tiuhāraतिउहार
ਸੰਗ੍ਯਾ- ਤਿਥਿ- ਵਾਰ. ਉਤਸਵ ਮਨਾਉਣ ਦਾ ਦਿਨ. ਪਰਬ ਦਾ ਦਿਨ. ਤ੍ਯੋਹਾਰ. ਵੈਸਾਖੀ, ਹੋਲੀ, ਈ਼ਦ, ਅਤੇ Christmas day ਆਦਿ.
संग्या- तिथि- वार. उतसव मनाउण दा दिन. परब दा दिन. त्योहार. वैसाखी, होली, ई़द, अते Christmas day आदि.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਚੰਦ੍ਰਮਾ ਦੀ ਕਲਾ ਦੇ ਵਧਣ ਘਟਣ ਨਾਲ ਸ਼ੁਮਾਰ ਹੋਣ ਵਾਲਾ ਦਿਨ. ਮਿਤਿ. ਤਾਰੀਖ਼. ਮਹੀਨੇ ਦੇ ਦੋ ਪੱਖਾਂ ਦੇ ਲਿਖਣ ਲਈ ਤਿਥਾਂ ਦੇ ਨਾਲ ਸੁਦੀ ਬਦੀ ਸ਼ਬਦ ਜੋੜਦੇ ਹਨ. ਸ਼ੁਕ੍ਲ (ਚਿੱਟਾ) ਦਿਨ ਦਾ ਸੰਖੇਪ ਸ਼ੁਦਿ ਹੈ, ਜਿਸ ਤੋਂ ਸੁਦੀ ਬਣ ਗਿਆ ਹੈ, ਬਹੁਲ (ਕਾਲਾ) ਦਿਨ ਦਾ ਸੰਖੇਪ ਬਦਿ ਹੈ, ਜਿਸ ਤੋਂ ਬਦੀ ਸ਼ਬਦ ਬਣਿਆ ਹੈ। ੨. ਪੰਦ੍ਰਾਂ ਦੀ ਗਿਣਤੀ, ਕ੍ਯੋਂਕਿ ਪੱਖ ਵਿੱਚ ਪੰਦਰਾਂ ਤਿਥਾਂ ਹੁੰਦੀਆਂ ਹਨ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰ. उत्सव. ਸੰਗ੍ਯਾ- ਆਨੰਦ. ਖ਼ੁਸ਼ੀ। ੨. ਆਨੰਦ ਦੇਣ ਵਾਲਾ ਕਰਮ....
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਸੰ. पर्व् ਧਾ- ਭਰਨਾ, ਪੂਰਨ ਕਰਨਾ। ੨. ਸੰਗ੍ਯਾ- ਪਰ੍ਵ (पर्वन्). ਧਰਮ ਅਤੇ ਉਤਸਵ ਦਾ ਸਮਾ। ੩. ਉਤਸਵ, ਮੰਗਲ। ੪. ਭਾਗ. ਹਿੱਸਾ। ੫. ਗ੍ਰੰਥ ਦਾ ਭਾਗ. ਖੰਡ. ਜੈਸੇ- ਮਹਾਭਾਰਤ ਦੇ ਅਠਾਰਾਂ ਪਰਬ. "ਸੁਨੋ ਬ੍ਯਾਸ ਤੇ ਪਰਬ ਅਸਟੰ ਦਸਾਂਨੰ." (ਗ੍ਯਾਨ) ੬. ਸ਼ਰੀਰ ਦੇ ਜੋੜ. ਸੰਨ੍ਹ....
ਦੇਖੋ, ਤਿਉਹਾਰ....
ਸੰਗ੍ਯਾ- ਵੈਸ਼ਾਖੀ. ਵਿਸ਼ਾਖਾ ਨਛਤ੍ਰ ਵਾਲੀ ਪੂਰਣਮਾਸੀ। ੨. ਵੈਸ਼ਾਖ ਮਹੀਨੇ ਦਾ ਪਹਿਲਾ ਪ੍ਰਵਿਸ੍ਟਾ ਸੂਰਜ ਦੇ ਹਿਸਾਬ ਵੈਸ਼ਾਖ ਦਾ ਪਹਿਲਾ ਦਿਨ. ਗੁਰਦਰਸ਼ਨ ਲਈ ਵੈਸ਼ਾਖੀ ਦੇ ਦਿਨ ਦੇਸ਼ ਦੇਸ਼ਾਂਤਰਾਂ ਦੀ ਸੰਗਤਿ ਦਾ ਏਕਤ੍ਰ ਹੋਣਾ, ਅਰਥਾਤ ਵੇਸਾਖੀ ਦਾ ਮੇਲਾ, ਸਭ ਤੋਂ ਪਹਿਲਾਂ ਡੱਲਾ ਨਿਵਾਸੀ ਭਾਈ ਪਾਰੋ ਪਰਮਹੰਸ ਨੇ ਗੁਰੂ ਅਮਰਦੇਵ ਦੀ ਆਗ੍ਯਾ ਨਾਲ ਕਾਇਮ ਕੀਤਾ ਸੀ. ਖਾਲਸਾਪੰਥ ਦਾ ਇਹ ਜਨਮਦਿਨ ਭੀ ਹੈ, ਇਸ ਲਈ ਸਿੱਖਾਂ ਦਾ ਮਹਾਨ ਪਰਵ ਹੈ....
ਸੰ. ਹੋਲਾਕਾ ਅਥਵਾ ਹੋਲਿਕਾ. ਸੰਗ੍ਯਾ- ਹੋਲਿਕਾਦਹਨ. ਫੱਗੁਣ ਸੁਦੀ ੧੫. ਦਾ ਤ੍ਯੋਹਾਰ. ਦੇਖੋ, ਢੁੰਡਾ. "ਹੋਲਿ ਦਸਹਰਾ ਦਰਸਨ ਆਵਹੁ." (ਗੁਪ੍ਰਸੂ) "ਹੋਲੀ ਕੀਨੀ ਸੰਤਸੇਵ." (ਬਸੰ ਮਃ ੫)...
ਅ਼. [عیِد] ਸੰਗ੍ਯਾ- ਉਤਸਵ. ਤ੍ਯੋਹਾਰ. ਪਰ੍ਵ. ਮੁਸਲਮਾਨਾਂ ਦੇ ਮੁਖ ਪਰਵ ਇਹ ਹਨ-#(੧) ਈ਼ਦੁਲਫ਼ਿਤ਼ਰ. [عیِدالفطر] ਵ੍ਰਤ ਉਪਾਰਣ ਦਾ ਤ੍ਯੋਹਾਰ. ਰਮਜ਼ਾਨ ਦੇ ਰੋਜ਼ੇ ਸਮਾਪਤ ਹੋਣ ਪੁਰ ਨਵੇਂ ਚੰਦ ਨੂੰ ਵੇਖਕੇ ਇਹ ਉਤਸਵ ਮਨਾਇਆ ਜਾਂਦਾ ਹੈ.#(੨) ਈ਼ਦੁਲਅਜਹ਼ਾ. [عیِدالاضحےٰ] . ਕੁਰਬਾਨੀ ਦਾ ਤ੍ਯੋਹਾਰ. ਮਹੀਨੇ ਜ਼ੁਅਲਹਿੱਜਾਹ ਦੀ ਦਸਵੀਂ ਤਾਰੀਖ਼ ਨੂੰ ਇਹ ਪਰਵ ਮਨਾਇਆ ਜਾਂਦਾ ਹੈ. ਇਸ ਵਿਚ ਪਸ਼ੂ ਦੀ ਕੁਰਬਾਨੀ ਕਰਨੀ ਜਰੂਰੀ ਹੈ। ਕੁਰਬਾਨ ਕੀਤੇ ਪਸ਼ੂ ਦਾ ਇੱਕ ਹਿੱਸਾ ਰਿਸ਼ਤੇਦਾਰਾਂ ਨੂੰ, ਇੱਕ ਹਿੱਸਾ ਗਰੀਬਾਂ ਨੂੰ, ਤੀਜਾ ਹਿੱਸਾ ਆਪਣੇ ਵਰਤਣ ਲਈ ਰੱਖਣਾ ਚਾਹੀਏ. ਗਊ ਦੀ ਕੁਰਬਾਨੀ ਕਰਨ ਵਾਲੇ ਇਸ ਨੂੰ "ਬਕਰਹ ਈ਼ਦ" ਆਖਦੇ ਹਨ. ਅ਼ਰਬੀ ਵਿੱਚ ਬਕਰਹ ਨਾਉਂ ਗਊ ਦਾ ਹੈ. ਇਸ ਈ਼ਦ ਦਾ ਨਾਂਉਂ "ਈ਼ਦੁਲ ਕਬੀਰ" (ਵੱਡੀ ਈ਼ਦ) ਭੀ ਹੈ. "ਜਾਕੇ ਈਦਿ ਬਕਰੀਦਿ ਕੁਲ ਗਊ ਰੇ ਬਧ ਕਰਹਿ." (ਮਲਾ ਰਵਿਦਾਸ)#੩. ਸ਼ਬੇ ਬਰਾਤ. [شب برات] ਸ਼ਅ਼ਬਾਨ ਮਹੀਨੇ ਦੀ ਪੰਦਰਵੀਂ ਰਾਤ. ਪੈਗੰਬਰ ਮੁਹ਼ੰਮਦ ਦਾ ਹੁਕਮ ਹੈ ਕਿ ਇਸ ਰਾਤ ਮੁਸਲਮਾਨਾਂ ਨੂੰ ਸੌਣਾ ਨਹੀਂ ਚਾਹੀਏ. ਵ੍ਰਤ ਰੱਖਕੇ ਕੁਰਾਨ ਦੇ ਪੰਜਾਹ ਰੁਕੂ ਪੜ੍ਹਨੇ ਚਾਹੀਏ. ਇਸ ਰਾਤ ਖੁਦਾ, ਪ੍ਰਾਣੀਆਂ ਦੇ ਵਰ੍ਹੇ ਦੇ ਕੀਤੇਕਰਮ ਵਹੀ (ਰਜਿਸਟਰ) ਪੁਰ ਦਰਜ ਕਰਦਾ ਹੈ. ਅੱਜ ਕਲ ਇਸ ਰਾਤ ਨੂੰ ਰਸੂਲ ਦੇ ਹੁਕਮ ਦੇ ਵਿਰੁੱਧ ਲੋਕ ਆਤਸ਼ਬਾਜ਼ੀ ਚਲਾਉਂਦੇ ਅਤੇ ਬਹੁਤ ਖਾਣ ਪੀਣ ਤੇ ਖਰਚ ਕਰਦੇ ਹਨ.#੪. ਨੌਰੋਜ਼. [نوروز] ਨਵਾਂ ਦਿਨ. ਹਿਜਰੀ ਸਾਲ ਦਾ ਪਹਿਲਾ ਦਿਨ. ਨੌਰੋਜ਼ ਦਾ ਉਤਸਵ ਇੱਕ ਹਫਤਾ ਭਰ ਮੁਸਲਮਾਨਾਂ ਵਿੱਚ ਰਹਿੰਦਾ ਹੈ.¹#੫. ਆਖ਼ਿਰੀ ਚਹਾਰ ਸ਼ੰਬਹ. [آخری چہارثنبہ] ਸਫ਼ਰ ਮਹਨੇ ਦਾ ਅਖ਼ੀਰੀ ਬੁਧਵਾਰ. ਇਸ ਦਿਨ ਮੁਹ਼ੰਮਦ ਸਾਹਿਬ ਨੇ ਅਰੋਗ ਹੋਕੇ ਸਨਾਨ ਕੀਤਾ ਸੀ.#੬. ਲੈਲਤੁੱਰ ਗ਼ਾਇਬ. [لیلتہ الرغائب] ਫ਼ਰਜ਼ ਪੂਰਾ ਕਰਨ ਦੀ ਰਾਤ. ਰਜਬ ਮਹੀਨੇ ਦੇ ਪਹਿਲੇ ਸ਼ੁਕ੍ਰ ਵਾਰ ਦੀ ਰਾਤ, ਜਿਸ ਵਿੱਚ ਵ੍ਰਤ ਅਤੇ ਪ੍ਰਾਰਥਨਾ ਕਰਨੀ ਵਿਧਾਨ ਹੈ.#੭. ਮੌਲੂਦ. [مولود] ਤਵੱਲਦ ਹੋਣ ਦਾ ਦਿਨ. ਰਬੀਉਲ ਅੱਵਲ ਦੀ ੧੨ਵੀਂ ਤਾਰੀਖ, ਇਸ ਦਿਨ ਪੈਗੰਬਰ ਮੁਹ਼ੰਮਦ ਦਾ ਜਨਮ ਹੋਇਆ ਸੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...