harichandhaurīहरिचंदौरी
ਦੇਖੋ, ਹਰਿਸਚੰਦ੍ਰ.
देखो, हरिसचंद्र.
ਸੰ. हरिश्र्चन्द्र ਹਰਿਸ਼੍ਚੰਦ੍ਰ. ਹਰੀਚੰਦ. ਸੂਰਜ ਵੰਸ਼ ਦਾ ਅਠਾਈਵਾਂ ਰਾਜਾ, ਜੋ ਤ੍ਰਿਸ਼ੰਕੁ ਦਾ ਪੁਤ੍ਰ ਸੀ. ਇਹ ਆਪਣੀ ਰਹਮਦਿਲੀ ਅਤੇ ਨ੍ਯਾਯ (ਨਿਆਂ) ਲਈ ਮਸ਼ਹੂਰ ਸੀ. ਮਹਾਭਾਰਤ ਵਿੱਚ ਲਿਖਿਆ ਹੈ ਕਿ ਰਾਜਸੂਯ ਯਗ੍ਯ ਕਰਨ ਦੇ ਕਾਰਣ ਅਤੇ ਬੁਹਤਾ ਦਾਨ ਦੇਣ ਕਰਕੇ ਇਹ ਇੰਦ੍ਰਲੋਕ ਨੂੰ ਪ੍ਰਾਪਤ ਹੋਇਆ. ਮਾਰਕੰਡੇਯ ਪੁਰਾਣ ਵਿੱਚ ਲਿਖਿਆ ਹੈ ਕਿ ਇੱਕ ਦਿਨ ਜਦ ਹਰਿਸ਼ਚੰਦ੍ਰ ਸ਼ਿਕਾਰ ਖੇਡਣ ਗਿਆ ਤਾਂ ਇਸ ਨੂੰ ਇਸਤ੍ਰੀਆਂ ਦੇ ਵਿਰਲਾਪ ਦੀ ਆਵਾਜ਼ ਆਈ, ਜੋ "ਵਿਦ੍ਯਾਕਲਾ" ਇਸਤ੍ਰੀ ਰੂਪ ਹੋਈਆਂ ਵਿਸ਼੍ਵਾਮਿਤ੍ਰ ਦੇ ਭੈ ਤੋਂ ਰੋ ਰਹੀਆਂ ਸਨ. ਹਰਿਸ਼ਚੰਦ੍ਰ ਦੁਖੀਆਂ ਨੂੰ ਬਚਾਉਣ ਲਈ ਅੱਗੇ ਗਿਆ ਤਾਂ ਵਿਸ਼੍ਵਾਮਿਤ੍ਰ ਗੁੱਸੇ ਹੋਇਆ. ਹਰਿਸ਼ਚੰਦ੍ਰ ਦੇ ਜਾਣ ਪੁਰ ਉਹ ਇਸਤ੍ਰੀਆਂ ਲੋਪ ਹੋ ਗਈਆਂ, ਜਿਸ ਤੋਂ ਰਾਜੇ ਨੂੰ ਭਾਰੀ ਹੈਰਾਨੀ ਹੋਈ. ਵਿਸ਼੍ਵਾਮਿਤ੍ਰ ਨੇ ਬ੍ਰਾਹਮਣ ਹੋਣ ਦੀ ਹਾਲਤ ਵਿੱਚ ਉਸ ਪਾਸੋਂ ਦਾਨ ਮੰਗਿਆ, ਤਾਂ ਰਾਜਾ ਕਹਿਣ ਲੱਗਾ, ਜੋ ਭੀ ਦਾਨ ਮੰਗੇਂ ਮੈਂ ਦੇਣ ਨੂੰ ਤਿਆਰ ਹਾਂ. ਵਿਸ਼੍ਵਾਮਿਤ੍ਰ ਨੇ ਉਸ ਪਾਸੋਂ ਸਭ ਧਨ ਦੌਲਤ ਲੈ ਕੇ ਉਸ ਪਾਸ ਕੇਵਲ ਇੱਕ ਵਲਕਲ ਦੀ ਪੋਸ਼ਾਕ, ਪੁਤ੍ਰ ਅਤੇ ਇਸਤ੍ਰੀ ਨੂੰ ਰਹਿਣ ਦਿੱਤਾ. ਖਾਲੀ ਹੱਥ ਹੋ ਕੇ ਹਰਿਸ਼ਚੰਦ੍ਰ ਨੇ ਆਪਣੀ ਰਾਜਧਾਨੀ ਨੂੰ ਛੱਡਿਆ. ਕੰਗਾਲ ਦਸ਼ਾ ਵਿੱਚ ਰਾਜਾ ਬਨਾਰਸ ਵੱਲ ਉੱਠ ਤੁਰਿਆ, ਪਰ ਨਿਰਦਈ ਰਿਸੀ ਉਸ ਨੂੰ ਉੱਥੇ ਭੀ ਹੋਰ ਦੁੱਖ ਦੇਣ ਲਈ ਉਡੀਕ ਰਿਹਾ ਸੀ ਅਤੇ ਕਹਿਣ ਲੱਗਾ ਕਿ ਦਾਨ ਦੀ ਦੱਛਣਾ ਦੇ ਕੇ ਤੂੰ ਆਪਣਾ ਪ੍ਰਣ ਪੂਰਾ ਕਰ. ਛਾਤੀ ਤੇ ਪੱਥਰ ਰੱਖਕੇ ਹਰਿਸ਼ਚੰਦ੍ਰ ਨੇ ਪੁਤ੍ਰ ਅਤੇ ਇਸਤ੍ਰੀ ਨੂੰ ਵੇਚਿਆ, ਅਤੇ ਆਪ ਚੰਡਾਲ ਪਾਸ (ਜੋ ਅਸਲ ਵਿੱਚ ਧਰਮਰਾਜ ਸੀ) ਵਿਕਿਆ. ਚੰਡਾਲ ਨੇ ਉਸ ਨੂੰ ਸ਼ਮਸ਼ਾਨ ਭੂਮੀ ਵੱਲ ਘੱਲਿਆ ਕਿ ਜਾਕੇ ਮੁਰਦਿਆਂ ਦੇ ਖੱਫਣ ਲਿਆਵੇ. ਸੋ ਇਹ ਨੀਚ ਕੰਮ ਕਰਦਿਆਂ ਇਸਨੇ ਇੱਥੇ ਬਾਰਾਂ ਮਹੀਨੇ ਗੁਜ਼ਾਰੇ. ਇੱਕ ਦਿਨ ਇਸ ਦੀ ਇਸਤ੍ਰੀ 'ਵੈਸ਼੍ਯਾ' ਆਪਣੇ ਮੁਰਦਾ ਪੁਤ੍ਰ ਰੋਹਿਤ¹ ਨੂੰ, ਜਿਸ ਨੂੰ ਕਿ ਸੱਪ ਲੜ ਗਿਆ ਸੀ, ਸਾੜਨ ਲਈ ਆਈ. ਦੋਹਾਂ ਨੇ ਇੱਕ ਦੂਸਰੇ ਨੂੰ ਪਛਾਣ ਲਿਆ ਅਤੇ ਚਾਹਿਆ ਕਿ ਆਪਣੇ ਪੁਤ੍ਰ ਦੀ ਚਿਖਾ ਤੇ ਸੜ ਮਰੀਏ, ਪਰ ਹਰਿਸ਼ਚੰਦ੍ਰ ਆਪਣੇ ਚੰਡਾਲ ਸ੍ਵਾਮੀ ਦੀ ਆਗ੍ਯਾ ਬਿਨਾ ਦਿਲੋਂ ਇਹ ਗੱਲ ਨਹੀਂ ਚਾਹੁੰਦਾ ਸੀ ਅਤੇ ਆਪਣੇ ਫ਼ਰਜ਼ ਦੇ ਪੂਰਾ ਕਰਨ ਲਈ ਦ੍ਰਿੜ੍ਹ ਸੀ. ਇਸ ਪੁਰ ਪ੍ਰਸੰਨ ਹੋ ਕੇ ਸਾਰੇ ਦੇਵਤੇ ਆ ਪਹੁੰਚੇ, ਅਤੇ ਨਾਲ ਹੀ ਧਰਮਰਾਜ ਅਤੇ ਵਿਸ਼੍ਵਾਮਿਤ੍ਰ ਭੀ ਸਨ. ਇੰਦ੍ਰ ਨੇ ਹਰਿਸ਼ਚੰਦ੍ਰ ਨੂੰ ਕਿਹਾ ਕਿ ਤੇਰੀ ਇਸਤ੍ਰੀ ਅਤੇ ਪੁਤ੍ਰ ਨੇ ਆਪਣੇ ਸ਼ੁਭ ਕਰਮਾਂ ਨਾਲ ਸ੍ਵਰਗ ਨੂੰ ਭੀ ਜਿੱਤ ਲਿਆ ਹੈ. ਹਰਿਸ਼ਚੰਦ੍ਰ ਨੇ ਕਿਹਾ ਕਿ ਮੈਂ ਆਪਣੇ ਮਾਲਕ ਚੰਡਾਲ ਦੀ ਆਗ੍ਯਾ ਬਿਨਾ ਸ੍ਵਰਗ ਵਿੱਚ ਨਹੀਂ ਜਾ ਸਕਦਾ ਤਦ ਧਰਮ ਨੇ ਚੰਡਾਲ ਸ੍ਵਰੂਪ ਵਿੱਚ ਪ੍ਰਗਟ ਹੋਕੇ ਸਾਕ੍ਸ਼ਾਤ ਦਰਸ਼ਨ ਦਿੱਤਾ. ਜਦ ਇਹ ਗੱਲ ਹੋ ਚੁੱਕੀ ਤਾਂ ਹਰਿਸ਼ਚੰਦ੍ਰ ਨੇ ਕਿਹਾ ਕਿ ਮੈਂ ਆਪਣੀ ਪ੍ਰਜਾ ਬਿਨਾ ਸ੍ਵਰਗ ਨਹੀਂ ਜਾਵਾਂਗਾ, ਇਹ ਗੱਲ ਭੀ ਇੰਦ੍ਰ ਨੇ ਮੰਨ ਲਈ ਅਤੇ ਜਦੋਂ ਵਿਸ਼੍ਵਾਮਿਤ੍ਰ ਨੇ ਇਸ ਦੇ ਪੁਤ੍ਰ ਰੋਹਿਤ ਨੂੰ ਰਾਜ ਤਿਲਕ ਦੇ ਦਿੱਤਾ, ਤਾਂ ਹਰਿਸ਼ਚੰਦ੍ਰ ਆਪਣੇ ਮਿਤ੍ਰਾਂ ਅਤੇ ਪ੍ਰਜਾ ਸਹਿਤ ਸ੍ਵਰਗ ਨੂੰ ਗਿਆ. ਨਾਰਦ ਮੁਨੀ ਨੇ, ਇਸ ਦਾ ਪੁੰਨ ਨਾਸ਼ ਕਰਨ ਲਈ, ਫਰੇਬ ਨਾਲ ਇਸ ਦੇ ਮੂਹੋਂ ਆਪਣੀ ਉਸਤਤਿ ਕਰਵਾਈ, ਜਿਸ ਤੋਂ ਇਹ ਸ੍ਵਰਗ ਵਿੱਚੋਂ ਕੱਢਿਆ ਗਿਆ. ਜਦ ਇਹ ਸ੍ਵਰਗੋਂ ਡਿਗ ਰਿਹਾ ਸੀ ਤਾਂ ਇਸ ਨੇ ਈਸ਼੍ਵਰ ਤੋਂ ਭੁੱਲ ਬਖ਼ਸ਼ਾਈ ਅਤੇ ਬਖਸ਼ਿਆ ਗਿਆ, ਅਤੇ ਹੇਠਾਂ ਵੱਲ ਆਉਂਦਾ ਆਉਂਦਾ ਰਸਤੇ ਵਿੱਚ ਰੋਕਿਆ ਗਿਆ.#ਹੁਣ ਹਰਿਸ਼ਚੰਦ੍ਰ ਅਤੇ ਉਸ ਦੀ ਪ੍ਰਜਾ, ਇੱਕ ਹਵਾਈ ਨਗਰ "ਹਰਿਸ਼ਚੰਦ੍ਰਪੁਰ" ਵਿੱਚ ਰਹਿੰਦੇ ਹਨ, ਜਿਸ ਦੇ ਨਾਉਂ, ਸੌਭਨਗਰ, ਹਰਿਚੰਦੌਰੀ, ਗੰਧਰਵ ਨਗਰ, ਚਿਤ੍ਰਿਮ, ਸੀਕੋਟ ਆਦਿਕ ਅਨੇਕ ਕਲਪੇ ਹੋਏ ਹਨ.#ਵਾਸਤਵ ਵਿੱਚ ਹਰਿਚੰਦੌਰੀ ਕੋਈ ਵਸਤੂ ਨਹੀਂ, ਕੇਵਲ ਮ੍ਰਿਗਤ੍ਰਿਸਨਾ ਦੀ ਤਰਾਂ ਧੁੰਦ ਵਿੱਚ ਖਿਆਲੀ ਰਚਨਾ ਹੈ. ਸਰਦੀ ਦੀ ਰੁਤ ਵਿੱਚ ਸੂਰਜ ਦੀਆਂ ਕਿਰਣਾਂ ਤੇਜ਼ ਹੋਣ ਤੋਂ ਪਹਿਲਾਂ, ਰੇਗਿਸਤਾਨ ਅਥਵਾ ਸਮੁੰਦਰ ਦੇ ਕਿਨਾਰੇ ਗਾੜ੍ਹੀ ਧੁੰਦ ਹੋਣ ਕਰਕੇ ਆਕਾਸ਼ ਵਿੱਚ ਕਦੇ ਸਤ੍ਯ ਵਸਤੂਆਂ ਦਾ ਅਕਸ ਅਰ ਕਦੇ ਖਿਆਲ ਵਿੱਚ ਵਸੇ ਹੋਏ ਪਦਾਰਥ ਸਤ੍ਯ ਸਮਾਨ ਭਾਸਣ ਲੱਗ ਜਾਂਦੇ ਹਨ. ਹਿਸਾਰ ਦੇ ਜਿਲੇ ਵਿੱਚ ਅਤੇ ਅਰਬ ਦੇ ਸਮੁੰਦਰੀ ਰੇਤਲੇ ਮੈਦਾਨਾਂ ਵਿੱਚ ਹਰਿਚੰਦੌਰੀ ਦਾ ਨਜਾਰਾ ਅਜੀਬ ਭਾਸਿਆ ਕਰਦਾ ਹੈ. ਜਿਸ ਆਦਮੀ ਨੇ ਉਹ ਪਹਿਲਾਂ ਨਹੀਂ ਦੇਖਿਆ, ਉਹ ਬਿਨਾ ਸੰਸ ਸੁੰਦਰ ਮਕਾਨ ਕਿਲੇ ਕੋਟ ਅਤੇ ਬਾਗ ਦੇਖਕੇ ਉਨ੍ਹਾਂ ਦੀ ਸੈਰ ਲਈ ਲਲਚਾਉਂਦਾ ਹੈ, ਪਰ ਜ੍ਯੋਂ ਜ੍ਯੋਂ ਸੂਰਜ ਦੀਆਂ ਕਿਰਨਾਂ ਤੇਜ ਹੁੰਦੀਆਂ ਜਾਂਦੀਆਂ ਹਨ, ਤ੍ਯੋਂ ਤ੍ਯੋਂ ਧੁੰਦ ਪਤਲੀ ਪੈਣ ਲਗਦੀ ਹੈ ਅਤੇ ਦੇਖਦੇ ਹੀ ਦੇਖਦੇ ਸਾਰੀ ਰਚਨਾ ਨੇਤਰਾਂ ਤੋਂ ਪਰੇ ਹੋ ਜਾਂਦੀ ਹੈ. ਕਰਨਲ ਟਾਡ (Col. Tod) ਲਿਖਦਾ ਹੈ ਕਿ ਇੱਕ ਵਾਰ ਜਹਾਜ਼ ਵਿੱਚ ਸਫਰ ਕਰਦੇ ਹੋਏ ਮੈਨੂੰ ਹਰਿਚੰਦੌਰੀ ਦਾ ਜਹਾਜ਼ ਐਉਂ ਭਾਸਿਆ ਕਿ ਹੁਣੇ ਹੀ ਸਾਡੇ ਜਹਾਜ਼ ਨੂੰ ਟੱਕਰ ਮਾਰਕੇ ਚੂਰਾ ਚੂਰਾ ਕਰ ਦੇਵੇਗਾ। ਮੈਂ ਡਰਦੇ ਮਾਰੇ ਸ਼ੋਰ ਮਚਾ ਦਿੱਤਾ ਅਰ ਜਾਨ ਬਚਾਉਣ ਦੇ ਫਿਕਰ ਵਿੱਚ ਪੈ ਗਿਆ, ਪਰ ਜਹਾਜ਼ ਦੇ ਅਫਸਰ ਜੋ ਅਸਲ ਗੱਲ ਦੇ ਭੇਤੀ ਸਨ ਸਾਰੇ ਮੈਨੂੰ ਹੱਸਣ ਲੱਗੇ ਅਰ ਮੈਂ ਸ਼ਰਮਿੰਦਾ ਹੋ ਗਿਆ.#ਸੰਸਾਰ ਦੇ ਮਾਇਕ ਪਦਾਰਥ, ਜੋ ਖਿਨ ਭਰ ਚਮਤਕਾਰ ਵਿਖਾਕੇ ਮਿਟ ਜਾਂਦੇ ਹਨ, ਗੁਰੁਬਾਣੀ ਵਿੱਚ ਉਨ੍ਹਾਂ ਨੂੰ ਹਰਿਚੰਦੌਰੀ ਅਥਵਾ ਗੰਧਰਬ ਨਗਰ ਦਾ ਦ੍ਰਿਸ੍ਟਾਂਤ ਦਿੱਤਾ ਹੈ. "ਪੇਖੁ ਹਰਿਚੰਦਉਰੜੀ ਅਸਥਿਰੁ ਕਿਛੁ ਨਾਹੀ." (ਆਸਾ ਛੰਤ ਮਃ ੫) "ਦ੍ਰਿਸਟਿ ਦੇਖੁ ਜੈਸੇ ਹਰਿਚੰਦਉਰੀ." (ਆਸਾ ਮਃ ੫) "ਮ੍ਰਿਗ ਤ੍ਰਿਸਨਾ ਪੇਖਿ ਭੁਲਣੇ ਵੁਠੇ ਨਗਰ ਗੰਧ੍ਰਬ." (ਸਵਾ ਮਃ ੫)...