chanāचना
ਦੇਖੋ, ਚਣਾ ਅਤੇ ਛੋਲਾ. "ਜਿਉ ਕਪਿ ਕੇ ਕਰ ਮੁਸਟਿ ਚਨਨ ਕੀ." (ਗਉ ਕਬੀਰ) "ਕਬਹੂ ਕੂਰਨੁ ਚਨੇ ਬਿਨਾਵੈ." (ਭੈਰ ਨਾਮਦੇਵ)
देखो, चणा अते छोला. "जिउ कपि के कर मुसटि चनन की." (गउ कबीर) "कबहू कूरनु चने बिनावै." (भैर नामदेव)
ਸੰ. चणक ਸੰਗ੍ਯਾ- ਛੋਲਾ. ਨੁਖ਼ੂਦ. ਚਨਾ. ਦੇਖੋ, ਛੋਲਾ...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਚਣਕ. ਚਣਾ. ਨਖ਼ੂਦ. Cicer Arientum. ਇਹ ਵਡਾ ਲਾਭਦਾਇਕ ਅੰਨ ਹੈ. ਇਸ ਦੇ ਬੇਸਣ ਤੋਂ ਅਨੇਕ ਪ੍ਰਕਾਰ ਦੇ ਖਾਣ ਯੋਗ੍ਯ ਪਦਾਰਥ ਬਣਦੇ ਹਨ. ਘੋੜੇ ਅਤੇ ਲਵੇਰੇ ਪਸ਼ੂਆਂ ਨੂੰ ਚਾਰਿਆ ਜਾਂਦਾ ਹੈ. ਕਣਕ ਦੇ ਆਟੇ ਨਾਲ ਮਿਲਾਕੇ ਇਸ ਦੀ ਪਕਾਈ ਮਿੱਸੀ ਰੋਟੀ ਬਹੁਤ ਪੁਸ੍ਟਿਕਾਰਕ ਹੈ....
ਸੰਗ੍ਯਾ- ਜੀਵ। ੨. ਮਨ. "ਜਿਉ ਮੋਹਿਓ ਉਨੀ ਮੋਹਨੀ ਬਾਲਾ." (ਗਉ ਮਃ ੫) ੩. ਕ੍ਰਿ. ਵਿ- ਜੈਸੇ. ਜਿਵੇਂ. ਜਿਸ ਤਰਾਂ. "ਜਿਉ ਹੋਵੈ ਸਾਹਿਬ ਸਿਉ ਮੇਲੁ." (ਸੋਹਿਲਾ) "ਜਿਉ ਆਇਆ ਤਿਉ ਜਾਵਹਿ ਬਉਰੇ." (ਰਾਮ ਅਃ ਮਃ ੧)...
ਕ੍ਰਿ. ਵਿ- ਕੱਟਕੇ. ਵੱਢਕੇ. "ਸੋ ਸਿਰੁ ਕਪਿ ਉਤਾਰ." (ਸ. ਫਰੀਦ) ੨. ਸੰ. ਸੰਗ੍ਯਾ- ਬਾਂਦਰ। ੩. ਹਾਥੀ। ੪. ਸੂਰਜ. ਦੇਖੋ, ਕਪ ੪। ੫. ਵਿ- ਫਿਰਨ ਵਾਲਾ. ਘੁੰਮਣ ਵਾਲਾ. "ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ." (ਗੂਜ ਕਬੀਰ) ਤੇਲੀ ਦੇ ਬੈਲ ਵਾਂਙ ਭ੍ਰਮਤ ਫਿਰਤ....
ਸੰ. ਮੁਸ੍ਟਿ. ਸੰਗ੍ਯਾ- ਮੁੱਕੀ. ਮੁੱਠ। ੨. ਤਲਵਾਰ ਆਦਿ ਦਾ ਕਬਜਾ. ਫ਼ਾ. [مُشت] ਮੁਸ਼੍ਤ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਕ੍ਰਿ. ਵਿ- ਕਦਾਂ. ਕਦੀ. ਕਿਸੇ ਵੇਲੇ. ਕਿਸੀ ਇੱਕ ਸਮੇਂ, "ਕਬਹੁਕ ਕੋਊ ਪਾਵੈ ਆਤਮਪ੍ਰਗਾਸ ਕਉ." (ਸਵੈਯੇ ਮਃ ੪. ਕੇ) "ਕਬਹੂ ਨ ਬਿਸਰਹੁ ਮਨ ਮੇਰੇ ਤੇ." (ਨਟ ਮਃ ੫)...
ਬੀਨਨਾ (ਚੁਗਣਾ) ਕਰਾਵੈ. ਦੇਖੋ, ਕੂਰਨ...
ਬੰਬਈ ਦੇ ਇਲਾ ਜਿਲਾਸਤਾਰਾ ਵਿੱਚ ਨਰਸੀਬਾਂਮਨੀ ਗ੍ਰਾਮ ਵਿੱਚ ਦਾਮਸ਼ੇਟੀ ਛੀਪੇ शिल्पिन् ਦੇ ਘਰ ਗੋਨਾਬਾਈ ਦੇ ਉਦਰ ਤੋਂ ਸੰਮਤ ੧੩੨੮ ਵਿੱ ਨਾਮਦੇਵ ਜੀ ਦਾ ਜਨਮ ਹੋਇਆ ਇਨ੍ਹਾਂ ਦੀ ਸ਼ਾਦੀ ਗੋਬਿੰਦਸ਼ੇਟੀ ਦੀ ਬੇਟੀ ਰਾਜਾਬਾਈ ਨਾਲ ਹੋਈ ਜਿਸ ਤੋਂ ਚਾਰ ਪੁਤ੍ਰ ਨਾਰਾਯਣ ਮਹਾਦੇਵ ਗੋਵਿੰਦ ਵਿੱਠਲ ਅਤੇ ਇੱਕ ਬੇਟੀ ਲਿੰਬਾ ਬਾਈ ਉਪਜੇ ਨਾਮਦੇਵ ਜੀ ਦੀ ਪਹਿਲੀ ਅਵਸਥਾ ਸ਼ਿਵ ਅਤੇ ਵਿਸਨੁ ਦੀ ਪੂਜਾ ਵਿੱਚ ਵੀਤੀ ਪਰ ਵਿਸ਼ੋਬਾ ਖੇਚਰ ਅਤੇ ਗ੍ਯਾਨਦੇਵ ਆਦਿਕ ਗ੍ਯਾਨੀਆਂ ਦੀ ਸੰਗਤਿ ਨਾਲ ਇਨ੍ਹਾਂ ਨੂੰ ਆਤਮਗ੍ਯਾਨ ਦੀ ਪ੍ਰਾਪਤੀ ਹੋਈ ਨਾਮਦੇਵ ਜੀ ਦੀ ਉਮਰ ਦਾ ਵਡਾ ਹਿੱਸਾ ਪੰਡਰਪੁਰ ਪੁੰਡਰੀਪੁਰ ਵਿੱਚ ਜੋ ਜਿਲਾ ਸ਼ੋਲਾਪੁਰ ਵਿੱਚ ਹੈ ਵੀਤਿਆ ਅਤੇ ਉਸੇ ਥਾਂ ਸੰਮਤ ੧੪੦੮ ਵਿੱਚ ਦੇਹਾਂਤ ਹੋਇਆ ਦੇਖੋ, ਔਂਢੀ ਮਰਾਠੀ ਮਹਾਰਾਸ੍ਟ੍ਰ ਭਾਸਾ ਵਿੱਚ ਨਾਮਦੇਵ ਜੀ ਦੇ ਬਹੁਤ ਪਦ ਪਾਏ ਜਾਂਦੇ ਹਨ ਜੋ "ਅਭੰਗ" ਕਰਕੇ ਪ੍ਰਸਿੱਧ ਹਨ ਕਰਤਾਰ ਦੇ ਸਭ ਨਾਮਾਂ ਵਿੱਚੋਂ ਬਹੁਤ ਪ੍ਯਾਰਾ ਨਾਮ ਇਨ੍ਹਾਂ ਦੀ ਰਸਨਾ ਤੇ "ਵਿੱਠਲ" ਰਹਿੰਦਾ ਸੀ, ਜਿਸ ਦੀ ਵ੍ਯਾਖ੍ਯਾ "ਬੀਠਲ" ਸ਼ਬਦ ਪੁਰ ਕੀਤੀ ਗਈ ਹੈ.#ਦੇਸ਼ਾਟਨ ਕਰਦੇ ਹੋਏ ਇੱਕ ਬਾਰ ਇਹ ਮਹਾਤਮਾ ਪੰਜਾਬ ਵਿੱਚ ਭੀ ਪਧਾਰੇ ਹਨ, ਅਰ ਉਨ੍ਹਾਂ ਦੀ ਯਾਦਗਾਰ ਦੇ ਕਈ ਅਸਥਾਨ ਪਾਏ ਜਾਂਦੇ ਹਨ, ਜਿਨ੍ਹਾਂ ਵਿੱਚੋਂ ਸਿਰੋਮਣਿ ਘੁੰਮਣ (ਜਿਲਾ ਗੁਰਦਾਸਪੁਰ) ਵਿੱਚ ਹੈ, ਜੋ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਬਣਵਾਇਆ ਹੈ. ਉੱਥੇ ਹਰ ਸਾਲ ੨. ਮਾਘ ਨੂੰ ਭਾਰੀ ਮੇਲਾ ਹੁੰਦਾ ਹੈ. ਮੰਦਿਰ ਦੇ ਪੁਜਾਰੀ ਅਤੇ ਪ੍ਰਚਾਰਕਾਂ ਦੀ ਸੰਗ੍ਯਾ ਬਾਵੇ ਹੈ.#ਨਾਮਦੇਵ ਜੀ ਇੱਕ ਵਾਰ ਮੁਹ਼ੰਮਦ ਤੁਗ਼ਲਕ਼ ਮੁਤਅੱਸਬ ਦਿੱਲੀਪਤਿ ਦੇ ਪੰਜੇ ਵਿੱਚ ਭੀ ਫਸਗਏ ਸਨ, ਪਰ ਕਰਤਾਰ ਦੀ ਕ੍ਰਿਪਾ ਨਾਲ ਛੁਟਕਾਰਾ ਹੋਇਆ.#ਨਾਭਾ ਜੀ ਨੇ ਭਗਤਮਲ ਵਿੱਚ ਨਾਮਦੇਵ ਜੀ ਦਾ ਜੀਵਨ ਹੋਰ ਤਰਾਂ ਲਿਖਿਆ ਹੈ, ਪਰ ਮਹਾਰਾਸਟ੍ਰ ਦੇਸ਼ ਦੇ ਵਿਦ੍ਵਾਨਾਂ ਦਾ ਲੇਖ ਸਭ ਤੋਂ ਵਧਕੇ ਪ੍ਰਮਾਣ ਯੋਗ੍ਯ ਹੈ. ਨਾਮਦੇਵ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ.#"ਨਾਮਦੇਉ ਤ੍ਰਿਲੋਚਨ ਕਬੀਰ ਦਾਸਰੋ." (ਗੂਜ ਮਃ ੫)#"ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ." (ਸੂਹੀ ਮਃ ੪)#"ਨਾਮਦੇਇ ਸਿਮਰਨੁ ਕਰਿ ਜਾਨਾ." (ਬਿਲਾ ਨਾਮਦੇਵ)#"ਨਾਮਦੇਵ ਹਰਿਜੀਉ ਬਸਹਿ ਸੰਗਿ." (ਬਸੰ ਅਃ ਮਃ ੫)...