dhharamadhhujāधरमधुजा
ਸੰਗ੍ਯਾ- ਧਰਮ ਦਾ ਧ੍ਵਜਾ (ਝੰਡਾ). ਧਰਮ ਦਾ ਨਿਸ਼ਾਨ। ੨. ਨਿਰਮਲੇ ਸੰਤਾਂ ਦੇ ਅਖਾੜੇ ਦਾ ਨਿਸ਼ਾਨ. ਦੇਖੋ, ਅਖਾੜਾ ਅਤੇ ਨਿਰਮਲੇ। ੩. ਧਰਮ ਦੇ ਨਿਯਮਾਂ ਅਨੁਸਾਰ ਹਨ ਚਿੰਨ੍ਹ ਜਿਸ ਪੁਰ, ਐਸੀ ਧ੍ਵਜਾ.
संग्या- धरम दा ध्वजा (झंडा). धरम दा निशान। २. निरमले संतां दे अखाड़े दा निशान. देखो, अखाड़ा अते निरमले। ३. धरम दे नियमां अनुसार हन चिंन्ह जिस पुर, ऐसी ध्वजा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. धर्म्म. ਸੰਗ੍ਯਾ- ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ." (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ." (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ." (ਸੋਰ ਮਃ ੫) ੪. ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ." (ਵਾਰ ਗਉ ੧. ਮਃ ੪) ੫. ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬. ਫ਼ਰਜ਼. ਡ੍ਯੂਟੀ। ੭. ਨ੍ਯਾਯ. ਇਨਸਾਫ਼। ੮. ਪ੍ਰਕ੍ਰਿਤਿ. ਸੁਭਾਵ। ੯. ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। ੧੧. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨. ਦੇਖੋ, ਧਰਮਅੰਗ। ੧੩. ਦੇਖੋ, ਉਪਮਾ....
ਸੰ. ध्वज. ਸੰਗ੍ਯਾ- ਨਿਸ਼ਾਨ. ਝੰਡਾ. ਯੁਕ੍ਤਿ- ਕਲਪਤਰੁ ਵਿੱਚ ਲਿਖਿਆ ਹੈ ਕਿ ਧ੍ਵਜ ਦੇ ਅੱਠ ਭੇਦ ਹਨ- ਜਯਾ, ਵਿਜ੍ਯਾ, ਭੀਮਾ, ਚਪਲਾ, ਵੈਜਯੰਤਿਕਾ, ਦੀਰਘਾ, ਵਿਸ਼ਾਲਾ, ਲੋਲਾ. ਜਯਾ ਦਾ ਦੰਡ (ਡੰਡਾ) ਪੰਜ ਹੱਥ ਲੰਮਾ, ਵਿਜਯਾ ਦਾ ਛੀ ਹੱਥ. ਇਸੇ ਤਰਾਂ ਕ੍ਰਮ ਅਨੁਸਾਰ ਲੋਲਾ ਦਾ ੧੨. ਹੱਥ ਦਾ ਡੰਡਾ ਹੋਇਆ ਕਰਦਾ ਹੈ....
ਸੰਗ੍ਯਾ- ਨਿਸ਼ਾਨ. ਧੁਜਾ। ੨. ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਥਾਣਾ ਬਢਾਲ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਸੁਚਾਨ ਤੋਂ ਸੱਤ ਮੀਲ ਈਸ਼ਾਨ ਕੋਣ ਅਤੇ ਝੋਰੜ ਤੋਂ ਛੀ ਕੋਹ ਦੱਖਣ ਹੈ. ਇਸ ਥਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੱਖਣ ਨੂੰ ਜਾਂਦੇ ਵਿਰਾਜੇ ਹਨ. ਪਿੰਡ ਦੇ ਲਹਿੰਦੇ ਵੱਲ ਗੁਰਦ੍ਵਾਰਾ ਹੈ. ਰਿਆਸਤ ਪਟਿਆਲੇ ਤੋਂ ੩੨੫ ਰੁਪਯੇ ਸਾਲਾਨਾ ਜਾਗੀਰ ਹੈ. ਪੁਜਾਰੀ ਉਦਾਸੀ ਸਾਧੁ ਹੈ। ੩. ਸ਼੍ਰੀ ਗੁਰੂ ਅਮਰਦਾਸ ਸਾਹਿਬ ਦਾ ਇੱਕ ਪ੍ਰੇਮੀ ਸਿੱਖ। ੪. ਸਿਆਣੇ ਪਿੰਡ (ਜਿਲਾ ਕਰਨਾਲ) ਦਾ ਵਸਨੀਕ ਇੱਕ ਤਖਾਣ, ਜੋ ਗੁਰੂ ਨਾਨਕ ਦੇਵ ਦਾ ਸਿੱਖ ਮਹਾ ਆਤਮਗ੍ਯਾਨੀ ਅਤੇ ਉਪਕਾਰੀ ਸੀ.¹ ਇਹ ਜਗਤਗੁਰੂ ਦੇ ਨਾਲ ਕੁਝ ਕਾਲ ਯਾਤ੍ਰਾ ਵਿੱਚ ਭੀ ਰਿਹਾ ਹੈ. ਇਸ ਦੀ ਔਲਾਦ ਨੇ ਸੰਮਤ ੧੭੫੯ ਵਿੱਚ ਕਲਗੀਧਰ ਤੋਂ ਅਮ੍ਰਿਤ ਛਕਿਆ. ਦਸ਼ਮੇਸ ਦਾ ਬਖ਼ਸ਼ਿਆ ਖੰਡਾ ਹੁਣ ਉਨ੍ਹਾਂ ਪਾਸ ਮੌਜੂਦ ਹੈ। ੫. ਦੇਖੋ, ਝੰਡਾ ਭਾਈ....
ਫ਼ਾ. [نِشان] ਸੰਗ੍ਯਾ- ਝੰਡਾ, ਧ੍ਵਜ, ਰਿਆਸਤਾਂ ਅਤੇ ਧਰਮਾਂ ਦੇ ਨਿਸ਼ਾਨ ਵੱਖ- ਵੱਖ ਹੋਇਆ ਕਰਦੇ ਹਨ, ਜਿਸ ਤੋਂ ਉਨ੍ਹਾਂ ਦੀ ਭਿੰਨਤਾ ਜਾਣੀ ਜਾਂਦੀ ਹੈ, ਸਿੰਘਾਂ (ਖਾਲਸੇ) ਦੇ ਨਿਸ਼ਾਨ ਦੇ ਸਿਰ ਖੜਗ (ਖੰਡੇ) ਦਾ ਚਿੰਨ੍ਹ ਹੋਇਆ ਕਰਦਾ ਹੈ ਅਤੇ ਫਰਹਰਾ ਬਸੰਤੀ ਰੰਗ ਦਾ ਹੁੰਦਾ ਹੈ। ੨. ਚਿੰਨ੍ਹ। ੩. ਲਕ੍ਸ਼੍ਣ (ਲੱਛਣ), ੪. ਸ਼ਾਹੀ ਫ਼ਰਮਾਨ। ੫. ਤਮਗ਼ਾ। ੬. ਸੰਗੀਤ ਅਨੁਸਾਰ ਲੰਮਾ ਨਗਾਰਾ, ਜਿਸ ਦਾ ਭਾਂਡਾ ਤਿੰਨ ਹੱਥ ਦਾ ਗਹਿਣਾ (ਡੂੰਘਾ) ਹੋਵੇ, ਪਰ ਹੁਣ ਨਿਸ਼ਾਨ ਸ਼ਬਦ ਨਗਾਰੇਮਾਤ੍ਰ ਵਾਸਤੇ ਵਰਤੀਦਾ ਹੈ, "ਲਘੁ ਨਿਸਾਨ ਅਰੁ ਬਜੀ ਨਫੀਰੀ," (ਗੁਪ੍ਰਸੂ) "ਬਜ੍ਯੋ ਨਿਸਾਨ ਇਹ ਜੰਬੁ ਦੀਪ,"(ਗ੍ਯਾਨ) ੭. ਸੰ. ਨਿਸ਼ਾਨ, ਤਿੱਖਾ (ਤੇਜ਼) ਕਰਨਾ....
ਨਿਰਮਲਾ ਦਾ ਬਹੁਵਚਨ. ਦੇਖੋ, ਨਿਰਮਲਾ। ੨. ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੰਘਾਂ (ਰਾਮ ਸਿੰਘ, ਕਰਮ ਸਿੰਘ, ਗੰਡਾ ਸਿੰਘ, ਵੀਰਸਿੰਘ, ਸੋਭਾ ਸਿੰਘ) ਨੂੰ ਬ੍ਰਾਹਮਚਾਰੀ ਦੇ ਭੇਸ ਵਿੱਚ ਸੰਸਕ੍ਰਿਤ ਵਿਦ੍ਯਾ ਪੜ੍ਹਨ ਲਈ ਕਾਸ਼ੀ ਭੇਜਿਆ ਸੀ, ਉਨ੍ਹਾਂ ਦੀ "ਨਿਰਮਲੇ" ਸੰਗ੍ਯਾ ਹੋਈ. ਇਨ੍ਹਾਂ ਪੰਜਾਂ ਦੇ ਚਾਟੜੇ ਜੋ ਨਿਰਮਲ ਵਸਤ੍ਰ ਪਹਿਰ ਸ਼ਾਂਤਚਿੱਤ ਰਹਿਕੇ ਵਿਦ੍ਯਾ ਅਰ ਨਾਮ ਦਾ ਅਭ੍ਯਾਸ, ਅਤੇ ਧਰਮਪ੍ਰਚਾਰ ਕਰਦੇ ਰਹੇ ਹਨ, ਉਹ ਸਭ ਨਿਰਮਲੇ ਸੱਦੇ ਜਾਂਦੇ ਹਨ. ਸਿੱਖਕੌਮ ਵਿੱਚ ਨਿਰਮਲੇ ਸਾਧੂ ਵਿਦ੍ਯਾ ਦੇ ਪ੍ਰੇਮੀ ਅਰ ਵਿਚਾਰ ਵਾਨ ਹਨ. ਦੇਖੋ, ਅਖਾੜਾ ਅਤੇ ਧਰਮਧੁਜਾ....
ਸੰ. अक्षार- ਅਕ੍ਸ਼ਾਰ. ਸੰਗ੍ਯਾ- ਰੰਗਭੂਮਿ. ਓਹ ਥਾਂ ਜਿੱਥੇ ਨਟਾਕ ਦੇ ਤਮਾਸ਼ੇ ਖੇਡੇ ਜਾਣ. Theatre. "ਸਭ ਤੇਰਾ ਖੇਲ ਅਖਾੜਾ ਜੀਉ." (ਮਾਝ ਮਃ ੫) ੨. ਮੱਲਯੁੱਧ ਦੀ ਭੂਮੀ। ੩. ਰਣਭੂਮਿ. "ਏਹੁ ਅਖਾੜਾ ਹਰਿ ਪ੍ਰੀਤਮ ਸਚੇ ਕਾ ਜਿਨਿ ਆਪਣੇ ਜੋਰਿ ਸਭ ਆਣਿ ਨਿਵਾਏ." (ਵਾਰ ਗਉ ੧, ਮਃ ੪)#"ਬਿਖਮ ਅਖਾੜਾ ਮੈ ਗੁਰੁ ਮਿਲਿ ਜੀਤਾ." (ਆਸਾ ਛੰਤ ਮਃ ੫) ੪. ਸਾਧੂਆਂ ਦਾ ਡੇਰਾ। ੫. ਸੰਤਾਂ ਦੀ ਮੰਡਲੀ. ਉਦਾਸੀ ਅਤੇ ਨਿਰਮਲੇ ਸਾਧੂਆਂ ਦੇ ਨਿਯਮਾਂ ਵਿੱਚ ਆਏ ਹੋਏ ਧਰਮ ਪ੍ਰਚਾਰਕ ਜਥੇ "ਅਖਾੜਾ" ਨਾਉਂ ਤੋਂ ਪ੍ਰਸਿੱਧ ਹਨ, ਜਿਨ੍ਹਾਂ ਦੀ ਸੰਖੇਪ ਕਥਾ ਇਹ ਹੈ:-#(ੳ) ਉਦਾਸੀਨ ਮਤ ਦੇ ਭੂਖਣ ਮਹਾਤਮਾ ਪ੍ਰੀਤਮ ਦਾਸ ਜੀ ਨੇ ਇੱਕ ਵਾਰ ਮਨ ਵਿੱਚ ਵਿਚਾਰ ਕੀਤਾ ਕਿ ਗੁਰੁਮਤ ਦੇ ਸਾਧੂਆਂ ਨੂੰ ਤੀਰਥਾਂ ਦੇ ਮੇਲਿਆਂ ਤੇ ਰਹਿਣ ਅਤੇ ਭੋਜਨ ਦੀ ਭਾਰੀ ਤਕਲੀਫ ਹੁੰਦੀ ਹੈ, ਇਸ ਲਈ ਕੋਈ ਅਜੇਹਾ ਪ੍ਰਬੰਧ ਕਰਨਾ ਚਾਹੀਏ, ਜਿਸ ਤੋਂ ਇਹ ਕਮੀ ਪੂਰੀ ਹੋ ਜਾਵੇ. ਪ੍ਰਮਾਤਮਾ ਨੇ ਸ਼ੁੱਧ ਸੰਕਲਪ ਪੂਰਣ ਕਰਨ ਲਈ ਨਜਾਮ ਹੈਦਰਾਬਾਦ ਦੇ ਵਜ਼ੀਰ ਚੰਦੂ ਲਾਲ ਦੇ ਚਾਚੇ ਨਾਨਕਚੰਦ ਦਾ ਮਨ ਪ੍ਰੇਰਿਆ, ਜਿਸ ਨੇ ਸੱਤ ਲੱਖ ਰੁਪਯਾ ਪ੍ਰੀਤਮਦਾਸ ਜੀ ਦੀ ਭੇਟਾ ਕੀਤਾ. ਸੰਤ ਜੀ ਨੇ ਇਹ ਰੁਪਯਾ ਪ੍ਰਯਾਗ ਵਿੱਚ ਲਿਆਕੇ ਉਦਾਸੀ ਸੰਤਾਂ ਅੱਗੇ ਰੱਖਕੇ ਆਖਿਆ ਕਿ ਸਾਨੂੰ ਭੀ ਸੰਨ੍ਯਾਸੀ ਵੈਰਾਗੀ ਸਾਧਾਂ ਦੇ ਅਖਾੜਿਆਂ ਦੀ ਤਰ੍ਹਾਂ ਆਪਣਾ ਜੁਦਾ ਅਖਾੜਾ ਬਣਾਉਣਾ ਲੋੜੀਏ, ਜਿਸ ਤੋਂ ਤੀਰਥਾਂ ਉਤੇ ਸਾਡੇ ਭਾਈ ਸੁਤੰਤ੍ਰ ਰਹਿਕੇ ਨਿਰਵਾਹ ਕਰਨ ਅਤੇ ਦੇਸਾਂ ਵਿੱਚ ਗੁਰੁਮਤ ਦਾ ਪ੍ਰਚਾਰ ਹੋਵੇ.#ਨਿਰਵਾਣ ਪ੍ਰੀਤਮਦਾਸ ਜੀ ਦੀ ਸਿਖ੍ਯਾ ਅਨੁਸਾਰ ਸੰਮਤ ੧੮. ੩੬ ਵਿੱਚ ਪੰਚਾਇਤੀ ਅਖਾੜੇ ਦੀ ਰਚਨਾ ਹੋਈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਪ੍ਰਧਾਨ ਅਤੇ ਉਨ੍ਹਾਂ ਦੀ ਤਾਬੇ ਚਾਰ ਮਹੰਤ- ਗੰਗਾ ਰਾਮ, ਕੂਟਸ੍ਥ ਬ੍ਰਹਮ, ਅਰੂਪ ਬ੍ਰਹਮ ਅਤੇ ਅਟਲ ਬ੍ਰਹਮ ਥਾਪੇ. ਅਤੇ ਤੰਬੂ, ਚਾਂਦਨੀ, ਦਰੀਆਂ, ਗਲੀਚੇ, ਘੋੜੇ, ਊਠ, ਗੱਡੇ, ਲੰਗਰ ਦੇ ਬਰਤਨ, ਵਾਜੇ ਆਸੇ ਛਤ੍ਰ ਆਦਿ ਸਭ ਸਾਮਾਨ ਬਣਾਇਆ, ਅਤੇ ਅਜੇਹੇ ਉੱਤਮ ਨਿਯਮ ਬੰਨ੍ਹੇ ਕਿ ਇੰਤਜਾਮ ਵਿੱਚ ਕਦੀ ਵਿਘਨ ਨਾ ਪਵੇ. ਇਸ ਅਖਾੜੇ ਦਾ ਸਦਰ ਮੁਕਾਮ ਪ੍ਰਯਾਗ ਹੈ, ਪਰ ਕਨਖਲ, ਕਾਸ਼ੀ ਆਦਿ ਅਸਥਾਨਾਂ ਵਿੱਚ ਭੀ ਇਸ ਦੀਆਂ ਬਹੁਤ ਇਮਾਰਤਾਂ ਹਨ.#(ਅ) ਸੰਮਤ ੧੮੯੬ ਵਿੱਚ ਕਿਸੇ ਗੱਲੋਂ ਪੰਚਾਇਤੀ ਅਖਾੜੇ ਨਾਲ ਸੰਗਤ ਸਾਹਿਬ (ਭਾਈ ਫੇਰੂ) ਦੀ ਸੰਪ੍ਰਦਾਯ ਦੇ ਸਾਧੂ ਸੰਤੋਖ ਦਾਸ, ਹਰਿ ਨਾਰਾਯਣ ਦਾਸ, ਸੂਰ ਦਾਸ ਜੀ ਆਦਿ ਦਾ ਵਿਗਾੜ ਹੋ ਗਿਆ. ਇਸ ਕਾਰਣ ਉਨ੍ਹਾਂ ਨੇ ਮਿਲਕੇ "ਸ੍ਰੀ ਗੁਰੁ ਨਯਾ ਅਖਾੜਾ ਉਦਾਸੀਨ" ਬਣਾਇਆ, ਜਿਸ ਨੂੰ ਲੋਕ 'ਉਦਾਸੀਆਂ ਦਾ ਛੋਟਾ ਅਖਾੜਾ' ਆਖਦੇ ਹਨ. ਇਸ ਦਾ ਸਦਰ ਮੁਕਾਮ ਕਨਖਲ ਹੈ ਅਤੇ ਹੋਰ ਸਾਰੇ ਤੀਰਥਾਂ ਤੇ ਸੁੰਦਰ ਮਕਾਨ ਹਨ. ਪ੍ਰਬੰਧ ਪੰਚਾਯਤੀ ਅਖਾੜੇ ਵਾਂਙ ਹੀ ਬਹੁਤ ਚੰਗਾ ਹੈ.¹#(ੲ) ਉਦਾਸੀਆਂ ਵਾਂਙ ਨਿਰਮਲੇ ਸੰਤਾਂ ਨੇ ਜਦ ਆਪਣੇ ਮਤ ਦੇ ਸੰਤਾਂ ਦਾ ਤੀਰਥਾਂ ਤੇ ਦੂਜੇ ਸਾਧੂਆਂ ਤੋਂ ਅਪਮਾਨ ਡਿੱਠਾ, ਤਾਂ ਇਨ੍ਹਾਂ ਦੇ ਮਨ ਵਿੱਚ ਭੀ ਆਪਣਾ ਜੁਦਾ ਅਖਾੜਾ ਬਣਾਉਣ ਦਾ ਖਿਆਲ ਆਇਆ. ਭਾਈ ਤੋਤਾ ਸਿੰਘ ਜੀ, ਰਾਮ ਸਿੰਘ ਜੀ, ਮਤਾਬ ਸਿੰਘ ਜੀ ਆਦਿਕ ਗੁਰੁਮੁਖ ਸੰਤਾਂ ਦੀ ਪ੍ਰੇਰਣਾ ਕਰਕੇ ਸੰਮਤ ੧੯੧੮ ਵਿੱਚ ਮਹਾਰਾਜਾ ਨਰੇਂਦ੍ਰ ਸਿੰਘ ਜੀ ਪਟਿਆਲਾਪਤੀ, ਮਹਾਰਾਜਾ ਭਰਪੂਰ ਸਿੰਘ ਜੀ ਨਾਭਾਪਤਿ ਅਤੇ ਮਹਾਰਾਜਾ ਸਰੂਪ ਸਿੰਘ ਜੀ ਜੀਂਦ (ਸੰਗਰੂਰ) ਪਤਿ ਨੇ ਨਿਰਮਲੇ ਸੰਤਾਂ ਦਾ ਅਖਾੜਾ ਕਾਇਮ ਕੀਤਾ, ਜਿਸ ਦਾ ਪ੍ਰਸਿੱਧ ਨਾਉਂ "ਧਰਮਧੁਜਾ" ਹੈ. ਇਸ ਦੇ ਪਹਿਲੇ ਸ਼੍ਰੀ ਮਹੰਤ ਭਾਈ ਮਤਾਬ ਸਿੰਘ ਜੀ ਥਾਪੇ ਗਏ. ਪਟਿਆਲੇ ਨੇ ੮੦੦੦੦) ਨਕਦ ਅਤੇ ੪੦੦੦) ਦੀ ਸਾਲਾਨਾ ਜਾਗੀਰ, ਨਾਭੇ ਨੇ ੧੬੦੦੦) ਨਕਦ ਅਤੇ ੫੭੫) ਦੀ ਸਾਲਾਨਾ ਜਾਗੀਰ, ਜੀਂਦ ਨੇ ੨੦੦੦੦) ਨਕਦ ਅਤੇ ੧੩੦੦) ਦੀ ਸਾਲਾਨਾ ਜਾਗੀਰ ਦਿੱਤੀ, ਅਤੇ ਤਿੰਨਾਂ ਰਿਆਸਤਾਂ ਵੱਲੋਂ ਇਹ ਸਾਂਝਾ ਦਸਤੂਰੁਲਅਮਲ ਲਿਖਿਆ ਗਿਆ:-#ਦਸਤੂਰੁਲਅਮਲ#ਤਿੰਨਾਂ ਰਿਆਸਤਾਂ² ਵਲੋਂ#ਵਾਸਤੇ ਅਖਾੜਾ ਨਿਰਮਲਾ ਪੰਥ ਗੁਰੂ#ਗੋਬਿੰਦ ਸਿੰਘ ਜੀ³#੧. ਇੱਕ ਸ਼੍ਰੀ ਮਹੰਤ ਤਿੰਨਾਂ ਰਿਆਸਤਾਂ ਦੀ ਸਲਾਹ ਨਾਲ ਅਤੇ ਚਾਰ ਮਹੰਤ ਹੋਰ, ਜੋ ਪੰਜ ਕੱਕਿਆਂ (ਅਰਥਾਤ ਕੱਛ, ਕ੍ਰਿਪਾਨ, ਕੇਸ, ਕੰਘੇ, ਕੜੇ) ਦੀ ਰਹਿਤ ਵਾਲੇ ਹੋਣ, ਸ਼ਰੀ ਮਹੰਤ ਦੀ ਸਲਾਹ ਨਾਲ ਥਾਪੇ ਜਾਣਗੇ.#੨. ਜੋ ਲਾਂਗਰੀ ਅਖਾੜੇ ਵਿੱਚ ਪ੍ਰਸਾਦ ਤਿਆਰ ਕਰਨ ਵਾਲੇ ਹੋਣ, ਉਹ ਭੀ ਇਸੇ ਰਹਿਤ ਵਾਲੇ ਹੋਣਗੇ.#੩. ਦੋ ਕਾਰਬਾਰੀ, ਦੋ ਭੰਡਾਰੀ, ਜਿਨ੍ਹਾਂ ਦੇ ਸਪੁਰਦ ਲੰਗਰ ਦੀ ਸਾਮਗ੍ਰੀ ਹੋਵੇਗੀ, ਅਤੇ ਇੱਕ ਗ੍ਰੰਥੀ ਤੇ ਇੱਕ ਗ੍ਯਾਨੀ (ਅਰਥ ਕਰਨ ਵਾਲਾ) ਮੁਕੱਰਰ ਹੋਣਗੇ, ਇਹ ਛੀ ਆਦਮੀ ਭੀ ਰਹਿਤ ਵਾਲੇ ਹੋਣ ਅਤੇ ਇੱਕ ਜਾਂ ਦੋ ਚੋਬਦਾਰ ਮੁਕਰਰ ਕੀਤੇ ਜਾਣ.#੪. ਜੋ ਸ਼ਰੀ ਮਹੰਤ ਹੁਣ ਹੈ, ਇਸ ਲਈ ਰਹਿਤ ਦੀ ਪਾਬੰਦੀ ਜਰੂਰੀ ਨਹੀਂ, ਪਰ ਜੋ ਸ਼੍ਰੀ ਮਹੰਤ ਅੱਗੇ ਲਈ ਥਾਪਿਆ ਜਾਊਗਾ ਉਹ ਲਾਇਕ, ਵਿਰਕਤ ਅਤੇ ਰਹਿਤ ਵਾਲਾ ਹੋਵੇਗਾ.#੫. ਜਦ ਸ਼੍ਰੀ ਮਹੰਤ ਕਿਸੀ ਰਿਆਸਤਗਾਹ ਵਿੱਚ ਆਵੇ ਜਾਂ ਰਈਸ ਨੂੰ ਅਖਾੜੇ ਵਿੱਚ ਜਾਣ ਦਾ ਸਮਾਂ ਮਿਲੇ, ਤਾਂ ਉਸ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ਼੍ਰੀ ਮਹੰਤ ਨੂੰ ਭੇਟਾ ਅਰਪਨ ਕੀਤੀ ਜਾਵੇਗੀ. ਹੋਰ ਕਿਸੇ ਮਹੰਤ ਨੂੰ ਜੁਦੀ ਜੁਦੀ ਪੂਜਾ ਨਹੀਂ ਦਿੱਤੀ ਜਾਵੇਗੀ.#੬. ਜੋ ਆਮਦਨੀ ਇਸ ਕਿਸਮ ਦੀ ਹੋਵੇਗੀ, ਭਾਵੇਂ ਕਿਸੇ ਥਾਂ ਤੋਂ ਆਵੇ, ਉਸ ਦਾ ਜਮਾ ਖਰਚ ਅਖਾੜੇ ਵਿੱਚ ਹੁੰਦਾ ਰਹੇਗਾ. ਜੇ ਕੋਈ ਮਹੰਤ ਬਾਹਰ ਤੋਂ ਕੁਝ ਲਿਆਵੇ ਤਾਂ ਉਹ ਭੀ ਅਖਾੜੇ ਵਿੱਚ ਜਮਾ ਕਰਾਵੇ. ਆਪਣੇ ਪਾਸ ਕੁਝ ਨਾ ਰੱਖੇ.#੭. ਜੇ ਸ਼੍ਰੀ ਮਹੰਤ ਧਰਮ ਅਰਥ ਕਿਸੇ ਸਾਧੂ ਬ੍ਰਾਹਮਣ ਜਾਂ ਅਪਾਹਜ ਨੂੰ ਲੋਈ ਜਾਂ ਨਕਦ ਰੁਪਇਆ ਤੀਰਥਯਾਤ੍ਰਾ ਲਈ, ਜਾਂ ਕੋਈ ਵਸਤ੍ਰ ਦੇਣਾ ਚਾਹੇ ਤਾਂ ਦੇ ਸਕਦਾ ਹੈ, ਪਰ ਕਾਗਜਾਂ ਵਿੱਚ ਪੂਰਾ ਵੇਰਵਾ ਲਿਖਿਆ ਜਾਇਆ ਕਰੇ.#੮. ਜੇ ਕਿਸੇ ਥਾਂ ਧਰਮਧੁਜਾ ਅਖਾੜਾ ਗੁਰੂ ਗੋਬਿੰਦ ਸਿੰਘ ਜੀ ਭੰਡਾਰਾ ਕਰਨਾ ਚਾਹੇ ਤਾਂ ਸ਼੍ਰੀ ਮਹੰਤ ਦੀ ਸਲਾਹ ਅਤੇ ਪ੍ਰਵਾਨਗੀ ਨਾਲ ਕਰੇ. ਸ਼੍ਰੀ ਮਹੰਤ ਦੀ ਮਨਜੂਰੀ ਤੋਂ ਬਗੈਰ ਖਰਚ ਕਰਨ ਦਾ ਅਧਿਕਾਰ ਨਹੀਂ. ਭਲਾ ਜੇ ਕਦੀਂ ਕੋਈ ਐਸਾ ਸਮਾਂ ਹੋਵੇ ਕਿ ਖਾਸ ਕਿਸੇ ਕੰਮ ਲਈ ਕੁਝ ਖਰਚ ਕਰਨਾ ਪਵੇ ਅਤੇ ਉਸ ਸਮੇਂ ਛੇਤੀ ਸ਼੍ਰੀ ਮਹੰਤ ਦੀ ਮਨਜੂਰੀ ਨਹੀਂ ਆ ਸਕਦੀ, ਤਦ ਉਸ ਕੰਮ ਨੂੰ ਆਰੰਭ ਕਰ ਦੇਣ, ਪਰ ਉਸ ਦੀ ਇੱਤਲਾਹ ਸ਼੍ਰੀ ਮਹੰਤ ਨੂੰ ਦੇ ਦੇਣ.#੯. ਜੇ ਕੋਈ ਐਸੀ ਲੋੜ ਹੋਵੇ ਕਿ ਨਵਾਂ ਮਹੰਤ ਥਾਪਣਾ ਹੈ ਤਾਂ ਉਸ ਪਾਸੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਸਮ ਲਈ ਜਾਵੇ ਕਿ ਮੈਂ ਰਹਿਤ ਵਿੱਚ ਚੰਗੀ ਤਰ੍ਹਾਂ ਰਹਾਂਗਾ ਅਤੇ ਜੋ ਆਮਦਨੀ ਕਿਸੇ ਤਰ੍ਹਾਂ ਦੀ ਭੀ ਹੋਵੇਗੀ, ਉਹ ਅਖਾੜੇ ਵਿੱਚ ਜਮਾਂ ਕਰਾ ਦਿਆ ਕਰਾਂਗਾ.#੧੦ ਸ਼ਰੀ ਮਹੰਤ ਅਤੇ ਦੂਜੇ ਮਹੰਤਾਂ ਲਈ ਜ਼ਰੂਰੀ ਹੋਊਗਾ ਕਿ ਜੇ ਕੋਈ ਸਿੱਖ ਜਾਗੀਰਦਾਰ ਜਾਂ ਸਰਦਾਰ ਅਖਾੜੇ ਲਈ ਭੰਡਾਰਾ ਕਰਨਾ ਚਾਹੇ ਤਾਂ ਜੈਸੀ ਉਸ ਦੀ ਸ਼੍ਰੱਧਾ ਹੋਵੇ ਵੈਸੇ ਕਰੇਗਾ. ਮਹੰਤਾਂ ਨੂੰ ਚਾਹੀਦਾ ਹੈ ਕਿ ਉਸ ਵਿੱਚ ਕਿਸੀ ਤਰ੍ਹਾਂ ਦਾ ਤਕਰਾਰ ਨਾ ਕਰਨ. ਉਸ ਦੀ ਇੱਜਤ ਦਾ ਖਯਾਲ ਰੱਖਣ.#੧੧ ਇਸੀ ਤਰਾਂ ਜੇ ਕੋਈ ਸਿੱਖ ਇਸ ਫਿਰਕੇ ਦਾ ਡੇਰੇਦਾਰ ਅਖਾੜੇ ਲਈ ਭੰਡਾਰਾ ਕਰੇ, ਤਾਂ ਉਸ ਲਈ ਭੀ ਉੱਪਰਲੀ ਦਫਾ (ਨੰਬਰ ੧੦) ਅਨੁਸਾਰ ਅਮਲ ਕੀਤਾ ਜਾਵੇ. ਹਾਂ, ਜੇ ਕਰ ਇਹ ਗੱਲ ਪਾਈ ਜਾਵੇ ਕਿ ਉਹ ਗੁਜਾਰੇ ਵਾਲਾ ਹੈ ਅਤੇ ਜਾਣ ਬੁੱਝਕੇ ਕਮਜੋਰੀ ਜਾਹਰ ਕਰਦਾ ਹੈ, ਤਾਂ ਜਿਸ ਰਿਆਸਤ ਨਾਲ ਉਹ ਸੰਬੰਧ ਰੱਖਦਾ ਹੋਵੇ, ਉਸ ਰਿਆਸਤ ਪਾਸ ਤਜਵੀਜ ਕਰਕੇ ਉਸ ਦਾ ਰੁਪਯਾ ਜਬਤ ਕਰਕੇ ਅਖਾੜੇ ਵਿੱਚ ਜਮਾ ਕਰਾ ਦਿੱਤਾ ਕਰਨ.#੧੨ ਸਫ਼ਰ ਵਿੱਚ ਅਖਾੜੇ ਨੂੰ ਜੇ ਕੋਈ ਗੁਰਦ੍ਵਾਰਾ ਆ ਜਾਵੇ ਤਾਂ ਦਰਸ਼ਨ ਕੀਤੇ ਬਿਨਾ ਨਾ ਲੰਘੇ, ਦਰਸ਼ਨ ਕਰਕੇ ਜਾਵੇ, ਅਤੇ ਅਖਾੜੇ ਵੱਲੋਂ ਜੈਸਾ ਗੁਰਦ੍ਵਾਰਾ ਹੋਵੇ ਵੈਸਾ ਮੱਥਾ ਟੇਕਿਆ ਜਾਵੇ.#੧੩ ਬੈਠਣ ਦੇ ਕਾਇਦੇ ਇਸ ਤਰੀਕੇ ਨਾਲ ਰੱਖਣੇ ਚਾਹੀਏ. ਵਿਚਕਾਰ ਸਵਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਉਸ ਦੇ ਸੱਜੇ ਪਾਸੇ ਸ਼੍ਰੀ ਮਹੰਤ ਅਤੇ ਉਸ ਤੋਂ ਬਾਦ ਦੂਜੇ ਮਹੰਤ ਅਤੇ ਫੇਰ ਹੋਰ ਸਾਧੂ ਸਿੱਖ, ਖੱਬੇ ਪਾਸੇ ਗ੍ਯਾਨੀ ਸਿੱਖ ਅਰਥ ਕਰਨੇ ਵਾਲੇ, ਉਸ ਤੋਂ ਬਾਦ ਹੋਰ ਸਿੱਖ ਸਾਧੂ. ਇਨ੍ਹਾਂ ਤੋਂ ਬਗੈਰ ਭਾਵੈਂ ਹੋਰ ਕੋਈ ਸਾਧੂ ਵਿਦ੍ਵਾਨ ਮਹਾਤਮਾ ਹੋਵੇ ਪਰ ਦਰਬਾਰ ਦੇ ਵੇਲੇ ਆਪਣੇ ਥਾਈਂ ਬੈਠੇ, ਮਹੰਤਾਂ ਤੋਂ ਪਹਿਲਾਂ ਨਹੀਂ ਬਠਾਇਆ ਜਾਵੇਗਾ. ਇਸ ਵਿੱਚ ਉਹਦੇ ਦਾ ਖਯਾਲ ਰੱਖਿਆ ਜਾਵੇਗਾ ਵਿਦ੍ਯਾ ਦਾ ਨਹੀਂ. ਜੇ ਕਰ ਦੂਜੇ ਪੰਥ ਦਾ ਮਹੰਤ ਆ ਜਾਵੇ ਤਾਂ ਗ੍ਯਾਨੀ ਸਿੱਖ ਦੇ ਖੱਬੇ ਪਾਸੇ ਥਾਂ ਦਿੱਤੀ ਜਾਵੇ. ਜੇਕਰ ਸੱਜੇ ਪਾਸੇ ਬੈਠਣ ਲਈ ਥਾਂ ਦਿੱਤੀ ਜਾਵੇ ਤਾਂ ਮਹੰਤਾਂ ਦੇ ਬਾਦ ਦਿੱਤੀ ਜਾਵੇ।#੧੪ ਜਿਹੜੇ ਕੋਈ ਖਾਸ ਮਕਾਨ ਸ਼੍ਰੀ ਮਹੰਤ ਦੇ ਰਹਿਣ ਦੇ ਹੋਣ ਉਨ੍ਹਾਂ ਵਿੱਚ ਸ਼੍ਰੀ ਮਹੰਤ ਤੋਂ ਬਿਨਾ ਹੋਰ ਸਾਧੂ ਨਾ ਰਹੇ, ਹਾਂ ਜੋ ਦੋ ਚਾਰ ਸਾਧੂ ਟਹਿਲ ਸੇਵਾ ਵਾਲੇ ਹੋਣ ਉਹ ਬੇਸ਼ੱਕ ਰਹਿਣ. ਇਸੇ ਤਰ੍ਹਾਂ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਵਾਰਾ ਹੋਵੇ ਉਸ ਮਕਾਨ ਵਿੱਚ ਭੀ ਕੋਈ ਸੌਣਾ ਨਾ ਪਾਵੇ, ਕਿਉਂਕਿ ਬੇਅਦਬੀ ਹੁੰਦੀ ਹੈ.#੧੫ ਕੋਈ ਸਿੱਖ ਸਾਧੂ ਜਾਂ ਗ੍ਰਹਸਥੀ ਆਦਮੀ ਮੱਥਾ ਟੇਕਣ ਆਵੇ ਤਾਂ ਉਸ ਨੂੰ ਮਨਾਹੀ ਨਾ ਹੋਵੇ. ਜੈਸਾ ਅਧਿਕਾਰੀ ਹੋਵੇ ਵੈਸੀ ਉਸ ਨੂੰ ਬੈਠਣ ਲਈ ਥਾਂ ਦਿੱਤੀ ਜਾਵੇ.#੧੬ ਸ਼੍ਰੀ ਮਹੰਤ ਅਤੇ ਦੂਜੇ ਚਾਰ ਮਹੰਤਾਂ ਲਈ ਜਰੂਰੀ ਹੈ ਕਿ ਕਿਸੀ ਰਿਆਸਤ ਵਿੱਚ ਕਿਸੀ ਅਹਿਲਕਾਰ ਦੇ ਮਕਾਨ ਪੁਰ ਨਾ ਜਾਣ, ਜੇ ਕੋਈ ਲੋੜ ਪਵੇ ਤਾਂ ਕਾਰਬਾਰੀ, ਭੰਡਾਰੀ, ਚੋਬਦਾਰ, ਜਾਂ ਡੇਰੇਦਾਰ ਮਹੰਤ ਨੂੰ ਭੇਜ ਦੇਣ, ਪਰ ਜੇ ਕੋਈ ਪ੍ਰਸਾਦ ਛਕਾਵੇ ਤਾਂ ਬਿਲਾ ਸ਼ੱਕ ਜਾਣ.#੧੭ ਅਖਾੜੇ ਦੇ ਸਿੱਖਾਂ ਲਈ ਜਰੂਰੀ ਹੋਵੇਗਾ ਕਿ ਜਦ ਕੋਈ ਮਹੰਤ ਕਿਸੀ ਸਿੱਖ ਆਦਿਕ ਨੂੰ ਕੰਮ ਲਈ ਭੇਜੇ ਤਾਂ ਉਹ ਕੋਈ ਹੀਲਾ ਬਹਾਨਾ ਨਾ ਕਰੇ, ਜੇ ਕਰਨਗੇ ਤਾਂ ਜੁਰਮਾਨੇ ਦੇ ਭਾਗੀ ਹੋਣਗੇ, ਜੋ ਅਖਾੜੇ ਦਾ ਮਹੰਤ ਤਜਵੀਜ ਕਰੇਗਾ।#੧੮ ਜੇ ਕੋਈ ਸਾਧੂ ਸਿੱਖ ਬਿਹੰਗਮ (ਵਿਰਕਤ) ਹੋਕੇ ਡੇਰੇ ਵਿੱਚ ਰਹਿਣਾ ਚਾਹੇ ਤਦ ਉਸ ਪਾਸੋਂ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਇਸ ਮਤਲਬ ਲਈ ਲਗਵਾਇਆ ਜਾਊਗਾ ਕਿ ਮੈਂ ਆਪਣੇ ਪਾਸ ਕੁਝ ਨਹੀਂ ਰਖਿਆ ਸਭ ਕੁਝ ਗੁਰੁਦ੍ਵਾਰੇ ਚੜ੍ਹਾ ਦਿੱਤਾ ਹੈ. ਸੰਗਤ ਵਿੱਚ ਕਾਇਮ ਰਹਾਂਗਾ, ਫੇਰ ਦਾਖਲ ਕਰ ਲਿਆ ਜਾਵੇ. ਜੇਕਰ ਇਸ ਤਰ੍ਹਾਂ ਦਾ ਪ੍ਰਣ ਨਾ ਦੇਵੇ, ਤਾਂ ਉਸ ਨੂੰ ਦਾਖਲ ਨਾ ਕਰਨ.#੧੯ ਮਹੰਤਾਂ ਨੂੰ ਚਾਹੀਦਾ ਹੈ ਕਿ ਰਹਿਤ ਵਾਲੇ ਸਿੱਖਾਂ ਦੇ ਹੱਥੋਂ ਪ੍ਰਸਾਦ ਛਕਣ. ਉਨ੍ਹਾਂ ਪਾਸੋਂ ਹੀ ਕਰਾਉਣ ਅਤੇ ਪ੍ਰਸਾਦ ਡੋਲ ਦੇ ਜਲ ਦਾ ਲੰਗਰ ਵਿੱਚ ਹੋਇਆ ਕਰੇ.#੨੦ ਇਹ ਰੋਕ ਨਹੀਂ ਕਿ ਕਿਸੇ ਦੂਜੇ ਸਿੱਖ ਸਾਧੂਆਂ ਨੂੰ ਭੋਜਨ ਨਾ ਦਿੱਤਾ ਜਾਵੇ, ਪ੍ਰਸਾਦ ਸਭ ਨੂੰ ਦੇਣਾ ਚਾਹੀਏ, ਪਰ ਇਹ ਖਿਆਲ ਰਹੇ ਕਿ ਰਹਿਤ ਵਾਲਿਆਂ ਦੀ ਪੰਗਤ ਤੋਂ ਜੁਦੇ ਹੋ ਜਾਇਆ ਕਰਨ. ਉਨ੍ਹਾਂ ਦੀ ਪੰਗਤ ਜੁਦੀ ਹੋਵੇ.#੨੧ ਇਸਤ੍ਰੀ ਨੂੰ ਅਖਾੜੇ ਵਿੱਚ ਕਦੀਂ ਨਾ ਵੜਨ ਦਿੱਤਾ ਜਾਏ, ਅਤੇ ਨਸ਼ੇ ਸ਼ਰਾਬ ਆਦਿਕ ਲਈ ਭੀ ਰੋਕ ਹੈ, ਮਗਰ ਅਫੀਮ ਅਤੇ ਭੰਗ ਦੀ ਰੋਕ ਨਹੀਂ.#੨੨ ਜੋ ਕੋਈ ਰਹਿਤ ਨਾ ਰੱਖਣ ਵਾਲਾ ਕਿਸੀ ਕੌਮ ਦਾ ਪ੍ਰੇਮੀ ਪ੍ਰਸਾਦ ਕਰਾਉਣਾ ਚਾਹੇ, ਤਾਂ ਨਾਹ ਨਹੀਂ ਕਰਨੀ, ਸੁੱਕਾ ਸੀਧਾ ਲੈ ਕੇ ਆਪਣੇ ਲਾਂਗਰੀਆਂ ਪਾਸੋਂ ਤਿਆਰ ਕਰਾ ਲੈਣਾ.#੨੩ ਜਿਹੜੀ ਰਕਮ ਪਹਿਲਾਂ ਤੋਂ ਹੀ ਅਸਲੀ ਪੇਸ਼ਗੀ ਅਖਾੜੇ ਦੇ ਸਪੁਰਦ ਕੀਤੀ ਗਈ ਹੈ ਉਸ ਦੀ ਆਮਦਨੀ ਸੂਦ ਅਤੇ ਨਫਾ ਤਜਾਰਤ ਤੋਂ ਕਾਰਵਾਈ ਲੰਗਰ ਤੇ ਮੁਰੱਮਤ ਹੋਵੇ ਅਸਲ ਰਕਮ ਨਾ ਖਰਚ ਕੀਤੀ ਜਾਵੇ.#੨੪ ਖਜਾਨੇ ਦਾ ਪ੍ਰਬੰਧ ਇਸ ਤਰ੍ਹਾਂ ਰਹੇਗਾ, ਜੋ ਹਰ ਤਿੰਨੇ ਮਹੰਤ ਹਰ ਤਿੰਨੇ ਸਰਕਾਰਾਂ ਵਿੱਚ ਹਨ ਉਨ੍ਹਾਂ ਦੇ ਸਪੁਰਦ ਰਹੇਗਾ. ਉਹ ਮਹੰਤ ਆਪਣੀ ਆਪਣੀ ਕੋਸ਼ਿਸ਼ ਨਾਲ ਉਸ ਰੁਪਯੇ ਦੀ ਆਮਦਨ ਸੂਦ ਅਤੇ ਤਿਜਾਰਤ ਵਧਾਉਣ ਅਤੇ ਅਖਾੜੇ ਸਦਰ ਵਿੱਚ ਖਬਰ ਦੇਣ, ਅਤੇ ਦਫਾ ਨੰਬਰ ੨੩ ਅਨੁਸਾਰ ਖਰਚ ਕਰਨ, ਸਾਲ ਭਰ ਵਿੱਚ ਇੱਕ ਵਾਰ ਅਖਾੜੇ ਦੇ ਖਾਤੇ ਨੂੰ ਦੇਖ ਲਿਆ ਕਰਨ, ਅਤੇ ਉਹ ਸ਼੍ਰੀ ਮਹੰਤ ਨੂੰ ਮੁਲਾਹਜਾ ਕਰਾਦਿਆ ਕਰਨ.#੨੫ ਸ਼੍ਰੀ ਮਹੰਤ ਆਪਣੇ ਜੀਉਂਦੇ ਜੀ ਜੇ ਕਰ ਕਿਸੇ ਨੂੰ ਆਪਣੀ ਥਾਂ ਅੱਗੇ ਲਈ ਕਰਨਾ ਚਾਹੇ, ਤਾਂ ਤਿੰਨਾਂ ਰਿਆਸਤਾਂ ਦੇ ਅਖਾੜਿਆਂ ਦੀ ਸਲਾਹ ਨਾਲ ਆਪਣੀ ਜਿੰਦਗੀ ਵਿੱਚ ਮੁੱਕਰਰ ਕਰ ਸਕੇਗਾ.#੨੬ ਜੇ ਸ੍ਰੀ ਮਹੰਤ ਨੇ ਆਪਣੇ ਜੀਉਂਦੇ ਆਪ ਕਿਸੀ ਨੂੰ ਸ਼੍ਰੀ ਮਹੰਤ ਥਾਪ ਦਿੱਤਾ ਹੈ ਅਤੇ ਉਸ ਨੇ ਆਪਣੇ ਸਮੇਂ ਵਿੱਚ ਚੰਗਾ ਕੰਮ ਨਹੀਂ ਕੀਤਾ, ਤਾਂ ਤਿੰਨੇ ਸਰਕਾਰਾਂ ਇਤਫਾਕ ਨਾਲ ਉਸ ਨੂੰ ਬਰਖਾਸਤ ਕਰ ਦੇਣਗੀਆਂ.#੨੭ ਜੇ ਕੋਈ ਮਹੰਤ ਇਸ ਰਹਿਤ ਦੇ ਉਲਟ ਅਮਲ ਕਰੇਗਾ ਤਾਂ ਤਿੰਨਾਂ ਸਰਕਾਰਾਂ ਨੂੰ ਅਖਤਿਆਰ ਹੈ ਕਿ ਆਪਣੀ ਸਲਾਹ ਨਾਲ ਉਸਨੂੰ ਮਹੰਤੀ ਤੋਂ ਹਟਾ ਦੇਣ.#੨੮ ਹਰ ਪੰਜ ਮਹੰਤਾਂ ਪਾਸੋਂ ਪਹਿਲਾਂ ਇਕਰਾਰਨਾਮੇ ਲਏ ਜਾਣ, ਕਿ ਅਸੀਂ ਇਸ ਦਸਤੂਰੁਲਅਮਲ ਦੇ ਉਲਟ ਅਮਲ ਨਹੀਂ ਕਰਾਂਗੇ.#ਜੋ ਤਿੰਨੇ ਸਰਕਾਰਾਂ ਲਿਖਿਆ ਕਰਨ ਉਨ੍ਹਾਂ ਦੀ ਨਕਲ ਦਸਤੂਰੁਲ ਅਮਲ ਵਜੋਂ ਗੁਰੁਮੁਖੀ ਵਿੱਚ ਆਪਣੇ ਪਾਸ ਰੱਖਣ, ਅਤੇ ਜੋ ਦਸਤੂਰੁਅਮਲ ਦੀ ਨਕਲਾਂ ਮਹੰਤਾਂ ਨੂੰ ਦਿੱਤੀਆਂ ਜਾਣ, ਉਨ੍ਹਾਂ ਤੇ ਮੁਹਰਾਂ ਲਾਕੇ ਹਰ ਤਿੰਨਾਂ ਦਰਬਾਰਾਂ ਨੂੰ ਦੇਣ, ਜੋ ਮਿਸਲਾਂ ਵਿੱਚ ਰੱਖੀਆਂ ਰਹਿਣ.#੨੯ ਅਖਾੜੇ ਦੇ ਸਿੱਖਾਂ ਲਈ ਜ਼ਰੂਰੀ ਹੋਵੇਗਾ ਕਿ ਇੱਕ ਬਸਤਰ ਸਿੰਗਰਫੀ ਰੱਖਣ ਬਾਕੀ ਸਫੇਦ, ਰਿਵਾਜ ਅਨੁਸਾਰ ਇਹ ਕੇਵਲ ਨਿਸ਼ਾਨ ਹੈ. ਗ੍ਰਹਸਤ ਦਾ ਤਿਆਗ ਅਤੇ ਦਰਵੇਸ਼ੀ ਦਾ ਅਮਲ.#੩੦ ਤੂੰਬੀ ਜਾਂ ਚਿੱਪੀ ਦੀ ਥਾਂ ਗਡਵਾ ਜਾਂ ਲੋਹੇ ਧਾਤੁ ਦਾ ਕਮੰਡਲ ਰੱਖਣ, ਕਿਉਂਕਿ ਤੂੰਬਾ ਅਤੇ ਚਿੱਪੀ ਅਸ਼ੁੱਧ ਹਨ. ਮਿੱਟੀ ਨਾਲ ਸਾਫ ਸ਼ੁੱਧ ਨਹੀਂ ਕੀਤੇ ਜਾ ਸਕਦੇ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. चिन्ह् ਧਾ- ਨਿਸ਼ਾਨ ਕਰਨਾ।#੨. ਸੰਗ੍ਯਾ- ਨਿਸ਼ਾਨ। ੩. ਲਕ੍ਸ਼੍ਣ (ਲੱਛਣ)....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਅਜੇਹੀ. "ਐਸੀ ਕ੍ਰਿਪਾ ਕਰਹੁ ਪ੍ਰਭੁ ਨਾਨਕ." (ਬਾਵਨ)...