juhīजुही
ਇੱਕ ਪ੍ਰਕਾਰ ਦੀ ਚਮੇਲੀ. ਸੰ. ਯੂਥੀ. L. Jasminum auriculatum । ੨. ਭਾਈ ਸੰਤੋਖ ਸਿੰਘ ਜੀ ਦੇ ਕਾਵ੍ਯ ਵਿੱਚ ਲਿਖਾਰੀ ਨੇ ਕੁਹੀ ਦੀ ਥਾਂ ਜੁਹੀ ਲਿਖ ਦਿੱਤਾ ਹੈ. "ਬਾਜ ਜੁਹੀ ਲੀਨ ਗਨ ਆਯੋ." (ਗੁਪ੍ਰਸੂ) ਦੇਖੋ, ਕੁਹੀ.
इॱक प्रकार दी चमेली. सं. यूथी. L. Jasminum auriculatum । २. भाई संतोख सिंघ जी दे काव्य विॱच लिखारी ने कुही दी थां जुही लिख दिॱता है. "बाज जुही लीन गन आयो." (गुप्रसू) देखो, कुही.
ਸੰ. ਸੰਗ੍ਯਾ- ਤਰਹ. ਭਾਂਤਿ "ਅਨਿਕ ਪ੍ਰਕਾਰ ਕੀਓ ਬਖ੍ਯਾਨ" (ਸੁਖਮਨੀ) ੨. ਭੇਦ. ਕਿਸਮ। ੩. ਸਮਾਨਤਾ. ਬਰਾਬਰੀ। ੪. ਸੰ. ਪ੍ਰਾਕਾਰ ਕਿਲਾ. ਕੋਟ. "ਤੁਮ ਹੀ ਦੀਏ ਅਨਿਕ ਪ੍ਰਕਾਰਾ, ਤੁਮ ਹੀ ਦੀਏ ਮਾਨ." (ਸਾਰ ਮਃ ੫)...
ਸੰ. ਚੰਦ੍ਰਵੱਲੀ. ਚੰਦ੍ਰਮਾਂ ਜੇਹੇ ਚਿੱਟੇ ਫੁੱਲਾਂ ਦੀ ਬੇਲ. L. Jasminum grandiflorum. ਚਮੇਲੀ ਦੇ ਫੁੱਲ ਵਡੀ ਸੁਗੰਧ ਵਾਲੇ ਹੁੰਦੇ ਹਨ ਅਤੇ ੧੨. ਮਹੀਨੇ ਖਿੜਦੇ ਹਨ. ਇਨ੍ਹਾਂ ਫੁੱਲਾਂ ਦਾ ਫੁਲੇਲ ਅਤੇ ਇ਼ਤ਼ਰ ਬਹੁਤ ਉੱਤਮ ਹੁੰਦਾ ਹੈ. ਬਸੰਤੀ ਚਮੇਲੀ ਦਾ ਨਾਮ "ਚੰਪਕਵੱਲੀ" ਹੈ. ਇਸ ਦੇ ਫੁੱਲਾਂ ਵਿੱਚ ਸੁਗੰਧ ਨਹੀਂ ਹੁੰਦੀ....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਸੰ. संतोष ਸੰਤੋਸ. ਸੰਗ੍ਯਾ- ਸਬਰ. ਲੋਭ ਦਾ ਤਿਆਗ. "ਮਨਿ ਸੰਤੋਖੁ ਸਬਦਿ ਗੁਰ ਰਾਜੇ." (ਰਾਮ ਮਃ ੫) ੨. ਪ੍ਰਸੰਨਤਾ. ਆਨੰਦ. "ਕੋਮਲ ਬਾਣੀ ਸਭ ਕਉ ਸੰਤੋਖੈ." (ਗਉ ਥਿਤੀ ਮਃ ੫) ਦੇਖੋ, ਤੁਸ ਅਤੇ ਤੋਖ....
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਸੰਗ੍ਯਾ- ਕਵਿ ਦਾ ਕਰਮ। ੨. ਕਵਿਤਾ ਜੋ ਰਸਭਰੀ ਹੋਵੇ. ਰਸਾਤਮਕ ਵਾਕ੍ਯ.¹ ਵਿਦ੍ਵਾਨਾਂ ਨੇ ਕਾਵ੍ਯ ਦੇ ਦੋ ਭੇਦ ਮੰਨੇ ਹਨ, ਗਦ੍ਯ ਅਤੇ ਪਦ੍ਯ, ਅਰਥਾਤ ਵਾਰਤਿਕ ਅਤੇ ਛੰਦ, ਅਥਵਾ ਨਸ਼ਰ ਅਤੇ ਨਜਮ. ਪਰੰਤੂ ਇਹ ਬਾਤ ਨਿਸ਼ਚੇ ਕਰਨੀ ਚਾਹੀਏ ਕਿ ਜੇ ਵਾਰਤਿਕ ਅਤੇ ਛੰਦਰਚਨਾ ਰਸਾਤਮਕ ਨਹੀਂ, ਅਰ ਜਿਸ ਵਿੱਚ ਕੋਈ ਚਮਤਕਾਰ ਨਹੀਂ, ਤਦ ਉਹ 'ਕਾਵ੍ਯ' ਨਹੀਂ, ਗਦ੍ਯ ਅਤੇ ਪਦ੍ਯ ਦੇ ਗੁਣੀਆਂ ਨੇ ਦੋ ਭੇਦ ਹੋਰ ਥਾਪੇ ਹਨ, ਸ਼੍ਰਵ੍ਯ ਅਤੇ ਦ੍ਰਿਸ਼੍ਯ. ਜੋ ਸੁਣਨ ਤੋਂ ਆਨੰਦਦਾਇਕ ਹੋਵੇ ਉਹ ਸ਼੍ਰਵ੍ਯ, ਅਰ ਜੋ ਦੇਖਣ ਤੋਂ ਆਨੰਦ ਦਾ ਕਾਰਣ ਹੋਵੇ ਉਹ ਦ੍ਰਿਸ਼੍ਯ, ਜੈਸੇ ਨਾਟਕ ਆਦਿ। ੩. ਸ਼ੁਕ੍ਰ, ਜੋ ਕਵਿਕਰਮ ਵਿੱਚ ਨਿਪੁਣ ਹੈ। ੪. ਦੇਖੋ, ਰੋਲਾ....
ਲੇਖਕ. ਲਿਖਣ ਵਾਲਾ....
ਸੰ. ਕੁਧਿ. ਸੰਗ੍ਯਾ- ਬਾਜ਼ ਦੀ ਕ਼ਿਸਮ ਦਾ ਇੱਕ ਸ਼ਿਕਾਰੀ ਪੰਛੀ, ਜੋ ਸ੍ਯਾਹਚਸ਼ਮ ਹੁੰਦਾ ਹੈ. ਇਸ ਨੂੰ ਸ਼ਾਹੀਨ ਕੁਹੀ ਆਖਿਆ ਜਾਂਦਾ ਹੈ. ਇਸ ਦਾ ਕੱਦ ਲਗੜ ਬਰੋਬਰ ਹੁੰਦਾ ਹੈ. ਇਸ ਵਿੱਚ ਸਭ ਸਿਫਤਾਂ ਬਹਿਰੀ ਜੇਹੀਆਂ ਹੁੰਦੀਆਂ ਹਨ. ਇਹ ਮਦੀਨ ਹੈ. ਇਸ ਦੇ ਨਰ ਦਾ ਨਾਉਂ ਕੋਹੀਲਾ ਹੈ. ਇਸ ਦਾ ਰੰਗ ਸੁਰਖੀ ਮਿਲਿਆ ਕਾਲਾ ਹੈ. ਕਿਸੇ ਕਿਸੇ ਦਾ ਖਾਕੀ ਭੀ ਹੁੰਦਾ ਹੈ. ਇਹ ਪੰਜਾਬੀ ਪੰਛੀ ਨਹੀਂ, ਵਿਦੇਸ਼ ਤੋਂ ਸਰਦੀ ਦੇ ਸ਼ੁਰੂ ਵਿੱਚ ਆਉਂਦਾ ਹੈ. ਸਿਖਾਈ ਹੋਈ ਕੁਹੀ ਚੰਗਾ ਸ਼ਿਕਾਰ ਕਰਦੀ ਹੈ. ਖਾਸ ਕਰਕੇ ਮੁਰਗਾਬੀਆਂ ਦਾ ਸ਼ਿਕਾਰ ਇਸ ਨਾਲ ਬਹੁਤ ਅੱਛਾ ਹੁੰਦਾ ਹੈ. ਜਿਸ ਝੀਲ ਵਿੱਚ ਮੁਰਗਾਬੀਆਂ ਬੈਠੀਆਂ ਹੋਣ ਇਹ ਉਸ ਉਤੇ ਮੰਡਲਾਉਣ ਲਗਦੀ ਹੈ. ਇਸ ਦੇ ਡਰ ਤੋਂ ਮੁਰਗਾਬੀਆਂ ਉਡਦੀਆਂ ਨਹੀਂ. ਸ਼ਿਕਾਰੀ ਬੰਦੂਕ ਨਾਲ ਖੂਬ ਸ਼ਿਕਾਰ ਕਰਦਾ ਹੈ. ਬੰਦੂਕ ਦੀ ਆਵਾਜ਼ ਨਾਲ ਜਦ ਮੁਰਗਾਬੀਆਂ ਉਡਦੀਆਂ ਹਨ ਤਦ ਕੁਹੀ ਉਨ੍ਹਾਂ ਦੇ ਉੱਪਰ ਚੱਕਰ ਬੰਨ੍ਹ ਲੈਂਦੀ ਹੈ. ਉਹ ਡਰਦੀਆਂ ਫੇਰ ਝੀਲ ਤੇ ਹੀ ਆ ਬੈਠਦੀਆਂ ਹਨ, ਜਿਸ ਤੋਂ ਸ਼ਿਕਾਰੀ ਨੂੰ ਬਹੁਤ ਸ਼ਿਕਾਰ ਮਿਲ ਜਾਂਦਾ ਹੈ. ਜੇ ਇਸ ਦਾ ਬੱਚਾ ਪਾਲਿਆ ਜਾਵੇ ਤਾਂ ਬਾਜ਼ ਵਾਂਙ ਕਈ ਵਰ੍ਹੇ ਸ਼ਿਕਾਰੀ ਪਾਸ ਰਹਿੰਦਾ ਹੈ. Falco Peregrinator. "ਸੀਹਾਂ ਬਾਜਾਂ ਚਰਗਾਂ ਕੁਹੀਆਂ ਇਨਾਂ ਖਵਾਲੇ ਘਾਹੁ." (ਵਾਰ ਮਾਝ ਮਃ ੧) ਦੇਖੋ, ਸ਼ਿਕਾਰੀ ਪੰਛੀ। ੨. ਖ਼ਾ. ਦਾਤੀ (ਦਾਤ੍ਰੀ). ਘਾਹ ਵੱਢਣ ਦਾ ਦੰਦੇਦਾਰ ਸੰਦ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਇੱਕ ਪ੍ਰਕਾਰ ਦੀ ਚਮੇਲੀ. ਸੰ. ਯੂਥੀ. L. Jasminum auriculatum । ੨. ਭਾਈ ਸੰਤੋਖ ਸਿੰਘ ਜੀ ਦੇ ਕਾਵ੍ਯ ਵਿੱਚ ਲਿਖਾਰੀ ਨੇ ਕੁਹੀ ਦੀ ਥਾਂ ਜੁਹੀ ਲਿਖ ਦਿੱਤਾ ਹੈ. "ਬਾਜ ਜੁਹੀ ਲੀਨ ਗਨ ਆਯੋ." (ਗੁਪ੍ਰਸੂ) ਦੇਖੋ, ਕੁਹੀ....
ਸੰ. लिख्. ਧਾ- ਜਾਣਾ, ਲਿਖਣਾ, ਲਕੀਰ ਖਿੱਚਣਾ, ਖੁਰਚਣਾ, ਉੱਕਰਨਾ....
ਸੰ. ਵਾਦ੍ਯ. ਬਾਜਾ. "ਸੁਨੀਐ ਬਾਜੈ ਬਾਜ ਸੁਹਾਵੀ." (ਮਲਾ ਮਃ ੫) "ਸੁਨਤ ਹਨੇ ਬਾਜਨ ਪਰ ਡੰਕੇ." (ਗੁਪ੍ਰਸੂ) ੨. ਬਾਜੇ ਦੀ ਧੁਨਿ। ੩. ਵਜਾਉਣ ਦਾ ਪ੍ਰਕਾਰ. ਵਾਦਨ ਦੇ ਭੇਦ. "ਅਨਿਕ ਨਾਦ ਅਨਿਕ ਬਾਜ." (ਭੈਰ ਪੜਤਾਲ ਮਃ ੫) ੪. ਸੰ. ਵਾਜ. ਜਲ। ੫. ਯਗ੍ਯ। ੬. ਤੀਰ ਦਾ ਪੰਖ। ੭. ਵੇਗ. ਤੇਜ਼ੀ। ੮. ਗਮ੍ਯਤਾ. ਪਹੁਂਚ. "ਬਾਜ ਹਮਾਰੀ ਥਾਨ ਥਨੰਤਰਿ." (ਭੈਰ ਮਃ ੫) ੯. ਸੰ. ਵਾਜੀ (वाजिन्). ਘੋੜਾ. "ਫਿਰ੍ਯੋ ਦੇਸ ਦੇਸੰ ਨਰੇਸਾਨ ਬਾਜੰ." (ਰਾਮਾਵ) ੧੦. ਫ਼ਾ. [باز] ਬਾਜ਼. ਇੱਕ ਸ਼ਿਕਾਰੀ ਪੰਛੀ, ਜੋ ਗੁਲਾਬਚਸ਼ਮ ਪੰਛੀਆਂ ਦਾ ਰਾਜਾ ਹੈ. ਇਹ ਜੁੱਰਰਹ ਦੀ ਮਦੀਨ ਹੈ. ਇਸ ਦਾ ਕੱਦ ਜੁਰਰੇ ਨਾਲੋਂ ਵਡਾ ਹੁੰਦਾ ਹੈ. ਬਾਜ ਸਰਦ ਦੇਸਾਂ ਤੋਂ ਫੜਕੇ ਪੰਜਾਬ ਵਿੱਚ ਲਿਆਈਦਾ ਹੈ. ਇੱਥੇ ਆਂਡੇ ਨਹੀਂ ਦਿੰਦਾ. ਦਸ ਬਾਰਾਂ ਵਰ੍ਹੇ ਇਹ ਸ਼ਿਕਾਰ ਦਾ ਕੰਮ ਦਿੰਦਾ ਹੈ. ਗਰਮੀਆਂ ਵਿੱਚ ਇਸ ਨੂੰ ਠੰਡੇ ਥਾਂ ਕੁਰੀਚ (ਕਰੀਜ) ਬੈਠਾਉਂਦੇ ਹਨ, ਜਦ ਕਿ ਇਹ ਪੁਰਾਣੇ ਖੰਭ ਸਿੱਟਕੇ ਨਵੇਂ ਬਦਲਦਾ ਹੈ. ਇਹ ਤਿੱਤਰ ਮੁਰਗਾਬੀ ਅਤੇ ਸਹੇ ਦਾ ਚੰਗਾ ਸ਼ਿਕਾਰ ਕਰਦਾ ਹੈ. ਪੁਰਾਣੇ ਸਮੇਂ ਅਮੀਰ ਲੋਕ ਬਾਜ਼ ਨੂੰ ਆਪਣੇ ਹੱਥ ਤੇ ਰੱਖਦੇ ਅਤੇ ਬਹੁਤ ਸ਼ਿਕਾਰ ਖੇਡਦੇ ਸਨ. ਦੇਖੋ, ਸ਼ਿਕਾਰੀ ਪੰਛੀਆਂ ਦਾ ਚਿਤ੍ਰ. "ਸੀਹਾ ਬਾਜਾ ਚਰਗਾ ਕੁਹੀਆ, ਏਨਾ ਖਵਾਲੇ ਘਾਹ." (ਮਃ ੧. ਵਾਰ ਮਾਝ) ੧੧ਕ੍ਰਿ. ਵਿ- ਫਿਰ. ਪੁਨ ਵਾਪਿਸ. "ਦੀਜੈ ਬਾਜ ਦੇਸ ਹਮੈ ਮੇਟੀਐ ਕਲੇਸ." (ਚੰਡੀ ੧) ੧੨. ਔਰ. ਅਤੇ। ੧੩. ਸੰਗ੍ਯਾ- ਸ਼ਰਾਬ। ੧੪. ਕਰ. ਮਹਿਸੂਲ। ੧੫. ਵਿ- ਸ਼੍ਰੇਸ੍ਟ. ਉੱਤਮ. "ਬਿਸੁਕਰਮਾ ਤੇ ਬਾਜ." (ਚਰਿਤ੍ਰ ੧੪੩) ਵਿਸ੍ਵਕਰਮਾਂ ਨਾਲੋਂ ਵਧੀਆ। ੧੬. ਪੁਤ੍ਯ- ਜੋ ਸ਼ਬਦਾਂ ਦੇ ਅੰਤ ਲਗਕੇ ਕਰਤਾ, ਖੇਡਣ ਵਾਲਾ, ਧਾਰਕ ਆਦਿ ਅਰਥ ਕਰ ਦਿੰਦਾ ਹੈ, ਜਿਵੇਂ ਦਗ਼ਾਬਾਜ਼, ਜੂਏਬਾਜ਼, ਕਬੂਤਰਬਾਜ਼ ਆਦਿ। ੧੭. ਅ਼. [بعض] ਬਅ਼ਜ ਸਰਵ- ਕੋਈ। ੧੮. ਫ਼ਾ. [باج] ਸੰਗ੍ਯਾ- ਸਰਕਾਰੀ ਮੁਆ਼ਮਲਾ ਕਰ. ਖ਼ਿਰਾਜ। ੧੯. ਖ਼ਾ. ਖੁਰਪਾ. ਰੰਬਾ. ਦੇਖੋ, ਬਾਜ ਦਾ ਸ਼ਿਕਾਰ....
ਲੀਤਾ. ਲਇਆ. "ਤਊ ਨ ਹਰਿਰਸ ਲੀਨ." (ਸਃ ਮਃ ੯) ੨. ਸੰ. ਵਿ- ਲਯ. ਮਿਲਿਆ ਹੋਇਆ. "ਨਿਮਖ ਨ ਲੀਨ ਭਇਓ ਚਰਨਨ ਸਿਉ." (ਗਉ ਮਃ ੯) ੩. ਲਗਿਆ ਹੋਇਆ। ੪. ਡੁੱਬਿਆ ਹੋਇਆ. ਮਗਨ। ੫. ਗਲਿਆ ਹੋਇਆ। ੬. ਲੁਕਿਆ ਹੋਇਆ। ੭. ਸੰਗੀਤ ਅਨੁਸਾਰ ਹੱਥਾਂ ਨਾਲ ਨ੍ਰਿਤ੍ਯ ਸਮੇਂ ਭਾਵ ਦੱਸਕੇ, ਹੱਥ ਦਾ ਛਾਤੀ ਪੁਰ ਆਕੇ ਟਿਕਣਾ "ਲੀਨ" ਹੈ....