮਃ ੫) ਇਸ ਦਾ ਮੂਲ ਸੰਸਕ੍ਰਿਤ अहनि ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ- ਅੱਜ ਦੇ ਦਿਨ....
ਕ੍ਰਿ. ਵਿ- ਇਸ ਥਾਂ. ਯਹਾਂ....
ਸਰਵ- ਕੋਪਿ. ਕੋਈਇੱਕ. "ਕੋਈ ਬੋਲੈ ਰਾਮ ਕੋਈ ਖੁਦਾਇ." (ਰਾਮ ਮਃ ੫)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. ਵਿ- ਇਕੇਲਾ. ਸਿਰਫ. "ਕੇਵਲ ਕਾਲਈ ਕਰਤਾਰ." (ਹਜ਼ਾਰੇ ੧੦) ੩. ਨਿਸ਼ਚੇ ਕੀਤਾ ਹੋਇਆ। ੩. ਸ਼ੁੱਧ. ਖਾਲਿਸ. ਨਿਰੋਲ. "ਕੇਵਲ ਨਾਮ ਦੀਓ ਗੁਰਮੰਤੁ." (ਗਉ ਮਃ ੫) ੪. ਸੰਗ੍ਯਾ- ਦਮਦਮੇ ਤੋਂ ਸੱਤ ਕੋਹ ਦੱਖਣ ਇੱਕ ਪਿੰਡ. ਦੱਖਣ ਨੂੰ ਜਾਣ ਸਮੇਂ ਦਸ਼ਮੇਸ਼ ਦਾ ਪਹਿਲਾ ਡੇਰਾ ਦਮਦਮੇ ਤੋਂ ਚੱਲਕੇ ਇਸ ਥਾਂ ਹੋਇਆ ਸੀ. ਇਹ ਜਿਲਾ ਹਿਸਾਰ ਤਸੀਲ ਥਾਣਾ ਰੋੜੀ ਵਿੱਚ ਰੇਲਵੇ ਸਟੇਸ਼ਨ ਕਾਲਾਂਵਾਲੀ ਤੋਂ ਈਸ਼ਾਨ ਕੋਣ ੪. ਮੀਲ ਹੈ. ਪਿੰਡ ਤੋਂ ਦੱਖਣ ਦੇ ਪਾਸੇ ਬਾਹਰਵਾਰ ਦਸਮੇਸ਼ ਜੀ ਦਾ ਗੁਰਦ੍ਵਾਰਾ ਹੈ. ਇਸ ਦਾ ਪ੍ਰਬੰਧ ਇੱਕ ਕਮੇਟੀ ਦੇ ਹੱਥ ਹੈ, ਜੋ ਕਾਨੂਨ ਅਨੁਸਾਰ ਬਣੀ ਹੋਈ ਹੈ. ਇਸ ਗੁਰਦ੍ਵਾਰੇ ਨਾਲ ੪੦ ਵਿੱਘੇ ਜ਼ਮੀਨ ਹੈ....
ਦੇਖੋ, ਗੁਰਦੁਆਰਾ ੩....
ਅ਼. [رِیاست] ਸੰਗ੍ਯਾ- ਰਾਜ੍ਯ। ੨. ਹੁਕੂਮਤ....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਸੰਗ੍ਯਾ- ਮੁਕ੍ਤਾ. ਸਿੱਪੀ ਵਿੱਚੋਂ ਪੈਦਾ ਹੋਇਆ ਇੱਕ ਚਮਤਕਾਰੀ ਰਤਨ. "ਮੋਤੀ ਤ ਮੰਦਿਰ ਊਸਰਹਿ." (ਸ੍ਰੀ ਮਃ ੧) ਦੇਖੋ, ਗਜਮੁਕਤਾ। ੨. ਭਾਵ- ਉੱਜਲਦੰਦ. "ਉਜਲ ਮੋਤੀ ਸੋਹਣੇ ਰਤਨਾ ਨਾਲਿ ਜੜੰਨਿ। ਤਿਨ ਜਰੁ ਵੈਰੀ ਨਾਨਕਾ ਜਿ ਬੁੱਢੇ ਥੀਇ ਮਰੰਨਿ." (ਮਃ ੧. ਵਾਰ ਸੂਹੀ) ਮੋਤੀ ਦੰਦ, ਰਤਨ ਨੇਤ੍ਰ, ਜਰੁ ਬੁਢਾਪਾ, ਬੁੱਢਾ ਵਿਸਯ ਵਿਕਾਰਾਂ ਨਾਲ ਆਪਣੇ ਤਾਈਂ ਕਮਜ਼ੋਰ ਕਰਨ ਵਾਲਾ....
ਦੇਖੋ, ਮਹਾਰਾਜ....
ਸੰ. निवास्. ਧਾ- ਢਕਣਾ(ਆਛਾਦਨ ਕਰਨਾ), ਲਪੇਟਣਾ। ੨. ਸੰਗ੍ਯਾ- ਘਰ. ਰਹਿਣ ਦੀ ਥਾਂ। ੩. ਵਸਤ੍ਰ। ੪. ਰਹਾਇਸ਼. ਰਹਿਣ ਦਾ ਭਾਵ. "ਸਾਧ- ਸੰਗਿ ਪ੍ਰਭ ਦੇਹੁ ਨਿਵਾਸ." (ਸੁਖਮਨੀ) ੫. ਵਿਸ਼੍ਰਾਮ. ਟਿਕਾਉ. "ਮੀਨ ਨਿਵਾਸ ਉਪਜੈ ਜਲ ਹੀ ਤੇ." (ਮਲਾ ਅਃ ਮਃ ੧) ੬. ਸੰ. ਨਿਰ੍ਵਾਸ. ਬਾਹਰ ਕੱਢਣ ਦੀ ਕ੍ਰਿਯਾ. "ਨੀਚਰੂਖ ਤੇ ਊਚ ਭਏ ਹੈਂ ਗੰਧ ਸੁਗੰਧ ਨਿਵਾਸਾ." (ਆਸਾ ਰਵਿਦਾਸ) ਇਰੰਡ ਦੀ ਗੰਧ ਨਿਰ੍ਵਾਸ ਕਰਕੇ, ਚੰਦਨ ਦੀ ਸੁਗੰਧ ਸਹਿਤ ਹੋਏ ਹਾਂ....
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...