gupālaगुपाल
ਵਿ- ਗੋਪਾਲਕ. ਗਵਾਲਾ। ਸੰਗ੍ਯਾ- ਕ੍ਰਿਸਨ ਜੀ। ੩. ਜਗਤਨਾਥ ਵਾਹਿਗੁਰੂ ਦੇਖੋ, ਗੋ। ੪. ਗੁਲੇਰ ਦਾ ਰਾਜਾ, ਜੋ ਭੀਮਚੰਦ ਕਹਲੂਰੀਏ ਨਾਲ ਮਿਲਕੇ ਦਸ਼ਮੇਸ਼ ਨਾਲ ਆਨੰਦਪੁਰ ਦੇ ਜੰਗ ਵਿੱਚ ਲੜਿਆ. ਦੇਖੋ, ਵਿਚਿਤ੍ਰਨਾਟਕ। ੫. ਦੇਖੋ, ਚੌਪਈ ਦਾ ਰੂਪ ੨.
वि- गोपालक. गवाला। संग्या- क्रिसन जी। ३. जगतनाथ वाहिगुरू देखो, गो। ४. गुलेर दा राजा, जो भीमचंद कहलूरीए नाल मिलके दशमेश नाल आनंदपुर दे जंग विॱच लड़िआ. देखो, विचित्रनाटक। ५. देखो, चौपई दा रूप २.
ਦੇਖੋ, ਗ੍ਵਾਰ- ਗ੍ਵਾਰਨੀ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਵਾਹਗੁਰੂ. "ਆਦਿਪੁਰਖੁ ਸਦਾ ਤੁਹੀ ਵਾਹਿਗੁਰੁ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ." (ਸਵੈਯੇ ਮਃ ੪. ਕੇ)...
ਸੰਗ੍ਯਾ- ਗਵਾਲੀਅਰ ਦੇ ਥਾਂ ਇਹ ਸ਼ਬਦ ਆਇਆ ਹੈ. "ਸ਼ਾਹ ਗੁਰੂ ਕੋ ਪਠੈ ਗੁਲੇਰ." (ਗੁਪ੍ਰਸੂ) ੨. ਕਟੋਚ ਰਾਜਪੂਤਾਂ ਦੀ ਇੱਕ ਸ਼ਾਖ਼। ੩. ਕਾਂਗੜੇ ਜਿਲੇ ਦੀ ਡੇਰਾ ਤਸੀਲ ਵਿੱਚ ਇੱਕ ਪਹਾੜੀ ਰਿਆਸਤ, ਜੋ ਰਾਜਾ ਹਰੀਚੰਦ ਕਟੋਚੀਏ ਨੇ ਕ਼ਾਇਮ ਕੀਤੀ. ਇਸ ਦਾ ਇਤਿਹਾਸ ਇਉਂ ਹੈ-#ਇੱਕ ਵਾਰ ਹਰੀਚੰਦ ਸ਼ਿਕਾਰ ਖੇਡਦਾ ਖੂਹ ਵਿੱਚ ਡਿਗ ਪਿਆ, ਜਦ ਚਿਰ ਤੀਕ ਰਿਆਸਤ ਨੂੰ ਨਾ ਮੁੜਿਆ ਤਾਂ ਸਭ ਨੇ ਉਸ ਨੂੰ ਮੋਇਆ ਜਾਣਕੇ ਉਸ ਦੇ ਪੁੱਤ ਨੂੰ ਰਾਜਗੱਦੀ ਪੁਰ ਬੈਠਾ ਦਿੱਤਾ. ਜਦ ਹਰੀਚੰਦ ਕਿਸੇ ਤਰਾਂ ਖੂਹੋਂ ਨਿਕਲਕੇ ਰਿਆਸਤ ਵਿੱਚ ਆਇਆ, ਤਦ ਪੁਤ੍ਰ ਨੂੰ ਰਾਜਾ ਦੇਖਕੇ ਉਹ ਵਾਪਿਸ ਚਲਾ ਗਿਆ ਅਤੇ ਗੁਲੇਰ ਨਗਰ ਵਸਾਕੇ ਜੁਦਾ ਰਾਜ ਕਰਨ ਲੱਗਾ....
ਵਿ- ਰੱਜਿਆ. ਤ੍ਰਿਪਤ. ਸੰਤੁਸ੍ਟ। ੨. ਸੰ. राजन्. ਸੰਗ੍ਯਾ- ਆਪਣੀ ਨੀਤਿ ਅਤੇ ਸ਼ੁਭਗੁਣਾਂ ਨਾਲ ਪ੍ਰਜਾ ਨੂੰ ਰੰਜਨ (ਪ੍ਰਸੰਨ) ਕਰਨ ਵਾਲਾ.¹#ਗੁਰਵਾਕ ਹੈ- "ਰਾਜੇ ਚੁਲੀ ਨਿਆਵ ਕੀ." (ਮਃ ੧. ਵਾਰ ਸਾਰ) ਰਾਜੇ ਨੂੰ ਨਿਆਂ ਕਰਨ ਦੀ ਪ੍ਰਤਿਗ੍ਯਾ ਕਰਨੀ ਚਾਹੀਏ. "ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣੁ. ਰਤੁ." (ਮਾਰੂ ਮਃ ੧) ਗੁਣੀ ਅਤੇ ਪ੍ਰਧਾਨਪੁਰਖਾਂ ਦੇ ਸਮਾਜ ਦਾ ਭੈ ਮੰਨਣ ਵਾਲਾ ਰਾਜਾ ਹੀ ਤਖਤ ਤੇ ਰਹਿ ਸਕਦਾ ਹੈ. ਭਾਈ ਗੁਰਦਾਸ ਜੀ ਲਿਖਦੇ ਹਨ-#"ਜੈਸੇ ਰਾਜਨੀਤਿ ਰੀਤਿ ਚਕ੍ਰਵੈ ਚੈਤੰਨਰੂਪ#ਤਾਂਤੇ ਨਿਹਚਿੰਤ ਨ੍ਰਿਭੈ ਬਸਤ ਹੈਂ ਲੋਗ ਜੀ. ×××#ਜੈਸੇ ਰਾਜਾ ਧਰਮਸਰੂਪ ਰਾਜਨੀਤਿ ਬਿਖੈ.#ਤਾਂਕੇ ਦੇਸ ਪਰਜਾ ਬਸਤ ਸੁਖ ਪਾਇਕੈ." ×××#(ਕਬਿੱਤ)#ਪ੍ਰੇਮਸੁਮਾਰਗ ਵਿੱਚ ਕਲਗੀਧਰ ਦਾ ਉਪਦੇਸ਼ ਹੈ-#"ਰਾਜੇ ਕੋ ਚਾਹੀਐ ਜੋ ਨਿਆਉਂ ਸਮਝ ਕਰ ਭੈ ਸਾਥ ਕਰੈ, ਕੋਈ ਇਸ ਕੇ ਰਾਜ ਮੈ ਦੁਖਿਤ ਨ ਹੋਇ. ਰਾਜੇ ਕੋ ਚਾਹੀਐ ਜੋ ਅਪਨੇ ਉੱਪਰ ਭੀ ਨਿਆਉਂ ਕਰੇ." ਅਰਥਾਤ ਜਿਨ੍ਹਾਂ ਕੁਕਰਮਾਂ ਤੋਂ ਲੋਕਾਂ ਨੂੰ ਦੰਡ ਦਿੰਦਾ ਹੈ, ਉਨ੍ਹਾਂ ਤੋਂ ਆਪ ਭੀ ਬਚੇ.#ਭਾਈ ਬਾਲੇ ਦੀ ਸਾਖੀ ਵਿੱਚ ਲਿਖਿਆ ਹੈ ਕਿ- "ਮੀਰ ਬਾਬਰ ਨੇ ਕਹਿਆ, ਹੇ ਫਕੀਰ ਜੀ! ਮੁਝ ਕੋ ਤੁਸੀਂ ਕੁਛ ਉਪਦੇਸ਼ ਕਰੋ." ਤਾਂ ਸ਼੍ਰੀ ਗੁਰੂ ਜੀ ਕਹਿਆ, "ਹੇ ਪਾਤਸ਼ਾਹ! ਤੁਸਾਂ ਧਰਮ ਦਾ ਨਿਆਉਂ ਕਰਨਾ ਤੇ ਪਰਉਪਕਾਰ ਕਰਨਾ."#ਚਾਣਕ੍ਯ ਨੇ ਰਾਜਾ ਦਾ ਲੱਛਣ ਕੀਤਾ ਹੈ-#''नीतिशास्त्रानुगो राजा. '' (ਸੂਤ੍ਰ ੪੮) ਉਸ ਨੇ ਰਾਜ੍ਯ ਦਾ ਮੂਲ ਇੰਦ੍ਰੀਆਂ ਨੂੰ ਜਿੱਤਣਾ ਲਿਖਿਆ ਹੈ-#''राज्यमृलमिन्दि्रय जयः '' (ਸੂਤ੍ਰ ੪) ਸਾਥ ਹੀ ਇਹ ਭੀ ਦੱਸਿਆ ਹੈ ਕਿ ਇੰਦ੍ਰੀਆਂ ਤੇ ਕਾਬੂ ਆਇਆ ਰਾਜਾ ਚਤੁਰੰਗਿਨੀ ਫੌਜ ਰਖਦਾ ਹੋਇਆ ਭੀ ਨਸ੍ਟ ਹੋਜਾਂਦਾ ਹੈ. - ''इन्दि्रय वशवर्ती चतुरङ्गवानपि विनश्यति. '' (ਸੂਤ੍ਰ ੭੦)#ਨੀਤਿਵੇੱਤਾ ਚਾਣਕ੍ਯ ਨੇ ਇਹ ਭੀ ਲਿਖਿਆ ਹੈ ਕਿ ਜੋ ਰਾਜੇ ਪ੍ਰਜਾ ਨਾਲ ਮੇਲ ਜੋਲ ਰਖਦੇ ਅਤੇ ਹਰੇਕ ਨੂੰ ਮੁਲਾਕਾਤ ਦਾ ਮੌਕਾ ਦਿੰਦੇ ਹਨ, ਉਹ ਪ੍ਰਜਾ ਨੂੰ ਪ੍ਰਸੰਨ ਕਰਦੇ ਹਨ, ਅਰ ਜਿਨ੍ਹਾਂ ਦਾ ਦਰਸ਼ਨ ਮਿਲਣਾ ਹੀ ਔਖਾ ਹੈ, ਉਹ ਪ੍ਰਜਾ ਨੂੰ ਨਸ੍ਟ ਕਰ ਦਿੰਦੇ ਹਨ-#''दुर्दर्शना हि राजानः प्रजा नाशयन्ति।'' (ਸੂਤ੍ਰ ੫੫੭)#''सुदर्शना हि राजानः प्रजा रञ्जयन्ति. '' (ਸੂਤ੍ਰ ੫੫੮)²#ਲਾਲ, ਦੇਵੀਦਾਸ ਅਤੇ ਰਘੁਨਾਥ ਆਦਿ ਕਵੀਆਂ ਨੇ ਰਾਜਾ ਦੇ ਸੰਬੰਧ ਵਿੱਚ ਲਿਖਿਆ ਹੈ-#ਕਬਿੱਤ#"ਸੁੰਦਰ ਸਲੱਜ ਸੁਧੀ ਸਾਹਸੀ ਸੁਹ੍ਰਿਦ ਸਾਚੋ#ਸੂਰੋ ਸ਼ੁਚਿ ਸਾਵਧਾਨ ਸ਼ਾਸਤ੍ਰਗ੍ਯ ਜਾਨੀਏ,#ਉੱਦਮੀ ਉਦਾਰ ਗੁਨਗ੍ਰਾਹੀ ਔ ਗੰਭੀਰ "ਲਾਲ"#ਸ਼ੁੱਧਮਾਨ ਧਰਮੀ ਛਮੀ ਸੁ ਤਤ੍ਵਗ੍ਯਾਨੀਏ,#ਇੰਦ੍ਰਯਜਿਤ ਸਤ੍ਯਵ੍ਰਤ ਸੁਕ੍ਰਿਤੀ ਧ੍ਰਿਤੀ ਵਿਨੀਤ#ਤੇਜਸੀ ਦਯਾਲੁ ਪ੍ਰੀਤਿ ਹਰਿ ਸੋਂ ਪ੍ਰਮਾਨੀਏ,#ਲੋਭ ਛੋਭ ਹਿੰਸਾ ਕਾਮ ਕਪਟ ਗਰੂਰਤਾ ਨ#ਲੰਛਨ ਬਤੀਸ ਏ ਛਿਤੀਸ ਕੇ ਬਖਾਨੀਏ.#ਛੋਟੇ ਛੋਟੇ ਗੁਲਨ ਕੋ ਸੂਰਨ ਕੀ ਬਾਰ ਕਰੈ#ਪਾਤਰੇ ਸੇ ਪੌਧਾ ਪਾਨੀ ਪੋਖ ਕਰ ਪਾਰਬੋ,#ਫੂਲੀ ਫੁਲਵਾਰਨ ਕੇ ਫੂਲ ਮੋਹ ਲੇਵੈ ਪੁਨ#ਖਾਰੇ ਘਨੇ ਰੂਖ ਏਕ ਠੌਰ ਤੈਂ ਉਪਾਰਬੋ,#ਨੀਚੇ ਪਰੇ ਪਾਯਨ ਤੈਂ ਟੇਕ ਦੈ ਦੈ ਊਚੇ ਕਰੈ#ਊਚੇ ਬਢਗਏ ਤੇ ਜਰੂਰ ਕਾਟਡਾਰਬੋ,#ਰਾਜਨ ਕੋ ਮਾਲਿਨ ਕੋ ਦਿਨਪ੍ਰਤਿ ਦੇਵੀਦਾਸ#ਚਾਰ ਘਰੀ ਰਾਤ ਰਹੇ ਇਤਨੋ ਬਿਚਾਰਬੋ.#ਸੁਥਰੀ ਸਿਲਾਹ ਰਾਖੇ ਵਾਯੁਬੇਗੀ ਬਾਹ ਰਾਖੇ#ਰਸਦ ਕੀ ਰਾਹ ਰਾਖੇ, ਰਾਖੇ ਰਹੈ ਬਨ ਕੋ,#ਚਤੁਰ ਸਮਾਜ ਰਾਖੇ ਔਰ ਦ੍ਰਿਗਬਾਜ਼ ਰਾਖੇ#ਖਬਰ ਕੇ ਕਾਜ ਬਹੁਰੂਪਿਨ ਕੇ ਗਨ ਕੋ,#ਆਗਮਭਖੈਯਾ ਰਾਖੇ ਹਿੰਮਤਰਖੈਯਾ ਰਾਖੇ#ਭਨੇ ਰਘੁਨਾਥ ਔ ਬੀਚਾਰ ਬੀਚ ਮਨ ਕੋ,#ਬਾਜੀ ਹਾਰੇ ਕੌਨਹੂੰ ਨ ਔਸਰ ਕੇ ਪਰੇ ਭੂਪ#ਰਾਜੀ ਰਾਖੇ ਪ੍ਰਜਨ ਕੋ ਤਾਜੀ ਸੁਭਟਨ ਕੋ.#ਛੱਪਯ#ਪ੍ਰਥਮ ਬੁੱਧ ਧਨ ਧੀਰ ਧਰਨ ਧਰਨੀ ਪ੍ਰਜਾਹ ਸੁਖ,#ਸੁਚਿ ਸੁਸੀਲ ਸੁਭ ਨਿਯਤ ਨੀਤਬੇਤਾ ਪ੍ਰਸੰਨਮੁਖ,#ਨਿਰਬਿਕਾਰ ਨਿਰਲੋਭ ਨਿਰਬਿਖੀ ਨਿਰਗਰੂਰ ਮਨ,#ਹਾਨਿ ਲਾਭ ਕਰ ਨਿਪੁਣ ਕਦਰਦਾਨੀ ਬਿਬੇਕ ਸਨ,#ਤੇਗ ਤ੍ਯਾਗ ਸਾਚੋ ਸੁਕ੍ਰਿਤਿ ਹਰਿਸੇਵਕ ਹਿੰਮਤ ਅਮਿਤ,#ਸਦ ਸਭਾ ਦਾਸ ਮੰਤ੍ਰੀ ਸੁਧੀ ਬਢਤ ਰਾਜ ਸਸਿਕਲਾ ਵਤ.#੩. ਸਭ ਨੂੰ ਪ੍ਰਸੰਨ ਕਰਨ ਅਤੇ ਪ੍ਰਕਾਸ਼ਣ ਵਾਲਾ ਜਗਤ ਨਾਥ ਕਰਤਾਰ. "ਕੋਊ ਹਰਿ ਸਮਾਨਿ ਨਹੀ ਰਾਜਾ." (ਬਿਲਾ ਕਬੀਰ) "ਰਾਜਾ ਰਾਮੁ ਮਉਲਿਆ ਅਨਤਭਾਇ। ਜਹ ਦੇਖਉ ਤਹ ਰਹਿਆ ਸਮਾਇ." (ਬਸੰ ਕਬੀਰ) "ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜਾ ਛੋਡਿ ਔਰ ਦੂਜਾ ਕੌਨ ਧ੍ਯਾਇਯੇ?" (ਗ੍ਯਾਨ) ੪. ਕ੍ਸ਼੍ਤ੍ਰਿਯ. ਛਤ੍ਰੀ। ੫. ਭਾਵ- ਮਨ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਕੱਚੀ ਨਗਰੀ (ਵਿਨਾਸ਼ ਹੋਣ ਵਾਲੀ) ਦੇਹ ਹੈ। ੬. ਚੰਦ੍ਰਮਾ। ੭. ਨਾਪਿਤ (ਨਾਈ) ਨੂੰ ਭੀ ਪ੍ਰਸੰਨ ਕਰਨ ਲਈ ਲੋਕ ਰਾਜਾ ਆਖਦੇ ਹਨ। ੮. ਵਿ- ਰਾਜ੍ਯ ਦਾ. "ਨਾਮੁ ਧਨੁ, ਨਾਮੁ ਸੁਖ ਰਾਜਾ, ਨਾਮੁ ਕੁਟੰਬ, ਸਹਾਈ." (ਗੂਜ ਮਃ ੫)...
ਕਹਲੂਰ (ਬਿਲਾਸਪੁਰ) ਦਾ ਪਹਾੜੀ ਰਾਜਾ, ਜਿਸ ਨੇ ਅਕਾਰਣ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਨਾਲ ਵੈਰ ਕਰਕੇ ਆਪਣੇ ਭਾਈ ਰਾਜਿਆਂ ਨੂੰ ਪ੍ਰੇਰਕੇ ਭੰਗਾਣੀ ਆਨੰਦਪੁਰ ਆਦਿਕ ਅਸਥਾਨਾਂ ਵਿੱਚ ਜੰਗ ਕਰਵਾਏ. ਦੇਖੋ, ਬਾਈਧਾਰ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰਗ੍ਯਾ- ਦਸ਼ਮ- ਈਸ਼. ਸਿੱਖਾਂ ਦੇ ਦਸਵੇਂ ਸ੍ਵਾਮੀ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ....
ਦੇਖੋ ਅਨੰਦਪੁਰ।#੨. ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਸ਼ਤਦ੍ਰਵ (ਸਤਲੁਜ) ਦੇ ਕਿਨਾਰੇ ਨੈਣਾਦੇਵੀ ਦੇ ਪਹਾੜ ਪਾਸ ਮਾਖੋਵਾਲ ਪਿੰਡ ਦੀ ਧਰਤੀ ਖ਼ਰੀਦਕੇ ਸੰਮਤ ੧੭੨੩ ਵਿੱਚ ਇਹ ਨਗਰ ਆਬਾਦ ਕੀਤਾ, ਜੋ ਹੁਣ ਜਿਲਾ ਹੁਸ਼ਿਆਰਪੁਰ ਦੀ ਊਨਾ ਤਸੀਲ ਵਿੱਚ ਹੈ. ਦਸ਼ਮੇਸ਼ ਨੇ ਇਸ ਨਗਰ ਨੂੰ ਵਡੀ ਰੌਣਕ ਦਿੱਤੀ. ਇਹ ਨਗਰ "ਖ਼ਾਲਸੇ ਦੀ ਵਾਸੀ" ਕਰਕੇ ਪ੍ਰਸਿੱਧ ਹੈ, ਜਿਸ ਦਾ ਭਾਵ ਹੈ ਕਿ ਜੋ ਗੁਰੂ ਪਿਤਾ ਦਾ ਨਿਵਾਸ ਅਸਥਾਨ ਹੈ, ਉਹੀ ਉਸ ਦੀ ਸੰਤਾਨ ਰੂਪ ਖ਼ਾਲਸੇ ਦਾ ਹੈ.#ਸੰਮਤ ੧੭੪੬ ਵਿੱਚ ਕਲਗੀਧਰ ਨੇ ਇਸ ਨਗਰ ਦੀ ਰਖ੍ਯਾ ਲਈ ਪੰਜ ਕ਼ਿਲੇ ਤਿਆਰ ਕਰਾਏ:-#(ੳ) ਆਨੰਦਗੜ੍ਹ (ਅ) ਲੋਹਗੜ੍ਹ (ੲ) ਫਤੇਗੜ੍ਹ, (ਸ) ਕੇਸ਼ਗੜ੍ਹ. (ਹ) ਹੋਲਗੜ੍ਹ. ਇਨ੍ਹਾਂ ਕਿਲਿਆਂ ਦੀ ਥਾਂ ਹੁਣ ਗੁਰੁਦ੍ਵਾਰੇ ਸ਼ੋਭਾ ਦੇ ਰਹੇ ਹਨ.#ਇਸ ਗੁਰੁਨਗਰ ਦੇ ਗੁਰੁਦ੍ਵਾਰਿਆਂ ਦਾ ਵੇਰਵਾ ਇਉਂ ਹੈ:-#(੧) ਅਕਾਲ ਬੁੰਗਾ. ਸ਼ਹਿਰ ਦੇ ਵਿੱਚ ਹੀ ਗੁਰੁਦ੍ਵਾਰਾ ਸੀਸਗੰਜ ਦੇ ਅਹਾਤੇ ਅੰਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੁਦ੍ਵਾਰਾ ਹੈ. ਇੱਥੇ ਦਸਮ ਪਾਤਸ਼ਾਹ ਜੀ ਨੂੰ ਗੁਰਿਆਈ ਦਾ ਤਿਲਕ ਹੋਇਆ ਹੈ. ਇਸ ਥਾਂ ਛੋਟਾ ਜਿਹਾ ਬਹੁਤ ਸੁੰਦਰ ਦਰਬਾਰ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼. ਹੈ.#(੨) ਆਨੰਦਗੜ੍ਹ ਕਿਲਾ. ਸ਼ਹਿਰ ਆਨੰਦਪੁਰ ਤੋਂ ਦੱਖਣ ਵੱਲ ਅੱਧ ਮੀਲ ਤੋਂ ਭੀ ਘੱਟ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਸ਼੍ਰੀ ਆਨੰਦਪੁਰ ਦੀ ਰਖ੍ਯਾ ਲਈ ਗੁਰੂ ਜੀ ਨੇ ਜੋ ਕਿਲੇ ਬਣਵਾਏ ਸਨ ਉਨ੍ਹਾਂ ਵਿਚੋਂ ਇੱਕ ਇਹ ਭੀ ਹੈ.#ਇਸ ਕਿਲੇ ਅੰਦਰ ਇੱਕ ਬਾਵਲੀ (ਵਾਪੀ) ਹੈ. ਜਿਸ ਦੀਆਂ ਪਉੜੀਆਂ ਉਤਰਕੇ ਚੜ੍ਹਨਾ ਔਖਾ ਹੋ ਜਾਂਦਾ ਹੈ, ਅਤੇ ਇਸ ਬਾਵਲੀ ਦੇ ਇਰਦ ਗਿਰਦ ਇਹੋ ਜਿਹੀਆਂ ਗੁਪਤ ਕੋਠੜੀਆਂ ਹਨ ਕਿ ਜਿਨ੍ਹਾਂ ਅੰਦਰ ਆਦਮੀ ਚਲਾ ਜਾਵੇ ਤਾਂ ਫਿਰ ਬਾਹਰ ਦਾ ਰਸਤਾ ਮਿਲਨਾ ਮੁਸ਼ਕਲ ਹੋ ਜਾਂਦਾ ਹੈ. ਦਰਬਾਰ ਭੀ ਬਹੁਤ ਚੰਗਾ ਬਣਿਆ ਹੋਇਆ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿੱਤ ਪ੍ਰਕਾਸ਼ ਹੁੰਦਾ ਹੈ.#੧੬੦੦ ਰੁਪਯੇ ਦੇ ਕਰੀਬ ਸਾਲਾਨਾ ਜਾਗੀਰ ਪਿੰਡ ਚੰਦਪੁਰ, ਬੁਰਜ, ਚੀਕੁਣਾ, ਮੈਂਹਦੜੀ ਥਾਣਾ ਆਨੰਦਪੁਰ ਵਿੱਚ ਹੈ. ੩੭।) ਰੁਪਯੇ ਸਾਲਾਨਾ ਜਾਗੀਰ ਰਿਆਸਤ ਕਲਸੀਆ ਵੱਲੋਂ ਹੈ. ੧੨੫ ਘੁਮਾਉਂ ਜ਼ਮੀਨ ਇਥੇ ਹੀ ਗੁਰੁਦ੍ਵਾਰੇ ਨਾਲ ਹੈ.#ਇਸ ਕਿਲੇ ਨੂੰ ਹੀ ਤੋੜਨ ਲਈ ਪਹਾੜੀ ਰਾਜਿਆਂ ਨੇ ਹਾਥੀ ਨੂੰ ਸ਼ਰਾਬ ਨਾਲ ਮਸਤ ਕਰਕੇ ਛੱਡਿਆ ਸੀ, ਅਤੇ ਭਾਈ ਵਿਚਿਤ੍ਰ ਸਿੰਘ ਨੇ ਬਰਛਾ ਮਾਰਕੇ ਹਾਥੀ ਦਾ ਸਿਰ ਭੇਦ਼ਨ ਕੀਤਾ ਸੀ.#(੩) ਸੀਸਗੰਜ. ਸ਼੍ਰੀ ਆਨੰਦਪੁਰ ਸਾਹਿਬ ਦੇ ਅੰਦਰ ਹੀ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ. ਇੱਥੇ ਸਤਿਗੁਰੂ ਜੀ ਦੇ ਦਿੱਲੀ ਤੋਂ ਆਏ ਸੀਸ ਦਾ ਸਸਕਾਰ ਕੀਤਾ ਗਿਆ ਸੀ.#ਸਿੱਖ ਰਾਜ ਵੇਲੇ ਦੀ ਜਾਗੀਰ ਪਿੰਡ ਚੱਕ ਸਾਦੂ ਅਤੇ ਮੁਖੇੜਾ ਤੋਂ ਨੌ ਸੌ ਰੁਪਯੇ ਸਾਲਾਨਾ ਹੈ. ੩੭।) ਰਾਜਾ ਸਾਹਿਬ ਕਲਸੀਆ ਵੱਲੋਂ, ੬੦) ਰਿਆਸਤ ਪਟਿਆਲਾ ਅਤੇ ੭੦) ਰਿਆਸਤ ਨਾਭਾ ਵੱਲੋਂ ਸਾਲਾਨਾ ਮਿਲਦੇ ਹਨ।#(੪) ਕੇਸਗੜ੍ਹ. ਸ਼ਹਿਰ ਆਨੰਦਪੁਰ ਤੋਂ ਨੈਰਤ ਕੋਣ ਵਿੱਚ ਨਾਲ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੁਦ੍ਵਾਰਾ ਹੈ. ਇੱਥੇ ੧੭੫੬ ਵੈਸਾਖੀ ਵਾਲੇ ਦਿਨ ਖ਼ਾਲਸਾ ਪੰਥ ਸਾਜਿਆ. ਵਡਾ ਮੇਲਾ ਹੋਲੇ ਨੂੰ ਹੁੰਦਾ ਹੈ, ਸਾਧਾਰਨ ਮੇਲਾ ਵੈਸਾਖੀ ਨੂੰ ਭੀ ਹੁੰਦਾ ਹੈ.#ਇਸ ਗੁਰੁਦ੍ਵਾਰੇ ਵਿੱਚ ਇਹ ਗੁਰੁਵਸਤੂਆਂ ਹਨ:-#(ੳ) ਨਾਗਣੀ. ਇਸ ਨਾਗਣੀ ਬਰਛੀ ਦੀ ਲੰਬਾਈ ੮. ਫੁੱਟ ੯. ਇੰਚ ਹੈ.#(ਅ) ਭਾਲਾ (ਬਰਛਾ). ਇਸ ਦੀ ਲੰਬਾਈ ਅੱਧ ਇੰਚ ਘੱਟ ਅੱਠ ਫੁੱਟ ਹੈ. ਇਸ ਦਾ ਅਗਲਾ ਫਲ ੨. ਫੁੱਟ ੯. ਇੰਚ ਲੰਬਾ ਹੈ. ਵਿਚਕਾਰ ਲਕੜੀ ਦਾ ਲੰਬਾ ਦਸਤਾ ਹੈ.#(ੲ) ਸੈਫ਼ (ਅਥਵਾ ਬਾਣਾ). ਇਸ ਦੀ ਲੰਬਾਈ ਦਸਤੇ ਸਮੇਤ ੪. ਫੁੱਟ ੩. ਇੰਚ ਹੈ. ਚੌੜਾਈ ਦਸਤੇ ਪਾਸ ਤਿੰਨ ਇੰਚ ਫੇਰ ਵਿਚਕਾਰ ਦੋ ਇੰਚ, ਇਸੇ ਤਰ੍ਹਾਂ ਘਟਦੀ ਹੋਈ ਅੰਤ ਤਿੱਖੀ ਨੋਕ ਹੈ. ਤੋਲ ਬੱਤੀ ਛਟਾਂਕ ਹੈ.¹#ਇਸ ਉੱਪਰ ਇਹ ਇ਼ਬਾਰਤ ਲਿਖੀ ਹੋਈ ਹੈ:-#ਇੱਕ ਪਾਸੇ:-# [نصرمن الله فتح قریب] # [محیط علم راگندمہرامیرالمومنین حیدر] # [امام الجن والانس وصی مصطفٰےحق] #ਅਤੇ ਦੂਜੇ ਪਾਸੇ:-# [لااله الاالله محمد رسول الله] # [لافتٰی اِلاعلی لاسیف الاذوالفقار] # [بسم الله الرحمن الرحیم] # [تحفہ است علی فاطمہ حسین و حسن] #(ਸ) ਖੰਡਾ ਦੁਧਾਰਾ. ਇਸ ਖੰਡੇ ਦੀ ਲੰਬਾਈ ੩॥ ਫੁੱਟ ੩. ਇੰਚ ਹੈ. ਇਸੇ ਖੰਡੇ ਨਾਲ ਸਿੱਖੀ ਪਰਖੀ ਸੀ, ਜਦੋਂ ਪੰਜ ਪਿਆਰੇ ਚੁਣੇ ਸਨ. ਇਸ ਦਾ ਫਲ ਅਗਲੇ ਸਿਰੇ ਤੋਂ ੨। ਇੰਚ ਵਿਚਕਾਰੋਂ ੧॥ ਇੰਚ ਚੌੜਾ ਹੈ.#(ਹ) ਕਟਾਰ. ਇਸ ਕਟਾਰ ਦੀ ਲੰਬਾਈ ਸਮੇਤ ਦਸਤੇ ਦੋ ਫੁੱਟ ਇੱਕ ਇੰਚ ਹੈ. ਇਸ ਦੇ ਦਸਤੇ ਉੱਪਰ ਹਾਥੀ ਸ਼ੇਰਾਂ ਦੀਆਂ ਤਸਵੀਰਾਂ ਚਿਤ੍ਰ ਕੀਤੀਆਂ ਹੋਈਆਂ ਹਨ.#ਗੁਰੁਦ੍ਵਾਰੇ ਕੇਸ ਗੜ੍ਹ ਦੀ ਜਾਗੀਰ ਦਾ ਵੇਰਵਾ- ੧੧੫੦) ਰੁਪਯੇ ਸਾਲਾਨਾ ਅਰਥਾਤ ਪਿੰਡ "ਬੱਡੋਂ" ਦੇ ਸਾਰੇ ਸਰਕਾਰੀ ਮੁਆ਼ਮਲੇ ਦਾ ਅੱਧ, ਜਿਲਾ ਹੁਸ਼ਿਆਰਪੁਰ ਤੋਂ, ਜੋ ਸਰਦਾਰ ਬਘੇਲ ਸਿੰਘ ਜਥੇਦਾਰ ਨੇ ਅਮ੍ਰਿਤ ਛਕਣ ਵੇਲੇ ਅਰਦਾਸ ਕਰਾਈ. ੪੦੦) ਰੁਪਯੇ ਸਾਲਾਨਾ ਪਿੰਡ "ਗੀਗਨ ਵਾਲ" ਜ਼ਿਲਾ ਜਾਲੰਧਰ ਤੋਂ, ਜੋ ਸਰਦਾਰ ਮਿੱਤ ਸਿੰਘ ਜੀ ਜਥੇਦਾਰ ਨੇ ਅਰਦਾਸ ਕਰਾਈ. ੧੧੦੦) ਰੁਪਯੇ ਸਾਲਾਨਾ ਪਿੰਡ "ਮੋਠੇਪੁਰ" ਥਾਣਾ ਆਨੰਦਪੁਰ ਤੋਂ, ਜੋ ਸਰਦਾਰ ਚੜ੍ਹਤ ਸਿੰਘ ਜੀ ਡੱਲੇ ਵਾਲੀਏ ਨੇ ਅਰਦਾਸ ਕਰਾਈ.#੭੫) ਰੁਪਯੇ ਸਾਲਾਨਾ ਪਿੰਡ "ਮਹੈਣ" ਥਾਣਾ ਆਨੰਦਪੁਰ ਵਿੱਚ ਰਿਆਸਤ ਬਿਲਾਸਪੁਰ ਵੱਲੋਂ ਹੈ. ੩੭੫) ਰੁਪਯੇ ਸਾਲਾਨਾ ਰਿਆਸਤ ਪਟਿਆਲਾ ਵੱਲੋਂ ਹਨ. ੧੬੯/-) ਰੁਪਯੇ ਰਿਆਸਤ ਨਾਭੇ ਵੱਲੋਂ ਸਾਲਾਨਾ ਹਨ. ੩੭।) ਰੁਪਯੇ ਸਾਲਾਨਾ ਰਾਜਾ ਸਾਹਿਬ ਕਲਸੀਆ ਵੱਲੋਂ ਹਨ. ੩੩ ਘੁਮਾਉਂ ਦੇ ਕਰੀਬ ਰਕ਼ਬਾ ਜ਼ਮੀਨ ਦਾ ਹੈ, ਜਿਸ ਦੇ ਵਿੱਚ ਹੀ ਗੁਰੁਦ੍ਵਾਰਾ ਹੈ.#ਇਸ ਸਾਰੀ ਜਾਗੀਰ ਦਾ ਅਟਾ ਸਟਾ ੩. ਹਜਾਰ ਰੁਪਯੇ ਦੇ ਕ਼ਰੀਬ ਸਾਲਾਨਾ ਹੈ. ਹੋਲੇ ਮਹੱਲੇ ਦੇ ਮੇਲੇ ਤੇ ਕਾਫ਼ੀ ਚੜ੍ਹਾਵਾ ਹੋ ਜਾਂਦਾ ਹੈ.#(੫) ਗੁਰੂ ਕੇ ਮਹਿਲ. ਸ਼ਹਿਰ ਅੰਦਰ ਜੋ ਗੁਰੂ ਤੇਗ਼ ਬਹਾਦੁਰ ਜੀ ਨੇ ਆਪਣੇ ਰਹਿਣ ਲਈ ਮਕਾਨ ਬਣਾਏ. ਇਨ੍ਹਾਂ ਮਹਿਲਾਂ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਨਿਵਾਸ ਕੀਤਾ, ਅਤੇ ਚਾਰੇ ਸਾਹਿਬਜ਼ਾਦਿਆਂ ਦਾ ਜਨਮ ਹੋਇਆ ਉਸ ਵੇਲੇ ਦੀਆਂ ਕੁਝ ਦੀਵਾਰਾਂ ਅਜੇ ਮੌਜੂਦ ਹਨ.#(੬) ਦਮਦਮਾ ਸਾਹਿਬ. ਸ਼ਹਿਰ ਆਨੰਦਪੁਰ ਤੋਂ ਪੱਛਮ ਵੱਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਇੱਥੇ ਸਤਿਗੁਰੂ ਦੀਵਾਨ ਸਜਾਇਆ ਕਰਦੇ ਸਨ. ਅਤੇ ਮਸੰਦਾਂ ਨੂੰ ਦੰਡ ਇਸੇ ਥਾਂ ਬੈਠਕੇ ਦਿੱਤਾ ਸੀ.#(੭) ਮੰਜੀ ਸਾਹਿਬ. ਗੁਰੂ ਕੇ ਮਹਿਲਾਂ ਪਾਸ ਸ਼੍ਰੀ ਗੁਰੂ ਤੇਗ ਬਾਹਦੁਰ ਜੀ ਦਾ ਗੁਰੁਦ੍ਵਾਰਾ ਹੈ. ਇਥੇ ਗੁਰੂ ਜੀ ਰੋਜ਼ ਸ਼ਾਮ ਦਾ ਦੀਵਾਨ ਲਾਇਆ ਕਰਦੇ ਸਨ, ਇਥੇ ਹੀ ਦੀਵਨ ਵਿੱਚ ਆਕੇ ਕਸ਼ਮੀਰੀ ਪੰਡਿਤਾਂ ਨੇ ਸਤਿਗੁਰਾਂ ਪਾਸ ਧਰਮਰਖ੍ਯਾ ਲਈ ਫਰਿਆਦ ਕੀਤੀ ਸੀ.#(੮) ਮੰਜੀ ਸਾਹਿਬ (੨) ਸ਼ਹਿਰ ਵਿੱਚ ਗੁਰੁਦ੍ਵਾਰੇ ਕੇਸਗੜ੍ਹ ਸਾਹਿਬ ਦੇ ਪਾਸ ਹੀ ਚਾਰੇ ਸਾਹਿਬਜ਼ਾਦਿਆਂ ਦਾ ਗੁਰੁਦ੍ਵਾਰਾ ਹੈ. ਇਥੇ ਬਾਬਾ ਅਜੀਤ ਸਿਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤੇ ਸਿੰਘ ਜੀ ਛੋਟੀ ਅਵਸਥਾ ਵਿੱਚ ਖੇਡਦੇ ਅਤੇ ਵਿਦ੍ਯਾ ਪ੍ਰਾਪਤ ਕਰਦੇ ਹੁੰਦੇ ਸਨ.#੮੦) ਰੁਪਯੇ ਸਾਲਾਨਾ ਜਾਗੀਰ ਪਿੰਡ "ਸੂਰੇ ਵਾਲ" ਥਾਣਾ ਆਨੰਦਪੁਰ ਤੋਂ ਮਹਾਰਾਜਾ ਰਣਜੀਤ ਸਿਘ ਵੱਲੋਂ ਹੈ. ੧੮/-) ਰਿਆਸਤ ਕਲਸੀਆ ਵਲੋਂ ਅਤੇ ੨੫) ਸਾਲਾਨਾ ਰਿਆਸਤ ਪਟਿਆਲੇ ਵੱਲੋਂ ਹਨ.#ਛੋਟੀ ਜਿਹੀ ਪਹਾੜੀ ਉੱਪਰ ਉੱਚੀ ਥਾਂ ਦਰਬਾਰ ਬਣਿਆ ਹੋਇਆ ਹੈ. ਇਸ ਇਮਾਰਤ ਦੀ ਸੇਵਾ ਸਰਦਾਰ ਗੁੱਜਰ ਸਿੰਘ ਜੀ ਰਈਸ "ਸੁਰਖ ਪੁਰ," ਰਿਆਸਤ ਕਪੂਰਥਲਾ ਨੇ ਕਰਾਈ ਹੈ.#ਗੁਰਦ੍ਵਾਰੇ ਦੇ ਪਾਸ ਹੀ ਇੱਕ ਬੋਹੜ ਦਾ ਬਿਰਛ ਹੈ, ਜੋ ਸਾਹਿਬਜ਼ਾਦਿਆਂ ਦੇ ਸਮੇਂ ਦਾ ਹੈ.#(੯) ਭੋਰਾ ਸਾਹਿਬ. ਆਨੰਦਪੁਰ ਵਿੱਚ ਪੱਛਮ ਵੱਲ ਗੁਰੂ ਕੇ ਮਹਿਲਾਂ ਅੰਦਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਜੀ ਇੱਥੇ ਏਕਾਂਤ ਬੈਠਕੇ ਭਜਨ ਕੀਤਾ ਕਰਦੇ ਸਨ.#ਇਹ ਭੋਰਾ ਕਰੀਬ ੮. ਫੁੱਟ ਗਹਿਰਾ ਹੈ. ਜਿਸ ਦੀਆਂ ੧੦. ਪੌੜੀਆਂ ਹਨ.#(੧੦) ਫ਼ਤੇ ਗੜ੍ਹ ਕਿਲਾ. ਸ਼ਹਿਰ ਆਨੰਦਪੁਰ ਵਿੱਚ ਹੀ ਥਾਣੇ ਦੇ ਪਾਸ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਜੀ ਨੇ ਸ਼੍ਰੀ ਆਨੰਦਪੁਰ ਦੀ ਰਖ੍ਯਾ ਲਈ ਇਹ ਕਿਲਾ ਬਣਵਾਇਆ ਸੀ. ਇਹ ਕਿਲਾ ਹੁਣ ਢੈਹ ਚੁੱਕਾ ਹੈ.#(੧੧) ਲੋਹਗੜ੍ਹ ਕਿਲਾ. ਸ਼ਹਿਰ ਆਨੰਦ ਪੁਰ ਤੋਂ ਨੈਰਤ ਕੋਣ ਵਿੱਚ ਇੱਕ ਮੀਲ ਦੇ ਕਰੀਬ ਗੁਰੂ ਦਸਮ ਪਾਤਸ਼ਾਹ ਜੀ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਜੀ ਨੇ ਸ਼੍ਰੀ ਆਨੰਦਪੁਰ ਦੇ ਬਚਾਉ ਲਈ ਇਹ ਦ੍ਰਿੜ੍ਹ ਕਿਲਾ ਬਣਵਾਇਆ ਸੀ.#ਇਹ ਕਿਲਾ ਦਰਿਆ ਸਤਲੁਜ ਦੀ ਢਾਹ ਅਤੇ ਸਿੱਖਾਂ ਦੀ ਅਨਗਹਿਲੀ ਕਾਰਣ ਢੈਹ ਚੁੱਕਾ ਹੈ, ਹੁਣ ਛੋਟਾ ਜਿਹਾ ਦਰਬਾਰ ਦੇਖਣ ਵਿੱਚ ਆਉਂਦਾ ਹੈ. ਗੁਰੁਦ੍ਵਾਰੇ ਨਾਲ ਕਰੀਬ ੩. ਘੁਮਾਉਂ ਜ਼ਮੀਨ ਹੈ। ੩. ਦੇਖੋ, ਸੂਰਜ ਮੱਲ ਅਤੇ ਸੋਢੀ ਸ਼ਬਦ....
ਸੰ. यज्ञ ਯਗ੍ਯ. ਸੰਗ੍ਯਾ- ਪੂਜਨ। ੨. ਪ੍ਰਾਰਥਨਾ. ਅਰਦਾਸ। ੩. ਕੁਰਬਾਨੀ. ਬਲਿਦਾਨ. "ਕੀਜੀਐ ਅਬ ਜੱਗ ਕੋ ਆਰੰਭ." (ਗ੍ਯਾਨ)...
ਅਦਭੁਤ ਨਾਟਕ. ਅਜੀਬ ਦ੍ਰਿਸ਼੍ਯ ਕਾਵ੍ਯ। ੨. ਦਸਮਗ੍ਰੰਥ ਦਾ ਉਹ ਭਾਗ, ਜਿਸ ਵਿੱਚ ੨੪ ਅਵਤਾਰਾਂ ਦੀ ਕਥਾ ਅਤੇ ਅਨੇਕ ਐਤਿਹਾਸਿਕ ਪ੍ਰਸੰਗ ਨਾਟਕ ਦੀ ਰੀਤਿ ਅਨੁਸਾਰ ਲਿਖੇ ਗਏ ਹਨ। ੩. ਚੌਦਾਂ ਅਧ੍ਯਾਯ ਦਾ ਇੱਕ ਖ਼ਾਸ ਗ੍ਰੰਥ, ਜੋ ਦਸਮਗ੍ਰੰਥ ਵਿੱਚ ਦੇਖੀਦਾ ਹੈ. ਇਸ ਵਿੱਚ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਕੁਝ ਹਾਲ ਹੈ....
ਚਤੁਸ੍ਪਦੀ. ਚੌਪਾਈ. ਇੱਕ ਮਾਤ੍ਰਿਕ ਛੰਦ, ਜਿਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ ੧੫. ਮਾਤ੍ਰਾ, ਪਹਿਲਾ ਵਿਸ਼੍ਰਾਮ ਅੱਠ ਪੁਰ, ਦੂਜਾ ਸੱਤ ਪੁਰ, ਅੰਤ ਗੁਰੁ ਲਘੁ. ਇਸ ਦਾ ਨਾਮ "ਜਯਕਰੀ" ਭੀ ਹੈ.#ਉਦਾਹਰਣ-#ਸੁਣਿਐ ਈਸਰੁ ਬਰਮਾ ਇੰਦੁ,#ਸੁਣਿਐ ਮੁਖਿ ਸਾਲਾਹਣ ਮੰਦੁ,#ਸੁਣਿਐ ਜੋਗ ਜੁਗਤਿ ਤਨ ਭੇਦ,#ਸੁਣਿਐ ਸਾਸਤ ਸਿੰਮ੍ਰਿਤਿ ਵੇਦ.#(ਜਪੁ)#(ਅ) ਜੇ ਪੰਦ੍ਰਾਂ ਮਾਤ੍ਰਾ ਦੀ ਚੌਪਈ ਦੇ ਅੰਤ ਜਗਣ ਹੋਵੇ, ਤਦ "ਗੁਪਾਲ" ਅਤੇ "ਭੁਜੰਗਿਨੀ" ਸੰਗ੍ਯਾ ਹੈ.#ਉਦਾਹਰਣ-#ਸੁਣਿਐ ਸਤੁ ਸੰਤੋਖੁ ਗਿਆਨੁ,#ਸੁਣਿਐ ਅਠਸਠਿ ਕਾ ਇਸਨਾਨੁ,#ਸੁਣਿਐ ਪੜਿ ਪੜਿ ਪਾਵਹਿ ਮਾਨੁ,#ਸੁਣਿਐ ਲਾਗੈ ਸਹਜਿ ਧਿਆਨੁ. (ਜਪੁ)#(ੲ) ਪ੍ਰਤਿ ਚਰਣ ੧੬. ਮਾਤ੍ਰਾ, ਅੰਤ ਗੁਰੁ, ਇਸ ਚੌਪਈ ਦਾ ਨਾਮ "ਰੂਪਚੌਪਈ" ਭੀ ਹੈ. ਇਸ ਦੇ ਅੰਤ ਜਗਣ ਅਤੇ ਤਗਣ ਦਾ ਨਿਸੇਧ ਹੈ.#ਉਦਾਹਰਣ-#ਜਾਤਿ ਪਾਤਿ ਜਿਹ ਚਿਹਨ ਨ ਬਰਨਾ,#ਅਬਿਗਤ ਦੇਵ ਅਛੈ ਅਨਭਰਮਾ,#ਸਬ ਕੋ ਕਾਲ ਸਭਿਨ ਕੋ ਕਰਤਾ,#ਰੋਗ ਸੋਗ ਦੋਖਨ ਕੋ ਹਰਤਾ.#(ਅਕਾਲ)#(ਸ) ਜੇ ੧੬. ਮਾਤ੍ਰਾ ਦੀ ਚੌਪਈ ਦੇ ਅੰਤ ਦੋ ਗੁਰੁ ਹੋਣ, ਤਦ "ਸ਼ੰਖਿਨੀ" ਸੰਗ੍ਯਾ ਹੈ. ਕਿਤਨਿਆਂ ਦੇ ਮਤ ਵਿੱਚ ਸ਼ੰਖਿਨੀ ਚੌਪਈ ਦੇ ਅੰਤ ਯਗਣ ਹੋਣਾ ਜਰੂਰੀ ਹੈ. ਇਹ ਦੋਵੇਂ ਲੱਛਣ ਅੱਗੇ ਲਿਖੇ ਉਦਾਹਰਣਾਂ ਵਿੱਚ ਘਟਦੇ ਹਨ, ਯਥਾ-#ਨੈਨਹੁ ਦੇਖੁ ਸਾਧਦਰਸੇਰੈ,#ਸੋ ਪਾਵੈ ਜਿਸੁ ਲਿਖਤੁ ਲਿਲੇਰੈ,#ਸੇਵਉ ਸਾਧਸੰਤ ਚਰਨੇਰੈ,#ਬਾਛਉ ਧੂਰਿ ਪਵਿਤ੍ਰ ਕਰੇਰੈ.#(ਕਾਨ ਮਃ ੫)#ਤਾਤ ਮਾਤ ਜਿਹ ਜਾਤ ਨ ਪਾਤਾ,#ਏਕ ਰੰਗ ਕਾਹੂ ਨਹਿ ਰਾਤਾ,#ਸਰਬ ਜੋਤਿ ਕੇ ਬੀਚ ਸਮਾਨਾ,#ਸਬ ਹੂੰ ਸਰਬਠੌਰ ਪਹਿਚਾਨਾ.#(ਅਕਾਲ)#੨. ਇੱਕ ਖ਼ਾਸ ਬਾਣੀ, ਜਿਸ ਦੀ ਰਚਨਾ ਚੌਪਈ ਛੰਦ ਵਿੱਚ ਹੋਣ ਤੋਂ ਇਹ ਸੰਗ੍ਯਾ ਹੈ. ਦਸਮਗ੍ਰੰਥ ਦੇ ੪੦੫ ਵੇਂ ਚਰਿਤ੍ਰ ਵਿੱਚ ਇਹ ਕਥਾ ਹੈ ਕਿ ਸਤਯੁਗ ਵਿੱਚ ਰਾਜਾ ਸਤ੍ਯਸੰਧ ਅਤੇ ਦੀਰਘਦਾੜ੍ਹ ਦਾਨਵ ਦਾ ਯੁੱਧ ਹੋਇਆ. ਦੋਹਾਂ ਦੇ ਘੋਰ ਸ਼ਸਤ੍ਰਪ੍ਰਹਾਰ ਤੋਂ ਜੋ ਅਗਨਿ ਦੀ ਲਾਟ ਨਿਕਲੀ, ਉਸ ਵਿੱਚੋਂ "ਦੂਲਹਦੇਈ" ਨਾਮ ਦੀ ਇਸਤ੍ਰੀ ਉਪਜੀ. ਦੂਲਹਦੇਈ ਨੂੰ ਮਨਭਾਉਂਦਾ ਪਤੀ ਕੋਈ ਨਾ ਮਿਲੇ. ਇਸ ਪੁਰ ਉਸੇ ਨੇ ਵਡਾ ਕਠਿਨ ਤਪ ਕਰਕੇ ਦੁਰਗਾ (ਦੇਵੀ) ਨੂੰ ਪ੍ਰਸੰਨ ਕੀਤਾ. ਦੇਵੀ ਨੇ ਰੀਝਕੇ ਵਰ ਦਿੱਤਾ ਕਿ ਤੈਨੂੰ ਅਕਾਲ ਵਰੇਗਾ. ਰਾਤ ਨੂੰ ਸੁਪਨੇ ਵਿੱਚ ਅਕਾਲ ਨੇ ਦੂਲਹਦੇਈ ਨੂੰ ਆਖਿਆ ਕਿ ਜੇ ਤੂੰ ਸ੍ਵਾਸਵੀਰਯ ਦਾਨਵ ਨੂੰ ਜੰਗ ਵਿੱਚ ਮਾਰੇਂਗੀ, ਤਦ ਮੇਰੀ ਅਰਧਾਂਗਿਨੀ ਹੋ ਸਕੇਂਗੀ. ਇਸ ਪੁਰ ਦੂਲਹਦੇਈ ਨੇ ਸ੍ਵਾਸਵੀਰਯ ਨਾਲ ਘੋਰ ਜੰਗ ਕੀਤਾ. ਜਦ ਚਿਰ ਤੀਕ ਲੜਦੀ ਬਹੁਤ ਥਕ ਗਈ, ਤਦ ਸਹਾਇਤਾ ਲਈ ਮਹਾਕਾਲ ਦਾ ਧ੍ਯਾਨ ਕੀਤਾ. ਦੂਲਹਦੇਈ ਦੀ ਸਹਾਇਤਾ ਕਰਨ ਲਈ ਮਹਾਕਾਲ ਨੇ ਮੈਦਾਨਜੰਗ ਵਿੱਚ ਆਕੇ ਭਯੰਕਰ ਯੁੱਧ ਕੀਤਾ. ਦੂਲਹਦੇਈ ਅਤੇ ਅਕਾਲ ਨੇ ਸ੍ਵਾਸਵੀਰਯ ਦੀ ਸੈਨਾ ਦਾ ਨਾਸ਼ ਕਰਕੇ- "ਪੁਨ ਰਾਛਸ¹ ਕਾ ਕਾਟਾ ਸੀਸਾ."#ਇਸ ਅਲੰਕਾਰਪੂਰਿਤ ਕਥਾ ਦੇ ਅੰਤ- "ਕਵਿ ਉਵਾਚ ਬੇਨਤੀ ਚੌਪਈ"- ਸਿਰਲੇਖ ਹੇਠ ਇੱਕ ਵਿਨਯ (ਬੇਨਤੀ) ਹੈ, ਜਿਸਦਾ ਆਰੰਭ "ਹਮਰੀ ਕਰੋ ਹਾਥ ਦੈ ਰੱਛਾ." ਤੋਂ ਹੁੰਦਾ ਹੈ.#ਇਸ ਚੌਪਈ ਦਾ ਪਾਠ ਰਹਿਰਾਸ ਵਿੱਚ ਗੁਰਸਿੱਖ ਨਿੱਤ ਕਰਦੇ ਹਨ. ਇਸ ਬਾਣੀ ਦੇ ਅੰਤ ਮਹਾਤਮਰੂਪ ਵਾਕ ਲਿਖਿਆ ਹੈ ਕਿ-#"ਦੂਖ ਦਰਦ ਭੌ ਨਿਕਟ ਨ ਤਿਨ ਨਰ ਕੇ ਰਹੈ,#ਹੋ! ਜੋ ਯਾਂਕੀ ਇਕਬਾਰ ਚੌਪਈ ਕੋ ਕਹੈ."...
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....