bārabāraबारबार
ਸੰ. ਵਾਰੰਵਾਰ. ਕ੍ਰਿ. ਵਿ- ਪੁਨਹ ਪੁਨਹ. ਫਿਰ ਫਿਰ. "ਬਾਰ ਬਾਰ ਹਰਿ ਕੇ ਗੁਨ ਗਾਵਉ." (ਗਉ ਕਬੀਰ ਬਾਰ ੭) ਹਰੇਕ ਵਾਰ (ਦਿਨ) ਵਿੱਚ ਵਾਰੰਵਾਰ ਹਰਿ ਕੇ ਗੁਣ ਗਾਓ.
सं. वारंवार. क्रि. वि- पुनह पुनह. फिर फिर. "बार बार हरि के गुन गावउ." (गउ कबीर बार ७) हरेक वार (दिन) विॱच वारंवार हरि के गुण गाओ.
ਦੇਖੋ, ਪੁਨ ੧. "ਪੁਨਹ ਪੁਨਹ ਨਮਸਕਾਰ." (ਟੋਡੀ ਮਃ ੫)...
ਵ੍ਯ- ਪੁਨਃ ਦੋਬਾਰਾ. ਬਾਰ ਬਾਰ. ਬਹੁਰ....
ਸੰਗ੍ਯਾ- ਰੋਹੀ. ਜੰਗਲ. "ਟੀਡੁ ਲਵੈ ਮੰਝਿ ਬਾਰੇ." (ਤੁਖਾ ਬਾਰਹਮਾਹਾ) ਬਿੰਡੇ ਜੰਗਲ ਵਿੱਚ ਬੋਲਦੇ ਹਨ। ੨. ਨਾਨਕਿਆਨੇ ਦੇ ਆਸ ਪਾਸ ਦਾ ਦੇਸ਼. "ਬਾਰ ਦੇਸ਼ ਸਭ ਦੇਸ ਨਰੇਸੂ." (ਨਾਪ੍ਰ) ੩. ਚਿਰ. ਦੇਰੀ. ਢਿੱਲ. "ਚਾਰਿ ਪਦਾਰਥ ਦੇਤ ਨ ਬਾਰ." (ਬਿਲਾ ਕਬੀਰ) "ਬਿਨਸਤ ਲਗਤ ਨ ਬਾਰ." (ਸੋਰ ਮਃ ੯) ੪. ਕੁਰਬਾਨੀ. ਨਿਛਾਵਰ. "ਬਾਰਦੀਓ ਗੁਰੁ ਪੈ ਸਰਬੰਸ." (ਗੁਵਿ ੧੦) ੫. ਵਾਲ. ਰੋਮ. "ਤਿਨ ਕੇ ਬਾਰ ਨ ਬਾਂਕਨ ਪਾਏ." (ਵਿਚਿਤ੍ਰ) ਉਨ੍ਹਾਂ ਦੇ ਵਾਲ ਵਿੰਗੇ ਨਾ ਹੋਏ। ੬. ਬਾੜ. ਖੇਤ ਆਦਿ ਦੇ ਚਾਰੇ ਪਾਸੇ ਕੰਡੇਦਾਰ ਝਾੜੀ ਦੀ ਕੀਤੀ ਹੋਈ ਰੋਕ. "ਖੇਤ ਕੌ ਜੌ ਖਾਇ ਬਾਰ." (ਭਾਗੁ ਕ) "ਚਲੇ ਬਾਰਬੇ ਯਾਰ ਕੋ ਜਯੋਂ ਭਭੂਕੇ." ਅੱਗ ਦੇ ਭਭੂਕੇ ਦੀ ਤਰਾਂ ਬਾੜ ਨੂੰ ਬਾਲਣ (ਜਲਾਉਣ) ਲਈ ਚਲੇ। ੭. ਸੰ. ਬਾਲ. ਬਾਲਕ. "ਬਾਰ ਬਿਵਸਥਾ ਤੁਝਹਿ ਪਿਆਰੈ ਦੂਧ." (ਸੁਖਮਨੀ) "ਬਾਰਨ ਭੇਦ ਯੌਂ ਭਾਖ ਸਨਾਏ." (ਕ੍ਰਿਸਨਾਵ) ਬਾਲਕਿਆਂ ਨੇ ਸਾਰੀ ਕਥਾ ਖੋਲ੍ਹਕੇ ਦੱਸੀ। ੮. ਸੰ. ਬਾਲਾ. ਕੰਨ੍ਯਾ. ਇਸਤ੍ਰੀ. ਨਾਰੀ. "ਸੋਉ ਬਾਰ ਸਬੁੱਧਿ ਭਈ ਜਬਹੀ." (ਰਾਮਾਵ) ਉਹ ਕੰਨ੍ਯਾ ਜਦ ਬੋਧ ਸਹਿਤ ਹੋਈ. ਭਾਵ- ਬਾਲਿਗ਼ ਹੋਈ. "ਸੁਰੀ ਆਸੁਰੀ ਬਾਰ." (ਚਰਿਤ੍ਰ ੨੬੪) ਦੇਵ ਦੈਤਾਂ ਦੀਆਂ ਇਸਤ੍ਰੀਆਂ। ੯. ਸੰ. ਵਾਰ. ਸਮਾਂ. ਵ੍ਹ੍ਹੇਲਾ. "ਬਾਰ ਅੰਤ ਕੀ ਹੋਇ ਸਹਾਇ." (ਬਸੰ ਮਃ ੯) ੧੦. ਦ੍ਵਾਰ. ਦਰਵਾਜ਼ਾ. "ਖਰੇ ਬਾਰ ਪੈ ਦੀਨ ਗੁਹਾਰ." (ਨਾਪ੍ਰ) ੧੧. ਦਫ਼ਅ਼. ਮਰਤਬਾ. "ਜਾਰੈ ਦੂਜੀ ਬਾਰ." (ਸ. ਕਬੀਰ) ੧੨. ਸੰ. ਵਾਰਿ ਅਤੇ (वार. ). ਜਲ. "ਬਾਰਬਾਰ ਬਰ ਬਾਰ ਕੋ ਬਾਰਦ ਬਰਸਤ ਬ੍ਰਿੰਦ." (ਗੁਪ੍ਰਸੂ) "ਬਹੁ ਬਾਰ ਨਿਹਾਰਕੈ ਬਾਰ ਤਬੈ ਬਿਨ ਬਾਰ ਨਬਾਬ ਕੋ ਮੈ ਸੁਧ ਦੀਨੀ." (ਨਾਪ੍ਰ) ਬਹੁਤ ਵਾਰ ਵੇਈਂ ਨਦੀ ਦਾ ਜਲ ਦੇਖਕੇ, ਬਿਨਾ ਢਿੱਲ ਨਵਾਬ ਦੌਲਤਖਾਂ ਨੂੰ ਗੁਰੂ ਨਾਨਕਦੇਵ ਦੇ ਗ਼ਾਯਬ ਹੋਣ ਦੀ ਮੈ ਖ਼ਬਰ ਦਿੱਤੀ। ੧੩. ਬਾਲਣਾ. ਮਚਾਉਣਾ. ਜ੍ਵਲਨ ਕਰਨਾ. "ਦੀਪਕ ਸਤਿਗੁਰੁ ਸਬਦ ਕਰ ਰਿਦੈ ਸਦਨ ਮਹਿ ਬਾਰ." (ਨਾਪ੍ਰ) "ਹਮਰੇ ਅਵਗਨ ਬਿਖਿਆ ਬਿਖੈ ਕੇ ਬਹੁ ਬਾਰ ਬਾਰ ਨਿਮਖੇ." (ਨਟ ਮਃ ੪) ਪਲ ਵਿੱਚ ਸਾੜ ਦਿੱਤੇ। ੧੪. ਪ੍ਰਹਾਰ. ਆਘਾਤ. "ਕਰਵਾਰ ਉਭਾਰਤ ਬਾਰ ਕਰ੍ਯੋ." (ਗੁਪ੍ਰਸੂ) ੧੫. ਵਾਰਨਾ. ਵਰਜਨ. ਹਟਾਉਣਾ. "ਬਾਰ ਬਾਰ ਬਾਰੀ ਬਰਿਆਈ." (ਨਾਪ੍ਰ) ਬਾੜ ਹਟਾਕੇ ਭੈਂਸਾਂ (ਮੱਝਾਂ) ਵਾੜ ਦਿੱਤੀਆਂ ਮੱਲੋਜੋਰੀ। ੧੬. ਪੁਨਹ. ਫਿਰ. "ਬਾਰ ਬਾਰ ਹਰਿ ਕੇ ਗੁਨ ਗਾਵਉ." (ਗਉ ਬਾਰ ੭. ਕਬੀਰ) ਇਸ ਥਾਂ ਬਾਰ ਪਦ ਦੇ ਅਰਥ ਹਨ ਹਰੇਕ ਵਾਰ ਵਿੱਚ ਬਾਰੰਬਾਰ। ੧੭. ਸੰ. ਵਾਰ ਦਿਨ. ਸੋਮ, ਮੰਗਲ ਆਦਿ ਦਿਨ. ਦੇਖੋ, ਬਾਰ ੧੬. ਦਾ ਉਦਾਹਰਣ। ੧੮. ਆਸ਼੍ਰਯ. ਅਸਥਾਨ। ੧੯. ਫ਼ਾ. [بار] ਬੋਝ. ਭਾਰ। ੨੦. ਫਲ। ੨੧. ਦਰਬਾਰ ਸਭਾ। ੨੨ ਪ੍ਰਵੇਸ਼. ਦਖਲ। ੨੩ ਅਰਜੀ. ਅਰਦਾਸ। ੨੪ ਫਸੀਲ. ਗ੍ਰਾਮ ਆਦਿ ਦਾ ਵਲਗਣ। ੨੫ ਭੋਜਨ। ੨੬ ਕਰਤਾਰ. ਖੁਦਾ। ੨੭ ਸ਼ੋਕ. ਰੰਜ। ੨੮ ਮੂਲ ਕਾਰਣ. "ਬਾਰੰਬਾਰ ਬਾਰ ਪ੍ਰਭੂ ਜਪੀਐ." (ਸੁਖਮਨੀ) ੨੯ ਸਿੰਧੀ. ਖਲਹਾਨ ਵਿੱਚ ਅੰਨ ਦਾ ਢੇਰ। ੩੦ ਦਰਿਆ ਦਾ ਡੂੰਘਾ ਥਾਂ। ੩੧ ਇਹ ਸ਼ਬਦ ਦੇ ਅੰਤ ਲੱਗਕੇ ਵਰਸਾਉਣ ਵਾਲਾ ਅਰਥ ਦਿੰਦਾ ਹੈ, ਜੈਸੇ- ਗੌਹਰਬਾਰ (ਮੋਤੀ ਬਰਸਾਉਣ ਵਾਲਾ)#ਬਾਜਤ ਬਧਾਈ ਆਜ ਕਾਲੂ ਬੇਦੀ ਬਰ ਘਰ,#ਤਾਂਕੀ ਧੁਨਿ ਧਮਕ ਧਸੀ ਹੈ ਪਰੁ ਬਾਰ ਬਾਰ,#ਦੇਨ ਕੋ ਬਧਾਈ ਧਾਈ ਧਾਈ ਸੁ ਲੁਗਾਈ ਆਵੈਂ#ਮਾਈ ਔਰ ਧਾਈ ਧਾਈ ਹਰਖ ਸੋਂ ਬਾਰ ਬਾਰ,#ਬਿਗਸ ਬਿਗਸ ਬੇਦੀਬੰਸ ਬਾਰੇ ਬਾਰੇ ਬੂਢੇ,#ਬਖਸੀਸੈਂ ਬਖਸੈਂ ਬਤੀਸਰਨ ਬਾਰ ਬਾਰ,#ਬਿਪ੍ਰਨ ਪੈ ਬਸੁ ਬਹੁ ਬਰਸੇ ਸੁ ਬੇਦਿ ਬਰ,#ਬੰਦਿਨ ਪੈ ਬਸਨਾਦਿ ਬਾਲਕ ਪੈ ਬਾਰ ਬਾਰ.#(ਰਤਨਹਰੀ)#ਯਾਰ ਧਨ ਤਨ ਮਨ ਗੋਬਿੰਦ ਮ੍ਰਿਗਿੰਦ ਪਾਂਹਿ,#ਬੈਰਿਨ ਕੋ ਬਾਰ ਬਾਰਿ ਹਿੰਦਨ ਕੀ ਬਾਰ ਕੀ,#ਬਾਰ ਥੀ ਉਮਰ ਬਾਰ ਬੈਰਿਨ ਕੇ ਪਠ੍ਯੋ ਬਾਪ,#ਬਾਰ ਦੀਨੋ ਸੀਸ ਹਿਤ ਦੇਸ਼ ਸਮ ਬਾਰ ਕੀ,#ਬਾਰ ਬਾਰ ਚਾਰ ਨਾਉ ਕੌਮ ਕੀ ਉਬਾਰ ਲੀਨੀ,#ਬੂਡਤੀ ਥੀ ਬਾਰ ਨਾ ਲਗਾਈ ਬਾਰ ਬਾਰ ਕੀ,#ਬਾਰ ਤੋਂ ਅਨੇਕ ਬਾਰ ਚੂਕਤ ਅਚੂਕ ਪਿਤਾ!#ਹੂਜੀਓ ਕ੍ਰਿਪਾਲ ਮੇਰੀ ਬਾਰ ਕੇਹੀ ਬਾਰ ਕੀ?#(ਮੁਨਸ਼ਾ ਸਿੰਘ)...
ਵਿ- ਹਰ਼ਿਤ (ਹਰਾ) ਦਾ ਸੰਖੇਪ. "ਦਾਵਾ ਅਗਨਿ ਰਹੇ ਹਰਿ ਬੂਟ." (ਰਾਮ ਅਃ ਮਃ ੫) ਹਰੇ ਬੂਟੇ।#੨. ਹਰਇੱਕ. ਹਰੇਕ. "ਹਰਿ ਭਾਵੈ ਹਰਿ ਨਿਸਤਾਰੇ." (ਗੂਜ ਮਃ ੪) ੩. ਕਿਰ. ਵਿ- ਹਰਕੇ. ਚੁਰਾਕੇ. "ਹਰਿ ਧਨ ਪਾਪ ਕਰੰਤ." (ਸਲੋਹ) ੪. ਸੰ. (हृ- इन) ਸੰਗ੍ਯਾ- ਵਿਸਨੁ. "ਦਸਿਕ ਅਸੁਰ ਹਰਿ ਘਾਏ." (ਹਜਾਰੇ ੧੦) ੫. ਕ੍ਰਿਸਨ ਜੀ ੬. ਪੌਂਡਕ ਵਾਸੁਦੇਵ. "ਆਇ ਭਿਰ੍ਯੋ ਹਰਿ ਹਰਿ ਸੋਂ."¹ (ਕ੍ਰਿਸਨਾਵ) ਕ੍ਰਿਸਨ ਜੀ ਨਾਲ ਪੌਂਡ੍ਰਕ ਵਾਸੁਦੇਵ ਆਕੇ ਲੜਿਆ। ੭. ਕਰਤਾਰ. ਪਰਮੇਸ਼੍ਵਰ. "ਬਿਨ ਹਰਿ ਨਾਮ ਨ ਬਾਚਨ ਪੈਹੈ." (ਹਜਾਰੇ ੧੦) "ਹਰਿ ਸਿੰਘਾਸਣੁ ਦੀਅਉ ਸਿਰਿ ਗੁਰੁ ਤਹ ਬੈਠਾਯਉ." (ਸਵੈਯੇ ਮਃ ੫. ਕੇ) ੮. ਚੰਦ੍ਰਮਾ. "ਹਰਿ ਸੋ ਮੁਖ ਹੈ." (ਚੰਡੀ ੧) ੯. ਸਿੰਹੁ. ਸ਼ੇਰ। ੧੦. "ਹਰਿ ੧੦. ਸੂਰਜ. "ਹਰਿ ਵੰਸ਼ ਵਿਖੇ ਅਵਤਾਰ ਭਏ." (ਗੁਪ੍ਰਸੂ) ੧੧. ਤੋਤਾ। ੧੨. ਸਰਪ। ੧੩. ਬਾਂਦਰ. ਵਾਨਰ. "ਹਤ ਰਾਵਣ ਕੋ ਲਿਯ ਸੰਗ ਚਮੂ ਹਰਿ." (ਗੁਪ੍ਰਸੂ) ੧੪. ਡੱਡੂ. ਮੇਂਡਕ। ੧੫. ਪੌਣ. ਹਵਾ। ੧੬. ਘੋੜਾ। ੧੭. ਯਮ। ੧੮. ਬ੍ਰਹਮਾ। ੧੯. ਇੰਦ੍ਰ। ੨੦. ਕਿਰਣ. ਰਸ਼ਿਮ੍। ੨੧. ਮੋਰ। ੨੨ ਕੋਕਿਲਾ। ੨੩ ਹੰਸ। ੨੪ ਅਗਨਿ। ੨੫ ਜਲ. ਦੇਖੋ, ਘਨਿ। ੨੬ ਪੀਲਾ ਰੰਗ। ੨੭ ਮਾਰਗ. ਰਸਤਾ। ੨੮ ਪਰਬਤ। ੨੯ ਹਾਥੀ। ੩੦ ਕਮਲ। ੩੧ ਰਾਜਾ। ੩੨ ਭੌਰਾ. ਭ੍ਰਮਰ। ੩੩ ਸੁਵਰਣ. ਸੋਨਾ. "ਸ੍ਰਿੰਗ ਧਰੇ ਹਰਿ ਧੇਨੁ ਹਜਾਰਾ." (ਕ੍ਰਿਸਨਾਵ) ੩੪ ਕਾਮਦੇਵ। ੩੫ ਮ੍ਰਿਗ. ਹਰਿਣ (ਹਰਨ) ੩੬ ਬਨ. ਜੰਗਲ. ਦੇਖੋ, ਦੌਂ। ੩੭ ਮੇਘ. ਬੱਦਲ. "ਘਨ ਸ੍ਯਾਮ ਬਿਰਾਜਤ ਹੈਂ ਹਰਿ, ਰਾਧਿਕਾ ਬਿੱਦੁਲਤਾ." (ਕ੍ਰਿਸਨਾਵ) ੩੮ ਆਕਾਸ਼। ੩੯ ਧਨੁਖ। ੪੦ ਬਾਣ. ਤੀਰ। ੪੧ ਖੜਗ. "ਕਰੱਧਰ ਕੈ ਹਰਿ" (ਚੰਡੀ ੧) ੪੨ ਸੰਖ "ਨਾਦ ਪ੍ਰਚੰਡ ਸੁਨ੍ਯੋ ਹਰਿ ਕਾ." (ਕ੍ਰਿਸਨਾਵ) ੪੩ ਚੰਦਨ. "ਹਿਰਡ ਪਲਾਸ ਸੰਗ ਹਰਿ ਬੁਹੀਆ." (ਬਿਲਾ ਅਃ ਮਃ ੪) ੪੪ ਹਰਿ ਚੰਦਨ, ਜੋ ਸੁਰਗ ਦਾ ਬਿਰਛ ਹੈ."ਪਾਰਜਾਤ ਹਰਿ ਹਰਿ ਰੁਖੁ." (ਟੋਡੀ ਮਃ ੫) ਪਾਰਿਜਾਤ ਅਤੇ ਹਰਿਚੰਦਨ ਬਿਰਛ ਹਰਿ (ਕਰਤਾਰ) ਹੈ.#ਉੱਪਰ ਲਿਖੇ ਹਰਿ ਸ਼ਬਦ ਦੇ ਬਹੁਤ ਉਦਾਹਰਣ#ਹੇਠ ਲਿਖੇ ਸਵੈਯੇ ਵਿੱਚ ਦੇਖੇ ਜਾਂਦੇ ਹਨ-#(ੳ) ਹਰਿ ਸੋ ਮੁਖ ਹੈ ਹਰਤੀ ਦੁਖ ਹੈ,#ਅਲਕੈਂ ਹਰਹਾਰ ਪ੍ਰਭਾ ਹਰਨੀ ਹੈ।#(ਅ) ਲੋਚਨ ਹੈਂ ਹਰਿ ਸੇ ਸਰਸੇ,#ਹਰਿ ਸੇ ਭਰੁਟੇ ਹਰਿ ਸੀ ਬਰਨੀ ਹੈ।#(ੲ) ਕੇਹਰਿ ਸੋ ਕਰਿਹਾਂ, ਚਲਬੋ ਹਰਿ,#ਪੈ ਹਰਿ ਕੀ ਹਰਨੀ ਤਰਨੀ ਹੈ।#(ਸ) ਹੈ ਕਰ ਮੇ ਹਰਿ ਪੈ ਹਰਿ ਸੋ,#ਹਰਿਰੂਪ ਕਿਯੇ ਹਰ ਕੀ ਧਰਨੀ ਹੈ.#(ਚੰਡੀ ੧)#(ਉ) ਚੰਦ ਜੇਹਾ ਮੁਖ ਹੈ, ਦੁੱਖ ਦੂਰ ਕਰਦੀ ਹੈ, ਜੁਲਫਾਂ ਸ਼ਿਵ ਦੇ ਹਾਰ (ਸੱਪ) ਦੀ ਸ਼ੋਭਾ ਚੁਰਾਉਂਦੀਆਂ ਹਨ.#(ਅ) ਨੇਤ੍ਰ ਕਮਲ ਤੋਂ ਵਧਕੇ ਕਮਾਣ ਜੇਹੀ ਭੌਹਾਂ, ਤੀਰ ਜੇਹੀ ਪਲਕਾਂ ਹਨ.#(ੲ) ਸ਼ੇਰ ਜੇਹਾ ਕਟਿਭਾਗ, ਹਾਥੀ ਜੇਹੀ ਚਾਲ, ਹਰਿ ਤਰੁਣੀ (ਕਾਮ ਦੀ ਇਸਤ੍ਰੀ- ਰਤਿ) ਦੀ ਸ਼ੋਭਾ ਦੂਰ ਕਰਨ ਵਾਲੀ ਹੈ.#(ਸ) ਹੱਥ ਵਿੱਚ ਖੜਗ ਹੈ, ਜੋ ਸੂਰਜ ਜੇਹਾ ਚਮਕੀਲਾ ਹੈ, ਮਨੋਹਰ ਰੂਪ ਧਾਰੇ ਹੋਏ ਸ਼ਿਵ ਦੀ ਅਰਧਾਂਗਿਨੀ ਹੈ....
ਦੇਖੋ, ਗੁਣ। ੨. ਉਪਕਾਰ. "ਇਕ ਗੁਨ ਨਹੀ ਮੂਰਖ ਜਾਤਾ ਰੇ." (ਸੋਰ ਮਃ ੫) ੩. ਲਾਭ. "ਬੇਦ ਪੁਰਾਨ ਪੜੇ ਕੋ ਇਹ ਗੁਨ." (ਗਉ ਮਃ ੯) "ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ। ਕਹਿ ਰਵਿਦਾਸ ਛੂਟਿਬੋ ਕਵਨ ਗੁਨ?" (ਆਸਾ) ਇਸ ਬੰਧਨ ਤੋਂ ਛੁੱਟਣ ਵਿੱਚ ਕੀ ਲਾਭ ਹੈ? ੪- ੫ ਰੱਸੀ ਅਤੇ ਵਸਫ਼. "ਮਨ ਬਾਂਧੋ ਹਮਾਰੋ ਮਾਈ, ਕਵਲ ਨੈਨ ਅਪਨੇ ਗੁਨ." (ਮਾਰੂ ਮੀਰਾਬਾਈ ਬੰਨੋ) ਕਮਲਨੈਨ ਨੇ ਆਪਣੇ ਗੁਣ ਰੂਪ ਰੱਸੀ ਨਾਲ ਮਨ ਬੰਨ੍ਹ ਲਿਆ ਹੈ। ੬. ਮਹਿਮਾ. ਯਸ਼. "ਹਰਿਜਨ ਰਾਮ ਨਾਮ ਗੁਨ ਗਾਵੈ." (ਬੈਰਾ ਮਃ ੪) ੭. ਨਤੀਜਾ. ਸਿੱਧਾਂਤ. "ਕਹਿ ਕਬੀਰ ਕਿਛੁ ਗੁਨ ਬੀਚਾਰ." (ਭੈਰ) ੮. ਕਮਾਣ ਦਾ ਚਿੱਲਾ. "ਤੀਰ ਚਲ੍ਯੋ ਗੁਨ ਤੇ ਛੁਟਕਾਯੋ." (ਗੁਰੁਸੋਭਾ) ੯. ਗੋਣ. ਸਾਮਾਨ੍ਯ। ੧੦. ਵਿਸ਼ੇਸਣ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਫ਼ਾ. [ہریک] ਵਿ- ਹਰਯਕ. ਪ੍ਰਤ੍ਯੇਕ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਸੰ. गुण ਸੰਗ੍ਯਾ- ਵਿਸ਼ੇਸਣ. ਸਿਫ਼ਤ. "ਗੁਣ ਏਹੋ ਹੋਰੁ ਨਾਹੀ ਕੋਇ." (ਆਸਾ ਮਃ ੧) ਕਰਤਾਰ ਦੀ ਇਹੀ ਸਿਫ਼ਤ ਹੈ ਕਿ ਉਸ ਤੁੱਲ ਹੋਰ ਨਹੀਂ। ੨. ਸ਼ੀਲ. ਸਦਵ੍ਰਿੱਤਿ ਨੇਕ. ਐ਼ਮਾਲ. "ਵਿਣੁ ਗੁਣ ਕੀਤੇ ਭਗਤਿ ਨ ਹੋਇ." (ਜਪੁ) "ਬਿਨੁ ਗੁਣ ਜਨਮੁ ਵਿਣਾਸੁ." (ਸ੍ਰੀ ਅਃ ਮਃ ੧)#੩. ਮਾਇਆ ਦੇ ਸਤ ਰਜ ਤਮ ਗੁਣ. "ਰਜ ਗੁਣ ਤਮ ਗੁਣ ਸਤ ਗੁਣ ਕਹੀਐ ਏਹ ਤੇਰੀ ਸਭ ਮਾਇਆ." (ਕੇਦਾ ਕਬੀਰ) ੪. ਸੁਭਾਉ. ਪ੍ਰਕ੍ਰਿਤਿ. "ਐਸੋ ਗੁਣ ਮੇਰੋ ਪ੍ਰਭੁ ਜੀ ਕੀਨ." (ਟੋਡੀ ਮਃ ੫) ੫. ਰੱਸੀ. ਤਾਗਾ. ਡੋਰਾ. "ਗੁਣ ਕੈ ਹਾਰ ੫. ਪਰੋਵੈ. (ਤੁਖਾ ਛੰਤ ਮਃ ੧) ਗੁਣਰੂਪ ਗੁਣ (ਤਾਗੇ) ਨਾਲ ਹਾਰ ਪਰੋਵੈ. "ਕਵਣੁ ਸੁ ਅਖਰੁ ਕਵਣ ਗੁਣ?" (ਸ. ਫਰੀਦ) ੬. ਕਮਾਣ ਦਾ ਚਿੱਲਾ. "ਕੋਟਿ ਦੋਇ ਧਾਰੀ ਧਨੁਖ ਗੁਣ ਬਿਨ ਗਹਿਤ ਨ ਕੋਇ." (ਵ੍ਰਿੰਦ) ੭. ਦੀਵੇ ਦੀ ਬੱਤੀ। ੮. ਨੀਤਿ ਦੇ ਛੀ ਅੰਗ. ਦੇਖੋ, ਖਟ ਅੰਗ। ੯. ਨ੍ਯਾਯਮਤ ਦੇ ਚੌਬੀਸ ਗੁਣ. ਦੇਖੋ, ਖਟਸ਼ਾਸਤ੍ਰ। ੧੦. ਕਾਵ੍ਯ ਦੇ- ਓਜ, ਪ੍ਰਤਾਪ, ਮਾਧੁਰਯ, ਤਿੰਨ ਗੁਣ। ੧੧. ਵਿਦ੍ਯਾ. ਹੁਨਰ ਆਦਿ ਔਸਾਫ਼. "ਤੇ ਨਰ ਅਸਲਿ ਖਰ, ਜਿ ਬਿਨੁ ਗੁਣ ਗਰਬੁ ਕਰੰਤਿ." (ਵਾਰ ਸਾਰ ਮਃ ੧) ੧੨. ਤਾਸੀਰ. ਅਸਰ। ੧੩. ਇੰਦ੍ਰੀਆਂ ਦੇ ਵਿਸੇਸ਼ਬਦ, ਸਪਰਸ਼, ਰੂਪ, ਰਸ, ਗੰਧ। ੧੪. ਰਤਨ. "ਸਰੀਰਿ ਸਰੋਵਰਿ ਗੁਣ ਪਰਗਟਿ ਕੀਏ." (ਆਸਾ ਮਃ ੪) ੧੫. ਫਲ. ਲਾਭ. "ਜਿਨੀ ਕੰਮੀ ਨਾਹ ਗੁਣ, ਤੇ ਕੰਮੜੇ ਵਿਸਾਰ." (ਸ. ਫਰੀਦ) ੧੬. ਤਿੰਨ ਸੰਖ੍ਯਾ ਬੋਧਕ, ਕਿਉਂਕਿ ਮਾਇਆ ਦੇ ਗੁਣ ਤਿੰਨ ਹਨ। ੧੭. ਕਰਮ. ਕ੍ਰਿਯਾ। ੧੮. ਇਨਸਾਫ਼. ਨਿਆਉਂ. ਨ੍ਯਾਯ. "ਅਦਲੁ ਕਰੇ ਗੁਣਕਾਰੀ." (ਰਾਮ ਅਃ ਮਃ ੧) ਦੇਖੋ, ਗੁਨ। ੧੯. ਦੇਖੋ, ਗੁਣਨ. "ਉਨ ਤੇ ਦੁਗੁਣ ਦਿੜੀ ਉਨ ਮਾਏ." (ਗਉ ਮਃ ੫) ੨੦. ਫੁੱਲ. ਪੁਸ੍ਪ. "ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਨਿ ਚੁਨਿ ਪੂਜ ਕਰੀਜੈ." (ਕਲਿ ਅਃ ਮਃ ੪) ਬ੍ਰਹਮ੍ਬਿਰਛ ਦੀ ਸ਼ਾਖਾ ਨਾਮ ਹੈ, ਸ਼ੁਭਗੁਣ ਗੁਣ (ਫੁੱਲ) ਹਨ, ਉਨ੍ਹਾਂ ਨੂੰ ਚੁਣਕੇ ਪੂਜਾ ਕਰੋ। ੨੧. ਵ੍ਯਾਕਰਣ ਤਿੰਨ ਅਨੁਸਾਰ ਗੁਣ- ਅ, ਏ, ਓ....