mukātīमुकाती
ਦੇਖੋ, ਮੁਕਤਿ। ੨. ਦੇਖੋ, ਮੁਕਤਾ ੯. ਮੁਕ਼ਤ਼ਅ਼ (ਵਿਭਾਗ) ਕੀਤੀ. ਟੁਕੜੇ ਕੀਤੀ. "ਤੁਲਿ ਨਹੀ ਚਢੈ, ਜਾਇ ਨ ਮੁਕਾਤੀ, ਹੁਲਕੀ ਲਗੈ ਨ ਭਾਰੀ." (ਗਉ ਕਬੀਰ)
देखो, मुकति। २. देखो, मुकता ९. मुक़त़अ़ (विभाग) कीती. टुकड़े कीती. "तुलि नही चढै, जाइ न मुकाती, हुलकी लगै न भारी." (गउ कबीर)
ਸੰ. ਮੁਕ੍ਤਿ. ਸੰਗ੍ਯਾ- ਛੁਟਕਾਰਾ ਰਿਹਾਈ. ਇਸ ਦਾ ਮੂਲ ਮੁਚੁ ਧਾਤੁ ਹੈ. "ਹਉਮੈ ਪੈਖੜੁ ਤੇਰੇ ਮਨੈ ਮਾਹਿ। ਹਰਿ ਨ ਚੇਤਹਿ ਮੂੜੇ, ਮੁਕਤਿਜਾਹਿ." (ਬਸੰ ਅਃ ਮਃ ੧) ਤਾਕਿ ਛੁਟ ਜਾਵੇਂ। ੨. ਅਵਿਦ੍ਯਾ ਦੇ ਬੰਧਨਾਂ ਤੋਂ ਛੁਟਕਾਰਾ. ਕਲੇਸ਼ਾਂ ਤੋਂ ਰਿਹਾਈ. "ਮੁਕਤਿ ਪਾਈਐ ਸਾਧ ਸੰਗਤਿ." (ਧਨਾ ਮਃ ੫)#ਮਤਾਂ ਦੇ ਭੇਦ ਕਰਕੇ ਮੁਕਤਿ ਦੇ ਸਰੂਪ ਭੀ ਜੁਦੇ ਜੁਦੇ ਹਨ-#(ੳ) ਨ੍ਯਾਯ ਸ਼ਾਸਤ੍ਰ ਅਨੁਸਾਰ ਸ਼ਰੀਰ, ਮਨ ਸਮੇਤ ਛੀ ਇੰਦ੍ਰੀਆਂ, ਇੰਦ੍ਰੀਆਂ ਦੇ ਛੀ ਵਿਸੇ, ਇੰਦ੍ਰੀਆਂ ਦੇ ਛੀ ਗ੍ਯਾਨ, ਸੁਖ ਦੁਖ, ਇਨ੍ਹਾਂ ਇੱਕੀਆਂ ਦੁੱਖਾਂ ਦਾ ਜੋ ਨਾਸ਼ ਹੋਜਾਣਾ ਹੈ, ਇਹ ਮੁਕਤਿ ਹੈ.#(ਅ) ਵੈਸ਼ੇਸਿਕਮਤ ਅਨੁਸਾਰ ਜੀਵਾਤਮਾ, ਨੌ ਗੁਣ (ਗ੍ਯਾਨ, ਸੁਖ, ਦੁਖ ਇੱਛਾ, ਦ੍ਵੇਸ, ਪ੍ਰਯਤਨ, ਧਰਮ, ਅਧਰਮ ਅਤੇ ਭਾਵਨਾ) ਧਾਰਨ ਵਾਲਾ ਵਿਆਪਕ ਹੈ. ਵਿਚਾਰ ਅਤੇ ਅਭ੍ਯਾਸ ਨਾਲ ਨੌ ਗੁਣਾਂ ਤੋਂ ਜੀਵਾਤਮਾ ਦਾ ਅਸੰਗ ਹੋ ਜਾਣਾ ਮੁਕਤਿ ਹੈ.#(ੲ) ਪ੍ਰਕ੍ਰਿਤਿ ਅਤੇ ਪੁਰੁਸ ਦਾ ਭਿੰਨ ਭਿੰਨ ਗ੍ਯਾਨ ਹੋਣ ਤੋਂ ਆਧ੍ਯਾਤਮਿਕ ਆਧਿਭੌਤਿਕ ਅਤੇ ਆਧਿਦੈਵਿਕ ਤਿੰਨ ਪ੍ਰਕਾਰ ਦੇ ਦੁੱਖਾਂ ਦਾ ਪੂਰੀ ਤਰਾਂ ਹਟ ਜਾਣਾ, ਸਾਂਖ੍ਯਮਤ ਦੀ ਮੁਕਤਿ ਹੈ.#(ਸ) ਯੋਗਮਤ ਅਨੁਸਾਰ ਅਵਿਦ੍ਯਾ ਆਦਿ ਪੰਜ ਕਲੇਸ਼ਾਂ ਦਾ*¹ ਸਮਾਧਿ ਅਤੇ ਅਭ੍ਯਾਸ ਦ੍ਵਾਰਾ ਮਿਟਜਾਣਾ ਅਤੇ ਜੀਵਾਤਮਾ ਨੂੰ ਸ੍ਵਤੰਤ੍ਰਤਾ ਦੀ ਪ੍ਰਾਪਤੀ ਹੋਣੀ ਮੁਕਤਿ ਹੈ.#(ਹ) ਅਗਨਿਹੋਤ੍ਰ ਜਪ ਦਾਨ ਆਦਿ ਕਰਮਾਂ ਤੋਂ ਅਖੈ ਸੁਰਗਸੁਖ ਦੀ ਪ੍ਰਾਪਤੀ, ਮੀਮਾਂਸਾਮਤ ਦੀ ਮੁਕਤਿ ਹੈ.#(ਕ) ਆਤਮਗ੍ਯਾਨ ਦ੍ਵਾਰਾ ਅਵਿਦ੍ਯਾ ਉਪਾਧੀ ਦੂਰ ਕਰਕੇ ਜੀਵ ਦਾ ਬ੍ਰਹਮ ਨਾਲ ਅਭੇਦ ਹੋਣਾ, ਵੇਦਾਂਤਮਤ ਦੀ ਮੁਕਤਿ ਹੈ.#(ਖ) ਸ਼ੈਵ ਵੈਸਨਵ ਆਦਿ ਮਤਾਂ ਦੀ ਮੁਕਤਿ ਹੈ ਕਿ ਆਪਣੇ ਆਪਣੇ ਇਸ੍ਟ ਦੇਵਤਾ ਦਾ ਪੂਜਨ ਧ੍ਯਾਨ ਕਰਨ ਤੋਂ ਉਪਾਸ੍ਯ ਦੇਵਤਾ ਦੇ ਲੋਕ ਵਿੱਚ ਜਾਕੇ ਅਖੈਸੁਖ ਭੋਗਣੇ.#(ਗ) ਜੈਨਮਤ ਅਨੁਸਾਰ ਤਪ ਅਹਿੰਸਾ ਆਦਿ ਕਰਮ ਕਰਨ ਤੋਂ ਕਰਮਾਂ ਦੇ ਬੰਧਨਾਂ ਦਾ ਅਭਾਵ ਹੋਣ ਤੇ ਜੀਵ ਦਾ ਉੱਚੇ ਲੋਕ ਵਿੱਚ ਲਗਾਤਾਰ ਚਲੇਜਾਣਾ ਅਤੇ ਮੁੜ ਹੇਠਾਂ ਨਾ ਆਉਣਾ ਹੀ ਮੁਕਤਿ ਹੈ.#(ਘ) ਇਸਲਾਮ ਮਤ ਅਨੁਸਾਰ ਕ਼ੁਰਾਨਸ਼ਰੀਫ ਦੇ ਵਚਨਾਂ ਤੇ ਅਮਲ ਕਰਨਾ ਅਤੇ ਨਮਾਜ਼ ਰੋਜ਼ੇ ਆਦਿ ਪੰਜ ਨਿਜਮਾਂ² ਤੇ ਪੱਕੇ ਰਹਿਣਾ, ਪੈਗੰਬਰ ਮੁਹ਼ੰਮਦ ਤੇ ਨਿਸ਼ਚਾ ਰੱਖਣਾ, ਇਸ ਤੋਂ ਕ਼ਯਾਮਤ ਦੇ ਦਿਨ ਦੇ ਫੈਸਲੇ ਅਨੁਸਾਰ ਹਮੇਸ਼ਾ ਲਈ ਬਹਿਸ਼ਤ ਦੀ ਪ੍ਰਾਪਤੀ ਮੁਕਤਿ ਹੈ.#ਸੂਫ਼ੀ ਮੁਸਲਮਾਨ ਪਰਮਾਤਮਾ ਵਿੱਚ ਰੂਹ ਦੇ ਮਿਲਾਪ ਨੂੰ ਮੁਕਤਿ ਮੰਨਦੇ ਹਨ ਇਹ ਮਤ ਵੇਦਾਂਤ ਨਾਲ ਹੀ ਜਾ ਮਿਲਦਾ ਹੈ.#(ਙ) ਈਸਾਈ ਮਤ ਅਨੁਸਾਰ ਖੁਦਾ ਦੇ ਪੁਤ੍ਰ ਹਜਰਤ ਈਸਾ ਤੇ ਪੂਰਾ ਭਰੋਸਾ ਕਰਨ ਤੋਂ ਪਾਪਾਂ ਤੋਂ ਛੁਟਕਾਰਾ ਅਤੇ ਅਖੈਜੀਵਨ ਪਾਉਣਾ ਮੁਕਤਿ ਹੈ. ਉਨ੍ਹਾਂ ਦਾ ਖਿਆਲ ਹੈ ਕਿ ਕੋਈ ਆਦਮੀ ਬਿਨਾ ਪਾਪ ਨਹੀਂ ਅਰ ਪਾਪ ਦਾ ਫਲ ਮੌਤ ਹੈ. ਪੈਗੰਬਰ ਈਸਾ ਨੇ ਆਪਣੇ ਪ੍ਰਾਣ ਦੇਕੇ ਲੋਕਾਂ ਦੇ ਪਾਪਾਂ ਦਾ ਪ੍ਰਾਯਸ਼ਚਿੱਤ ਕੀਤਾ ਹੈ. ਜੋ ਉਸ ਤੇ ਈਮਾਨ ਲਿਆਉਣਗੇ. ਉਹ ਪਾਪਾਂ ਤੋਂ ਛੁਟਕਾਰਾ ਪਾਉਣਗੇ ਅਤੇ ਅਵਿਨਾਸ਼ੀ ਜੀਵਨ ਪ੍ਰਾਪਤ ਕਰਨਗੇ.#(ਚ) ਬੌੱਧਮਤ ਅਨੁਸਾਰ ਅੱਠ ਸ਼ੁਭ ਗੁਣਾਂ³ ਦੇ ਧਾਰਨ ਤੋਂ ਸਰਵ ਇੱਛਾ ਦਾ ਤ੍ਯਾਗ ਹੋਣ ਤੇ ਨਿਰਵਾਣਪਦ ਦੀ ਪ੍ਰਾਪਤੀ ਮੁਕਤਿ ਹੈ.#(ਛ) ਸਿੱਖਮਤ ਦੀ ਮੁਕਤੀ ਹੈ- ਗੁਰਮੁਖਾਂ ਦੀ ਸੰਗਤਿ ਦ੍ਵਾਰਾ ਨਾਮ ਦੇ ਤਤ੍ਵ ਅਤੇ ਅਭ੍ਯਾਸ ਦੇ ਪ੍ਰਕਾਰ ਨੂੰ ਜਾਣਕੇ ਸਿਰਜਨਹਾਰ ਨਾਲ ਲਿਵ ਦਾ ਜੋੜਨਾ. ਹੌਮੈ ਤ੍ਯਾਗਕੇ ਪਰੋਪਕਾਰ ਕਰਨਾ. ਅੰਤਹਕਰਣ ਨੂੰ ਅਵਿਦ੍ਯਾ ਅਤੇ ਭ੍ਰਮਜਾਲ ਤੋਂ ਸ਼ਰੀਰ ਨੂੰ ਅਪਵਿਤ੍ਰਤਾ ਤੋਂ ਪਾਕ ਰੱਖਣਾ. ਅਰਥਾਤ- ਨਾਮ ਦਾਨ ਇਸਨਾਨ ਦਾ ਸੇਲਨ ਕਰਨਾ.#ਉੱਪਰ ਲਿਖੇ ਮੁਕਤਿ ਦੇ ਸਾਧਨਾਂ ਦਾ ਗੁਰਬਾਣੀ ਵਿੱਚ ਇਉਂ ਵਰਣਨ ਹੈ-#"ਕਰਮ ਧਰਮ ਕਰਿ ਮੁਕਤਿ ਮੰਗਾਹੀ।#ਮੁਕਤਿ ਪਦਾਰਥੁ ਸਬਦਿ ਸਲਾਹੀ।#ਬਿਨ ਗੁਰਸਬਦੈ ਮੁਕਤਿ ਨ ਹੋਈ,#ਪਰਪੰਚੁ ਕਰਿ ਭਰਮਾਈ ਹੇ.#(ਮਾਰੂ ਸੋਲਹੇ ਮਃ ੧)#ਮੁਕਤੇ ਸੋਈ ਭਾਲੀਅਹਿ ਜਿ ਸਚਾ ਨਾਮੁ ਸ੍ਵਮਾਲਿ.#(ਸ੍ਰੀ ਮਃ ੫)#ਤ੍ਰੈਗੁਣ ਵਖਾਣੈ ਭਰਮੁ ਨ ਜਾਇ।#ਬੰਧਨ ਨ ਤੂਟਹਿ ਮੁਕਤਿ ਨ ਪਾਇ।#ਮੁਕਤਿਦਾਤਾ ਸਤਿਗੁਰੁ ਜਗ ਮਾਹਿ। (ਗਉ ਮਃ ੩)#ਮੁਕਤਿ ਪਾਈਐ ਸਾਧਸੰਗਤਿ#ਬਿਨਸਜਾਇ ਅੰਧਾਰੁ. (ਧਨਾ ਮਃ ੫)#ਮੁਕਤਿਦੁਆਰਾ ਸੋਈ ਪਾਏ ਜਿ ਵਿਚਹੁ ਆਪੁ ਗਵਾਇ.#(ਮਲਾ ਅਃ ਮਃ ੩)#ਗਹਿਰ ਗੰਭੀਰ ਅੰਮ੍ਰਿਤ ਨਾਮੁ ਤੇਰਾ।#ਮੁਕਤਿ ਭਇਆ ਜਿਸੁ ਰਿਦੈ ਵਸੇਰਾ. (ਮਾਝ ਮਃ ੫)#ਮੁਕਤਿ ਭਇਆ ਬੰਧਨ ਗੁਰਿ ਖੋਲੇ,#ਜਨ ਨਾਨਕ ਹਰਿਗੁਣ ਗਾਏ. (ਗਉ ਮਃ ੫)#ਮੁਕਤਿ ਭਏ ਸਾਧਸੰਗਤਿ ਕਰਿ,#ਤਿਨ ਕੇ ਅਵਗਨ ਸਭਿ ਪਰਹਰਿਆ.#(ਸਾਰ ਅਃ ਮਃ ੫)#ਕਹੁ ਨਾਨਕ ਗੁਰਿ ਖੋਲੇ ਕਪਾਟ।#ਮੁਕਤੁ ਭਏ ਬਿਨਸੇ ਭ੍ਰਮਥਾਟ." (ਗਉ ਮਃ ੫)#(ਜ) ਹੋਰ ਚਾਰਵਾਕ ਆਦਿ ਅਨੰਤਮਤ ਹਨ, ਜਿਨ੍ਹਾਂ ਦੀਆਂ ਮੁਕਤੀਆਂ ਅਨੇਕ ਹਨ. ਮੁਕਤਿ ਵਿਸਯ ਸਭ ਦਾ ਸਿੱਧਾਂਤ ਵਿਚਾਰੀਏ ਤਾਂ ਦੁੱਖਾਂ ਤੋਂ ਛੁਟਕਾਰਾ ਅਤੇ ਆਨੰਦ ਦੀ ਪ੍ਰਾਪਤੀ ਹੀ ਮੁਕਤਿ ਸਿੱਧ ਹੁੰਦੀ ਹੈ।#੩. ਵਿ- ਮੁਕ੍ਤ ਦੀ ਥਾਂ ਭੀ ਮੁਕਤਿ ਸ਼ਬਦ ਆਇਆ ਹੈ. "ਹਰਖ ਸੋਗ ਜਾਕੈ ਨਹੀ ਬੈਰੀ ਮੀਤ ਸਮਾਨ ×× ਮੁਕਤਿ ਤਾਹਿ ਤੈ ਜਾਨ." (ਸਃ ਮਃ ੯) ੪. ਸੰਗ੍ਯਾ- ਮੌਕ੍ਤਿਕ (ਮੁਕ੍ਤਾ) ਮੋਤੀ. "ਮੁਕਤਿਮਾਲ ਕਨਿਕ ਲਾਲ ਹੀਰਾ." (ਜੈਤ ਮਃ ੫)...
ਵਿ- ਮੁਕ੍ਤ. ਬੰਧਨ ਰਹਿਤ. ਮੁਕ੍ਤਿ ਨੂੰ ਪ੍ਰਾਪਤ ਹੋਇਆ. ਭੇਦ ਅਤੇ ਭਰਮ ਦੀ ਗੱਠ ਜਿਸ ਦੇ ਦਿਲ ਵਿੱਚ ਨਹੀਂ. "ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ." (ਸਃ ਮਃ ੯) "ਮੁਕਤੇ ਸੇਵੇ, ਮੁਕਤਾ ਹੋਵੇ." (ਮਾਝ ਅਃ ਮਃ ੩) "ਹਿਰਦੇ ਕਾ ਮੁਕਤਾ ਮੁਖ ਕਾ ਸਤੀ." (ਰਤਨਮਾਲਾ ਬੰਨੋ) ੨. ਅਲਗ. ਕਿਨਾਰੇ. "ਹਰਖ ਸੋਗ ਦੁਹਾ ਤੇ ਮੁਕਤਾ." (ਧਨਾ ਛੰਤ ਮਃ ੪) ੩. ਅਲੇਪ. "ਸੂਰ ਮੁਕਤਾ ਸਸੀ ਮੁਕਤਾ." (ਮਾਰੂ ਮਃ ੫) ੪. ਖੁਲ੍ਹਾ. ਕੁਸ਼ਾਦਾ. "ਸਤਿਗੁਰਿ ਮਿਲਿਐ ਮਾਰਗੁ ਮੁਕਤਾ." (ਰਾਮ ਮਃ ੫) ੫. ਅਤੁੱਟ. ਜੋ ਮੁੱਕੇ ਨਾ. "ਮੁਕਤੇ ਭੰਡਾਰਾ." (ਮਾਰੂ ਅਃ ਮਃ ੧) ੬. ਸੰਗ੍ਯਾ- ਮਾਤ੍ਰਾ ਬਿਨਾ ਅੱਖਰ. ਜਿਸ ਅੱਖਰ ਨੂੰ ਕੋਈ ਲਗ ਨਹੀਂ। ੭. ਦੇਖੋ, ਮੁਕਤੇ। ੮. ਸੰ. ਮੁਕ੍ਤਾ ਮੋਤੀ. ਦੇਖੋ, ਗਜਮੁਕਤਾ। ੯. ਅ਼. [مُقطع] ਮੁਕ਼ਤ਼ਅ਼. ਵਿ- ਕ਼ਤਅ ਕੀਤਾ ਹੋਇਆ. ਕੱਟਿਆ ਹੋਇਆ। ੧੦. ਤ਼ਯ (ਤ਼ੈ) ਕੀਤਾ ਹੋਇਆ. ਫੈਸਲਾਸ਼ੁਦਾ. ਦੇਖੋ, ਮੁਕਾਤੀ। ੧੧. ਸਾਧੂਆਂ ਦੇ ਸੰਕੇਤ ਵਿੱਚ ਰੋਡੇ ਦੀ ਮੁਕਤਾ ਸੰਗ੍ਯਾ ਹੈ. "ਜਟਾਜੂਟ ਮੁਕਤ ਸਿਰ ਹੋਇ। ਮੁਕਤਾ ਫਿਰੈ ਬੰਧ ਨਹੀ ਕੋਇ." (ਮਾਤ੍ਰਾ ਬਾਬਾ ਸ੍ਰੀਚੰਦ ਜੀ ਦੀ)...
ਸੰਗ੍ਯਾ- ਹਿੱਸਾ. ਬਾਂਟਾ. ਛਾਂਦਾ। ੨. ਅੰਸ਼. ਟੁਕੜਾ. ਖੰਡ। ੩. ਗ੍ਰੰਥ ਦਾ ਅਧ੍ਯਾਯ, ਕਾਂਡ. ਬਾਬ....
ਸੰ. ਤੁਲ੍ਯ. ਵਿ- ਸਮਾਨ. ਬਰਾਬਰ. "ਕੀੜੀ ਤੁਲਿ ਨ ਹੋਵਨੀ." (ਜਪੁ) "ਜਨੁ ਨਾਨਕੁ ਭਗਤੁਦਰਿ ਤੁਲਿ ਬ੍ਰਹਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸੰਗ੍ਯਾ- ਤੁਲਨਾ. ਤੋਲ. ਵਜ਼ਨ. "ਪੁੰਨ ਦਾਨ ਅਨੇਕ ਕਰਣੀ ਨਾਮ ਤੁਲਿ ਨ ਸਮਸਰੇ." (ਵਡ ਛੰਤ ਮਃ ੧) ਨਾਮ ਦੇ ਵਜ਼ਨ ਤੁਲ੍ਯ ਨਹੀਂ। ੩. ਸੰ. ਜੁਲਾਹੇ ਦੀ ਕੂਚੀ। ੪. ਮੁਸੁੱਵਰ ਦੀ ਕੂਚੀ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਕ੍ਰਿ. ਵਿ- ਜਾਕੇ. ਪਹੁਚਕੇ. "ਜਾਇ ਪੁਛਾ ਤਿਨ ਸਜਣਾ." (ਸ੍ਰੀ ਮਃ ੪) ੨. ਸੰਗ੍ਯਾ- ਉਤਪੱਤੀ. ਜਨਮ. "ਹੈ ਭੀ ਹੋਸੀ ਜਾਇ ਨ ਜਾਸੀ." (ਜਪੁ) ਹੈ, ਭਯਾ, ਹੋਸੀ, ਨਾ ਜਨਮੈ ਨ ਜਾਸੀ (ਮਰਸੀ). ੩. ਜਾਵੇ. ਮਿਟੇ. "ਜਿਤੁ ਭਉ ਖਸਮ ਨ ਜਾਇ." (ਵਾਰ ਆਸਾ) ੪. ਜਾਂਦਾ. ਜਾਤਾ. "ਵਡਾ ਨ ਹੋਵੈ ਘਾਟਿ ਨ ਜਾਇ." (ਸੋਦਰੁ) ੫. ਫ਼ਾ. [جائے] ਜਾਯ. ਸੰਗ੍ਯਾ- ਜਗਾ. ਥਾਂ. "ਦੂਜੀ ਨਾਹੀ ਜਾਇ." (ਵਾਰ ਆਸਾ) "ਦਰਗਹਿ ਮਿਲੈ ਤਿਸੈ ਹੀ ਜਾਇ." (ਧਨਾ ਮਃ ੫) ੬. ਦੇਖੋ, ਆਖੈ....
ਦੇਖੋ, ਮੁਕਤਿ। ੨. ਦੇਖੋ, ਮੁਕਤਾ ੯. ਮੁਕ਼ਤ਼ਅ਼ (ਵਿਭਾਗ) ਕੀਤੀ. ਟੁਕੜੇ ਕੀਤੀ. "ਤੁਲਿ ਨਹੀ ਚਢੈ, ਜਾਇ ਨ ਮੁਕਾਤੀ, ਹੁਲਕੀ ਲਗੈ ਨ ਭਾਰੀ." (ਗਉ ਕਬੀਰ)...
ਵਿ- ਬੋਝਲ. "ਹਲਕੀ ਲਗੈ ਨ ਭਾਰੀ." (ਗਉ ਕਬੀਰ) ੨. ਸੰਗ੍ਯਾ- ਵਿਪਦਾ. ਮੁਸੀਬਤ. "ਅੰਤਕਾਲ ਕਉ ਭਾਰੀ." (ਗਉ ਕਬੀਰ) ੩. ਦੇਖੋ, ਭਾਲੀ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....