chūhanīāचूहणीआ
ਲਹੌਰ ਜਿਲੇ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ, ਜੋ ਛਾਂਗਾਮਾਂਗਾ ਰੇਲਵੇ ਸਟੇਸ਼ਨ ਤੋਂ ੮. ਮੀਲ ਦੱਖਣ ਹੈ. ਇਸ ਥਾਂ ਦੇ ਰਹਿਣ ਵਾਲੇ ਸੇਠੀ ਜਾਤਿ ਦੇ ਉਗਵੰਦਾ (ਗੋਬਿੰਦਾ) ਅਤੇ ਸਭਾਗਾ ਸ੍ਰੀ ਗੁਰੂ ਅਰਜਨਦੇਵ ਜੀ ਦੇ ਅਨੰਨਸਿੱਖ ਹੋਏ ਹਨ. ਉਨ੍ਹਾਂ ਦੀ ਵੰਸ਼ ਵਿੱਚੋਂ ਹੁਣ ਬਸਾਖੀ ਤੇ ਸਲਾਮਤ ਦੁਕਾਨਦਾਰ ਹਨ.
लहौर जिले दी इॱक तसील दा प्रधान नगर, जो छांगामांगा रेलवे सटेशन तों ८. मील दॱखण है. इस थां दे रहिण वाले सेठी जाति दे उगवंदा (गोबिंदा) अते सभागा स्री गुरू अरजनदेव जी दे अनंनसिॱख होए हन. उन्हां दी वंश विॱचों हुण बसाखी ते सलामतदुकानदार हन.
ਲਵਪੁਰ. ਰਾਮਚੰਦ੍ਰ ਜੀ ਦੇ ਬੇਟੇ ਲਵ ਦਾ ਵਸਾਇਆ ਰਾਵੀ (ਏਰਾਵਤੀ) ਕਿਨਾਰੇ ਨਗਰ, ਜੋ ਪੰਜਾਬ ਦੀ ਰਾਜਧਾਨੀ ਹੈ,¹ ਦੇਖੋ, ਵਿਚਿਤ੍ਰਨਾਟਕ ਅਃ ੨, ਅੰਕ ੨੪. ਲਹੌਰ ਤੇ ਸੋਲੰਕੀ, ਭੱਟੀ ਅਤੇ ਚੁਹਾਨ ਰਾਜਪੂਤਾਂ ਦਾ ਸਿਲਸਿਲੇਵਾਰ ਚਿਰ ਤੀਕ ਕਬਜਾ ਰਿਹਾ, ਫੇਰ ਇਹ ਬ੍ਰਾਹਮਣਾਂ ਦੇ ਅਧਿਕਾਰ ਵਿੱਚ ਆਇਆ. ਸੁਬਕਤਗੀਨ ਨੇ ਜਯਪਾਲ ਅਤੇ ਅਨੰਗਪਾਲ ਨੂੰ ਜਿੱਤਕੇ ਸਨ ੧੦੦੨ ਵਿੱਚ ਮੁਸਲਮਾਨੀ ਰਾਜ ਕਾਇਮ ਕੀਤਾ. ਸੁਬਕਤਗੀਨ ਦੇ ਪੁਤ੍ਰ ਮਹਮੂਦ ਨੇ ਲਹੌਰ ਦਾ ਨਾਉਂ "ਮਹਮੂਦਪੁਰ" ਰੱਖਿਆ ਸੀ. ਜੋ ਉਸ ਦੇ ਸਿੱਕੇ ਵਿੱਚ ਦੇਖੀਦਾ ਹੈ.#ਤੈਮੂਰ ਨੇ ਸਨ ੧੩੯੮ ਵਿੱਚ ਲਹੌਰ ਫਤੇ ਕੀਤਾ. ਇਹ ਕੁਝ ਕਾਲ ਲੋਦੀਆਂ ਦੀ ਹੁਕੂਮਤ ਅੰਦਰ ਭੀ ਰਿਹਾ. ਸਨ ੧੫੨੪ ਵਿੱਚ ਬਾਬਰ ਨੇ ਫ਼ਤੇ ਕਰਕੇ ਮੁਗਲਰਾਜ ਥਾਪਿਆ. ਬਾਦਸ਼ਾਹ ਅਕਬਰ ਜਹਾਂਗੀਰ ਅਤੇ ਸ਼ਾਹਜਹਾਂ ਨੇ ਆਪਣੇ ਆਪਣੇ ਸਮੇਂ ਕਿਲੇ ਦੀਆਂ ਇਮਾਰਤਾਂ ਬਣਵਾਈਆਂ. ਔਰੰਗਜ਼ੇਬ ਨੇ ਕਿਲੇ ਦੇ ਸਾਮ੍ਹਣੇ ਆਲੀਸ਼ਾਨ ਮਸੀਤ ਬਣਵਾਈ.#ਮਹਾਰਾਜਾ ਰਣਜੀਤਸਿੰਘ ਨੇ ਸਨ ੧੭੯੯ ਵਿੱਚ ਲਹੌਰ ਫਤੇ ਕਰਕੇ ਸਿੱਖਰਾਜ ਕਾਇਮ ਕੀਤਾ. ਇਸ ਪ੍ਰਸਿੱਧ ਸ਼ਹਿਰ ਦਾ ਸਿੱਖ ਇਤਿਹਾਸ ਨਾਲ ਗਾੜ੍ਹਾ ਸੰਬੰਧ ਹੈ. ੨੯ ਮਾਰਚ ਸਨ ੧੮੪੯ ਨੂੰ ਲਹੌਰ ਅੰਗ੍ਰੇਜਾਂ ਦੇ ਅਧਿਕਾਰ ਵਿੱਚ ਆਇਆ. ਦੇਖੋ, ਪੰਜਾਬ#ਰੇਲ ਦੇ ਰਸਤੇ ਲਹੌਰ ਤੋਂ ਕਲਕੱਤਾ ੧੧੯੯, ਪੇਸ਼ਾਵਰ ੨੮੮ ਅਤੇ ਬੰਬਈ ੧੧੪੬ ਮੀਲ ਹੈ. ਜਨਸੰਖ੍ਯਾ ੨੭੯, ੫੫੮ ਹੈ.#ਲਹੌਰ ਪਰਥਾਇ ਗੁਰੂ ਨਾਨਕਸਾਹਿਬ ਅਤੇ ਗੁਰੂ ਅਮਰਦਾਸ ਜੀ ਦੇ ਵਾਕ ਜੋ ਵਾਰਾਂ ਤੋਂ ਵਧੀਕ ਸਲੋਕਾਂ ਵਿੱਚ ਦੇਖੇ ਜਾਂਦੇ ਹਨ, ਉਨ੍ਹਾਂ ਦਾ ਨਿਰਣਾ "ਲਾਹੋਰ" ਸ਼ਬਦ ਵਿੱਚ ਦੇਖੋ.#ਲਹੌਰ ਵਿੱਚ ਸਤਿਗੁਰਾਂ ਅਤੇ ਸ਼ਹੀਦਾਂ ਦੇ ਇਹ ਪਵਿਤ੍ਰ ਅਸਥਾਨ ਹਨ-#(੧) ਜਵਾਹਰਮੱਲ ਦੇ ਚੌਹੱਟੇ ਪਾਸ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਗੁਰਦ੍ਵਾਰਾ ਹੈ. ਇੱਥੇ ਸਤਿਗੁਰੂ ਨੇ ਦੁਨੀਚੰਦ ਨੂੰ ਪਾਖੰਡਰੂਪ ਸ਼੍ਰਾੱਧਕਰਮ ਤੋਂ ਵਰਜਕੇ ਗੁਰਸਿੱਖੀ ਬਖ਼ਸ਼ੀ ਸੀ. ਇਹ ਅਸਥਾਨ ਸਿਰੀਆਂ ਵਾਲੇ ਮਹੱਲੇ ਪਾਸ ਹੈ. ਗੁਰਦ੍ਵਾਰਾ ਬਣਿਆ ਹੋਇਆ ਹੈ, ਸਿੱਘ ਪੁਜਾਰੀ ਹੈ.#(੨) ਚੂਨੀਮੰਡੀ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਹੈ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਨਾਲ ਅੱਠ ਦੁਕਾਨਾਂ ਹਨ. ਪੁਜਾਰੀ ਸਿੰਘ ਹੈ.#(੩) ਜਨਮ ਅਸਥਾਨ ਦੇ ਪਾਸ ਹੀ ਸ਼੍ਰੀ ਗੁਰੂ ਰਾਮਦਾਸ ਜੀ ਦੀ ਧਰਮਸ਼ਾਲਾ ਹੈ. ਇਸ ਹਾਤੇ ਅੰਦਰ ਹੀ ਸ਼੍ਰੀ ਗੁਰੂ ਅਰਜਨਸਾਹਿਬ ਜੀ ਦਾ ਦੀਵਾਨਖਾਨਾ ਭੀ ਹੈ. ਇਸ ਦੇ ਨਾਲ ਚਾਰ ਦੁਕਾਨਾਂ ਅਤੇ ਅਠਾਰਾਂ ਘੁਮਾਉਂ ਜ਼ਮੀਨ ਪਿੰਡ ਰਾਣਾ ਭੱਟੀ, ਤਸੀਲ ਸ਼ਾਹਦਰਾ ਜਿਲਾ ਸ਼ੇਖੂਪੁਰਾ ਵਿੱਚ ਹੈ.#ਇਸੇ ਥਾਂ ਤੋਂ- "ਮੇਰਾ ਮਨੁ ਲੋਚੈ ਗੁਰਦਰਸਨ ਤਾਈ"- ਸ਼ਬਦ ਲਿਖਕੇ ਗੁਰੂਸਾਹਿਬ ਨੇ ਪਿਤਾ ਜੀ ਪਾਸ ਅਮ੍ਰਿਤਸਰ ਭੇਜਿਆ ਸੀ.#(੪) ਕਿਲੇ ਦੇ ਸਾਮ੍ਹਣੇ ਸ਼੍ਰੀ ਗੁਰੂ ਅਰਜਨਸਾਹਿਬ ਦਾ ਦੇਹਰਾ ਹੈ, ਜਿੱਥੇ ਜੇਠ ਸੁਦੀ ੪. ਸੰਮਤ ੧੬੬੩ ਨੂੰ ਜੋਤੀ ਜੋਤਿ ਸਮਾਏ ਹਨ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਦੀਵਾਨਖਾਨਾ ਭੀ ਮਨੋਹਰ ਹੈ. ਨਿੱਤ ਕੀਰਤਨ ਹੁੰਦਾ ਹੈ. ਮਹਾਰਾਜਾ ਰਣਜੀਤਸਿੰਘ ਦੀ ਲਾਈ ਜਾਗੀਰ ਪਿੰਡ ਨੰਦੀਪੁਰ ਜਿਲਾ ਸਿਆਲਕੋਟ ਤਸੀਲ ਡਸਕਾ ਵਿੱਚ ਹੈ, ਜਿਸ ਦਾ ਰਕਬਾ ੫੮੯ ਵਿੱਘੇ ਹੈ, ਅਤੇ ੫੦ ਰੁਪਯੇ ਸਾਲਨਾ ਪਿੰਡ ਕੁਤਬਾ ਤਸੀਲ ਕੁਸੂਰ ਤੋਂ ਮਿਲਦੇ ਹਨ. ੯੦ ਰੁਪਯੇ ਰਿਆਸਤ ਨਾਭੇ ਵੱਲੋਂ ਹਨ. ਜੇਠ ਸੁਦੀ ੪. ਨੂੰ ਮੇਲਾ ਹੁੰਦਾ ਹੈ, ਪੁਜਾਰੀ ਸਿੰਘ ਹਨ. ਇਸ ਗੁਰਦ੍ਵਾਰੇ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਦੰਦਖੰਡ ਦਾ ਇੱਕ ਕੰਘਾ ਹੈ, ਜਿਸ ਦੇ ੩੮ ਦੰਦੇ ਹਨ, ਦੋ ਦੰਦੇ ਟੁੱਟੇ ਹੋਏ ਹਨ.#(੫) ਲਹੌਰ ਕਿਲੇ ਤੋਂ ਦੌ ਸੌ ਕਦਮ ਦੱਖਣ ਵੱਲ ਲਾਲ ਕੂਆ ਅਥਵਾ ਲਾਲ ਖੂਹੀ ਹੈ. ਇਹ ਚੰਦੂ ਦੇ ਘਰ ਵਿੱਚ ਸੀ. ਇਸ ਦੇ ਜਲ ਨਾਲ ਸ਼੍ਰੀ ਗੁਰੂ ਅਰਜਨ ਦੇਵ ਨੇ ਕਈ ਵਾਰ ਸਨਾਨ ਕੀਤਾ ਸੀ. ਇੱਥੇ ਛੋਟਾ ਜਿਹਾ ਮੰਜੀਸਾਹਿਬ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਦਾ ਪ੍ਰਕਾਸ਼ ਹੁੰਦਾ ਹੈ. ਇਸ ਗੁਰਦ੍ਵਾਰੇ ਨਾਲ ਇੱਕ ਦੁਕਾਨ, ੨੧. ਕਨਾਲ ੧੪. ਮਰਲੇ ਜਮੀਨ ਪਿੰਡ ਖੋਖਰ, ਤਸੀਲ ਲਹੌਰ ਵਿੱਚ ਹੈ. ਪੁਜਾਰੀ ਸਿੰਘ ਹੈ. ਇੱਥੇ ਤੀਹ ਚਾਲੀ ਗੁੰਗੇ ਭੀ ਰਹਿਂਦੇ ਹਨ.#(੬) ਡੱਬੀ ਬਾਜਾਰ ਵਿੱਚ ਸ਼੍ਰੀ ਗੁਰੂ ਅਰਜਨਦੇਵ ਜੀ ਦੀ ਬਾਵਲੀ ਹੈ. ਇਹ ਛੱਜੂ ਵਪਾਰੀ ਦੇ ਅਰਪੇ ਹੋਏ ਧਨ ਤੋਂ ਗੁਰੂਸਾਹਿਬ ਨੇ ਲਵਾਈ ਸੀ. ਬਾਦਸ਼ਾਹ ਸ਼ਾਹਜਹਾਂ ਦੇ ਸਮੇਂ ਇਹ ਅੱਟੀ ਗਈ ਸੀ. ਮਹਾਰਾਜਾ ਰਣਜੀਤਸਿੰਘ ਜੀ ਨੇ ਫੇਰ ਪ੍ਰਗਟ ਕੀਤੀ. ਇਸ ਨਾਲ ੧੧੨ ਹੱਟਾਂ ਹਨ, ਜਿਨ੍ਹਾਂ ਦੀ ਚੋਖੀ ਆਮਦਨ ਹੈ.#(੭) ਮੁਜੰਗ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਅਸਥਾਨ ਹੈ, ਜਿੱਥੇ ਬਹੁਤ ਚਿਰ ਗੁਰੂਸਾਹਿਬ ਦਾ ਡੇਰਾ ਰਿਹਾ ਹੈ. ਇਸ ਗੁਰਦ੍ਵਾਰੇ ਨਾਲ ਨੌ ਦੁਕਾਨਾਂ ਹਨ.#(੮) ਭਾਟੀ ਦਰਵਾਜੇ ਮਹੱਲਾ ਚੁਮਾਲਾ ਅੰਦਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦ੍ਵਾਰਾ ਹੈ. ਸਤਿਗੁਰੂ ਮੁਜੰਗ ਤੋਂ ਆਕੇ ਇੱਥੇ ਕਈ ਵਾਰ ਦੀਵਾਨ ਲਗਾਇਆ ਕਰਦੇ ਸਨ, ਜਿਸ ਬੇਰੀ ਨਾਲ ਘੋੜਾ ਬੰਨ੍ਹਿਆ ਜਾਂਦਾ ਸੀ, ਉਹ ਮੌਜੂਦ ਹੈ.#ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਪ੍ਰਕਾਸ਼ ਲਈ ਸੁੰਦਰ ਖੁਲ੍ਹਾ ਕਮਰਾ ਹੈ. ਮੁਸਾਫਰਾਂ ਦੇ ਰਹਿਣ ਲਈ ਚੋਖੇ ਮਕਾਨ ਹਨ. ਗੁਰਦ੍ਵਾਰੇ ਨਾਲ ਇੱਕ ਮਕਾਨ ਭਾਟੀ ਦਰਵਾਜੇ ਅਤੇ ੮੭ ਘੁਮਾਉਂ ਜ਼ਮੀਨ ਪਿੰਡ ਖੁਰਦਪੁਰ, ਤਸੀਲ ਲਹੌਰ ਵਿੱਚ ਹੈ. ਕਮੇਟੀ ਦੇ ਹੱਥ ਪ੍ਰਬੰਧ ਹੈ. ਬਸੰਤ- ਪੰਚਮੀ ਨੂੰ ਮੇਲਾ ਹੁੰਦਾ ਹੈ.#(੯) ਸ਼ਹਿਰ ਦੇ ਉੱਤਰ ਕਿਲੇ ਦੇ ਪਾਸ ਭਾਈ ਮਨੀਸਿੰਘ ਜੀ ਦਾ ਸ਼ਹੀਦਗੰਜ ਹੈ. ਦੇਖੋ, ਮਨੀਸਿੰਘ ਭਾਈ. ਇੱਥੇ ਉਹ ਖੂਹ ਭੀ ਹੈ ਜੋ ਜਾਲਿਮ ਹਾਕਮਾਂ ਨੇ ਸਿੱਖਾਂ ਦੇ ਸਿਰਾਂ ਨਾਲ ਭਰਵਾ ਦਿੱਤਾ ਸੀ. ਇਸ ਸ਼ਹੀਦਗੰਜ ਨਾਲ ਇੱਕ ਦੁਕਾਨ ਚੂਨੀਮੰਡੀ ਵਿੱਚ ਹੈ. ਕਮੇਟੀ ਦੇ ਹੱਥ ਇਸ ਦਾ ਪ੍ਰਬੰਧ ਹੈ. ਰੇਲਵੇ ਸਟੇਸ਼ਨ ਬਾਦਾਮੀਬਾਗ ਤੋਂ ਪੌਣ ਮੀਲ ਪੱਛਮ ਹੈ.#(੧੦) ਲੰਡਾ ਬਾਜਾਰ ਵਿੱਚ ਭਾਈ ਤਾਰੂਸਿੰਘ ਜੀ ਦਾ ਸ਼ਹੀਦਗੰਜ ਹੈ. ਇਸ ਨਾਲ ਕਈ ਟੁਕੜੇ ਜ਼ਮੀਨ ਦੇ ਕਰੀਬ ਛੀ ਕਨਾਲ ਸ਼ਹਿਰ ਵਿੱਚ ਹਨ, ਅਤੇ ਪਿੰਡ ਬੱਲਾ ਬਸਤੀਰਾਮ ਤਸੀਲ ਲਹੌਰ ਤੋਂ ਸੌ ਰੁਪਯਾ ਸਾਲਾਨਾ ਸਿੱਖਰਾਜ ਸਮੇਂ ਦੀ ਜਾਗੀਰ ਹੈ. ਕੁਝ ਦੁਕਾਨਾਂ ਦਾ ਕਰਾਇਆ ਆਉਂਦਾ ਹੈ. ਪੁਜਾਰੀ ਸਿੰਘ ਹੈ. ਦੇਖੋ, ਤਾਰੂਸਿੰਘ ਭਾਈ.#(੧੧) ਭਾਈ ਤਾਰੂਸਿੰਘ ਜੀ ਦੇ ਸ਼ਹੀਦਗੰਜ ਦੇ ਨੇੜੇ ਹੀ ਸਿੰਘਣੀਆਂ ਦਾ ਸ਼ਹੀਦਗੰਜ ਹੈ. ਇੱਥੇ ਸਿੰਘਣੀਆਂ ਨੇ ਅਨੇਕ ਦੁੱਖ ਸਹਾਰੇ. ਆਪਣੇ ਬੱਚੇ ਟੋਟੇ ਕਰਵਾਕੇ ਝੋਲੀ ਪਵਾਏ, ਪਰ ਪਿਆਰਾ ਧਰਮ ਨਹੀਂ ਤਿਆਗਿਆ....
ਦੇਖੋ, ਤਹਸੀਲ....
ਸੰਗ੍ਯਾ- ਸਾਂਖ੍ਯਮਤ ਅਨੁਸਾਰ ਸਤ੍ਵ ਰਜ ਤਮ ਰੂਪ ਪ੍ਰਕ੍ਰਿਤਿ, ਜੋ ਜਗਤ ਦਾ ਉਪਾਦਾਨ ਕਾਰਣ ਹੈ। ੨. ਈਸ਼੍ਵਰ. ਪਰਮਾਤਮਾ। ੩. ਰਾਜਾ ਦਾ ਵਜੀਰ। ੪. ਫੌਜ ਦਾ ਵਡਾ ਸਰਦਾਰ। ੫. ਪਟਿਆਲਾਪਤਿ ਬਾਬਾ ਆਲਾ ਸਿੰਘ ਜੀ ਦੀ ਸੁਪੁਤ੍ਰੀ, ਜੋ ਸਾਰੇ ਸ਼ੁਭ ਗੁਣਾਂ ਨਾਲ ਭਰਪੂਰ ਸੀ. ਦੇਖੋ, ਪਰਧਾਨ ੨। ੬. ਵਿ- ਮੁੱਖ. ਖਾਸ। ੭. ਸ਼੍ਰੇਸ੍ਠ. ਉੱਤਮ....
ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ....
ਅੰ. (Railway) ਧਾਤੂ ਦੀ ਲੀਕ ਦੀ ਸੜਕ, ਜਿਸ ਉੱਪਰਦੀ ਰੇਲਗੱਡੀ ਚਲਦੀ ਹੈ. ਇੰਗਲੈਂਡ ਵਿੱਚ ਸਭ ਤੋਂ ਪਹਿਲਾਂ ਸਨ ੧੮੦੨ ਵਿੱਚ ਇਸ ਦਾ ਆਰੰਭ ਹੋਇਆ. ਹੁਣ ਦੁਨੀਆਂ ਵਿੱਚ ੭੨੦, ੦੦੦ ਮੀਲ ਰੇਲਵੇ ਹੈ, ਜਿਸ ਵਿੱਚੋਂ ਭਾਰਤ ਅੰਦਰ ੩੩੦੦੦ ਮੀਲ ਹੈ....
ਸੰ. मील्. ਧਾ- ਅੱਖਾਂ ਮੁੰਦਣੀਆਂ, ਪਲਕਾਂ ਮਾਰਨੀਆਂ, ਖਿੜਨਾ, ਫੈਲਣਾ। ੨. ਅੰ. Mile ੧੭੬੦ ਗਜ਼ ਦੀ ਲੰਬਾਈ ਅਥਵਾ ਅੱਠ ਫਰਲਾਂਗ (furlong)...
ਦੇਖੋ, ਦਕ੍ਸ਼ਿਣ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਖੁਖਰਾਣ ਖਤ੍ਰੀਆਂ ਦੀ ਇੱਕ ਜਾਤੀ. "ਲਾਲਾ ਸੇਠੀ ਜਾਣੀਐ." (ਭਾਗੁ) ੨. ਅਰੋੜਿਆਂ ਦੀ ਇੱਕ ਜਾਤੀ। ੩. ਸੇਠ ਦੀ ਕ੍ਰਿਯਾ. ਸ਼ਾਹੂਕਾਰੀ. ਦੇਖੋ, ਸੇਠ....
ਸੰ. ਸੰਗ੍ਯਾ- ਜਨਮ. ਉਤਪੱਤਿ। ੨. ਸਮਾਜ ਵਿੱਚ ਇੱਕ ਤੋਂ ਦੂਜੇ ਨੂੰ ਵੱਖ ਕਰਨ ਵਾਲੀ ਵੰਡ. ਰੋਟੀ ਬੇਟੀ ਦੀ ਸਾਂਝ ਵਾਲੀ ਬਰਾਦਰੀਆਂ ਦੀ ਵੰਡ. ਇਸ ਦਾ ਮੂਲ ਨਸਲੀ ਭੇਦ, ਭੌਗੋਲਿਕ ਭੇਦ, ਇਤਿਹਾਸੀ ਵੈਰ, ਕਿਰਤ ਵਿਹਾਰ ਦੇ ਭੇਦ ਆਦਿ ਅਨੇਕ ਹਨ. ਜਾਤਿ ਦੀ ਵੰਡ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਰੇ ਦੇਸਾਂ ਅਤੇ ਧਰਮਾਂ ਵਿੱਚ ਵੇਖੀ ਜਾਂਦੀ ਹੈ, ਪਰ ਹਿੰਦੂਆਂ ਵਿੱਚ ਹੱਦੋਂ ਵਧਕੇ ਹੈ.#ਗੁਰੂ ਸਾਹਿਬਾਨ ਨੇ ਜਾਤਿ ਦੇ ਅਗ੍ਯਾਨ ਭਰੇ ਵਿਸ਼੍ਵਾਸਾਂ ਨੂੰ ਦੇਸ਼ ਲਈ ਹਾਨੀਕਾਰਕ ਜਾਣਕੇ ਇਸ ਦੇ ਵਿਰੁੱਧ ਆਵਾਜ਼ ਉਠਾਈ ਅਤੇ ਦੇਸ਼ ਦੇਸ਼ਾਂਤਰਾਂ ਵਿੱਚ ਵਿਚਰਕੇ ਆਪਣੀ ਪਵਿਤ੍ਰ ਬਾਣੀ ਦ੍ਵਾਰਾ ਨਿਸ਼ਚੇ ਕਰਾਇਆ ਕਿ ਸਾਰੀ ਮਨੁੱਖ ਜਾਤਿ ਉਸ ਇੱਕ ਪਿਤਾ ਦੀ ਸੰਤਾਨ ਹੈ. ਉੱਚ ਅਤੇ ਨੀਚ ਜਾਤਿ ਕੇਵਲ ਕਰਮਾਂ ਤੋਂ ਹੈ, ਯਥਾ- ਜਾਣਹੁ ਜੋਤਿ, ਨ ਪੂਛਹੁ ਜਾਤੀ, ਆਗੈ ਜਾਤਿ ਨ ਹੇ।#(ਆਸਾ ਮਃ ੧)#ਆਗੈ ਜਾਤਿ ਰੂਪੁ ਨ ਜਾਇ।ਤੇਹਾ ਹੋਵੈ ਜੇਹੇ ਕਰਮ ਕਮਾਇ.#(ਆਸਾ ਮਃ ੩)#ਭਗਤਿ ਰਤੇ ਸੇ ਊਤਮਾ, ਜਤਿ ਪਤਿ ਸਬਦੇ ਹੋਇ,#ਬਿਨੁ ਨਾਵੈ ਸਭ ਨੀਚ ਜਾਤਿ ਹੈ, ਬਿਸਟਾ ਕਾ ਕੀੜਾ ਹੋਇ.#(ਆਸਾ ਮਃ ੩)#ਜਾਤਿ ਕਾ ਗਰਬੁ ਨ ਕਰੀਅਹੁ ਕੋਈ,#ਬ੍ਰਹਮੁ ਬਿੰਦੇ ਸੋ ਬ੍ਰਹਮਣ ਹੋਈ.#ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ,#ਇਸ ਗਰਬ ਤੇ ਚਲਹਿ ਬਹੁਤੁ ਵਿਕਾਰਾ.#ਚਾਰੇ ਬਰਨ ਆਖੈ ਸਭੁਕੋਈ,#ਬ੍ਰਹਮੁਬਿੰਦੁ ਤੇ ਸਭ ਓਪਤਿ ਹੋਈ.#ਮਾਟੀ ਏਕ ਸਗਲ ਸੰਸਾਰਾ,#ਬਹੁ ਬਿਧਿ ਭਾਂਡੇ ਘੜੇ ਕੁਮ੍ਹਾਰਾ.#ਪੰਚ ਤਤੁ ਮਿਲਿ ਦੇਹੀ ਕਾ ਆਕਾਰਾ,#ਘਟਿ ਵਧਿ ਕੋ ਕਰੈ ਬੀਚਾਰਾ.#ਕਹਤੁ ਨਾਨਕ ਇਹ ਜੀਉ ਕਰਮਬੰਧੁ ਹੋਈ,#ਬਿਨ ਸਤਿਗੁਰ ਭੇਟੇ ਮੁਕਤਿ ਨ ਹੋਈ.#(ਭੈਰ ਮਃ ੩)#ਜਾਤਿ ਜਨਮੁ ਨਹ ਪੂਛੀਐ, ਸਚੁਘਰੁ ਲੇਹੁ ਬਤਾਇ,#ਸਾ ਜਾਤਿ, ਸਾ ਪਤਿ ਹੈ, ਜੇਹੇ ਕਰਮ ਕਮਾਇ. (ਪ੍ਰਭਾ ਮਃ ੧)#ਗਰਭਵਾਸ ਮਹਿ ਕੁਲੁ ਨਹੀ ਜਾਤੀ,#ਬ੍ਰਹਮਬਿੰਦੁ ਤੇ ਸਭ ਉਤਪਾਤੀ.#ਕਹੁਰੇ ਪੰਡਿਤ, ਬਾਮਨ ਕਬਕੇ ਹੋਏ,#ਬਾਮਨ ਕਹਿ ਕਹਿ ਜਨਮੁ ਮਤ ਖੋਏ.#ਜੌ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ,#ਤਉ ਆਨ ਬਾਟ ਕਾਹੇ ਨਹੀ ਆਇਆ?#ਤੁਮ ਕਤ ਬ੍ਰਾਹਮਣ, ਹਮ ਕਤ ਸੂਦ?#ਹਮ ਕਤ ਲੋਹੂ ਤੁਮ ਕਤ ਦੂਧ?#ਕਹੁ ਕਬੀਰ ਜੋ ਬ੍ਰਹਮੁ ਬੀਚਾਰੈ,#ਸੋ ਬ੍ਰਹਮਣੁ ਕਹੀਅਤੁ ਹੈ ਹਮਾਰੈ. (ਗਉ ਕਬੀਰ)#ਕੋਊ ਭਯੋ ਮੁੰਡੀਆ ਸੰਨ੍ਯਾਸੀ ਕੋਊ ਯੋਗੀ ਭਯੋ,#ਭਯੋ ਬ੍ਰਹਮਚਾਰੀ ਕੋਊ ਯਤੀ ਅਨੁਮਾਨਬੋ,#ਹਿੰਦੂ ਔ ਤੁਰਕ ਕੋਊ ਰਾਫ਼ਜ਼ੀ ਇਮਾਮ ਸ਼ਾਫ਼ੀ,#ਮਾਨਸ ਕੀ ਜਾਤਿ ਸਭ ਏਕੈ ਪਹਿਚਾਨਬੋ.#ਦੇਹੁਰਾ ਮਸੀਤ ਸੋਈ, ਪੂਜਾ ਔ ਨਿਮਾਜ ਓਈ,#ਮਾਨਸ ਸਭੈ ਏਕ, ਪੈ ਅਨੇਕ ਕੋ ਪ੍ਰਭਾਵ ਹੈ.#ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ,#ਨ੍ਯਾਰੇ ਨ੍ਯਾਰੇ ਦੇਸਨ ਕੇ ਭੇਸ ਕੋ ਸੁਭਾਵ ਹੈ.#ਏਕੈ ਨੈਨ, ਏਕੈ ਕਾਨ, ਏਕੈ ਦੇਹ, ਏਕੈ ਬਾਨ,#ਖ਼ਾਕ ਬਾਦ ਆਤਸ਼ ਔ ਆਬ ਕੋ ਰਲਾਵ ਹੈ.#ਅੱਲਹ ਅਭੇਖ ਸੋਈ, ਪੁਰਾਨ ਔ ਕੁਰਾਨ ਓਈ,#ਏਕਹੀ ਸਰੂਪ ਸਭੈ ਏਕ ਹੀ ਬਨਾਵ ਹੈ.#(ਅਕਾਲ)#ਸਾਧੁ ਕਰਮ ਜੋ ਪੁਰਖ ਕਮਾਵੈਂ,#ਨਾਮ ਦੇਵਤਾ ਜਗਤ ਕਹਾਵੈਂ.#ਕੁਕ੍ਰਿਤ ਕਰਮ ਜੇ ਜਗ ਮੈ ਕਰਹੀਂ,#ਨਾਮ ਅਸੁਰ ਤਿਨ ਕੋ ਜਗ ਧਰਹੀਂ. (ਵਿਚਿਤ੍ਰ)#ਘਿਉ ਭਾਂਡਾ ਨ ਵਿਚਾਰੀਐ,#ਭਗਤਾਂ ਜਾਤਿ ਸਨਾਤਿ ਨ ਕਾਈ.#(ਭਾਗੁ, ਵਾਰ ੨੫)#ਪ੍ਰਿਥੀਮੱਲ ਅਰੁ ਤੁਲਸਾ ਦੋਇ,#ਹੁਤੇ ਜਾਤਿ ਕੇ ਭੱਲੇ ਸੋਇ,#ਸੁਨ ਦਰਸ਼ਨ ਕੋ ਤਬ ਚਲ ਆਏ,#ਨਮੋ ਕਰੀ ਬੈਠੇ ਢਿਗ ਥਾਏ.#ਉਰ ਹੰਕਾਰੀ ਗਿਰਾ ਉਚਾਰੀ:-#"ਏਕੋ ਜਾਤ ਹਮਾਰ ਤੁਮਾਰੀ."ਸ਼੍ਰੀਗੁਰੁ ਅਮਰ ਭਨ੍ਯੋ ਸੁਨ ਸੋਇ:-#"ਜਾਤਿ ਪਾਤਿ ਗੁਰੁ ਕੀ ਨਹਿਂ ਕੋਇ.#ਉਪਜਹਿਂ ਜੇ ਸ਼ਰੀਰ ਜਗ ਮਾਹੀਂ,#ਇਨ ਕੀ ਜਾਤਿ ਸਾਚ ਸੋ ਨਾਹੀਂ,#ਬਿਨਸਜਾਤ ਇਹ ਜਰਜਰਿ ਹੋਇ,#ਆਗੇ ਜਾਤਿ ਜਾਤ ਨਹਿ ਕੋਇ.#'ਆਗੈ ਜਾਤਿ ਨ ਜੋਰੁ ਹੈ, ਅਗੈ ਜੀਉ ਨਵੇ,#ਜਿਨ ਕੀ ਲੇਖੈ ਪਤਿ ਪਵੈ, ਚੰਗੇ ਸੇਈ ਕੇਇ. '#ਇਮ ਸ਼੍ਰੀ ਨਾਨਕ ਬਾਕ ਉਚਾਰਾ,#ਆਗੇ ਜਾਤਿ ਨ ਜੋਰ ਸਿਧਾਰਾ,#ਉਪਜੈ ਤੁਨ ਇਤਹੀ ਬਿਨਸੰਤੇ,#ਆਗੇ ਸੰਗ ਨ ਕਿਸੇ ਚਲੰਤੇ.#ਸਿਮਰ੍ਯੋ ਜਿਨ ਸਤਿਨਾਮੁ ਸਦੀਵਾ,#ਸਿੱਖਨ ਸੇਵ ਕਰੀ ਮਨ ਨੀਵਾਂ,#ਤਿਨ ਕੀ ਪਤ ਲੇਖੇ ਪਰਜਾਇ,#ਜਾਤਿ ਕੁਜਾਤਿ ਨ ਪਰਖਹਿ ਕਾਇ." (ਗੁਪ੍ਰਸੂ)#੩. ਕੁਲ. ਵੰਸ਼. "ਫਾਂਧੀ ਲਗੀ ਜਾਤਿ ਫਹਾਇਨਿ." (ਵਾਰ ਮਲਾ ਮਃ ੧) ੪. ਗੋਤ੍ਰ. ਗੋਤ। ੫. ਚਮੇਲੀ। ੬. ਜਾਯਫਲ। ੭. ਸ੍ਰਿਸ੍ਟਿ. ਮਖ਼ਲੂਕ਼ਾਤ. "ਜੋਤਿ ਕੀ ਜਾਤਿ, ਜਾਤਿ ਕੀ ਜੋਤੀ." (ਗਉ ਕਬੀਰ) ਪ੍ਰਕਾਸ਼ਰੂਪ ਕਰਤਾਰ ਦੀ ਸ੍ਰਿਸ੍ਟਿ ਦੀ ਜੋ ਰੋਸ਼ਨ ਬੁੱਧਿ ਹੈ. "ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ." (ਵਾਰ ਆਸਾ) ਸਿਰ੍ਸ੍ਟਿ ਵਿੱਚ ਸ੍ਰਸ੍ਟਾ ਵਿੱਚ ਸ੍ਰਿਸ੍ਟੀ ਹੈ, ਸ੍ਰਿਸ੍ਟਿ। ੮. ਦੇਖੋ, ਸ੍ਵਭਾਵੋਕ੍ਤਿ....
ਉਗਦਾ. ਉਦਯ ਹੁੰਦਾ। ੨. ਸੰਗ੍ਯਾ- ਚੂਹਨੀਆਂ ਦਾ ਵਸਨੀਕ ਅਰੋੜਾ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋ ਕੇ ਪਰਮਪਦ ਦਾ ਅਧਿਕਾਰੀ ਹੋਇਆ. "ਸੇਠਾ ਉਗਵੰਦਾ ਦੋਊ ਅਪਰ ਸਭਾਗਾ ਤੀਨ." (ਗੁਪ੍ਰਸੂ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਸ- ਭਾਗ੍ਯ. ਭਾਗ ਸਹਿਤ. ਖ਼ੁਸ਼ਨਸੀਬ ਚੰਗੇ ਭਾਗਾਂ ਵਾਲਾ. "ਬੂਝੈ ਬੂਝਨਹਾਰ ਸਭਾਗਾ." (ਗਉ ਕਬੀਰ) ੨. ਸੰਗ੍ਯਾ- ਸ਼੍ਰੀ ਗੁਰੂ ਨਾਨਕ ਦੇਵ ਦਾ ਇੱਕ ਪ੍ਰੇਮੀ ਸਿੱਖ। ੩. ਚੂਹਣੀਆ ਪਿੰਡ ਦਾ ਵਸਨੀਕ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਅਰੋੜਾ ਸਿੱਖ। ੪. ਪੇਸ਼ਾਵਰ ਨਿਵਾਸੀ ਇੱਕ ਸਿੱਖ, ਜੋ ਪੰਜ ਬੇਸ਼ਕੀਮਤੀ ਕਾਬੁਲੀ ਘੋੜੇ ਲੈ ਕੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਹਰਿਗੋਬਿੰਦਪੁਰ ਹਾਜਰ ਹੋਇਆ ਸੀ. "ਧਨੀ ਬਡੋ ਅਰੁ ਨਾਮ ਸਭਾਗਾ." (ਗੁਪ੍ਰਸੂ)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਦੇਖੋ, ਬੰਸ....
ਕ੍ਰਿ. ਵਿ- ਅਬ. ਇਸ ਵੇਲੇ. "ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ." (ਮਾਝ ਮਃ ੫) ਇਸ ਦਾ ਮੂਲ ਸੰਸਕ੍ਰਿਤ अहनि ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ- ਅੱਜ ਦੇ ਦਿਨ....
ਅ਼. [سلامت] ਵਿ- ਕ਼ਾਇਮ. ਇਸਥਿਤ. "ਤੂੰ ਸਦਾ ਸਲਾਮਤਿ ਨਿਰੰਕਾਰ." (ਜਪੁ) ੨. ਦੁੱਖ ਰਹਿਤ. ਬਿਨਾ ਕਲੇਸ਼....
ਸੰਗ੍ਯਾ- ਦੁਕਾਨ ਦਾ ਮਾਲਿਕ, ਜੋ ਸੌਦਾ ਵੇਚਦਾ ਅਤੇ ਖ਼ਰੀਦਦਾ ਹੈ. ਵਪਾਰੀ....