dhivānāदिवाना
ਫ਼ਾ. [دیوانا] ਦੀਵਾਨਹ. ਵਿ- ਦੇਵ (ਭੂਤ) ਜੇਹਾ. ਪਾਗਲ. ਸਿਰੜਾ. "ਚਉਰਾਸੀ ਲੱਖ ਫਿਰੈ ਦਿਵਾਨਾ." (ਭੈਰ ਕਬੀਰ) ਚੁਰਾਸੀ ਲੱਖ ਜੀਵ ਆਤਮ- ਗ੍ਯਾਨ ਬਿਨਾ ਝੱਲੇ ਫਿਰ ਰਹੇ ਹਨ। ੨. ਇਸ਼ਕ (ਪ੍ਰੇਮ) ਵਿੱਚ ਮਸ੍ਤ. "ਭਇਆ ਦਿਵਾਨਾ ਸਾਹ ਕਾ ਨਾਨਕ ਬਉਰਾਨਾ." (ਮਾਰੂ ਮਃ ੧) ੩. ਉਦਾਸੀ ਸਾਧੂਆਂ ਦਾ ਇੱਕ ਫ਼ਿਰਕ਼ਾ ਜੋ ਬਾਬਾ ਪ੍ਰਿਥੀਚੰਦ ਜੀ ਦੇ ਪੁਤ੍ਰ ਮਿਹਰਬਾਨ ਤੋਂ ਚੱਲਿਆ ਹੈ. ਦੇਖੋ, ਦਿਵਾਨੇ.
फ़ा. [دیوانا] दीवानह. वि- देव (भूत) जेहा. पागल. सिरड़ा. "चउरासी लॱख फिरै दिवाना." (भैर कबीर) चुरासी लॱख जीव आतम- ग्यान बिना झॱले फिर रहे हन। २. इशक (प्रेम) विॱच मस्त. "भइआ दिवाना साह का नानक बउराना." (मारू मः १) ३. उदासी साधूआं दा इॱक फ़िरक़ा जो बाबा प्रिथीचंद जी दे पुत्र मिहरबान तों चॱलिआ है. देखो, दिवाने.
ਸੰ. देव. ਧਾ- ਖੇਡਣਾ, ਕ੍ਰੀੜਾ ਕਰਨਾ। ੨. ਸੰਗ੍ਯਾ- ਦੇਵਤਾ. ਸੁਰ. "ਨਾਮ ਧਿਆਵਹਿ ਦੇਵ ਤੇਤੀਸ." (ਸਵੈਯੇ ਮਃ ੩. ਕੇ) ਦੇਖੋ, ਲੈਟਿਨ Deus। ੩. ਗੁਰੂ. "ਦੇਵ, ਕਰਹੁ ਦਇਆ ਮੋਹਿ ਮਾਰਗਿ ਲਾਵਹੁ." (ਆਸਾ ਕਬੀਰ) ੪. ਰਾਜਾ। ੫. ਮੇਘ. ਬੱਦਲ। ੬. ਪੂਜ੍ਯ ਦੇਵਤਾ ਦੀ ਮੂਰਤਿ. "ਬਾਹਰਿ ਦੇਵ ਪਖਾਲੀਐ ਜੇ ਮਨ ਧੋਵੈ ਕੋਇ." (ਗੂਜ ਮਃ ੧) ੭. ਪਾਰਬ੍ਰਹਮ. ਕਰਤਾਰ। ੮. ਪਾਰਸੀਆਂ ਦੇ ਪਰਮ ਗ੍ਰੰਥ ਜ਼ੰਦ ਵਿੱਚ ਦੇਵ ਦਾ ਅਰਥ ਅਸੁਰ ਹੈ। ੯. ਦੇਖੋ, ਦੇਉ ੩. ਅਤੇ ੪....
ਇੱਕ ਜੱਟ ਜਾਤਿ। ੨. ਸੰ. ਵਿ- ਭਇਆ. ਵੀਤਿਆ ਗੁਜ਼ਰਿਆ. ਦੇਖੋ, ਭੂ ਧਾ। ੩. ਜੇਹਾ. ਸਮਾਨ. ਤਦ੍ਰੂਪ. "ਸਾਰਭੂਤ ਸਤਿ ਹਰਿ ਕੋ ਨਾਉ." (ਸੁਖਮਨੀ) ਸਾਰਰੂਪ ਹਰਿਨਾਮ। ੪. ਹੋਇਆ. ਭਇਆ. "ਪੰਚ ਦੂਤ ਕਰ ਭੂਤਵਸਿ." (ਭਾਗੁ) ਪੰਜ ਵਿਕਾਰ ਵਸ਼ੀਭੂਤ ਕਰਕੇ। ੫. ਸੰਗ੍ਯਾ- ਵੀਤਿਆ ਹੋਇਆ ਸਮਾਂ. "ਭੂਤ ਭਵਿੱਖ ਭਵਾਨ ਅਭੈ ਹੈ." (ਅਕਾਲ) ੬. ਪ੍ਰਿਥਿਵੀ ਆਦਿ ਤਤ੍ਵ. "ਪੰਚ ਭੂਤ ਕਰਿ ਸਾਜੀ ਦੇਹ." (ਗੁਪ੍ਰਸੂ) ੭. ਕਾਮ ਕ੍ਰੋਧ ਆਦਿ ਵਿਕਾਰ. "ਪੰਚ ਭੂਤ ਸਚਿ ਭੈ ਰਤੇ." (ਸ੍ਰੀ ਮਃ ੧) ੮. ਸ਼ਬਦ ਸਪਰਸ਼ ਆਦਿ ਵਿਸੇ. "ਪੰਚ ਭੂਤ ਸਬਲ ਹੈ ਦੇਹੀ." (ਨਟ ਅਃ ਮਃ ੪) ੯. ਜੀਵ. ਪ੍ਰਾਣੀ. "ਸਰਬ ਭੂਤ ਪਾਰਬ੍ਰਹਮ ਕਰਿ ਮਾਨਿਆ." (ਸੋਰ ਮਃ ੫) ੧੦. ਭੂਤਨਾ. ਮਹਾਭਾਰਤ ਅਤੇ ਵਾਯੁਪੁਰਾਣ ਵਿੱਚ ਲਿਖਿਆ ਹੈ ਕਿ ਦਕ੍ਸ਼੍ ਦੀ ਪੁਤ੍ਰੀ ਕ੍ਰੋਧਾ ਦੇ ਉਦਰ ਤੋਂ ਕਸ਼੍ਯਪ ਦੀ ਔਲਾਦ ਭੂਤ ਹਨ, ਜੋ ਸ਼ਿਵ ਦੀ ਅੜਦਲ ਵਿੱਚ ਰਹਿਂਦੇ ਹਨ. "ਕਹੂੰ ਭੂਤ ਪ੍ਰੇਤੰ ਹਸੈਂ ਮਾਸਹਾਰੰ." (ਵਿਚਿਤ੍ਰ) ੧੧. ਸ਼ਿਵ. ਪ੍ਰਾਣਰਹਿਤ ਦੇਹ. ਮੁਰਦਾ. "ਮਹਤੀਬਾਰ ਲੇਹੁ ਲੇਹੁ ਕਰੀਐ ਭੂਤ ਰਹਨ ਕਿਉ ਦੀਆ?" (ਸੋਰ ਕਬੀਰ) ੧੨. ਸੰਸਾਰ. ਜਗਤ। ੧੩. ਨਿਆਉਂ (ਨ੍ਯਾਯ). ਇਨਸਾਫ। ੧੪. ਤਤ੍ਵ. ਸਾਰ. ਨਿਚੋੜ। ੧੫. ਸਤ੍ਯ। ੧੬. ਮਹੀਨੇ ਦਾ ਹਨੇਰਾ ਪੱਖ. ਵਦੀ....
ਵਿ- ਜੈਸਾ. ਯਾਦ੍ਰਿਸ਼. "ਜੇਹਾ ਆਇਆ ਤੇਹਾ ਜਾਸੀ." (ਮਾਝ ਅਃ ਮਃ ੩) ਸਿੰਧੀ. ਜੇਹੋ....
ਪ੍ਰਾ. ਵਿ- ਸਿਰੜਾ. ਵਿਕ੍ਸ਼ਿਪਤ. ਬਾਵਲਾ. ਵਿਸ਼੍ਵਕੋਸ਼ ਵਿੱਚ ਇਸ ਸ਼ਬਦ ਨੂੰ ਸੰਸਕ੍ਰਿਤ ਮੰਨਕੇ ਅਰਥ ਕੀਤਾ ਹੈ- ਪਾ ਰਕ੍ਸ਼੍ਣੰ ਤਸਮਾਤ੍ ਗਲਤਿ. ਅਰਥਾਤ ਜੋ ਆਪਣੀ ਰ਼ਖ੍ਯਾ ਕਰਨੋਂ ਰਹਿ ਗਿਆ ਹੈ. ਕਿਤਨਿਆਂ ਨੇ ਇਸ ਸ਼ਬਦ 'ਪਾ- ਬ ਗਿਲ' ਤੋਂ ਬਣਿਆ ਮੰਨਿਆ ਹੈ. ਅਰਥਾਤ ਜਿਸ ਦੇ ਪੈਰ ਮਿੱਟੀ ਨਾਲ ਲਿਬੜੇ ਰਹਿਂਦੇ ਹਨ....
ਵਿ- ਜਿਸ ਦਾ ਸਿਰ ਠਿਕਾਣੇ ਨਹੀਂ ਰਿਹਾ. ਦਿਮਾਗ ਜਿਸ ਦਾ ਫਿਰ ਗਿਆ ਹੈ. ਦੀਵਾਨਾ. ਪਾਗਲ. ਸੁਦਾਈ। ੨. ਹਠੀਆ. ਜਿੱਦੀ....
ਸੰ. ਚਤੁਰਸ਼ੀਤਿ. ਸੰਗ੍ਯਾ- ਚੌਰਾਸੀ. ਚਾਰ ਅਤੇ ਅੱਸੀ ੮੪। ੨. ਭਾਵ ਆਵਾਗਮਨ. ਚੌਰਾਸੀ ਲੱਖ ਯੋਨਿ ਦਾ ਗੇੜਾ....
ਦੇਖੋ, ਲਕ੍ਸ਼੍। ੨. ਦੇਖੋ, ਲਕ੍ਸ਼੍ਯ. "ਲੱਖ ਜੀਵ ਅਰੁ ਈਸੁਰ ਕੇਰਾ। ਸਤ ਚਿਤ ਆਨਁਦ ਏਕੈ ਹੇਰਾ ॥" (ਗੁਪ੍ਰਸੂ) "ਲੱਖ ਰੂਪ ਵਾਚਾਰਥ ਜਾਸ ਕਹਿ." (ਗੁਪ੍ਰਸੂ) ਦੇਖੋ, ਵਾਚ੍ਯ....
ਫਿਰਦਾ ਹੈ. ਦੇਖੋ, ਫਿਰਣਾ। ੨. ਫੇਰੈ. ਮੋੜੇ. "ਫਿਰੈ ਆਯਸਾਣੰ." (ਵਿਚਿਤ੍ਰ) ਜੋ ਆਗਯਾ ਮੇਟੇ....
ਫ਼ਾ. [دیوانا] ਦੀਵਾਨਹ. ਵਿ- ਦੇਵ (ਭੂਤ) ਜੇਹਾ. ਪਾਗਲ. ਸਿਰੜਾ. "ਚਉਰਾਸੀ ਲੱਖ ਫਿਰੈ ਦਿਵਾਨਾ." (ਭੈਰ ਕਬੀਰ) ਚੁਰਾਸੀ ਲੱਖ ਜੀਵ ਆਤਮ- ਗ੍ਯਾਨ ਬਿਨਾ ਝੱਲੇ ਫਿਰ ਰਹੇ ਹਨ। ੨. ਇਸ਼ਕ (ਪ੍ਰੇਮ) ਵਿੱਚ ਮਸ੍ਤ. "ਭਇਆ ਦਿਵਾਨਾ ਸਾਹ ਕਾ ਨਾਨਕ ਬਉਰਾਨਾ." (ਮਾਰੂ ਮਃ ੧) ੩. ਉਦਾਸੀ ਸਾਧੂਆਂ ਦਾ ਇੱਕ ਫ਼ਿਰਕ਼ਾ ਜੋ ਬਾਬਾ ਪ੍ਰਿਥੀਚੰਦ ਜੀ ਦੇ ਪੁਤ੍ਰ ਮਿਹਰਬਾਨ ਤੋਂ ਚੱਲਿਆ ਹੈ. ਦੇਖੋ, ਦਿਵਾਨੇ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਦੇਖੋ, ਚਉਰਾਸੀ....
ਸੰ. ਸੰਗ੍ਯਾ- ਜੀਵਾਤਮਾ. "ਈਸ੍ਵਰ ਜੀਵ ਏਕ ਇਮ ਜਾਨਹੁ." (ਗੁਪ੍ਰਸੂ) ਦੇਖੋ, ਆਤਮਾ। ੨. ਪਾਣੀ. "ਜੀਵ ਜਿਤੇ ਜਲ ਮੈ ਥਲ ਮੈ." (ਅਕਾਲ) ੩. ਵ੍ਰਿਹਸਪਤਿ. ਦੇਵਗੁਰੂ। ੪. ਚੰਦ੍ਰਮਾ। ੫. ਵਿਸਨੁ। ੬. ਜਲ. "ਜੀਵ ਗਯੋ ਘਟ ਮੇਘਨ ਕੋ." (ਕ੍ਰਿਸਨਾਵ) ੭. जीव् ਧਾ- ਜਿਉਣਾ, ਉਪਜੀਵਿਕਾ ਲਈ ਕਮਾਉਣਾ, ਸੁਖ ਨਾਲ ਰਹਿਣਾ....
ਸੰ. आत्मन्- ਆਤਮਨ. ਸੰਗ੍ਯਾ- ਪਾਰਬ੍ਰਹਮ. ਵਾਹਗੁਰੂ. ਕਰਤਾਰ. ਇਸ ਸ਼ਬਦ ਦਾ ਪੂਰਾ ਨਿਰਣਾ ਆਤਮਾ ਸ਼ਬਦ ਵਿੱਚ ਦੇਖੋ. "ਆਤਮ ਰਾਮ ਤਿਸੁ ਨਦਰੀ ਆਇਆ." (ਸੁਖਮਨੀ) ੨. ਜੀਵਾਤਮਾ. "ਆਤਮ ਮਹਿ ਰਾਮ, ਰਾਮ ਮਹਿ ਆਤਮ." (ਭੈਰ ਅਃ ਮਃ ੧) ੩. ਅੰਤਹਕਰਣ. ਮਨ. "ਪ੍ਰਭੁ ਕਉ ਸਿਮਰਹਿ ਤਿਨਿ ਆਤਮ ਜੀਤਾ." (ਸੁਖਮਨੀ) ੪. ਆਪਣਾ ਆਪ. "ਸਭ ਤੇ ਨੀਚੁ ਆਤਮ ਕਰਿ ਮਾਨਉ." (ਦੇਵ ਮਃ ੫) ੫. ਦੇਹ. ਸ਼ਰੀਰ। ੬. ਧੀਰਜ। ੭. ਸੁਭਾਉ। ੮. ਸੰ. आ- तमस्- ਆ- ਤਮ. ਗਾੜ੍ਹਾ ਅੰਧੇਰਾ. ਭਾਵ ਅਗ੍ਯਾਨ ਰੂਪ ਅੰਧਕਾਰ. "ਨਿੰਦਾ ਕਰਿ ਕਰਿ ਨਰਕ ਨਿਵਾਸੀ, ਅੰਤਰਿ ਆਤਮ¹ ਜਾਪੈ." (ਮਾਰੂ ਅਃ ਮ ਃ ੧)...
ਦੇਖੋ, ਗਿਆਨ....
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਵ੍ਯ- ਪੁਨਃ ਦੋਬਾਰਾ. ਬਾਰ ਬਾਰ. ਬਹੁਰ....
ਅ਼. [عِشق] ਇ਼ਸ਼ਕ਼ ਸੰਗ੍ਯਾ- ਆਸਕ੍ਤਤਾ. ਪ੍ਰੇਮ. ਪ੍ਰੀਤੀ. "ਇਸਕ ਮੁਹਬਤਿ ਨਾਨਕਾ, ਲੇਖਾ ਕਰਤੇ ਪਾਸਿ." (ਵਾਰ ਮਾਰੂ ੧, ਮਃ ੧)...
ਸੰ. प्रेमन. ਸੰਗ੍ਯਾ- ਪਿਆਰ ਦਾ ਭਾਵ. ਸਨੇਹ. "ਪ੍ਰੇਮ ਕੇ ਸਰ ਲਾਗੇ ਤਨ ਭੀਤਰਿ." (ਸੋਰ ਮਃ ੪) "ਸਾਚ ਕਹੋਂ ਸੁਨਲੇਹੁ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਯੋ." (ਅਕਾਲ) ੨. ਵਾਯੁ. ਪਵਨ....
ਦੇਖੋ, ਮਸਤ....
ਦੇਖੋ, ਭਇਓ. "ਭਇਆ ਮਨੂਰ ਕੰਚਨੁ ਫਿਰਿ ਹੋਵੈ." (ਮਾਰੂ ਮਃ ੧) ੨. ਸੰਗ੍ਯਾ- ਭਯ. ਡਰ. "ਮਹਾ ਬਿਕਟ ਜਮਭਇਆ." (ਸ੍ਰੀ ਮਃ ੫) ੩. ਸੰਬੋਧਨ. ਹੇ ਭੈਯਾ! ਭਾਈ! "ਤਿਨ ਕੀ ਸੰਗਤਿ ਖੋਜੁ ਭਇਆ." (ਰਾਮ ਅਃ ਮਃ ੧...
ਸੰਗ੍ਯਾ- ਸ੍ਵਾਸ. ਦਮ. "ਲੇਖੈ ਸਾਹ ਲਵਾਈਅਹਿ." (ਸ੍ਰੀ ਮਃ ੧) ੨. ਫ਼ਾ. [شاہ] ਸ਼ਾਹ. ਬਾਦਸ਼ਾਹ. "ਸਭਿ ਤੁਝਹਿ ਧਿਆਵਹਿ ਮੇਰੇ ਸਾਹ." (ਧਨਾ ਮਃ ੪) ੩. ਸ਼ਾਹੂਕਾਰ. "ਸਾਹ ਚਲੇ ਵਣਜਾਰਿਆ." (ਵਾਰ ਸਾਰ ਮਃ ੨) ੪. ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਬਖਸ਼ੀ ਹੋਈ ਇੱਕ ਸਿੱਖ ਖਾਨਦਾਨ ਨੂੰ ਪਦਵੀ. ਦੇਖੋ, ਸੋਮਾ ੨। ੫. ਸ੍ਵਾਮੀ. ਪਤਿ। ੬. ਸੰ. साह. ਵਿ- ਪ੍ਰਬਲ. ਜੋਰਾਵਰ....
ਸ਼੍ਰੀ ਗੁਰੂ ਨਾਨਕ ਸ੍ਵਾਮੀ ਦਾ ਨਾਮ, ਜਿਸ ਦੀ ਵ੍ਯਾਖ੍ਯਾ ਵਿਦ੍ਵਾਨਾਂ ਨੇ ਕੀਤੀ ਹੈ-#ਨਹੀਂ ਹੈ ਅਨੇਕਤ੍ਰ ਜਿਸ ਵਿੱਚ (ਅਦ੍ਵੈਤ ਰੂਪ). ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਅਰਥ ਕੀਤਾ ਹੈ-#ਪ੍ਰਾਕ ਜੋ ਨਕਾਰ ਨਾ ਪੁਮਾਨ ਅਭਿਧਾਨ ਜਾਨ#ਤਾਹੂੰ ਤੇ ਅਕਾਰ ਲੇ ਅਨਕ ਪੁਨ ਤੀਨ ਹੈ,#ਦੂਸਰੇ ਨਕਾਰ ਤੇ ਨਿਕਾਰਕੈ ਅਕਾਰ ਇਕ#ਭਯੋ "ਅਨ ਅਕ" ਚਾਰ ਵਰਣ ਸੁ ਕੀਨ ਹੈ,#ਅਕ ਨਾਮ ਦੁੱਖ ਕੋ ਵਿਦਿਤ ਹੈ ਜਗਤ ਮਧ੍ਯ#ਜਾਹਿੰ ਨਰ ਨਹੀਂ ਦੁੱਖ ਸਦਾ ਸੁਖ ਲੀਨ ਹੈ,#ਐਸੇ ਇਹ ਨਾਨਕ ਕੇ ਨਾਮ ਕੋ ਅਰਥ ਚੀਨ#ਸੋਚਿਦ ਅਨੰਦ ਨਿਤ ਭਗਤ ਅਧੀਨ ਹੈ.¹#ਦਖ, ਨਾਨਕ ਦੇਵ ਸਤਿਗੁਰੂ। ੨. ਸ਼੍ਰੀ ਗੁਰੂ ਨਾਨਕ ਦੇਵ ਦੇ ਨੌ ਰੂਪ- ਦੂਜੇ ਸਤਿਗੁਰੂ ਤੋਂ ਦਸ਼ਮ ਤੀਕ ਜਿਨ੍ਹਾਂ ਦੀ "ਨਾਨਕ" ਸੰਗ੍ਯਾ ਹੈ। ੩. ਵਿ- ਨਾਨਾ ਨਾਲ ਹੈ ਜਿਸ ਦਾ ਸੰਬੰਧ. ਨਾਨੇ ਦਾ। ੪. ਸੰਗ੍ਯਾ- ਨਾਨੇ ਦਾ ਵੰਸ਼. "ਨਾਨਕ ਦਾਦਕ ਨਾਉ ਨ ਕੋਈ." (ਭਾਗੁ)...
ਕ੍ਰਿ- ਵਾਤੂਲ ਹੋਣਾ. ਪਾਗਲ ਹੋਣਾ. ਦੇਖੋ, ਬਉਰਾ। ੨. ਵਿ- ਵਾਤੂਲ ਹੋਇਆ. ਸਿਰੜਿਆ ਹੋਇਆ. "ਬਿਨੁ ਨਾਵੈ ਸਭ ਫਿਰੈ ਬਉਰਾਣੀ." (ਆਸਾ ਅਃ ਮਃ ੩) "ਬਿਨੁ ਨਾਵੈ ਸਭੁ ਜਗੁ ਬਉਰਾਇਆ." (ਆਸਾ ਅਃ ਮਃ ੫) "ਲੋਗ ਕਹੈਂ, ਕਬੀਰ ਬਉਰਾਨਾ." (ਭੈਰ ਕਬੀਰ)...
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੰ. उदासीनता. ਉਦਾਸੀਨਤਾ. ਸੰਗ੍ਯਾ- ਉਪਰਾਮਤਾ. ਵਿਰਕ੍ਤਤਾ।#੨. ਨਿਰਾਸਤਾ. "ਉਸ ਦੇ ਮੂੰਹ ਉੱਪਰ ਉਦਾਸੀ ਛਾਈ ਹੋਈ ਹੈ." (ਲੋਕੋ) ੩. ਉਦਾਸੀਨ. ਵਿ- ਉਪਰਾਮ. ਵਿਰਕਤ. "ਗੁਰੁਬਚਨੀ ਬਾਹਰਿ ਘਰਿ ਏਕੋ ਨਾਨਕ ਭਇਆ ਉਦਾਸੀ." (ਮਾਰੂ ਮਃ ੧) ੪. ਸੰਗ੍ਯਾ- ਸਿੱਖ ਕੌਮ ਦਾ ਇੱਕ ਅੰਗ, ਇਹ ਪੰਥ ਬਾਬਾ ਸ੍ਰੀ ਚੰਦ ਜੀ ਤੋਂ ਚੱਲਿਆ ਹੈ, ਜੋ ਸ਼੍ਰੀ ਗੁਰੂ ਨਾਨਕ ਦੇਵ ਦੇ ਵਡੇ ਸੁਪੁਤ੍ਰ ਸਨ. ਬਾਬਾ ਗੁਰੁਦਿੱਤਾ ਜੀ ਇਨ੍ਹਾਂ ਦੇ ਪਹਿਲੇ ਚੇਲੇ ਬਣੇ. ਅੱਗੇ ਇਨ੍ਹਾਂ ਦੇ ਚਾਰ ਸੇਵਕ-#(ੳ) ਬਾਲੂ ਹਸਨਾ. (ਅ) ਅਲਮਸਤ. (ੲ) ਫੂਲਸ਼ਾਹ ਅਤੇ (ਸ) ਗੋਂਦਾ ਅਥਵਾ ਗੋਇੰਦ ਜੀ ਕਰਣੀ ਵਾਲੇ ਸਾਧੁ ਹੋਏ, ਜਿਨ੍ਹਾਂ ਦੇ ਨਾਂਉ ਚਾਰ ਧੂਏਂ ਉਦਾਸੀਆਂ ਦੇ ਪ੍ਰਸਿੱਧ ਹਨ.¹#ਇਨ੍ਹਾਂ ਚਾਰ ਧੂਇਆਂ (ਧੂਣਿਆਂ) ਨਾਲ ਛੀ ਬਖਸ਼ਿਸ਼ਾਂ ਮਿਲਾਕੇ ਦਸਨਾਮੀ ਉਦਾਸੀ ਸਾਧੁ ਕਹੇ ਜਾਂਦੇ ਹਨ. ਛੀ ਬਖਸ਼ਿਸ਼ਾਂ ਇਹ ਹਨ-#(ੳ) ਸੁਥਰੇਸ਼ਾਹੀ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ.#(ਅ) ਸੰਗਤਸਾਹਿਬੀਏ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ.#(ੲ) ਜੀਤਮੱਲੀਏ- ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਸਾਹਿਬ.#(ਸ) ਬਖਤਮੱਲੀਏ- ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਜੀ#(ਹ) ਭਗਤ ਭਗਵਾਨੀਏ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ.#(ਕ) ਮੀਹਾਂਸ਼ਾਹੀਏ- ਬਖ਼ਸ਼ਿਸ਼ ਗੁਰੂ ਤੇਗ ਬਹਾਦੁਰ ਸਾਹਿਬ.#ਉਦਾਸੀਆਂ ਦਾ ਲਿਬਾਸ ਮੰਜੀਠੀ ਚੋਲਾ, ਗਲ ਕਾਲੀ ਸੇਲ੍ਹੀ, ਹੱਥ ਤੂੰਬਾ ਅਤੇ ਸਿਰ ਉੱਚੀ ਟੋਪੀ ਹੈ. ਪਹਿਲਾਂ ਇਸ ਮਤ ਦੇ ਸਾਧੂ ਕੇਸ਼ ਦਾੜੀ ਨਹੀਂ ਮੁਨਾਉਂਦੇ ਸਨ, ਪਰ ਹੁਣ ਬਹੁਤ ਜਟਾਧਾਰੀ, ਮੁੰਡਿਤ, ਭਸਮਧਾਰੀ ਨਾਂਗੇ, ਅਤੇ ਗੇਰੂਰੰਗੇ ਵਸਤ੍ਰ ਪਹਿਰਦੇ ਦੇਖੀਦੇ ਹਨ. ਧਰਮਗ੍ਰੰਥ ਸਭ ਦਾ ਸ੍ਰੀ ਗੁਰੂ ਗ੍ਰੰਥਸਾਹਿਬ ਹੈ. ਦੇਖੋ, ਅਖਾੜਾ ਅਤੇ ਮਾਤ੍ਰਾ....
ਫ਼ਾ. [بابا] ਸੰਗ੍ਯਾ- ਪਿਤਾ. ਬਾਪ. "ਬਾਬਾ, ਹੋਰ ਖਾਣਾ ਖੁਸੀ ਖੁਆਰ."¹ (ਸ੍ਰੀ ਮਃ ੧) ੨. ਦਾਦਾ। ੩. ਪ੍ਰਧਾਨ ਮਹੰਤ। ੪. ਸਤਿਗੁਰੂ ਨਾਨਕਦੇਵ. "ਘਰਿ ਘਰਿ ਬਾਬਾ ਗਾਵੀਐ." (ਭਾਗੁ) "ਜਾਹਰ ਪੀਰ ਜਗਤਗੁਰੁ ਬਾਬਾ." (ਭਾਗੁ) ਦੇਖੋ, ਬਾਬੇਕੇ। ੫. ਬਜ਼ੁਰਗ ਲਈ ਸਨਮਾਨ ਬੋਧਕ. ਸ਼ਬਦ. "ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ." (ਭੈਰ ਕਬੀਰ)...
ਸ਼੍ਰੀ ਗੁਰੂ ਰਾਮਦਾਸ ਜੀ ਦਾ ਵਡਾ ਪੁਤ੍ਰ, ਜੋ ਸੰਮਤ ੧੬੧੫ ਵਿੱਚ ਜਨਮਿਆ. ਇਸ ਦਾ ਦੇਹਾਂਤ ਸੰਮਤ ੧੬੭੫ ਵਿੱਚ ਹੋਇਆ ਹੈ. ਇਸ ਦੀ ਔਲਾਦ ਦੇ ਸੋਢੀ ਛੋਟੇ ਮੇਲ ਦੇ ਕਹੇ ਜਾਂਦੇ ਹਨ. ਦੇਖੋ, ਮੀਣਾ। ੨. ਡਢਵਾਲਾਂ ਦਾ ਪਹਾੜੀ ਸਰਦਾਰ, ਜੋ ਪਹਾੜੀ ਰਾਜਿਆਂ ਨਾਲ ਮਿਲਕੇ ਨਾਦੌਨ ਦੇ ਜੰਗ ਵਿੱਚ ਲੜਿਆ ਦੇਖੋ, ਵਿਚਿਤ੍ਰ ਨਾਟਕ ਅਃ ੯....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਫ਼ਾ. [مِہربان] ਵਿ- ਕ੍ਰਿਪਾਲੁ. ਦਯਾਲੁ। ੨. ਪਿਆਰ ਕਰਨ ਵਾਲਾ। ੩. ਬਾਬਾ ਪ੍ਰਿਥੀਚੰਦ ਦਾ ਪੁਤ੍ਰ, ਜੋ ਦਿਵਾਨੇ ਭੇਖ ਦਾ ਮੁਖੀਆ ਹੋਇਆ. ਇਸ ਨੇ ਭੀ ਪਿਤਾ ਵਾਂਙ ਗੁਰੂ ਸਾਹਿਬ ਨਾਲ ਝਗੜਾ ਰੱਖਿਆ, ਅਰ ਇੱਕ ਜਨਮਸਾਖੀ ਸ਼੍ਰੀ ਗੁਰੂ ਨਾਨਕਦੇਵ ਜੀ ਦੀ ਲਿਖੀ, ਜਿਸ ਵਿੱਚ ਬਹੁਤ ਬਾਤਾਂ ਗੁਰਮਤ ਵਿਰੁੱਧ ਹਨ....
ਹਰੀਆ ਅਤੇ ਬਾਲਾ ਜੱਟ, ਬਾਬਾ ਪ੍ਰਿਥੀਚੰਦ ਦੇ ਪੁਤ੍ਰ ਮਿਹਰਬਾਨ ਦੇ ਚੇਲੇ ਹੋਏ, ਜੋ ਆਪਣਾ ਕਾਲਾ ਮੂੰਹ ਕਰਕੇ ਸਿਰ ਉੱਪਰ ਮੋਰਪੰਖ ਦਾ ਮੁਕੁਟ ਪਹਿਰਦੇ ਸਨ. ਇਸ ਕਰਕੇ ਉਨ੍ਹਾਂ ਦੀ ਅਤੇ ਉਨ੍ਹਾਂ ਤੋਂ ਜੋ ਪੰਥ ਚੱਲਿਆ ਉਸ ਦੀ, ਦਿਵਾਨੇ ਸੰਗ੍ਯਾ ਹੋਈ. ਦਿਵਾਨਿਆਂ ਦੀ ਗੱਦੀ ਪਿੰਡ ਕੋਟਪੀਰ ਮਾਲਵੇ ਵਿੱਚ ਹੈ ਅਤੇ ਪਟਿਆਲੇ ਬਾਵਾ ਰਾਮਦਾਸ ਜੀ ਦਾ ਡੇਰਾ ਇਸੇ ਸੰਪ੍ਰਦਾ ਦਾ ਹੈ. ਦਿਵਾਨੇ ਸਾਧੂ ਉਦਾਸੀਆਂ ਵਿੱਚ ਹੀ ਗਿਣੇ ਜਾਂਦੇ ਹਨ. ਇਨ੍ਹਾਂ ਦਾ ਭੀ ਧਰਮਪੁਸ੍ਤਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ....