chūnīmandīचूनीमंडी
ਲਹੌਰ ਦਾ ਇੱਕ ਬਾਜ਼ਾਰ, ਜਿਸ ਵਿੱਚ ਗੁਰੂ ਰਾਮਦਾਸ ਸਾਹਿਬ ਦਾ ਜਨਮ ਅਸਥਾਨ ਹੈ. ਦੇਖੋ, ਲਹੌਰ.
लहौर दा इॱक बाज़ार, जिस विॱच गुरू रामदास साहिब दा जनम असथान है. देखो, लहौर.
ਲਵਪੁਰ. ਰਾਮਚੰਦ੍ਰ ਜੀ ਦੇ ਬੇਟੇ ਲਵ ਦਾ ਵਸਾਇਆ ਰਾਵੀ (ਏਰਾਵਤੀ) ਕਿਨਾਰੇ ਨਗਰ, ਜੋ ਪੰਜਾਬ ਦੀ ਰਾਜਧਾਨੀ ਹੈ,¹ ਦੇਖੋ, ਵਿਚਿਤ੍ਰਨਾਟਕ ਅਃ ੨, ਅੰਕ ੨੪. ਲਹੌਰ ਤੇ ਸੋਲੰਕੀ, ਭੱਟੀ ਅਤੇ ਚੁਹਾਨ ਰਾਜਪੂਤਾਂ ਦਾ ਸਿਲਸਿਲੇਵਾਰ ਚਿਰ ਤੀਕ ਕਬਜਾ ਰਿਹਾ, ਫੇਰ ਇਹ ਬ੍ਰਾਹਮਣਾਂ ਦੇ ਅਧਿਕਾਰ ਵਿੱਚ ਆਇਆ. ਸੁਬਕਤਗੀਨ ਨੇ ਜਯਪਾਲ ਅਤੇ ਅਨੰਗਪਾਲ ਨੂੰ ਜਿੱਤਕੇ ਸਨ ੧੦੦੨ ਵਿੱਚ ਮੁਸਲਮਾਨੀ ਰਾਜ ਕਾਇਮ ਕੀਤਾ. ਸੁਬਕਤਗੀਨ ਦੇ ਪੁਤ੍ਰ ਮਹਮੂਦ ਨੇ ਲਹੌਰ ਦਾ ਨਾਉਂ "ਮਹਮੂਦਪੁਰ" ਰੱਖਿਆ ਸੀ. ਜੋ ਉਸ ਦੇ ਸਿੱਕੇ ਵਿੱਚ ਦੇਖੀਦਾ ਹੈ.#ਤੈਮੂਰ ਨੇ ਸਨ ੧੩੯੮ ਵਿੱਚ ਲਹੌਰ ਫਤੇ ਕੀਤਾ. ਇਹ ਕੁਝ ਕਾਲ ਲੋਦੀਆਂ ਦੀ ਹੁਕੂਮਤ ਅੰਦਰ ਭੀ ਰਿਹਾ. ਸਨ ੧੫੨੪ ਵਿੱਚ ਬਾਬਰ ਨੇ ਫ਼ਤੇ ਕਰਕੇ ਮੁਗਲਰਾਜ ਥਾਪਿਆ. ਬਾਦਸ਼ਾਹ ਅਕਬਰ ਜਹਾਂਗੀਰ ਅਤੇ ਸ਼ਾਹਜਹਾਂ ਨੇ ਆਪਣੇ ਆਪਣੇ ਸਮੇਂ ਕਿਲੇ ਦੀਆਂ ਇਮਾਰਤਾਂ ਬਣਵਾਈਆਂ. ਔਰੰਗਜ਼ੇਬ ਨੇ ਕਿਲੇ ਦੇ ਸਾਮ੍ਹਣੇ ਆਲੀਸ਼ਾਨ ਮਸੀਤ ਬਣਵਾਈ.#ਮਹਾਰਾਜਾ ਰਣਜੀਤਸਿੰਘ ਨੇ ਸਨ ੧੭੯੯ ਵਿੱਚ ਲਹੌਰ ਫਤੇ ਕਰਕੇ ਸਿੱਖਰਾਜ ਕਾਇਮ ਕੀਤਾ. ਇਸ ਪ੍ਰਸਿੱਧ ਸ਼ਹਿਰ ਦਾ ਸਿੱਖ ਇਤਿਹਾਸ ਨਾਲ ਗਾੜ੍ਹਾ ਸੰਬੰਧ ਹੈ. ੨੯ ਮਾਰਚ ਸਨ ੧੮੪੯ ਨੂੰ ਲਹੌਰ ਅੰਗ੍ਰੇਜਾਂ ਦੇ ਅਧਿਕਾਰ ਵਿੱਚ ਆਇਆ. ਦੇਖੋ, ਪੰਜਾਬ#ਰੇਲ ਦੇ ਰਸਤੇ ਲਹੌਰ ਤੋਂ ਕਲਕੱਤਾ ੧੧੯੯, ਪੇਸ਼ਾਵਰ ੨੮੮ ਅਤੇ ਬੰਬਈ ੧੧੪੬ ਮੀਲ ਹੈ. ਜਨਸੰਖ੍ਯਾ ੨੭੯, ੫੫੮ ਹੈ.#ਲਹੌਰ ਪਰਥਾਇ ਗੁਰੂ ਨਾਨਕਸਾਹਿਬ ਅਤੇ ਗੁਰੂ ਅਮਰਦਾਸ ਜੀ ਦੇ ਵਾਕ ਜੋ ਵਾਰਾਂ ਤੋਂ ਵਧੀਕ ਸਲੋਕਾਂ ਵਿੱਚ ਦੇਖੇ ਜਾਂਦੇ ਹਨ, ਉਨ੍ਹਾਂ ਦਾ ਨਿਰਣਾ "ਲਾਹੋਰ" ਸ਼ਬਦ ਵਿੱਚ ਦੇਖੋ.#ਲਹੌਰ ਵਿੱਚ ਸਤਿਗੁਰਾਂ ਅਤੇ ਸ਼ਹੀਦਾਂ ਦੇ ਇਹ ਪਵਿਤ੍ਰ ਅਸਥਾਨ ਹਨ-#(੧) ਜਵਾਹਰਮੱਲ ਦੇ ਚੌਹੱਟੇ ਪਾਸ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਗੁਰਦ੍ਵਾਰਾ ਹੈ. ਇੱਥੇ ਸਤਿਗੁਰੂ ਨੇ ਦੁਨੀਚੰਦ ਨੂੰ ਪਾਖੰਡਰੂਪ ਸ਼੍ਰਾੱਧਕਰਮ ਤੋਂ ਵਰਜਕੇ ਗੁਰਸਿੱਖੀ ਬਖ਼ਸ਼ੀ ਸੀ. ਇਹ ਅਸਥਾਨ ਸਿਰੀਆਂ ਵਾਲੇ ਮਹੱਲੇ ਪਾਸ ਹੈ. ਗੁਰਦ੍ਵਾਰਾ ਬਣਿਆ ਹੋਇਆ ਹੈ, ਸਿੱਘ ਪੁਜਾਰੀ ਹੈ.#(੨) ਚੂਨੀਮੰਡੀ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਹੈ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਨਾਲ ਅੱਠ ਦੁਕਾਨਾਂ ਹਨ. ਪੁਜਾਰੀ ਸਿੰਘ ਹੈ.#(੩) ਜਨਮ ਅਸਥਾਨ ਦੇ ਪਾਸ ਹੀ ਸ਼੍ਰੀ ਗੁਰੂ ਰਾਮਦਾਸ ਜੀ ਦੀ ਧਰਮਸ਼ਾਲਾ ਹੈ. ਇਸ ਹਾਤੇ ਅੰਦਰ ਹੀ ਸ਼੍ਰੀ ਗੁਰੂ ਅਰਜਨਸਾਹਿਬ ਜੀ ਦਾ ਦੀਵਾਨਖਾਨਾ ਭੀ ਹੈ. ਇਸ ਦੇ ਨਾਲ ਚਾਰ ਦੁਕਾਨਾਂ ਅਤੇ ਅਠਾਰਾਂ ਘੁਮਾਉਂ ਜ਼ਮੀਨ ਪਿੰਡ ਰਾਣਾ ਭੱਟੀ, ਤਸੀਲ ਸ਼ਾਹਦਰਾ ਜਿਲਾ ਸ਼ੇਖੂਪੁਰਾ ਵਿੱਚ ਹੈ.#ਇਸੇ ਥਾਂ ਤੋਂ- "ਮੇਰਾ ਮਨੁ ਲੋਚੈ ਗੁਰਦਰਸਨ ਤਾਈ"- ਸ਼ਬਦ ਲਿਖਕੇ ਗੁਰੂਸਾਹਿਬ ਨੇ ਪਿਤਾ ਜੀ ਪਾਸ ਅਮ੍ਰਿਤਸਰ ਭੇਜਿਆ ਸੀ.#(੪) ਕਿਲੇ ਦੇ ਸਾਮ੍ਹਣੇ ਸ਼੍ਰੀ ਗੁਰੂ ਅਰਜਨਸਾਹਿਬ ਦਾ ਦੇਹਰਾ ਹੈ, ਜਿੱਥੇ ਜੇਠ ਸੁਦੀ ੪. ਸੰਮਤ ੧੬੬੩ ਨੂੰ ਜੋਤੀ ਜੋਤਿ ਸਮਾਏ ਹਨ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਦੀਵਾਨਖਾਨਾ ਭੀ ਮਨੋਹਰ ਹੈ. ਨਿੱਤ ਕੀਰਤਨ ਹੁੰਦਾ ਹੈ. ਮਹਾਰਾਜਾ ਰਣਜੀਤਸਿੰਘ ਦੀ ਲਾਈ ਜਾਗੀਰ ਪਿੰਡ ਨੰਦੀਪੁਰ ਜਿਲਾ ਸਿਆਲਕੋਟ ਤਸੀਲ ਡਸਕਾ ਵਿੱਚ ਹੈ, ਜਿਸ ਦਾ ਰਕਬਾ ੫੮੯ ਵਿੱਘੇ ਹੈ, ਅਤੇ ੫੦ ਰੁਪਯੇ ਸਾਲਨਾ ਪਿੰਡ ਕੁਤਬਾ ਤਸੀਲ ਕੁਸੂਰ ਤੋਂ ਮਿਲਦੇ ਹਨ. ੯੦ ਰੁਪਯੇ ਰਿਆਸਤ ਨਾਭੇ ਵੱਲੋਂ ਹਨ. ਜੇਠ ਸੁਦੀ ੪. ਨੂੰ ਮੇਲਾ ਹੁੰਦਾ ਹੈ, ਪੁਜਾਰੀ ਸਿੰਘ ਹਨ. ਇਸ ਗੁਰਦ੍ਵਾਰੇ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਦੰਦਖੰਡ ਦਾ ਇੱਕ ਕੰਘਾ ਹੈ, ਜਿਸ ਦੇ ੩੮ ਦੰਦੇ ਹਨ, ਦੋ ਦੰਦੇ ਟੁੱਟੇ ਹੋਏ ਹਨ.#(੫) ਲਹੌਰ ਕਿਲੇ ਤੋਂ ਦੌ ਸੌ ਕਦਮ ਦੱਖਣ ਵੱਲ ਲਾਲ ਕੂਆ ਅਥਵਾ ਲਾਲ ਖੂਹੀ ਹੈ. ਇਹ ਚੰਦੂ ਦੇ ਘਰ ਵਿੱਚ ਸੀ. ਇਸ ਦੇ ਜਲ ਨਾਲ ਸ਼੍ਰੀ ਗੁਰੂ ਅਰਜਨ ਦੇਵ ਨੇ ਕਈ ਵਾਰ ਸਨਾਨ ਕੀਤਾ ਸੀ. ਇੱਥੇ ਛੋਟਾ ਜਿਹਾ ਮੰਜੀਸਾਹਿਬ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਦਾ ਪ੍ਰਕਾਸ਼ ਹੁੰਦਾ ਹੈ. ਇਸ ਗੁਰਦ੍ਵਾਰੇ ਨਾਲ ਇੱਕ ਦੁਕਾਨ, ੨੧. ਕਨਾਲ ੧੪. ਮਰਲੇ ਜਮੀਨ ਪਿੰਡ ਖੋਖਰ, ਤਸੀਲ ਲਹੌਰ ਵਿੱਚ ਹੈ. ਪੁਜਾਰੀ ਸਿੰਘ ਹੈ. ਇੱਥੇ ਤੀਹ ਚਾਲੀ ਗੁੰਗੇ ਭੀ ਰਹਿਂਦੇ ਹਨ.#(੬) ਡੱਬੀ ਬਾਜਾਰ ਵਿੱਚ ਸ਼੍ਰੀ ਗੁਰੂ ਅਰਜਨਦੇਵ ਜੀ ਦੀ ਬਾਵਲੀ ਹੈ. ਇਹ ਛੱਜੂ ਵਪਾਰੀ ਦੇ ਅਰਪੇ ਹੋਏ ਧਨ ਤੋਂ ਗੁਰੂਸਾਹਿਬ ਨੇ ਲਵਾਈ ਸੀ. ਬਾਦਸ਼ਾਹ ਸ਼ਾਹਜਹਾਂ ਦੇ ਸਮੇਂ ਇਹ ਅੱਟੀ ਗਈ ਸੀ. ਮਹਾਰਾਜਾ ਰਣਜੀਤਸਿੰਘ ਜੀ ਨੇ ਫੇਰ ਪ੍ਰਗਟ ਕੀਤੀ. ਇਸ ਨਾਲ ੧੧੨ ਹੱਟਾਂ ਹਨ, ਜਿਨ੍ਹਾਂ ਦੀ ਚੋਖੀ ਆਮਦਨ ਹੈ.#(੭) ਮੁਜੰਗ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਅਸਥਾਨ ਹੈ, ਜਿੱਥੇ ਬਹੁਤ ਚਿਰ ਗੁਰੂਸਾਹਿਬ ਦਾ ਡੇਰਾ ਰਿਹਾ ਹੈ. ਇਸ ਗੁਰਦ੍ਵਾਰੇ ਨਾਲ ਨੌ ਦੁਕਾਨਾਂ ਹਨ.#(੮) ਭਾਟੀ ਦਰਵਾਜੇ ਮਹੱਲਾ ਚੁਮਾਲਾ ਅੰਦਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦ੍ਵਾਰਾ ਹੈ. ਸਤਿਗੁਰੂ ਮੁਜੰਗ ਤੋਂ ਆਕੇ ਇੱਥੇ ਕਈ ਵਾਰ ਦੀਵਾਨ ਲਗਾਇਆ ਕਰਦੇ ਸਨ, ਜਿਸ ਬੇਰੀ ਨਾਲ ਘੋੜਾ ਬੰਨ੍ਹਿਆ ਜਾਂਦਾ ਸੀ, ਉਹ ਮੌਜੂਦ ਹੈ.#ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਪ੍ਰਕਾਸ਼ ਲਈ ਸੁੰਦਰ ਖੁਲ੍ਹਾ ਕਮਰਾ ਹੈ. ਮੁਸਾਫਰਾਂ ਦੇ ਰਹਿਣ ਲਈ ਚੋਖੇ ਮਕਾਨ ਹਨ. ਗੁਰਦ੍ਵਾਰੇ ਨਾਲ ਇੱਕ ਮਕਾਨ ਭਾਟੀ ਦਰਵਾਜੇ ਅਤੇ ੮੭ ਘੁਮਾਉਂ ਜ਼ਮੀਨ ਪਿੰਡ ਖੁਰਦਪੁਰ, ਤਸੀਲ ਲਹੌਰ ਵਿੱਚ ਹੈ. ਕਮੇਟੀ ਦੇ ਹੱਥ ਪ੍ਰਬੰਧ ਹੈ. ਬਸੰਤ- ਪੰਚਮੀ ਨੂੰ ਮੇਲਾ ਹੁੰਦਾ ਹੈ.#(੯) ਸ਼ਹਿਰ ਦੇ ਉੱਤਰ ਕਿਲੇ ਦੇ ਪਾਸ ਭਾਈ ਮਨੀਸਿੰਘ ਜੀ ਦਾ ਸ਼ਹੀਦਗੰਜ ਹੈ. ਦੇਖੋ, ਮਨੀਸਿੰਘ ਭਾਈ. ਇੱਥੇ ਉਹ ਖੂਹ ਭੀ ਹੈ ਜੋ ਜਾਲਿਮ ਹਾਕਮਾਂ ਨੇ ਸਿੱਖਾਂ ਦੇ ਸਿਰਾਂ ਨਾਲ ਭਰਵਾ ਦਿੱਤਾ ਸੀ. ਇਸ ਸ਼ਹੀਦਗੰਜ ਨਾਲ ਇੱਕ ਦੁਕਾਨ ਚੂਨੀਮੰਡੀ ਵਿੱਚ ਹੈ. ਕਮੇਟੀ ਦੇ ਹੱਥ ਇਸ ਦਾ ਪ੍ਰਬੰਧ ਹੈ. ਰੇਲਵੇ ਸਟੇਸ਼ਨ ਬਾਦਾਮੀਬਾਗ ਤੋਂ ਪੌਣ ਮੀਲ ਪੱਛਮ ਹੈ.#(੧੦) ਲੰਡਾ ਬਾਜਾਰ ਵਿੱਚ ਭਾਈ ਤਾਰੂਸਿੰਘ ਜੀ ਦਾ ਸ਼ਹੀਦਗੰਜ ਹੈ. ਇਸ ਨਾਲ ਕਈ ਟੁਕੜੇ ਜ਼ਮੀਨ ਦੇ ਕਰੀਬ ਛੀ ਕਨਾਲ ਸ਼ਹਿਰ ਵਿੱਚ ਹਨ, ਅਤੇ ਪਿੰਡ ਬੱਲਾ ਬਸਤੀਰਾਮ ਤਸੀਲ ਲਹੌਰ ਤੋਂ ਸੌ ਰੁਪਯਾ ਸਾਲਾਨਾ ਸਿੱਖਰਾਜ ਸਮੇਂ ਦੀ ਜਾਗੀਰ ਹੈ. ਕੁਝ ਦੁਕਾਨਾਂ ਦਾ ਕਰਾਇਆ ਆਉਂਦਾ ਹੈ. ਪੁਜਾਰੀ ਸਿੰਘ ਹੈ. ਦੇਖੋ, ਤਾਰੂਸਿੰਘ ਭਾਈ.#(੧੧) ਭਾਈ ਤਾਰੂਸਿੰਘ ਜੀ ਦੇ ਸ਼ਹੀਦਗੰਜ ਦੇ ਨੇੜੇ ਹੀ ਸਿੰਘਣੀਆਂ ਦਾ ਸ਼ਹੀਦਗੰਜ ਹੈ. ਇੱਥੇ ਸਿੰਘਣੀਆਂ ਨੇ ਅਨੇਕ ਦੁੱਖ ਸਹਾਰੇ. ਆਪਣੇ ਬੱਚੇ ਟੋਟੇ ਕਰਵਾਕੇ ਝੋਲੀ ਪਵਾਏ, ਪਰ ਪਿਆਰਾ ਧਰਮ ਨਹੀਂ ਤਿਆਗਿਆ....
ਫ਼ਾ. [بازار] ਬਾਜ਼ਾਰ ਸੰਗ੍ਯਾ- ਵੇਚਣ ਅਤੇ ਖਰੀਦਣ ਦਾ ਅਸਥਾਨ (market) ੨. ਬਹੁਤ ਦੁਕਾਨਾਂ ਦਾ ਸਮੁਦਾਯ। ੩. ਸੌੱਦਾ. ਲੈਣ ਦੇਣ ਦੀ ਸਾਮਗ੍ਰੀ. "ਬਾਜਾਰੀ ਬਾਜਾਰ ਮਹਿ ਆਇ ਕਢੈ ਬਾਜਾਰ." (ਵਾਰ ਆਸਾ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਭੰਡਾਰੀ ਗੋਤ੍ਰ ਦਾ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਆਤਮਗ੍ਯਾਨੀ ਸਿੱਖ। ੨. ਦੇਖੋ, ਰਾਮਦਾਸ ਸਤਿਗੁਰੂ। ੩. ਸ਼੍ਰੀ ਗੁਰੂ ਰਾਮਦਾਸ ਜੀ ਤੋਂ ਲੈ ਕੇ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਤੀਕ ਸ਼੍ਰੀ ਗੁਰੂ ਨਾਨਕਦੇਵ ਦੇ ਗੱਦੀਨਸ਼ੀਨਾਂ ਲਈ ਮੁਗਲ ਬਾਦਸ਼ਾਹਾਂ ਦਾ ਥਾਪਿਆ ਹੋਇਆ ਸ਼ਬਦ. "ਰਾਮਦਾਸ ਦਿੱਲੀ ਮਹਿ ਆਇ." (ਗੁਵਿ ੧੦) ੪. ਰਾਮ ਦਾ ਦਾਸ. ਕਰਤਾਰ ਦਾ ਸੇਵਕ। ੫. ਦੇਵਮੰਦਿਰਾਂ ਵਿੱਚ ਕੀਰਤਨ ਕਰਨ ਵਾਲਾ ਭਗਤੀਆ. "ਘੂੰਘਰ ਬਾਂਧਿ ਭਏ ਰਾਮਦਾਸਾ." (ਮਾਰੂ ਮਃ ੫) ੬. ਰਾਮਚੰਦ੍ਰ ਜੀ ਦਾ ਉਪਾਸਕ. ਬੈਰਾਗੀ ਸਾਧੁ. "ਜੋਗੀ ਜਤੀ ਬੈਸਨੋ ਰਾਮਦਾਸ." (ਗੌਂਡ ਮਃ ੫) ੭. ਦਬਿਸਤਾਨੇ ਮਜਾਹਬ ਅਨੁਸਾਰ ਗੁਰੂ ਦੇ ਮਸੰਦਾਂ ਦੀ ਪਦਵੀ ਭੀ ਰਾਮਦਾਸ ਸੀ। ੮. ਛਤ੍ਰਪਤਿ ਸ਼ਿਵਾ ਜੀ ਦਾ ਗੁਰੂ ਮਹਾਤਮਾ ਰਾਮਦਾਸ, ਜਿਸ ਦਾ ਵਿਸ਼ੇਸਣ "ਸਮਰ੍ਥ" ਸੀ....
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਸੰ. जन्म ਸੰਗ੍ਯਾ- ਉਤਪੱਤਿ. ਪੈਦਾਇਸ਼. "ਜਨਮ ਸਫਲੁ ਹਰਿਚਰਣੀ ਲਾਗੇ." (ਮਾਰੂ ਸੋਲਹੇ ਮਃ ੩) ੨. ਜੀਵਨ. ਜ਼ਿੰਦਗੀ....
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...