badharudhīnaबदरुॱदीन
ਦੇਖੋ, ਬੁੱਧੂਸ਼ਾਹ.
देखो, बुॱधूशाह.
ਸਢੌਰਾ (ਜਿਲਾ ਅੰਬਾਲਾ) ਨਿਵਾਸੀ ਮੁਸਲਮਾਨ ਪੀਰ ਸੀ, ਜਿਸ ਦਾ ਅਸਲ ਨਾਮ ਸੈਯਦ ਸ਼ਾਹ ਬਦਰੁੰਦੀਨ ਸੀ. ਇਸ ਨੇ ਗੁਰੂ ਗੋਬਿੰਦਸਿੰਘ ਜੀ ਪਾਸ ਸਿਫਾਰਿਸ਼ ਕਰਕੇ ਪੰਜ ਸੌ ਪਠਾਣ ਨੌਕਰ ਰਖਵਾਏ ਸਨ. ਜਿਨ੍ਹਾਂ ਦੇ ਚਾਰ ਮੁੱਖ ਸਰਦਾਰ, ਕਾਲਾ ਖ਼ਾਨ, ਭੀਕਨਖ਼ਾਨ, ਨਿਜਾਬਤਖ਼ਾਨ ਅਤੇ ਹਯਾਤ ਖ਼ਾਨ ਸਨ. ਇਨ੍ਹਾਂ ਵਿੱਚੋਂ ਕਾਲਾਖ਼ਾਨ ਨਮਕਹਰਾਮ ਨਹੀਂ ਹੋਇਆ, ਬਾਕੀ ਤਿੰਨ ਸਰਦਾਰ ਸਵਾਰਾਂ ਸਮੇਤ ਸਤਿਗੁਰੂ ਨੂੰ ਭੰਗਾਣੀ ਦੇ ਜੰਗ ਸਮੇ ਛੱਡ ਗਏ.#ਜਦ ਪਠਾਣ ਸਰਦਾਰ ਨਮਕਹਰਾਮ ਹੋਕੇ ਵੈਰੀਆਂ ਨਾਲ ਮਿਲ ਗਏ, ਤਦ ਬੁੱਧੂਸ਼ਾਹ ਆਪਣੇ ਚਾਰ ਪੁਤ੍ਰ ਅਤੇ ਸੱਤ ਸੌ ਮੁਰੀਦ ਲੈ ਕੇ ਦਸ਼ਮੇਸ਼ ਦੀ ਸਹਾਇਤਾ ਲਈ ਭੰਗਾਣੀ ਦੇ ਜੰਗ ਵਿੱਚ ਪੁੱਜਾ, ਜਿੱਥੇ ਇਸ ਦੇ ਦੋ ਪੁਤ੍ਰ ਅਤੇ ਬਹੁਤ ਮੁਰੀਦ ਸ਼ਹੀਦ ਹੋਏ, ਜੰਗ ਦੀ ਸਮਾਪਤੀ ਪੁਰ ਕਲਗੀਧਰ ਨੇ ਆਪਣੀ ਦਸਤਾਰ ਕੰਘੇ ਸਹਿਤ ਜਿਸ ਵਿੱਚ ਵਾਹੇ ਹੋਏ ਕੇਸ ਲਗ ਰਹੇ ਸਨ, ਅਰ ਛੋਟੀ ਕ੍ਰਿਪਾਨ ਬੁੱਧੂਸ਼ਾਹ ਨੂੰ ਹੁਕਮਨਾਮੇ ਸਮੇਤ ਬਖ਼ਸ਼ੀ. ਨਾਭਾਪਤਿ ਮਹਾਰਾਜਾ ਭਰਪੂਰਸਿੰਘ ਨੇ ਬੁੱਧੂਸ਼ਾਹ ਦੀ ਸੰਤਾਨ ਨੂੰ ਬਹੁਤ ਭੇਟਾ ਅਤੇ ਜਾਗੀਰ ਦੇਕੇ ਇਹ ਵਸਤਾਂ ਲੈ ਲਈਆਂ, ਜੋ ਹੁਣ ਨਾਭਾ ਰਿਆਸਤ ਦੇ ਗੁਰਦ੍ਵਾਰੇ "ਸਿਰੇਪਾਉ" ਵਿੱਚ ਮਾਨ ਨਾਲ ਰੱਖੀਆਂ ਹੋਈਆਂ ਹਨ. ਦੇਖੋ, ਨਾਭਾ.#ਸ਼੍ਰੀ ਗੁਰੂ ਗੋਬਿੰਦਸਿੰਘ ਜੀ ਨੂੰ ਸਹਾਇਤਾ ਦੇਣ ਦਾ ਅਪਰਾਧ ਲਾਕੇ ਸਰਦਾਰ ਆਸਮਾਨਖ਼ਾਨ ਹਾਕਮ ਸਢੌਰਾ ਨੇ ਬੁੱਧੂਸ਼ਾਹ ਨੂੰ ਕਤਲ ਕਰਵਾ ਦਿੱਤਾ. ਇਸ ਵਾਸਤੇ ਬੰਦਾਬਹਾਦੁਰ ਨੇ ਸੰਮਤ ੧੭੬੬ ਵਿੱਚ ਸਢੌਰਾ ਫਤੇ ਕਰਕੇ ਆਸਮਾਨਖ਼ਾਨ ਨੂੰ ਫਾਂਸੀ ਲਟਕਾਇਆ....