bitaबित
ਸੰ. ਵਿੱਤ. ਸੰਗ੍ਯਾ- ਧਨ। ੨. ਸਾਮਰਥ੍ਯ. ਸ਼ਕਤਿ. "ਜੈਸਾ ਬਿਤੁ ਤੈਸਾ ਹੋਇ ਵਰਤੈ." (ਧਨਾ ਮਃ ੫) ੩. ਵ੍ਰਿਤ ਦੀ ਥਾਂ ਭੀ ਇਹ ਸ਼ਬਦ ਆਇਆ ਹੈ. ਦੇਖੋ, ਪੰਚ ਸ਼ਬਦ। ੪. ਸੰ. ਵੇੱਤਾ (वेत्त्) ਦੀ ਥਾਂ ਭੀ ਇਹ ਸ਼ਬਦ ਆਇਆ ਹੈ. "ਦ੍ਵਿਜ ਆਗਮ ਵੇਦ ਸ਼੍ਰਤੀਬਿਤ ਜੇ." (ਗੁਪ੍ਰਸੂ) ਜੋ ਵੇਦਵੇੱਤਾ (ਜਾਣਨ ਵਾਲੇ) ਸਨ। ੫. ਦੇਖੋ, ਵਿਤ.
सं.विॱत. संग्या- धन। २. सामरथ्य. शकति. "जैसा बितु तैसा होइ वरतै." (धना मः ५) ३. व्रित दी थां भी इह शबद आइआ है. देखो, पंच शबद। ४. सं. वेॱता (वेत्त्) दी थां भी इह शबद आइआ है. "द्विज आगम वेद श्रतीबित जे." (गुप्रसू) जो वेदवेॱता (जाणन वाले) सन। ५. देखो, वित.
ਸੰ. ਸੰਗ੍ਯਾ- ਧਨ। ੨. ਵਿ- ਜਾਣਿਆ ਹੋਇਆ। ੩. ਮਸ਼ਹੂਰ. ਪ੍ਰਸਿੱਧ। ੪. ਵਿਚਾਰਿਆ ਹੋਇਆ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. सामर्थ्य ਸੰਗ੍ਯਾ- ਬਲ. ਤਾਕਤ. ਸ਼ਕਤਿ। ੨. ਯੋਗ੍ਯਤਾ. ਲਿਆਕਤ....
ਸੰ. ਸ਼ਕ੍ਤਿ. ਸੰਗ੍ਯਾ- ਤਾਕਤ. ਸਾਮਰਥ੍ਯ. "ਮਾਨੁ ਮਹਤੁ ਨ ਸਕਤਿ ਹੀ ਕਾਈ." (ਬਿਲਾ ਮਃ ੫) ੨. ਪ੍ਰਭਾਵ. ਅਸਰ. "ਸਕਤਿ ਅੰਧੇਰ ਜੇਵੜੀ ਭ੍ਰਮ ਚੂਕਾ." (ਗਉ ਕਬੀਰ) ੩. ਮਾਇਆ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੪. ਭਾਵ- ਇਸਤ੍ਰੀ. "ਸਕਤਿ ਸਨੇਹ ਕਰਿ ਸੁੰਨਤਿ ਕਰੀਐ." (ਆਸਾ ਕਬੀਰ) "ਤਉ ਆਨਿ ਸਕਤਿ ਗਲਿ ਬਾਂਧਿਆ." (ਸ੍ਰੀ ਬੇਣੀ) ੫. . ਕੁਦਰਤ. ਪ੍ਰਕ੍ਰਿਤਿ। ੬. ਬਰਛੀ. ਸੈਹਥੀ. "ਪਹਿਰਿ ਸੀਲ ਸਨਾਹੁ ਸਕਤਿ ਬਿਦਾਰਿ." (ਸਵੈਯੇ. ਮਃ ੨. ਕੇ) ਇਸ ਥਾਂ "ਸਕਤਿ" ਸ਼ਬਦ ਸ਼ਲੇਸ ਹੈ. ਮਾਇਆ ਅਤੇ ਬਰਛੀ। ੭. ਪਦ ਤੇ ਵਾਕ੍ਯ ਦੀ ਉਹ ਵ੍ਰਿੱਤਿ (ਸੱਤਾ) ਜੋ ਅਰਥ ਬੋਧਨ ਕਰਾਉਂਦੀ ਹੈ। ੮. ਦੇਵਤਿਆਂ ਦੀ ਸਾਮਰਥ੍ਯ ਅਤੇ ਉਨ੍ਹਾਂ ਦੀਆਂ ਇਸਤ੍ਰੀਆਂ ਨੂੰ ਭੀ ਸ਼ਕਤਿ ਲਿਖਿਆ ਹੈ. ਇਨ੍ਹਾਂ ਦੀ ਗਿਣਤੀ ਬਹੁਤ ਹੈ ਪਰ ਮੁੱਖ ਇਹ ਹਨ- ਇੰਦ੍ਰਾਣੀ, ਵੈਸਨਵੀ, ਸ਼ਾਂਤਾ, ਬ੍ਰਹਮਾ੍ਣੀ, ਰੌਦ੍ਰੀ, ਕੌਮਾਰੀ, ਨਾਰਸਿੰਘੀ, ਵਾਰਾਹੀ, ਮਾਹੇਸ਼੍ਵਰੀ, ਚਾਮੁੰਡਾ, ਚੰਡਿਕਾ, ਕਾਰਤਿਕੀ, ਪ੍ਰਧਾਨਾ, ਕੀਰ੍ਤਿ, ਕਾਂਤਿ, ਤੁਸ੍ਟਿ, ਪੁਸ੍ਟਿ, ਧ੍ਰਿਤਿ, ਸ਼ਾਂਤਿ, ਕ੍ਰਿਯਾ, ਦਯਾ, ਮੇਧਾ, ਲੋਲਾਕ੍ਸ਼ੀ, ਦੀਰਘਜਿਹ੍ਵਾ, ਗੋਮੁਖੀ, ਕੁੰਡੋਦਰੀ, ਵਿਰਜਾ ਆਦਿ। ੯. ਸੰ. ਸਕ੍ਤਿ. ਸੰਬੰਧ. ਸੰਯੋਗ. "ਜੈਸੇ ਸਕਤਿ ਸੂਰੁ ਬਹੁ ਜਲਤਾ ਗੁਰ ਸਸਿ ਦੇਖੇ ਲਹਿ ਜਾਇ ਸਭ ਤਪਨਾ." (ਗੌਂਡ ਮਃ ੪) ਸੂਰਜ ਦੇ ਸੰਬੰਧ ਨਾਲ ਤਪਤ....
ਸੰ. ਯਾਦ੍ਰਿਸ਼ ਕ੍ਰਿ. ਵਿ- ਜੇਹਾ. ਜਿਸ ਪ੍ਰਕਾਰ ਦਾ. "ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈ ਡੀਠੁ." (ਵਾਰ ਰਾਮ ੨. ਮਃ ੫)...
ਦੇਖੋ, ਬਿਤ ੨...
ਵਿ- ਤਾਦ੍ਰਿਸ਼. ਤੇਹੋ ਜੇਹਾ. ਵੈਸਾ. ਤੇਹਾ. "ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ!" (ਤਿਲੰ ਮਃ ੧) "ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ." (ਸੁਖਮਨੀ) "ਤੈਸੋਜੈਸਾ ਕਾਫੀਐ, ਜੈਸੀ ਕਾਰ ਕਮਾਇ." (ਸੂਹੀ ਮਃ ੧)...
ਹੋਵੇ. ਭਵਤੁ। ੨. ਹੋਵੇਗਾ. "ਨਾ ਕੋ ਹੋਆ ਨਾ ਕੋ ਹੋਇ." (ਸੋਦਰੁ) ੩. ਕ੍ਰਿ. ਵਿ- ਹੋਕੇ. "ਹੋਇ ਆਮਰੋ ਗ੍ਰਿਹ ਮਹਿ ਬੈਠਾ." (ਸੋਰ ਮਃ ੫)...
ਸੰ. ਧਨਿਕਾ. ਸੰਗ੍ਯਾ- ਜੁਆਨ ਇਸਤ੍ਰੀ। ੨. ਭਾਵ- ਰੂਹ. "ਭੀਤਰਿ ਬੈਠੀ ਸਾ ਧਨਾ." (ਗਉ ਮਃ ੧)...
ਸੰ. वृत्त्. ਧਾ- ਵਰਤਾਉ ਕਰਨਾ (ਵਰਤਣਾ), ਰਹਿਣਾ, ਬੋਲਣਾ, ਚਮਕਣਾ, ਚਕ੍ਰਾਕਾਰ ਘੁੰਮਣਾ, ਲਪੇਟਣਾ (ਘੇਰਨਾ), ਚਾਕਰੀ ਕਰਨਾ। ੨. ਵਿ- ਮੰਗਿਆ ਹੋਇਆ। ੩. ਅੰਗੀਕਾਰ ਕੀਤਾ. ਸ੍ਵੀਕ੍ਰਿਤ। ੪. ਢਕਿਆ ਹੋਇਆ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
¹ ਸੰ. पन्च. ਧਾ- ਪ੍ਰਸਿੱਧ ਕਰਨਾ, ਫੈਲਾਉਣਾ (ਪਸਾਰਨਾ) ੨. पञ्जन. ਵਿ- ਪਾਂਚ. ਚਾਰ ਉੱਪਰ ਇੱਕ- ੫। ੩. ਸੰਗ੍ਯਾ- ਪੰਜ ਅਥਵਾ ਜਾਦਾ ਮਨੁੱਖਾਂ ਦਾ ਸਮੁਦਾਯ। ੪. ਚੌਧਰੀ. ਨੰਬਰਦਾਰ, ਜੋ ਪੰਜਾਂ ਵਿੱਚ ਸਰਕਰਦਾ ਹੈ, "ਮਿਲਿ ਪੰਚਹੁ ਨਹੀ ਸਹਸਾ ਚੁਕਾਇਆ." (ਸੋਰ ਮਃ ੫) ੫. ਸਾਧੁਜਨ. ਗੁਰਮੁਖ.#"ਪੰਚ ਮਿਲੇ ਸੁਖ ਪਾਇਆ." (ਸੂਹੀ ਛੰਤ ਮਃ ੧)#"ਪੰਚ ਪਰਵਾਨ ਪੰਚ ਪਰਧਾਨੁ." (ਜਪੁ) ੬. ਸਿੱਖ ਧਰਮ ਅਨੁਸਾਰ ਪੰਜ ਪ੍ਯਾਰੇ. ਰਹਿਣੀ ਦੇ ਪੂਰੇ ਪੰਜ ਗੁਰਸਿੱਖ.#"ਗੁਰਘਰ ਕੀ ਮਰਯਾਦਾ ਪੰਚਹੁਁ,#ਪੰਚਹੁਁ ਪਾਹੁਲ ਪੂਰਬ ਪੀਨ।#ਹੁਇ ਤਨਖਾਹੀ ਬਖਸ਼ਹਿਂ ਪੰਚਹੁਁ,#ਪਾਹੁਲ ਦੇਂ ਮਿਲ ਪੰਚ ਪ੍ਰਬੀਨ।#ਲਖਹੁ ਪੰਚ ਕੀ ਬਡ ਬਡਿਆਈ,#ਪੰਚ ਕਰਹਿਂ ਸੋ ਨਿਫਲ ਨ ਚੀਨ." (ਗੁਪ੍ਰਸੂ)#੭. ਪੰਜ ਗਿਣਤੀ ਵਾਲੇ ਪਦਾਰਥ. ਕਾਮਾਦਿ ਪੰਚ ਵਿਕਾਰ. "ਤਉ ਪੰਚ ਪ੍ਰਗਟ ਸੰਤਾਪੈ." (ਸ੍ਰੀ ਬੇਣੀ) "ਪੰਚ ਮਨਾਏ, ਪੰਚ ਰੁਸਾਏ, ਪੰਚ ਵਸਾਏ, ਪੰਚ ਗਵਾਏ." (ਆਸਾ ਅਃ ਮਃ ੫)#ਸਤ੍ਯ, ਸੰਤੋਖ, ਦਯਾ, ਧਰਮ ਅਤੇ ਧੀਰਯ ਮਨਾਏ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਰੁਸਾਏ, ਪੰਜ ਤੱਤਾਂ ਦੇ ਗੁਣ ਛਿਮਾ ਆਦਿ ਵਸਾਏ, ਪੰਜ ਵਿਸੇ ਸ਼ਬਦ ਆਦਿ ਗਵਾਏ। ੮. ਪਨਚ (ਧਨੁਖ) ਅਤੇ ਪ੍ਰਤ੍ਯੰਚਾ (ਚਿੱਲੇ) ਦੀ ਥਾਂ ਭੀ ਪੰਚ ਸ਼ਬਦ ਆਇਆ ਹੈ, ਦੇਖੋ, ਅਰਪੰਚ....
ਦੇਖੋ, ਦਿਜ....
ਸੰ. ਸੰਗ੍ਯਾ- ਆਮਦ. ਅਵਾਈ. "ਮਨ ਚਾਉ ਭਇਆ ਪ੍ਰਭੁ ਆਗਮ ਸੁਣਿਆ." (ਅਨੰਦੁ) ੨. ਭਵਿਸ਼੍ਯ. ਕਾਲ. ਆਉਣ ਵਾਲਾ ਸਮਾਂ. "ਅਗੂਆ ਜਨੁ ਆਗਮ ਕਾਨ੍ਹ ਜਨਾਏ" (ਕ੍ਰਿਸਨਾਵ) ੩. ਵੇਦ। ੪. ਸ਼ਾਸਤ੍ਰ। ੫. ਤੰਤ੍ਰ ਸ਼ਾਸਤ੍ਰ. ਜਿਸ ਵਿੱਚ ਸੱਤ ਅੰਗ ਹੋਣ- ਉਤਪੱਤਿ, ਪ੍ਰਲੈ, ਦੇਵਪੂਜਨ, ਮੰਤ੍ਰਸਾਧਨ, ਪੁਰਸ਼੍ਚਰਣ, ਖਟ ਕਰਮਾਂ ਦੇ ਸਾਧਨ ਅਤੇ ਧ੍ਯਾਨ. "ਆਗਮ ਨਿਗਮ ਕਹੈ ਜਨੁ ਨਾਨਕ ਸਭ ਦੇਖੈ ਲੋਕੁ ਸਬਾਇਆ." (ਟੋਢੀ ਮਃ ੫)...
ਸੰ. ਸੰਗ੍ਯਾ- ਗਿਆਨ. ਇ਼ਲਮ. ਦੇਖੋ, ਵਿਦ੍ਰ ਧਾ. "ਵੇਦ ਨ ਜਾਣੈ ਵੇਦੁ ਕਿਹੁ." (ਭਾਗੁ) ੨. ਹਿੰਦੂਧਰਮ ਦੇ ਗਿਆਨਦਾਤਾ ਮੁੱਖ ਗ੍ਰੰਥ, ਜਿਨ੍ਹਾਂ ਦੀ ਗਿਣਤੀ ਪਹਿਲਾਂ ਤਿੰਨ ਸੀ ਅਤੇ ਪਿੱਛੋਂ ਅਥਰਵ ਮਿਲਾਕੇ ਚਾਰ ਕੀਤੀ ਗਈ. ਪੂਰਵ ਕਾਲ ਵਿੱਚ ਇਹ ਲਿਖਤ ਅੰਦਰ ਨਹੀਂ ਆਏ, ਇੱਕ ਦੂਜੇ ਤੋਂ ਸੁਣਕੇ ਵੇਦ ਕੰਠ ਕੀਤਾ ਜਾਂਦਾ ਸੀ, ਇਸੇ ਕਾਰਣ "ਸ੍ਰੁਤਿ" ਸੰਗ੍ਯਾ ਹੋਈ, ਅਰ ਵੇਦ ਕੰਠ ਕਰਨ ਵਾਲਾ "ਸ਼੍ਰੋਤ੍ਰਿਯ" ਪ੍ਰਸਿੱਧ ਹੋਇਆ.#ਵੇਦ ਕਿਸੇ ਇੱਕ ਦੇ ਰਚੇ ਹੋਏ ਨਹੀਂ, ਇਨ੍ਹਾਂ ਵਿੱਚ ਵਸ਼ਿਸ੍ਟ, ਵਿਸ਼੍ਵਾਮਿਤ੍ਰ, ਭਰਦ੍ਵਾਜ ਆਦਿ ਅਨੇਕ ਰਿਖੀਆਂ ਦੇ ਬਣਾਏ ਹੋਏ ਮੰਤ੍ਰ ਹਨ, ਜਿਨ੍ਹਾਂ ਵਿੱਚ ਸੂਰਯ, ਅਗਨਿ, ਵਾਯੁ, ਇੰਦ੍ਰ ਆਦਿ ਦੇਵਤਿਆਂ ਦੀ ਮਹਿਮਾ ਹੈ. ਅਨੇਕ ਗ੍ਰੰਥਾਂ ਵਿੱਚ ਵੇਦਾਂ ਨੂੰ ਈਸ਼੍ਹਰ ਦੇ ਸ੍ਵਾਸ ਲਿਖਿਆ ਹੈ. ਮਨੁ ਨੇ ਅਗਨਿ ਵਾਯੁ ਅਤੇ ਸੂਰਯ ਤੋ, ਵੇਦਾਂ ਦਾ ਪ੍ਰਾਪਤ ਹੋਣਾ ਦੱਸਿਆ ਹੈ.¹#ਸਭ ਤੋਂ ਪੁਰਾਣਾ ਰਿਗਵੇਦ ਹੈ. ਰਿਚ੍ ਨਾਮ ਉਸਤਤਿ ਦਾ ਹੈ. ਇਸੇ ਧਾਤੁ ਤੋਂ ਰਿਗ ਸ਼ਬਦ ਬਣਿਆ ਹੈ. ਜਿਸ ਵਿੱਚ ਦੇਵਤਿਆਂ ਦੀ ਉਸਤਤਿ ਹੋਵੇ ਸੋ ਰਗਿਵੇਦ ਹੈ. ਇਸ ਵੇਦ ਦੇ ਦਸ਼ ਮੰਡਲ, ੧੦੨੮ ਸੂਕ੍ਤ ਅਤੇ ੧੫੩੮੨੬ ਸ਼ਬਦ ਹਨ.#ਯਜ੍ ਧਾਤੁ ਦਾ ਅਰਥ ਹੈ ਯਗ੍ਯ ਕਰਨਾ. ਪੂਜਨ ਕਰਨਾ, ਸੋ ਜਿਸ ਵਿੱਚ ਬਲਿਦਾਨ ਅਤੇ ਜੱਗ ਹੋਮ ਦਾ ਵਰਣਨ ਹੈ, ਉਹ ਯਜੁਰਵੇਦ ਹੈ. ਇਸ ਵੇਦ ਦੀਆਂ ਦੋ ਸੰਹਿਤਾ ਹਨ, ਇੱਕ "ਤੈੱਤਿਰਯ"- ਦੂਜੀ ਵਾਜਸਨੇਯੀ." ਵਿਸਨੁਪੁਰਾਣ ਵਿੱਚ ਕਥਾ ਹੈ ਕਿ ਵੈਸ਼ੰਪਾਯਨ ਨੇ ਯਾਗ੍ਯਵਲਕ੍ਯ ਨੂੰ ਯਜੁਰਵੇਦ ਪੜ੍ਹਾਇਆ. ਇੱਕ ਵਾਰ ਵੈਸ਼ੰਪਾਯਨ ਤੋਂ ਆਪਣਾ ਭਾਣਜਾ ਅਚਾਨਕ ਲੱਤ ਮਾਰਨ ਤੋਂ ਮਰ ਗਿਆ, ਇਸ ਪੁਰ ਪ੍ਰਾਯਸ਼੍ਚਿਤ ਕਰਨ ਲਈ ਵੈਸ਼ੰਪਾਯਨ ਨੇ ਸਾਰੇ ਚੇਲਿਆਂ ਨੂੰ ਸ਼ਾਮਿਲ ਹੋਣ ਦੀ ਆਗ੍ਯਾ ਕੀਤੀ. ਯਾਗ੍ਯਵਲਕ੍ਯ ਨੇ ਆਖਿਆ ਸੀ ਕਿ ਮੈ ਕੱਲਾ ਹੀ ਪਾਪਨਾਸ਼ਕ ਕਰਮ ਕਰ ਸਕਦਾ ਹਾਂ. ਇਹ ਸੁਣਕੇ ਵੈਸ਼ੰਪਾਯਨ ਨੂੰ ਗੁੱਸਾ ਆਇਆ ਅਰ ਆਖਿਆ ਕਿ ਤੂੰ ਵਡਾ ਹੰਕਾਰੀ ਹੈਂ. ਇਸ ਲਈ ਮੇਰੀ ਪੜ੍ਹਾਈ ਵਿਦ੍ਯਾ ਉਗਲਦੇ. ਯਾਗ੍ਯਵਲਕ੍ਯ ਨੇ ਯਜੁਰਵੇਦ ਦੇ ਪੜ੍ਹੇ ਮੰਤ੍ਰ ਕ਼ਯ ਕਰਕੇ ਸਿੱਟ ਦਿੱਤੇ, ਜਿਨ੍ਹਾਂ ਨੂੰ ਵੈਸ਼ੰਪਾਯਨ ਦੇ ਚੇਲਿਆਂ ਨੇ ਤਿੱਤਿਰ ਬਣਕੇ ਚੁਗ ਲਿਆ. ਇਸ ਲਈ ਉਹ ਸ਼ਾਖਾ ਤੈੱਤਿਰੀਯ ਕਹਾਈ, ਅਰ ਯਾਗ੍ਯਵਲਕ੍ਯ ਨੇ ਵੇਦ ਵਿਦ੍ਯਾ ਸਿੱਖਣ ਲਈ ਸੂਰਯ ਦੀ ਆਰਾਧਨਾ ਕੀਤੀ. ਜਿਸ ਪੁਰ ਸੂਰਯ ਨੇ ਘੋੜੇ ਦਾ ਰੂਪ ਧਾਰਕੇ ਵੇਦਮੰਤ੍ਰ ਪੜ੍ਹਾਏ. ਇਸ ਲਈ ਦੂਜੀ ਸ਼ਾਖਾ ਦਾ ਨਾਮ "ਵਾਜਸਨੇਯੀ" ਹੋਇਆ. ਤੈੱਤਿਰਯਾ ਦਾ ਨਾਮ ਕ੍ਰਿਸ੍ਨ ਅਤੇ ਵਾਜਸਨੇਯੀ ਦਾ ਸ਼ੁਕਲ ਯਜੁਰਵੇਦ ਹੈ. ਕਈ ਵਿਦ੍ਵਾਨ ਖਿਆਲ ਕਰਦੇ ਹਨ ਕਿ ਤਿੱਤਿਰ ਅਤੇ ਵਾਜਸਨੇਯ ਨਾਮ ਰਿਸੀਆਂ ਦੇ ਨਾਮ ਤੋਂ, ਇਹ ਸੰਗ੍ਯਾ ਹੈ. ਕ੍ਰਿਸ੍ਨ ਯਜੁਰ ਦੀਆਂ ੨੧੯੮ ਕੰਡਿਕਾ ਅਤੇ ਸ਼ੁਕਲ ਦੀਆਂ ੧੯੭੫ ਹਨ.#ਸਾਮਨ ਦਾ ਅਰਥ ਹੈ ਤੁਲ੍ਯ (ਸਮਾਨ), ਜਿਸ ਦੇ ਮੰਤ੍ਰ ਗਾਉਣ ਲਈ ਸਮਾਨ ਵਜ਼ਨ ਦੇ ਹੋਣ, ਉਹ ਸਾਮਵੇਦ ਹੈ. ਗਾਯਕ ਬ੍ਰਾਹਮਣ ਸਾਮਵੇਦ ਨੂੰ ਯੱਗ ਆਦਿ ਮੰਗਲ ਕਰਮਾਂ ਵਿੱਚ ਗਾਉਂਦੇ ਹਨ, ਇਸ ਦੇ ਸਾਰੇ ਮੰਤ੍ਰ ੧੫੪੯ ਹਨ.#ਅਥਰ੍ਵਨ ਦਾ ਅਰਥ ਹੈ ਹਵਨ ਕਰਨ ਵਾਲਾ. ਜਿਸ ਵਿੱਚ ਹੋਤ੍ਰਿ ਦੇ ਕਰਮ ਅਤੇ ਹਵਨ ਦੇ ਪ੍ਰਕਾਰ ਹੋਣ, ਉਹ ਅਥਰ੍ਵਵੇਦ ਹੈ. ਇਸ ਵੇਦ ਵਿੱਚ ਮੰਤ੍ਰ ਟੂਣੇ ਜਾਦੂ ਆਦਿ ਦਾ ਬਹੁਤ ਜਿਕਰ ਹੈ. ਇਸ ਦੇ ਮੰਤ੍ਰ ੭੬੦ ਹਨ.#ਯਗ੍ਯ ਵਿੱਚ ਰਿਗਵੇਦ ਦੇ ਮੰਤ੍ਰਾਂ ਦਾ ਪਾਠਕ "ਹੋਤ੍ਰਿ" ਯਜੁਰ ਦੇ ਮੰਤ੍ਰ ਪੜ੍ਹਨ ਵਾਲਾ "ਅਧ੍ਵਰਯੁ" ਸਾਮਵੇਦ ਦੇ ਮੰਤ੍ਰ ਗਾਉਣ ਵਾਲਾ "ਉਦਗਾਤ੍ਰਿ" ਅਤੇ ਸਾਰੇ ਵੇਦਾਂ ਦੇ ਮੰਤ੍ਰ ਪੜ੍ਹਨ ਵਾਲਾ ਅਰ ਸਭ ਨੂੰ ਕਰਮਵਿਧਿ ਦੱਸਣ ਵਾਲਾ "ਬ੍ਰਹਮਾ" ਆਖਿਆ ਜਾਂਦਾ ਹੈ.#ਸਾਰੇ ਵੇਦਾਂ ਦੇ ਤਿੰਨ ਭਾਗ ਹਨ- ਇੱਕ "ਮੰਤ੍ਰ", ਦੂਜਾ "ਬ੍ਰਾਹ੍ਮਣ", ਤੀਜਾ "ਆਰਣ੍ਯਕ" ਮੰਤ੍ਰਭਾਗ ਉਹ ਹੈ, ਜੋ ਪੁਰਾਣੇ ਮੂਲਰੂਪ ਮੰਤ੍ਰ ਹਨ. ਬ੍ਰਾਹਮਣਭਾਗ ਉਹ ਹੈ, ਜਿਸ ਵਿੱਚ ਮੰਤ੍ਰਾਂ ਦੀ ਵਿ੍ਯਾਖ੍ਯਾ, ਮੰਤ੍ਰਾਂ ਨੂੰ ਯੋਗ੍ਯ ਸਮੇਂ ਪੁਰ ਵਰਤਣ ਦੀ ਵਿਧਿ ਅਤੇ ਯੱਗ ਆਦਿ ਕਰਮਾਂ ਦਾ ਪ੍ਰਕਾਰ ਰਿਖੀਆਂ ਨੇ ਦੱਸਿਆ ਹੈ. ਉਪਨਿਸਦ ਭਾਗ ਦੀ ਆਰਣ੍ਯਕ ਸੰਗ੍ਯਾ ਹੈ.#ਹਿੰਦੂਮਤ ਦੇ ਗ੍ਰੰਥਾਂ ਵਿੱਚ ਵੇਦ ਦਾ ਅਧਿਕਾਰ ਕੇਵਲ ਬ੍ਰਾਹਮਣ ਛਤ੍ਰੀ ਅਤੇ ਵੈਸ਼੍ਯ ਨੂੰ ਹੈ. ਸ਼ੂਦ੍ਰ ਅਤੇ ਨੀਚ ਜਾਤਿ ਦੇ ਲੋਕ, ਵੇਦ ਪੜ੍ਹਨਾ ਤਾਂ ਇਕ ਪਾਸੇ ਰਿਹਾ, ਸੁਣਨ ਦੇ ਭੀ ਅਧਿਕਾਰੀ ਨਹੀਂ.² "ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ." (ਮਃ ੧. ਵਾਰ ਮਾਝ)#ਗਾਯਤ੍ਰੀਤੰਤ੍ਰ ਦੇ ਪੰਜਵੇਂ ਪਟਲ ਵਿੱਚ ਵੇਦਾਂ ਦੇ ਰੰਗ ਲਿਖੇ ਹਨ- ਹੀਰੇ ਜੇਹਾ ਸਾਮ, ਪਿਲੱਤਣ ਨਾਲ ਗੋਰਾ ਰਿਗ, ਲਾਲਰੰਗ ਯਜੁਰ ਅਤੇ ਪੀਠੇ ਹੋਏ ਸੁਰਮੇ ਜੇਹਾ ਅਥਰਵਵੇਦ. ਇਹੀ ਖਿਆਲ ਵੇਦਾਂ ਦੇ ਰੰਗਾਂ ਬਾਬਤ ਕਾਤ੍ਯਾਯਨ ਰਿਖੀ ਕ੍ਰਿਤ "ਚਰਣਵ੍ਯੂਹ" ਵਿੱਚ ਪਾਇਆ ਜਾਂਦਾ ਹੈ.#ਮਹਾਭਾਰਤ ਦੇ ਵਨ ਪਰਵ ਦੇ ੧੮੯ ਵੇਂ ਅਧ੍ਯਾਯ ਵਿੱਚ ਭਗਵਾਨ ਨੇ ਯੁਗਾਂ ਅਨੁਸਾਰ ਆਪਣੇ ਰੰਗ ਦੱਸੇ ਹਨ- ਸਤਯੁਗ ਵਿੱਚ ਚਿੱਟਾ, ਤ੍ਰੇਤੇ ਵਿੱਚ ਪੀਲਾ, ਦ੍ਵਾਪਰ ਵਿੱਚ ਲਾਲ ਅਤੇ ਕਲਿਯੁਗ ਵਿੱਚ ਕਾਲਾ.³ "ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ. (ਮਃ ੧. ਵਾਰ ਮਾਝ)#ਇਨ੍ਹਾਂ ਰੰਗਾਂ ਨੂੰ ਕਈ ਵਿਦ੍ਵਾਨਾਂ ਨੇ ਹੋਰ ਢੰਗ ਨਾਲ ਲਿਖਿਆ ਹੈ, ਜੇਹਾਕਿ ਭਾਈ ਗੁਰੁਦਾਸ ਜੀ ਦੇ ਵਾਕ ਤੋਂ ਸਿੱਧ ਹੁੰਦਾ ਹੈ. "ਰਿਗਨੀਲੰਬਰ ਜੁਜਰ ਪੀਤ ਸ੍ਵੇਤੰਬਰ ਕਰ ਸਾਮ ਸੁਧਾਰਾ." (ਭਾਗੁ) ੩. ਪਾਰਬ੍ਰਹਮ. ਕਰਤਾਰ। ੪. ਰੜਕਾ. ਮੋਟੀਆਂ ਤੀਲੀਆਂ ਦਾ ਝਾੜੂ. ਖਾਸ ਕਰਕੇ ਕੁਸ਼ਾ ਦੀਆਂ ਤੀਲੀਆਂ ਦੀ ਬੁਹਾਰੀ....
ਸੰ. ਵਿਤ੍. ਧਾ- ਦਾਨ ਕਰਨਾ, ਧਰਮ ਕਰਨਾ। ੨. ਸੰ. ਵਿੱਤ (वित्) ਸੰਗ੍ਯਾ- ਧਨ. "ਹਰਿ ਵਿਚ ਚਿਤ ਦੁਖਾਹੀ." (ਆਸਾ ਪੜਤਾਲ ਮਃ ੫) ਵਿਤ (ਧਨ) ਹਰਿ (ਚੁਰਾਕੇ) ਦਿਲ ਦੁਖਾਉਂਦੇ ਹਨ। ੩. ਵਿ- ਜਾਣਨ ਵਾਲਾ (ਸੰ. ਵਿਦ੍). ਜਿਵੇਂ- ਆਤਮਵਿਤ੍। ੪. ਪੰਜਾਬੀ ਵਿੱਚ ਕਦਰ (ਸਾਮਰਥ) ਅਰਥ ਵਿੱਚ ਭੀ ਵਿਤ ਆਂਉਂਦਾ ਹੈ, ਦੇਖੋ, ਬਿਤ ੨....