nimājaनिमाज
ਦੇਖੋ. ਨਮਾਜ.
देखो. नमाज.
ਫ਼ਾ. [نماز] ਅ਼. [صلات] ਸਲਾਤ. ਨਮਾਜ ਇਸਲਾਮ ਦਾ ਦੂਜਾ ਉਸੂਲ ਹੈ. ਕ਼ੁਰਾਨ ਵਿਚ ਭਾਵੇਂ ਪੰਜ ਵੇਲੇ ਮੁਕ਼ੱਰਰ ਨਹੀਂ ਕੀਤੇ ਗਏ, ਪਰ ਸੁੰਨਤ ਅਤੇ ਹਦੀਸਾਂ ਦੇ ਲੇਖ ਅਨੁਸਾਰ ਮੁਸਲਮਾਨ ਨੂੰ ਪੰਜ ਨਮਾਜ਼ਾਂ ਦਾ ਪੜ੍ਹਨਾ ਜਰੂਰੀ ਹੈ, ਜਿਨ੍ਹਾਂ ਦਾ ਵੇਰਵਾ ਇਉਂ ਹੈ:-#੧. ਸਲਾਤੁਲਫ਼ਜਰ [صلتاُّلفجر] ਨਮਾਜ਼ੇ ਸੁਬਹ਼. ਪਹੁ ਫਟਣ ਤੋਂ ਲੈਕੇ ਸੂਰਜ ਚੜ੍ਹਨ ਤੀਕ ਦੀ ਨਮਾਜ਼.#੨. ਸਲਾਤੁੱਜੁਹਰ. [صلتاُّلجُہر] ਨਮਾਜ਼ੇ ਪੇਸ਼ੀਨ. ਜਦ ਸੂਰਜ ਢਲਣ ਲੱਗੇ, ਉਸ ਵੇਲੇ ਦੀ ਨਮਾਜ਼.#੩. ਸਲਾਤੁਲਅ਼ਸਰ. [صلتاُّلعصر] ਨਮਾਜ਼ੇ ਦੀਗਰ. ਤੀਸਰੇ ਪਹਿਰ ਦੀ ਨਮਾਜ਼.#੪. ਸਲਾਤੁਲ ਮਗ਼ਰਿਬ. [صلتاُّلمغرب] ਨਮਾਜ਼ੇ ਸ਼ਾਮ. ਸੂਰਜ ਛਿਪਣ ਤੋਂ ਲੈਕੇ ਆਸਮਾਨ ਦੀ ਸੁਰਖ਼ੀ ਮਿਟ ਜਾਣ ਤੀਕ.#੫. ਸਲਾਤੁਲਇ਼ਸ਼ਾ [صلتاُّلعِشہ] ਨਮਾਜ਼ੇ ਖ਼ੁਫ਼ਤਨ. ਸੌਣ ਵੇਲੇ ਦੀ ਨਮਾਜ਼.#ਇਹ ਪੰਜ ਨਮਾਜ਼ਾਂ ਤਾਂ ਫ਼ਰਜ ਹੈ, ਇਨ੍ਹਾਂ ਤੋਂ ਛੁੱਟ ਤਿੰਨ ਨਮਾਜ਼ਾਂ ਅਖ਼ਤਿਆਰੀ ਹਨ, ਜਿਨ੍ਹਾਂ ਦੇ ਪੜ੍ਹਨ ਦਾ ਭਾਰੀ ਸਵਾਬ ਹੈ:-#੧. ਸਲਾਤੁਲ ਇਸ਼ਰਾਕ਼. [صلتاُّلاشراق] ਨਮਾਜ਼ੇ ਇਸ਼ਰਾਕ਼. ਜਦ ਸੂਰਜ ਚੰਗੀ ਤਰ੍ਹਾਂ ਚੜ੍ਹ ਆਵੇ, ਉਸ ਵੇਲੇ ਦੀ ਨਮਾਜ਼.#੨. ਸਲਾਤੁਲਜੁਹ਼ਾ [صلتاُّلضُحا] ਨਮਾਜ਼ੇ ਚਾਸ਼ਤ. ਕ਼ਰੀਬ ਗ੍ਯਾਰਾਂ ਵਜੇ ਦਿਨ ਦੇ.#੩. ਸਲਾਤੁਲਤਹੱਜੁਦ. [صلتاُّلتہجُّد] ਨਮਾਜ਼ੇ ਤਹੱਜੁਦ. ਅੱਧੀ ਰਾਤ ਤੋਂ ਕੁੱਝ ਪਿੱਛੋਂ. ਇਨ੍ਹਾਂ ਤੋਂ ਛੁੱਟ ਦੋ ਨਮਾਜ਼ਾਂ ਦੋ ਈ਼ਦਾਂ ਦੀਆਂ ਹਨ, ਅਰਥਾਤ ਈਦੁਲ ਫ਼ਿਤਰ ਦੀ, ਦੂਜੀ ਈ਼ਦੁਲਅਜਹਾ ਦੀ.#"ਸਹ਼ੀਹ਼ੇ ਮੁਸਲਿਮ" ਵਿੱਚ ਲਿਖਿਆ ਹੈ ਕਿ ਹ਼ਜਰਤ ਮੁਹ਼ੰਮਦ ਖ਼ੁਦਾ ਦੇ ਪੇਸ਼ ਹੋਕੇ ਜਦ ਸੱਤਵੇਂ ਆਸਮਾਨੋਂ ਮੁੜੇ, ਤਦ ਰਾਹ ਵਿਚ ਛੀਵੇਂ ਆਸਮਾਨ ਹ਼ਜਰਤ ਮੂਸਾ ਮਿਲਿਆ, ਉਸ ਨੇ ਪੁੱਛਿਆ ਕਿ ਖ਼ੁਦਾ ਵੱਲੋਂ ਤੈਨੂੰ ਕੀ ਹ਼ੁਕਮ ਮਿਲਿਆ ਹੈ. ਮੁਹ਼ੰਮਦ ਸਾਹਿਬ ਨੇ ਆਖਿਆ ਕਿ ਪੰਜਾਹ ਵੇਲੇ ਨਮਾਜ਼ ਪੜ੍ਹਨ ਦਾ. ਮੂਸਾ ਨੇ ਕਿਹਾ ਕਿ ਤੇਰੀ ਉੱਮਤ ਨੇ ਕਦੇ ਤਾਮੀਲ ਨਹੀਂ ਕਰਨੀ. ਮੈਂ ਆਪਣੀ ਉੱਮਤ ਨੂੰ ਉਪਦੇਸ਼ ਦੇਕੇ ਥੱਕ ਗਿਆ, ਪਰ ਉਸ ਤੋਂ ਅਮਲ ਨਹੀਂ ਹੋ ਸਕਿਆ. ਜਾਹ, ਮੁੜਕੇ ਖ਼ੁਦਾ ਤੋਂ ਫੇਰ ਪੁੱਛ. ਜਦ ਪੈਗ਼ੰਬਰ ਮੁਹ਼ੰਮਦ ਨੇ ਖ਼ੁਦਾ ਨੂੰ ਇਹ ਮਜਬੂਰੀ ਦੱਸੀ, ਤਦ ਖ਼ੁਦਾ ਨੇ ਘਟਾਉਂਦੇ ਘਟਾਉਂਦੇ ਪੰਜ ਵੇਲੇ ਨਮਾਜ਼ ਮੁਕ਼ੱਰਰ ਕੀਤੀ. ਮੂਸਾ ਪਾਸ ਆਕੇ ਜਦ ਸਾਰਾ ਹ਼ਾਲ ਦੱਸਿਆ, ਤਾਂ ਉਸ ਨੇ ਆਖਿਆ ਕਿ ਲੋਕਾਂ ਨੇ ਪੰਜ ਵੇਲੇ ਭੀ ਨਹੀਂ ਪੜ੍ਹਨੀ. ਜਾਹ, ਖ਼ੁਦਾ ਪਾਸੋਂ ਕੁਝ ਹੋਰ ਮੁਆ਼ਫ਼ੀ ਮੰਗ. ਹ਼ਜ਼ਰਤ ਮੁਹ਼ੰਮਦ ਨੇ ਆਖਿਆ, ਹੁਣ ਬਾਰ ਬਾਰ ਅ਼ਰਜ ਕਰਨ ਤੋਂ ਮੈਨੂੰ ਸ਼ਰਮ ਆਉਂਦੀ ਹੈ, ਹੁਣ ਮੈਂ ਕੁਝ ਨਹੀਂ ਪੁੱਛਾਂਗਾ.#ਨਮਾਜ ਦਾ ਪੜ੍ਹਨਾ ਕ਼ੁਰਾਨ ਦੀਆਂ ਆਯਤਾਂ ਵਿੱਚ ਜਰੂਰੀ ਹੈ, ਇਹ ਨਹੀਂ ਕਿ ਅ਼ਰਬੀ ਦਾ ਤਰਜੁਮਾ ਕਿਸੇ ਹੋਰ ਬੋਲੀ ਵਿੱਚ ਪੜ੍ਹ ਲਵੇ. ਨਮਾਜ਼ ਤੋਂ ਪਹਿਲਾਂ ਜਿਸਮ ਅਤੇ ਵਸਤ੍ਰ ਸ਼ੁੱਧ ਕਰਨੇ ਚਾਹੀਏ. ਨਮਾਜ਼ ਪੜ੍ਹਨ ਦੀ ਜ਼ਮੀਨ ਅਪਵਿਤ੍ਰ ਨਾ ਹੋਵੇ.#ਜੇ ਨਮਾਜ਼ ਮਸਜਿਦ ਵਿੱਚ ਬਹੁਤਿਆਂ ਨੇ ਇਕੱਠੇ ਹੋਕੇ ਪੜ੍ਹਨੀ ਹੋਵੇ, ਤਦ ਮਸੀਤ ਦੇ ਮੀਨਾਰ ਪੁਰ ਚੜ੍ਹਕੇ ਅਜਾਨ (ਬਾਂਗ) ਦਾ ਦੇਣਾ ਜਰੂਰੀ ਹੈ, ਤਾਕਿ ਆਵਾਜ਼ ਸੁਣਕੇ ਸਭ ਜਮਾਂ ਹੋ ਜਾਣ. ਨਮਾਜ਼ ਵੇਲੇ ਜੁੱਤੀ ਉਤਾਰਨੀ ਚਾਹੀਏ ਅਰ ਸਿਰੋਂ ਨੰਗੇ ਹੋਕੇ ਨਮਾਜ਼ ਪੜ੍ਹਨੀ ਨਿਸੇਧ ਕੀਤੀ ਗਈ ਹੈ.#ਉੱਪਰ ਲਿਖੀ ਨਮਾਜ਼ ਤੋਂ ਛੁੱਟ ਕਿਸੇ ਖ਼ਾਸ ਕਾਰਜ ਲਈ ਨਮਾਜ਼ ਪੜ੍ਹਨੀ ਅਥਵਾ ਮੁਰਦੇ ਦੇ ਭਲੇ ਲਈ ਪ੍ਰਾਰਥਨਾ ਕਰਨੀ ਭੀ ਇਸਲਾਮ ਵਿੱਚ ਵਿਧਾਨ ਹੈ.#ਯਹੂਦੀਆਂ ਵਿੱਚ ਸੱਤ ਵੇਲੇ ਨਮਾਜ਼ ਪੜ੍ਹਨ ਦੀ ਰੀਤਿ ਪਾਈ ਜਾਂਦੀ ਹੈ. ਦੇਖੋ, ਜ਼ੱਬੂਰ ਕਾਂਡ ੧੧੯. ਆਯਤ ੧੬੪.¹...