chātarhāचाटड़ा
ਸੰਗ੍ਯਾ- ਚਟੁ. ਚੇਟਕ. ਚੇਲਾ. ਸ਼ਾਗਿਰਦ. ਇਹ ਸ਼ਬਦ ਚਟ ਧਾਤੁ ਤੋਂ ਬਣਿਆ ਹੈ. ਜਿਸ ਦਾ ਮਨ ਹੋਰ ਵੱਲੋਂ ਉੱਚਾਟ ਹੋ ਕੇ ਗੁਰੂ ਦੀ ਸਿਖ੍ਯਾ ਵਿੱਚ ਲੱਗੇ, ਉਹ ਚਾਟੜਾ ਹੈ. "ਆਪਿ ਹੈ ਪਾਧਾ, ਆਪੇ ਚਾਟੜੇ ਪੜਣ ਕਉ ਆਣੇ." (ਵਾਰ ਬਿਹਾ ਮਃ ੪) "ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ." (ਓਅੰਕਾਰ)
संग्या- चटु. चेटक. चेला. शागिरद. इह शबद चट धातु तों बणिआ है. जिस दा मन होर वॱलों उॱचाट हो के गुरू दी सिख्या विॱच लॱगे, उह चाटड़ा है. "आपि है पाधा, आपे चाटड़े पड़ण कउ आणे." (वार बिहा मः ४) "पाधा गुरमुखि आखीऐ चाटड़िआ मति देइ." (ओअंकार)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਪ੍ਯਾਰਾ ਵਾਕ੍ਯ। ੨. ਖ਼ੁਸ਼ਾਮਦ। ੩. ਵ੍ਰਤੀ ਪੁਰੁਸ ਦਾ ਆਸਨ। ੪. ਉਦਰ- ਪੇਟ। ੫. ਚਾਟੜਾ. ਚੇਲਾ। ੬. ਵਿ- ਸੁੰਦਰ. ਮਨੋਹਰ....
ਸੰਗ੍ਯਾ- ਭੰਡਾਂ ਦਾ ਤਮਾਸ਼ਾ. ਕੌਤੁਕ। ੨. ਇੰਦ੍ਰ- ਜਾਲ ਦਾ ਖੇਲ. "ਨਾਟਕ ਚੇਟਕ ਕਿਯੇ ਕੁਕਾਜਾ." (ਵਿਚਿਤ੍ਰ) "ਕਿਨਹੂ ਸਿਧਿ ਬਹੁ ਚੇਟਕ ਲਾਏ." (ਰਾਮ ਅਃ ਮਃ ੫) ੩. ਲਗਨ. ਕਿਸੇ ਗੱਲ ਦਾ ਸ਼ੌਕ....
ਚੇਟਕ. ਚਾਟੜਾ. ਸ਼ਿਸ਼੍ਯ. "ਸੁ ਸੋਭਿਤ ਚੇਲਕ ਸੰਗ ਨਰੰ." (ਦੱਤਾਵ) "ਜੋ ਗੁਰੁ ਗੋਪੇ ਆਪਣਾ ਕਿਉ ਸਿਝਹਿ ਚੇਲਾ?" (ਭਾਗੁ) ੨. ਕਿਸੇ ਦੇਵਤਾ ਦਾ ਉਹ ਭਗਤ, ਜੋ ਆਪਣੇ ਵਿੱਚ ਦੇਵਤਾ ਦਾ ਆਵੇਸ਼ ਪ੍ਰਗਟ ਕਰਦਾ ਹੈ ਅਰ ਪ੍ਰਸ਼ਨਾਂ ਦੇ ਉੱਤਰ ਦੇਵਤਾ ਵੱਲੋਂ ਦਿੰਦਾ ਹੈ, ਚੇਲਾ ਕਹਾਉਂਦਾ ਹੈ....
ਫ਼ਾ. [شاگرد] ਸੰਗ੍ਯਾ- ਸ਼ਾਹ ਦੇ ਗਿਰਦ ਫਿਰਨ ਵਾਲਾ. ਬਾਦਸ਼ਾਹ ਦਾ ਨਫਰ। ੨. ਸਾਧੁ ਦਾ ਸੇਵਕ. ਚੇਲਾ। ੩. ਵਿਦ੍ਯਾਰਥੀ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
(ਦੇਖੋ, ਧਾ ਧਾਤੁ). ਸੰ. ਸੰਗ੍ਯਾ- ਕਰਤਾਰ, ਜੋ ਸਭ ਨੂੰ ਧਾਰਣ ਕਰਦਾ ਹੈ. "ਅਸੁਲੂ ਇਕੁਧਾਤੁ." (ਜਪੁ) ੨. ਵੈਦ੍ਯਕ ਅਨੁਸਾਰ ਸ਼ਰੀਰ ਨੂੰ ਧਾਰਣ ਵਾਲੇ ਸੱਤ ਪਦਾਰਥ- ਰਸ, ਰਕ੍ਤ, ਮਾਂਸ, ਮੇਦ, ਅਸ੍ਥਿ, ਮੱਜਾ ਅਤੇ ਵੀਰਯ। ੩. ਵਾਤ, ਪਿੱਤ ਅਤੇ ਕਫ ਦੇਹ ਦੇ ਆਧਾਰ ਰੂਪ ਖ਼ਿਲਤ। ੪. ਖਾਨਿ ਤੋਂ ਨਿਕਲਿਆਂ ਪਦਾਰਥ- ਸੋਨਾ (ਸੁਵਰਣ), ਚਾਂਦੀ, ਤਾਂਬਾ, ਲੋਹਾ ਆਦਿ. ਦੇਖੋ, ਉਪਧਾਤੁ ਅਤੇ ਅਸਟਧਾਤੁ. "ਸੁਇਨਾ ਰੁਪਾ ਸਭ ਧਾਤੁ ਹੈ ਮਾਟੀ ਰਲਿਜਾਈ." (ਮਾਰੂ ਅਃ ਮਃ ੧) ੫. ਸ਼ਬਦ, ਸਪਰਸ਼, ਰੂਪ, ਰਸ, ਗੰਧ ਇਹ ਪੰਜ ਵਿਸੇ. "ਹਰਿ ਆਪੇ ਪੰਚਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ." (ਬੈਰਾ ਮਃ ੪) "ਇੰਦ੍ਰੀਧਾਤੁ ਸਬਲ ਕਹੀਅਤ ਹੈ." (ਮਾਰੂ ਮਃ ੩) ਦੇਖੋ, ਗੁਣਧਾਤੁ। ੬. ਇੰਦ੍ਰੀਆਂ, ਜੋ ਵਿਸਿਆਂ ਨੂੰ ਧਾਰਣ ਕਰਦੀਆਂ ਹਨ. "ਮਨੁ ਮਾਰੇ ਧਾਤੁ ਮਰਿਜਾਇ." (ਗਉ ਮਃ ੩) ੭. ਪੰਜ ਤੱਤ, ਜੋ ਦੇਹ ਨੂੰ ਧਾਰਣ ਕਰਦੇ ਹਨ. "ਜਬ ਚੂਕੈ ਪੰਚਧਾਤੁ ਕੀ ਰਚਨਾ." (ਮਾਰੂ ਕਬੀਰ) ੮. ਮਾਇਆ. "ਲਿਵ ਧਾਤੁ ਦੁਇ ਰਾਹ ਹੈ." (ਵਾਰ ਸ੍ਰੀ ਮਃ ੩) ਕਰਤਾਰ ਦੀ ਪ੍ਰੀਤਿ ਅਤੇ ਮਾਇਆ ਦੋ ਮਾਰਗ ਹਨ. "ਨਾਨਕ ਧਾਤੁ ਲਿਵੈ ਜੋੜ ਨ ਆਵਈ." (ਵਾਰ ਗਉ ੧. ਮਃ ੪) ੯. ਅਵਿਦ੍ਯਾ. "ਸੇਇ ਮੁਕਤ ਜਿ ਮਨੁ ਜਿਣਹਿ ਫਿਰਿ ਧਾਤੁ ਨ ਲਾਗੈ ਆਇ." (ਗੂਜ ਮਃ ੩) ੧੦. ਜੀਵਾਤਮਾ. "ਧਾਤੁ ਮਿਲੈ ਫੁਨ ਧਾਤੁ ਕਉ ਸਿਫਤੀ ਸਿਫਤਿ ਸਮਾਇ." (ਸ੍ਰੀ ਮਃ ੧) ੧੧. ਗੁਣ. ਸਿਫਤ. "ਜੇਹੀ ਧਾਤੁ ਤੇਹਾ ਤਿਨ ਨਾਉ." (ਸ੍ਰੀ ਮਃ ੧) ੧੨. ਵਸਤੂ. ਦ੍ਰਵ੍ਯ. ਪਦਾਰਥ. "ਤ੍ਰੈ ਗੁਣ ਸਭਾ ਧਾਤੁ ਹੈ." (ਸ੍ਰੀ ਮਃ ੩) ੧੩. ਸੁਭਾਉ. ਪ੍ਰਕ੍ਰਿਤਿ. ਵਾਦੀ. "ਕੁਤੇ ਚੰਦਨ ਲਾਈਐ ਭੀ ਸੋ ਕੁਤੀ ਧਾਤੁ." (ਵਾਰ ਮਾਝ ਮਃ ੧) ੧੪. ਵਾਸਨਾ. ਰੁਚਿ. "ਪੰਜਵੈ ਖਾਣ ਪੀਅਣ ਕੀ ਧਾਤੁ." (ਮਾਰ ਮਾਝ ਮਃ ੧) ੧੫. ਵੀਰਯ. ਮਣੀ। ੧੬. ਵ੍ਯਾਕਰਣ ਅਨੁਸਾਰ ਸ਼ਬਦ ਦਾ ਮੂਲ, ਜਿਸ ਤੋਂ ਕ੍ਰਿਯਾ ਬਣਦੀਆਂ ਹਨ. ਮਸਦਰ, Verbalroot. ਸੰਸਕ੍ਰਿਤ ਭਾਸਾ ਦੇ ੧੭੦੮ ਧਾਤੁ ਹਨ। ੧੭. ਦੁੱਧ ਦੇਣ ਵਾਲੀ ਗਊ। ੧੮. ਭਾਵ- ਚਾਰ ਵਰਣ ਅਤੇ ਚਾਰ ਮਜਹਬ. "ਅਸਟ ਧਾਤੁ ਇਕ ਧਾਤੁ ਕਰਾਇਆ." (ਭਾਗੁ) ਇੱਕ ਧਾਤੁ ਦਾ ਅਰਥ ਸਿੱਖ ਧਰਮ ਹੈ। ੧੯. ਸੰਗੀਤ ਅਨੁਸਾਰ ਲੈ ਤਾਰ ਵਿਚ ਬੰਨ੍ਹਿਆ ਹੋਇਆ ਗਾਉਣ ਯੋਗ੍ਯ ਪਦ। ੨੦. ਸੰ. धावितृ- ਧਾਵਿਤ੍ਰਿ. ਵਿ- ਦੋੜਨ ਵਾਲਾ. ਚਲਾਇਮਾਨ. "ਹੋਰੁ ਬਿਰਹਾ ਸਭ ਧਾਤੁ ਹੈ, ਜਬਲਗੁ ਸਾਹਿਬੁ ਪ੍ਰੀਤਿ ਨ ਹੋਇ." (ਵਾਰ ਸ਼੍ਰੀ ਮਃ ੩)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਵ੍ਯ- ਔਰ। ੨. ਅਨ੍ਯ. ਅਪਰ. "ਕਰੇ ਦੁਹਕਰਮ ਦਿਖਾਵੈ ਹੋਰ." (ਗਉ ਮਃ ੫) ਕਰੇ ਖੋਟਾ ਕਰਮ, ਦਿਖਾਵੇ ਚੰਗਾ। ੩. ਦੇਖੋ, ਹੋਰਨਾ. "ਰਹੇ ਹੋਰ ਲੋਕੰ." (ਵਿਚਿਤ੍ਰ) ਲੋਕ ਵਰਜ ਰਹੇ....
ਵ੍ਯ- ਪਾਸੋਂ. ਤਰਫੋਂ. ਓਰ ਸੇ. ਕੰਨੀਓਂ....
ਦੇਖੋ, ਉਚਾਟ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਦੇਖੋ, ਸਿਕ੍ਸ਼ਾ. "ਸਿਖ੍ਯਾ ਸੰਤ ਨਾਮੁ ਭਜੁ ਨਾਨਕ." (ਸਵੈਯੇ ਮਃ ੫. ਕੇ)...
ਸੰਗ੍ਯਾ- ਚਟੁ. ਚੇਟਕ. ਚੇਲਾ. ਸ਼ਾਗਿਰਦ. ਇਹ ਸ਼ਬਦ ਚਟ ਧਾਤੁ ਤੋਂ ਬਣਿਆ ਹੈ. ਜਿਸ ਦਾ ਮਨ ਹੋਰ ਵੱਲੋਂ ਉੱਚਾਟ ਹੋ ਕੇ ਗੁਰੂ ਦੀ ਸਿਖ੍ਯਾ ਵਿੱਚ ਲੱਗੇ, ਉਹ ਚਾਟੜਾ ਹੈ. "ਆਪਿ ਹੈ ਪਾਧਾ, ਆਪੇ ਚਾਟੜੇ ਪੜਣ ਕਉ ਆਣੇ." (ਵਾਰ ਬਿਹਾ ਮਃ ੪) "ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ." (ਓਅੰਕਾਰ)...
ਦੇਖੋ, ਆਪ। ੨. ਵ੍ਯ- ਖ਼ੁਦ. ਸ੍ਵਯੰ. "ਆਪਿ ਛੁਟੇ ਨਹ ਛੁਟੀਐ." (ਵਾਰ ਮਲਾ ਮਃ ੧) ੩. ਸੰ. ਸੰਗ੍ਯਾ- ਮਿਤ੍ਰ. ਦੋਸਤ....
ਸੰ. ਉਪਾਧ੍ਯਾਯ. ਸੰਗ੍ਯਾ- ਪੜ੍ਹਾਉਣ ਵਾਲਾ. ਅਧ੍ਯਾਪਕ. "ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ." (ਓਅੰਕਾਰ) "ਆਪੇ ਚਾਟਸਾਲ ਆਪਿ ਹੈ ਪਾਧਾ." (ਵਾਰ ਬਿਹਾ ਮਃ ੪)...
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਗੁਰੂ ਦੇ ਮੁਖ ਵਿੱਚ. ਭਾਵ- ਗੁਰੂ ਦੇ ਉਪਦੇਸ਼ ਅਤੇ ਬਾਣੀ ਵਿੱਚ. "ਗੁਰਮੁਖਿ ਨਾਦੰ ਗੁਰਮੁਖਿ ਵੇਦੰ." (ਜਪੁ) ੨. ਗੁਰਮੁਖਤਾ ਕਰਕੇ. "ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ." (ਮਾਝ ਅਃ ਮਃ ੫) ੩. ਦੇਖੋ, ਗੁਰਮੁਖੀ। ੪. ਦੇਖੋ, ਗੁਰਮੁਖ. "ਗੁਰਮੁਖਿ ਮੁਕਤਾ ਗੁਰਮੁਖਿ ਜੁਗਤਾ." (ਮਾਝ ਅਃ ਮਃ ੫) ੫. ਪ੍ਰਧਾਨ ਗੁਰੂ ਨੇ. ਆਦਿ ਗੁਰੂ ਨੇ. "ਓਅੰ ਗੁਰਮੁਖਿ ਕੀਓ ਅਕਾਰਾ." (ਬਾਵਨ) ਓਅੰ (ਬ੍ਰਹਮ) ਆਦਿਗੁਰੂ ਨੇ। ੬. ਗੁਰਮੁਖ ਨੂੰ. "ਗੁਰਮੁਖਿ ਸਦਾ ਹਜੂਰਿ." (ਸ੍ਰੀ ਮਃ ੧)...
ਸੰ. ਮੱਤ. ਮਤਵਾਲਾ. "ਮਾਤੰਗ ਮਤਿ ਅਹੰਕਾਰ." (ਸਾਰ ਮਃ ੫) ੨. ਸੰ. ਮਾਤ੍ਰਿ. ਮਾਂ. "ਮਤਿ ਪਿਤ ਭਰਮੈ." (ਕਲਕੀ) ੩. ਸੰ. ਮਮਤ੍ਵ. ਅਹੰਕਾਰ. ਅੰਤਹਕਰਣ ਦਾ ਚੌਥਾ ਭੇਦ. "ਘੜੀਐ ਸੁਰਤਿ ਮਤਿ ਮਨਿ ਬੁਧਿ." (ਜਪੁ) ਦੇਖੋ, ਅੰਤਹਕਰਣ। ੪. ਸੰ. ਮਦ੍ਯ. ਸ਼ਰਾਬ. "ਪੀਵਹੁ ਸੰਤ ਸਦਾ ਮਤਿ ਦੁਰਲਭ." (ਕੇਦਾ ਕਬੀਰ) ੫. ਸੰ. ਮਤਿ. ਬੁੱਧਿ. ਅਕ਼ਲ. "ਮਤਿ ਹੋਦੀ ਹੋਇ ਇਆਣਾ." (ਸ. ਫਰੀਦ) "ਅਬ ਮੈ ਮਹਾਂ ਸੁੱਧ ਮਤਿ ਕਰਕੈ." (ਕਲਕੀ) ੬. ਗ੍ਯਾਨ। ੭. ਇੱਛਾ। ੮. ਸਿਮ੍ਰਿਤਿ. ਯਾਦ. ਚੇਤਾ। ੯. ਭਕ੍ਤਿ. ਭਗਤਿ। ੧੦. ਪ੍ਰਾਰਥਨਾ. ਅਰਦਾਸ। ੧੧. ਪੂਜਨ। ੧੨. ਧ੍ਯਾਨ। ੧੩. ਨਿਸ਼ਚਾ। ੧੪. ਰਾਇ। ੧੫. ਵ੍ਯ- ਪੰਜਾਬੀ ਵਿੱਚ ਮਤ ਦੀ ਥਾਂ ਭੀ ਮਤਿ ਆਉਂਦਾ ਹੈ. ਮਾ. ਨਾ. ਦੇਖੋ, ਮਤ ੧. "ਮਤਿ ਬਸਿ ਪਰਉ ਲੁਹਾਰ ਕੇ." (ਸ. ਕਬੀਰ)...
ਦੇਕੇ. "ਦੇਇ ਅਹਾਰੁ ਅਗਨਿ ਮਹਿ ਰਾਖੈ." (ਆਸਾ ਧੰਨਾ) ੨. ਦਿੰਦਾ ਹੈ. "ਤਿਨਾ ਭੀ ਰੋਜੀ ਦੇਇ." (ਵਾਰ ਰਾਮ ੧. ਮਃ ੨) ੩. ਦੇਵੀ. ਦੇਈ. "ਦੇਇਵਿਚਿਤ੍ਰ ਪਾਂਚ ਨ੍ਰਿਪ ਮਾਰੇ." (ਚਰਿਤ੍ਰ ੫੨) ਵਿਚਿਤ੍ਰਦੇਵੀ ਨੇ ਪੰਜ ਰਾਜੇ ਮਾਰੇ। ੪. ਦੇਖੋ, ਦੇਯ....
ਸੰ. ओम्. ਇਸ ਸ਼ਬਦ ਦਾ ਮੂਲ ਅਵ (श्रव्) ਧਾਤੁ ਹੈ, ਜਿਸ ਦਾ ਅਰਥ ਹੈ ਰਖ੍ਯਾ (ਰਕ੍ਸ਼ਾ) ਕਰਨਾ, ਬਚਾਉਣਾ, ਤ੍ਰਿਪਤ ਹੋਣਾ, ਫੈਲਨਾ ਆਦਿ। 'ਓਅੰ' ਸ਼ਬਦ ਸਭ ਦੀ ਰਖ੍ਯਾ ਕਰਨ ਵਾਲੇ ਕਰਤਾਰ ਦਾ ਬੋਧਕ ਹੈ. "ਓਅੰ ਸਾਧ ਸਤਿਗੁਰ ਨਮਸਕਾਰੰ." (ਬਾਵਨ) "ਓਅੰ ਪ੍ਰਿਯ ਪ੍ਰੀਤਿ ਚੀਤਿ." (ਸਾਰ ਮਃ ੫) ਇਸ ਦੇ ਪਰ੍ਯਾਂਯ ਸ਼ਬਦ- "ਪ੍ਰਣਵ" ਅਤੇ "ਉਦਗੀਥ" ਭੀ ਹਨ.#ਓਅੰਕਾਰ ਸ਼ਬਦ ਦਾ ਅਰਥ ਹੈ- ਓਅੰ ਧੁਨਿ (ਓਅੰ ਦਾ ਉੱਚਾਰਣ)#"ਪ੍ਰਿਥਮ ਕਾਲ ਜਬ ਕਰਾ ਪਸਾਰਾ। ਓਅੰਕਾਰ ਤੇ ਸ੍ਰਿਸ੍ਟਿ ਉਪਾਰਾ." (ਵਿਚਿਤ੍ਰ)#ਕਈ ਥਾਈਂ "ਓਅੰਕਾਰ" ਸ਼ਬਦ ਕਰਤਾਰ ਦਾ ਬੋਧਕ ਭੀ ਦੇਖੀਦਾ ਹੈ. "ਓਅੰਕਾਰ ਏਕੋ ਰਵਿ ਰਹਿਆ." (ਕਾਨ ਮਃ ੪) "ਓਅੰਕਾਰ ਅਕਾਰ ਕਰਿ ਪਵਣ ਪਾਣੀ ਬੈਸੰਤਰ ਸਾਜੇ." (ਭਾਗੁ)#ਸੰਸਕ੍ਰਿਤ ਦੇ ਵਿਦਵਾਨਾਂ ਨੇ ੳ ਅ ਮ ਤਿੰਨ ਅੱਖਰਾਂ ਨੂੰ ਬ੍ਰਹਮਾ ਵਿਸਨੂ ਸ਼ਿਵ ਮੰਨਕੇ ਓਅੰ ਨੂੰ ਤਿੰਨ ਦੇਵ ਰੂਪ ਕਲਪਿਆ ਹੈ, ਪਰ ਗੁਰੁਮਤ ਵਿੱਚ ਓਅੰ ਦੇ ਮੁੱਢ ਏਕਾ ਅੰਗ ਲਿਖਕੇ ਸਿੱਧ ਕੀਤਾ ਹੈ ਕਿ ਕਰਤਾਰ ਇੱਕ ਹੈ. "ਏਕਾ ਏਕੰਕਾਰ ਲਿਖਿ ਵੇਖਾਲਿਆ। ਊੜਾ ਓਅੰਕਾਰ ਪਾਸਿ ਬਹਾਲਿਆ." (ਭਾਗੁ)#੨. ਮੱਧ ਭਾਰਤ ਦੇ ਜਿਲੇ ਨੀਮਾੜ ਵਿੱਚ ਨਰਮਦਾ ਨਦੀ ਦੇ ਮਾਂਧਾਤਾ ਟਾਪੂ (ਦ੍ਵੀਪ) ਵਿੱਚ ਉਸ ਨਾਉਂ ਦਾ ਇੱਕ ਵੱਡਾ ਪ੍ਰਸਿੱਧ ਹਿੰਦੂ ਮੰਦਿਰ ਹੈ, ਸਤਿਗੁਰੂ ਨਾਨਕ ਦੇਵ ਜੀ ਨੇ ਇਸੇ ਥਾਂ 'ਦੱਖਣੀ ਓਅੰਕਾਰ' ਉੱਚਾਰਣ ਕੀਤਾ ਹੈ।¹ ੩. ਵ੍ਯ- ਹਾਂ। ੪. ਸਤ੍ਯ. ਯਥਾਰਥ. ਠੀਕ....