lavanaलवण
ਸੰ. ਵਿ- ਸਲੂਣੇ ਰਸ ਵਾਲਾ. ਖਾਰਾ। ੨. ਸੁੰਦਰ. ਮਨੋਹਰ। ੩. ਸੰਗ੍ਯਾ- ਲੂਣ. ਨੂਣ. ਨਮਕ। ੪. ਸਿੰਧੁ ਦੇਸ਼। ੫. ਸਮੁੰਦਰ। ੬. ਸੁਮਾਲੀ ਦੀ ਪੁਤ੍ਰੀ ਕੁੰਭੀਨਸੀ ਦੇ ਉਦਰ ਤੋਂ ਮਧੁ ਦਾ ਪੁਤ੍ਰ ਇੱਕ ਦੈਤ (ਲਵਣਾਸੁਰ), ਜੋ ਮਥੁਰਾ ਦਾ ਰਾਜਾ ਸੀ. ਇਸ ਪਾਸ ਸ਼ਿਵ ਦਾ ਦਿੱਤਾ ਸ਼ੂਲ (ਨੇਜ਼ਾ) ਸੀ, ਜਿਸ ਕਰਕੇ ਕਿਸੇ ਤੋਂ ਜਿੱਤਿਆ ਨਹੀਂ ਜਾਂਦਾ ਸੀ. ਰਿਖੀਆਂ ਦੇ ਕਹਿਣ ਤੋਂ ਇਸ ਨੂੰ ਰਾਮਚੰਦ੍ਰ ਜੀ ਦੇ ਭਾਈ ਸ਼ਤ੍ਰੂਘਨ ਨੇ ਮਾਰਿਆ.
सं. वि- सलूणे रस वाला. खारा। २. सुंदर. मनोहर। ३. संग्या- लूण. नूण. नमक। ४. सिंधु देश। ५. समुंदर। ६. सुमाली दी पुत्री कुंभीनसी दे उदर तों मधु दा पुत्र इॱक दैत (लवणासुर), जो मथुरा दा राजा सी. इस पास शिव दा दिॱता शूल (नेज़ा) सी, जिस करके किसे तों जिॱतिआ नहीं जांदा सी. रिखीआं दे कहिण तों इस नूं रामचंद्र जी दे भाई शत्रूघन ने मारिआ.
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਕ੍ਸ਼ਾਰਰਸ ਵਾਲਾ। ੨. ਸੰਗ੍ਯਾ- ਦੁਲਹਾ ਅਤੇ ਦੁਲਹਨਿ (ਲਾੜੇ ਲਾੜੀ) ਦੇ ਬੈਠਣ ਦਾ ਆਸਨ, ਜੋ ਫੇਰਿਆਂ ਸਮੇਂ ਵਿਛਾਈਦਾ ਹੈ. "ਮੋਤਿਨ ਕੇ ਚੌਕ ਕਰੇ ਲਾਲਨ ਕੇ ਖਾਰੇ ਧਰੇ." (ਕ੍ਰਿਸਨਾਵ) ੩. ਜ਼ਿਲਾ ਅਮ੍ਰਿਤਸਰ, ਤਸੀਲ ਤਰਨਤਾਰਨ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਦੂਖਨਿਵਾਰਨ ਤੋਂ ਡੇਢ ਮੀਲ ਪੱਛਮ ਹੈ, ਇਸ ਥਾਂ ਦੋ ਗੁਰਦ੍ਵਾਰੇ ਹਨ-#(ੳ) ਮੰਜੀ ਸਾਹਿਬ. ਸ਼੍ਰੀ ਗੁਰੂ ਅਰਜਨ ਦੇਵ ਤਰਨਤਾਰਨ ਬਣਨ ਸਮੇਂ ਇੱਥੇ ਕਈ ਵੇਰ ਵਿਰਾਜੇ ਹਨ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਗੁਰੂ ਸਾਹਿਬ ਦਾ ਲਗਵਾਇਆ ਇੱਕ ਖੂਹ ਭੀ ਹੈ. ਪਿੰਡ ਵੱਲੋਂ ਦਸ ਵਿੱਘੇ ਜ਼ਮੀਨ ਗੁਰਦ੍ਵਾਰੇ ਦੇ ਨਾਉਂ ਹੈ.#(ਅ) ਦੂਖਨਿਵਾਰਨ. ਗੁਰੂ ਅਰਜਨ ਦੇਵ ਦੇ ਸਮੇਂ ਦੀ ਇੱਕ ਛਪੜੀ ਸੀ, ਜਿਸ ਵਿੱਚ ਕਈ ਵਾਰ ਗੁਰੂ ਸਾਹਿਬ ਨੇ ਚਰਣ ਧੋਏ. ਮਹਾਰਾਜਾ ਰਣਜੀਤ ਸਿੰਘ ਜੀ ਵੇਲੇ ਇਹ ਪੱਕਾ ਤਾਲ ਬਣਵਾਇਆ ਗਿਆ ਅਤੇ ਪੰਜ ਸੌ ਰੁਪਯੇ ਸਾਲਾਨਾ ਜਾਗੀਰ ਦਿੱਤੀ ਗਈ. ਇਸ ਗੁਰਦ੍ਵਾਰੇ ਨਾਲ ਚਾਲੀ ਵਿੱਘੇ ਜ਼ਮੀਨ ਭੀ ਹੈ....
ਸੰ. ਵਿ- ਸੋਹਣਾ. ਖੂਬਸੂਰਤ. "ਸੁੰਦਰ ਚਤੁਰ ਤਤ ਕਾ ਬੇਤਾ." (ਸੁਖਮਨੀ) ੨. ਸੰਗ੍ਯਾ- ਕਾਮਦੇਵ। ੩. ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ, ਜਿਸ ਦੀ ਰਚਨਾ ਰਾਮਕਲੀ ਰਾਗ ਵਿੱਚ "ਸਦੁ" ਦੇਖੀਦਾ ਹੈ. "ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਇ ਜੀਉ." (ਸਦੁ) "ਨੰਦਨੁ ਮੋਹਰੀ ਨਾਮ ਅਨੰਦ। ਤਿਹ ਨੰਦਨ ਸੁੰਦਰ ਮਤਿਵੰਦ।।"¹ (ਗੁਪ੍ਰਸੂ) ੪. ਦਾਦੂ ਜੀ ਦਾ ਚੇਲਾ ਇੱਕ ਮਹਾਤਮਾ ਸਾਧੂ, ਜਿਸ ਦਾ ਜਨਮ ਸੰਮਤ ੧੬੫੩ ਵਿੱਚ ਦ੍ਯੋਸਾ ਪਿੰਡ (ਰਾਜ ਜੈਪੁਰ) ਵਿੱਚ ਹੋਇਆ ਅਤੇ ਸੰਮਤ ੧੭੪੬ ਵਿੱਚ ਸੀਂਗਾਨੇਰ ਦੇ ਮਕਾਮ, ਜੋ ਜੈਪੁਰ ਤੋਂ ਚਾਰ ਕੋਹ ਦੱਖਣ ਹੈ, ਦੇਹਾਂਤ ਹੋਇਆ. ਇਸ ਮਹਾਤਮਾ ਦੇ ਰਚੇ ਹੋਏ ਗ੍ਰੰਥ ਸੁੰਦਰ ਵਿਲਾਸ, ਗ੍ਯਾਨਸਮੁਦ੍ਰ ਅਤੇ ਸਾਖੀ ਆਦਿਕ ਅਨੇਕ ਹਨ. ਦੇਖੋ, ਸੁੰਦਰ ਜੀ ਦੀ ਕਵਿਤਾ-#ਕਾਮਿਨੀ ਕੀ ਦੇਹ ਅਤਿ ਕਹਿਯੇ ਸਘਨ ਵਨ#ਉਹਾਂ ਸੁਤੌ ਜਾਇ ਕੋਊ ਭੂਲਕੈ ਪਰਤ ਹੈ,#ਕੁੰਜਰ ਹੈ ਗਤਿ ਕਟਿ ਕੇਹਰਿ ਕੀ ਭਯ ਯਾਮੇ#ਬੇਨੀ ਕਾਰੀ ਨਾਗਨਿ ਸੀ ਫਣ ਕੋ ਧਰਤ ਹੈ,#ਕੁਚ ਹੈਂ ਪਹਾਰ ਜਹਾਂ ਕਾਮਚੋਰ ਬੈਠੋ, ਤਹਾਂ-#ਸਾਧ ਕੈ ਕਟਾਛ ਬਾਣ ਪ੍ਰਾਣ ਕੋ ਹਰਤ ਹੈ,#ਸੁੰਦਰ ਕਹਤ ਏਕ ਔਰ ਅਤਿ ਭਯ ਤਾਮੇ#ਰਾਖਸੀ ਵਦਨ ਖਾਵ ਖਾਵਹੀ ਕਰਤ ਹੈ.#ਸਾਚੋ ਉਪਦੇਸ਼ ਦੇਤ ਭਲੀ ਭਲੀ ਸੀਖ ਦੇਤ,#ਸਮਤਾ ਸੁਬੁੱਧਿ ਦੇਤ ਕੁਮਤਿ ਹਰਤ ਹੈਂ,#ਮਾਰਗ ਦਿਖਾਇ ਦੇਤ ਭਾਵਹੂੰ ਭਗਤਿ ਦੇਤ,#ਪ੍ਰੇਮ ਕੀ ਪ੍ਰਤੀਤ ਦੇਤ ਅਭਰਾ ਭਰਤ ਹੈਂ,#ਗ੍ਯਾਨ ਦੇਤ ਧ੍ਯਾਨ ਦੇਤ ਆਤਮਵਿਚਾਰ ਦੇਤ,#ਬ੍ਰਹ੍ਮ ਕੋ ਬਤਾਇ ਦੇਤ ਬ੍ਰਹ੍ਮ ਮੇ ਚਰਤ ਹੈਂ,#ਸੁੰਦਰ ਕਹਤ ਜਗ ਸੰਤ ਕਛੁ ਦੇਤ ਨਾਹੀ,#ਸੰਤ ਜਨ ਨਿਸਿ ਦਿਨ ਦੇਬੋਈ ਕਰਤ ਹੈਂ.#੫. ਇੱਕ ਮਾਛੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. ਇਹ ਸੇਵਾ ਕਰਨ ਵਿੱਚ ਵਡਾ ਨਿਪੁਣ ਸੀ। ੬. ਬੁਰਹਾਨਪੁਰ ਨਿਵਾਸੀ ਇੱਕ ਸੱਜਨ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। ੭. ਆਗਰਾ ਨਿਵਾਸੀ ਚੱਢਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ. ੮. ਦੇਖੋ, ਤ੍ਰਿਭੰਗੀ ਦਾ ਰੂਪ ੪. (ਸ), ੯. ਇੱਕ ਬ੍ਰਾਹਮਣ ਕਵਿ ਗਵਾਲਿਯਰ ਦੇ ਰਹਿਣ ਵਾਲਾ, ਜੋ ਸ਼ਾਹਜਹਾਂ ਦੇ ਦਰਬਾਰ ਦਾ ਕਵੀ ਸੀ. ੧੦. ਦੇਖੋ, ਸੁੰਦਰਸ਼ਾਹ....
ਵਿ- ਮਨ ਖਿੱਚਣ ਵਾਲਾ. ਦਿਲਕਂਸ਼. "ਸਾਧ ਕੇ ਸੰਗਿ ਮਨੋਹਰ ਖੈਨ" (ਸੁਖਮਨੀ) ੨. ਸੰਗ੍ਯਾ- ਇੱਕ ਛੰਦ. ਇਹ ਬਿਜੈ ਅਤੇ ਮੱਤਗਯੰਦ ਦਾ ਹੀ ਨਾਮਾਂਤਰ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਸੱਤ ਭਗਣ, ਅੰਤ ਦੋ ਗੁਰੁ. , , , , , , , , .#ਉਦਾਹਰਣ-#ਸ਼੍ਰੀ ਜਗਨਾਥ ਕਮਾਨ ਲਿ ਹਾਥ#ਪ੍ਰਮਾਥਿਨ ਸੰਗ ਸਜਯੋ ਜਬ ਜੁੱਧੰ,#ਗਾਹਤ ਸੈਨ ਸ਼ੰਘਾਰਤ ਸੂਰ#ਬਬੰਕਤ ਸਿੰਘ ਭ੍ਰਮੇਯੋ ਕਰ ਕ੍ਰੁੱਧੰ. ××× (ਚੰਡੀ ੨)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਲਵਣ. ਸੰਗ੍ਯਾ- ਨਮਕ. ਲੂਣ. "ਲੂਣ ਖਾਇ ਕਰਹਿ ਹਰਾਮਖੋਰੀ." (ਮਾਰੂ ਮਃ ੫) ੨. ਦੇਖੋ, ਲੂਨ ੨....
ਸੰਗ੍ਯਾ- ਲਵਣ. ਲੂਣ. ਨਮਕ....
ਫ਼ਾ. [نمک] ਸੰਗ੍ਯਾ- ਲਵਣ. ਨੂਣ. ਲੂਣ....
ਸੰਗ੍ਯਾ- ਇੱਕ ਜੱਟ ਗੋਤ ਜੋ ਸਿਧੂ ਅਤੇ ਸੰਧੂ ਤੋਂ ਵੱਖ ਹੈ। ੨. ਸੰ. सिन्धु ਅਟਕ ਦਰਿਆ, ਜੋ ਤਿੱਬਤ ਤੋਂ ਨਿਕਲਦਾ ਹੈ ਅਰ ਜਿਲਾ ਅਟਕ ਤਥਾ ਸਿੰਧ ਦੇਸ਼ ਵਿੱਚ ਵਹਿੰਦਾ ਹੋਇਆ ਕਰਾਚੀ ਪਾਸ ਅਰਬ ਸਮੁੰਦਰ ਵਿੱਚ ਜਾ ਮਿਲਦਾ ਹੈ. ਇਸ ਦੀ ਸਾਰੀ ਲੰਬਾਈ ੧੮੦੦ ਮੀਲ ਹੈ। ੩. ਸਿੰਧੁ (ਸਿੰਧ) ਦੇਸ਼, ਜੋ ਸਿੰਧ ਦਰਿਆ ਦੇ ਨਾਲ ਨਾਲ ਵਸਦਾ ਹੈ. ਇਸੇ ਨੂੰ ਫਾਰਸ ਦੇ ਲੋਕ ਹਿੰਦ,¹ ਯੂਨਾਨੀ Hindos ਅਤੇ ਅੰਗ੍ਰੇਜ਼ India ਆਖਦੇ ਹਨ. ਪਰ ਹੁਣ ਇਹ ਸ਼ਬਦ ਸਾਰੇ ਭਾਰਤ ਦਾ ਬੋਧ ਕਰਾਉਂਦਾ ਹੈ। ੪. ਮੱਧ ਭਾਰਤ ਦਾ ਇੱਕ ਦਰਿਆ ਜੋ ਟਾਂਕ ਰਿਆਸਤ ਤੋਂ ਨਿਕਲਦਾ ਅਤੇ ਜਮਨਾ ਨਾਲ ਮਿਲ ਜਾਂਦਾ ਹੈ। ੫. ਸਮੁੰਦਰ. ਸਾਗਰ। ੬. ਹਾਥੀ ਦਾ ਮਦ। ੭. ਜਲ। ੮. ਸੈਂਧਵ (ਲੂਣ) ਦਾ ਸੰਖੇਪ. "ਪਰਤ ਸਿੰਧੁ ਗਲਿਜਾਹਾ." (ਆਸਾ ਮਃ ੫) ਲੂਣ ਪਾਣੀ ਵਿੱਚ ਪੈਂਦਾ ਹੀ ਗਲ ਜਾਂਦਾ ਹੈ। ੯. ਇੱਕ ਵੈਸ਼੍ਯ ਮੁਨਿ, ਜੋ ਅੰਧਕ ਦਾ ਪੁਤ੍ਰ ਸੀ. ਇਸ ਨੂੰ ਰਾਜਾ ਦਸ਼ਰਥ ਨੇ ਅੰਧੇਰੇ ਵਿੱਚ ਬਣ ਦਾ ਜੀਵ ਜਾਣਕੇ ਸ਼ਬਦਾਵੇਧੀ ਤੀਰ ਨਾਲ ਮਾਰ ਦਿੱਤਾ ਸੀ. ਇਸੇ ਦਾ ਨਾਉਂ ਲੋਕਾਂ ਵਿੱਚ "ਸਰਵਣ" ਪ੍ਰਸਿੱਧ ਹੈ....
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਦੇਖੋ, ਸਮੁਦ੍ਰ। ੨. ਖ਼ਾ. ਦੁੱਧ....
ਦੇਖੋ, ਰਾਵਣ। ੨. ਵਿ- ਸ਼ੁਮਾਲੀ. ਸ਼ੁਮਾਲ (ਉੱਤਰ) ਦਿਸ਼ਾ ਦਾ....
ਸੰਗ੍ਯਾ- ਬੇਟੀ. ਸੁਤਾ. "ਸਾਈ ਪੁਤ੍ਰੀ ਜਜਮਾਨ ਕੀ." (ਆਸਾ ਪਟੀ ਮਃ ੩) ੨. ਪੁੱਤਲਿਕਾ. ਪੁਤਲੀ. "ਕਿ ਸੋਵਰਣ ਪੁਤ੍ਰੀ." (ਦੱਤਾਵ) ਮਾਨੋ ਸੋਨੇ ਦੀ ਪੁਤਲੀ ਹੈ। ੩. ਅੱਖ ਦੀ ਧੀਰੀ। ੪. ਪੁਤ੍ਰੀਂ. ਪੁਤ੍ਰਾਂ ਨੇ. "ਪੁਤ੍ਰੀ ਕਉਲੁ ਨ ਪਾਲਿਓ." (ਵਾਰ ਰਾਮ ੩)...
ਸੁਮਾਲੀ ਰਾਖਸ ਦੀ ਬੇਟੀ, ਜੋ ਰਾਵਣ ਦੀ ਮਾਂ ਕੇਕਸੀ ਦੀ ਸਕੀ ਭੈਣ ਸੀ. ਕੁੰਭੀਨਸੀ ਦੇ ਉਦਰ ਤੋਂ ਮਧੁ ਦੈਤ੍ਯ ਦਾ ਪੁਤ੍ਰ ਲਵਣਾਸੁਰ ਪੈਦਾ ਹੋਇਆ, ਜਿਸਦੀ ਰਾਜਧਾਨੀ ਮਥੁਰਾ ਸੀ. ਇਸ ਨੂੰ ਸ਼ਤ੍ਰੁਘਨ ਨੇ ਮਾਰਿਆ....
ਸੰ. उदर. ਪੇਟ. ਢਿੱਡ. ਜਠਰ. "ਉਦਰੈ ਕਾਰਣਿ ਆਪਣੈ." (ਵਾਰ ਰਾਮ ੧) ੨. ਛਾਤੀ. ਸੀਨਹ. "ਅਬਕੀ ਸਰੂਪਿ ਸੁਜਾਨਿ ਸੁਲਖਨੀ ਸਹਿਜੇ ਉਦਰਿ ਧਰੀ." (ਆਸਾ ਕਬੀਰ) ੩. ਮੇਦਾ. ਪ੍ਰਕ੍ਵਾਸ਼੍ਯ। ੪. ਅੰਤੜੀ। ੫. ਗਰਭ। ੬. ਅੰਦਰਲਾ ਪਾਸਾ....
ਸੰ. ਸੰਗ੍ਯਾ- ਸ਼ਰਾਬ. ਮਦ੍ਯ। ੨. ਸ਼ਹਦ. ਮਾਧ੍ਵੀਕ. ਮਾਕ੍ਸ਼ਿਕ. ਮਧੁ ਲਹੂ ਦੇ ਵਿਕਾਰ ਹਟਾਉਂਦਾ ਹੈ. ਨੇਤ੍ਰਾਂ ਦੀ ਜੋਤ ਵਧਾਉਂਦਾ ਹੈ. ਵਸੰਤ ਰੁੱਤ ਦੈ ਸ਼ਹਦ ਹੋਰ ਰੁੱਤਾਂ ਤੋ, ਉੱਤਮ ਹੁੰਦਾ ਹੈ. L. Mel (honey). "ਮਧੁ ਲੀਨੋ, ਮੁਖਿ ਦੀਨੋ ਛਾਰੁ." (ਸਾਰ ਨਾਮਦੇਵ) ੩. ਚੇਤ ਦਾ ਮਹੀਨਾ. "ਮਧੁ ਮਾਸ ਕੀ ਪੂਰਨਮਾਸੀ." (ਗੁਪ੍ਰਸੂ) ੪. ਜਲ। ੫. ਮਿੱਠਾ ਰਸ। ੬. ਦੁੱਧ। ੭. ਮਹੂਆ ਬਿਰਛ। ੮. ਮੁਲੱਠੀ। ੯. ਲੇਲਾ ਦਾ ਪੁਤ੍ਰ ਇੱਕ ਦੈਤ, ਜੋ ਲਵਣਾਸੁਰ ਦਾ ਪਿਤਾ ਸੀ. ਇਸ ਦੀ ਵਸਾਈ ਮਧੁਪੁਰੀ (ਮਥੁਰਾ) ਇਤਿਹਾਸ ਪ੍ਰਸਿੱਧ ਹੈ. ਦੇਖੋ ਰਾਮਾਯਣ ਕਾਂਡ ੭, ਅਃ ੬੧। ੧੦. ਕੈਟਭ ਦੈਤ ਦਾ ਭਾਈ. ਮਹਾਭਾਰਤ ਅਤੇ ਕਾਲਿਕਾ ਪੁਰਾਣ¹ ਵਿੱਚ ਕਥਾ ਹੈ ਕਿ ਮਧੁ ਅਤੇ ਕੰਟਭ ਵਿਸਨੁ ਦੇ ਕੰਨ ਵਿੱਚੋਂ ਉਪਜੇ, ਜਦਕਿ ਉਹ ਸੁੱਤਾ ਪਿਆ ਸੀ, ਅਰ ਬ੍ਰਹਮਾ੍ ਜੋ ਅਜੇ ਨਾ ਭਿਕਮਲ ਵਿੱਚੋਂ ਜੰਮਿਆ ਹੀ ਸੀ, ਉਸ ਦੇ ਖਾਣ ਨੂੰ ਲਪਕੇ, ਇਸ ਪੁਰ ਵਿਸਨੁ ਨੇ ਦੋਹਾਂ ਨੂੰ ਮਾਰਿਆ, ਜਿਸ ਤੋਂ ਨਾਮ ਮਧੁਸੂਦਨ ਅਤੇ ਕੈਟਭਜਿਤ ਹੋਇਆ. "ਸਹਸਬਹੁ ਮਧੁ ਕੀਟ ਮਹਿ ਖਾਸਾ." (ਗਉ ਅਃ ਮਃ ੧) ਸਹਸ੍ਰਵਾਹੁ, ਮਧੁ, ਕੈਟਭ ਅਤੇ ਮਹਿਖਾਸੁਰ.#ਹਰਿਵੰਸ਼ ਵਿੱਚ ਲਿਖਿਆ ਹੈ ਕਿ ਸੰਧੁ ਅਤੇ ਕੈਟਭ ਦੀ ਮਿੰਜ (ਮੇਦਾ) ਜੋ ਸਮੁੰਦਰ ਤੇ ਫੈਲੀ, ਉਸ ਤੋਂ ਪ੍ਰਿਥਿਵੀ ਬਣੀ ਅਰ ਮੋਦਿਨੀ ਨਾਮ ਦਾ ਮੂਲ ਭੀ ਇਹੀ ਹੈ.#ਰਾਮਾਯਣ ਵਿੱਚ ਲੇਖ ਹੈ ਕਿ ਬ੍ਰਹਮਾ ਦੀ ਕੰਨ ਮੈਲ ਤੋਂ ਮਧੁ ਅਤੇ ਕੈਟਭ ਪੈਦਾ ਹੋਏ. ਦਸਮਗ੍ਰੰਥ ਵਿੱਚ ਇਸੇ ਦਾ ਅਨੁਵਾਦ ਹੈ. "ਏਕ ਸ੍ਵਰਣ ਤੇ ਮੈਲ ਨਿਕਾਰਾ। ਤਾਂਤੇ ਮਧੁ ਕੈਟਭ ਤਨ ਧਾਰਾ." (ਵਿਚਿਤ੍ਰ) ਦੇਖੋ, ਕੈਟਭ ੨। ੧੧. ਇੱਕ ਪ੍ਰਤਾਪੀ ਯਾਦਵ, ਜਿਸ ਤੋਂ ਮਾਧਵ ਗੋਤ੍ਰ ਚੱਲਿਆ, ਜਿਸ ਵਿੱਚ ਕ੍ਰਿਸਨ ਜੀ ਸਨ। ੧੨. ਘੀ। ੧੩. ਅਮ੍ਰਿਤ। ੧੪. ਆਕਾਸ਼। ੧੫. ਸ਼ੁਭਾਸ਼ੁਭ ਕਰਮ। ੧੬. ਵਿ- ਪ੍ਰਿਯ, ਜੋ ਮਨ ਨੂੰ ਭਾਵੇ. "ਮਧੁ ਬਾਸੁਰੀ ਬਾਜੈ." (ਰਾਮ ਮਃ ੫)...
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਦਿੰਦਾ ਹੈ. ਦੇਵਤ. "ਡਾਨ ਦੈਤ ਨਿੰਦਕ ਕਉ ਜਾਮ." (ਭੈਰ ਮਃ ੫) ੨. ਸੰ. ਦੈਤ੍ਯ. ਸੰਗ੍ਯਾ- ਦਿਤਿ ਦੇ ਗਰਭ ਤੋਂ ਕਸ਼੍ਯਪ ਦੀ ਸੰਤਾਨ. "ਦੈਤ ਸੰਘਾਰੇ ਬਿਨ ਭਗਤਿ ਅਭਿਆਸਾ." (ਗਉ ਅਃ ਮਃ ੧) ੩. ਸੰ. ਦਯਿਤ. ਵਿ- ਪ੍ਯਾਰਾ. ਪ੍ਰਿਯ। ੪. ਸੰਗ੍ਯਾ- ਪਤਿ. ਭਰਤਾ....
ਦੇਖੋ, ਲਵਣ ੬....
ਗੁਰਯਸ਼ ਕਰਤਾ ਇੱਕ ਭੱਟ. "ਮਥੁਰਾ ਭਨਿ ਭਾਗ ਭਲੇ ਉਨਕੇ." (ਸਵੈਯੇ ਮਃ ੪. ਕੇ) ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ, ਜੋ ਆਤਮਗ੍ਯਾਨੀ ਅਤੇ ਮਹਾਨ ਯੋਧਾ ਸੀ। ੩. ਸੰ. ਮਧੁਪੁਰੀ. ਇਲਾਹਾਬਾਦ ਦੇ ਇਲਾਕੇ ਜਮੁਨਾ ਨਦੀ ਦੇ ਸੱਜੇ ਕਿਨਾਰੇ ਵ੍ਰਜਭੂਮਿ ਵਿੱਚ ਮਥੁਰਾ ਪ੍ਰਸਿੱਧ ਸ਼ਹਿਰ ਹੈ, ਜੋ ਹਿੰਦੁਆਂ ਦੀਆਂ ਸੱਤ ਪਵਿਤ੍ਰ ਨਗਰੀਆਂ ਵਿੱਚੋਂ ਇੱਕ ਹੈ. ਕ੍ਰਿਸਨ ਜੀ ਨੇ ਏਥੇ ਹੀ ਜਨਮ ਲਿਆ ਸੀ. "ਮਥੁਰਾ ਮੰਡਲ ਕੇ ਬਿਖੇ ਜਨਮ ਧਰ੍ਯੋ ਹਰਿ ਰਾਇ." (ਕ੍ਰਿਸਨਾਵ)#ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਏਥੇ ਇੱਕ ਦੈਤ ਮਧੁ ਨਾਮੀ ਰਾਜ ਕਰਦਾ ਸੀ, ਜਿਸ ਤੋਂ ਇਸ ਨਗਰੀ ਦਾ ਨਾਮ "ਮਧੁਪੁਰੀ" ਹੋਇਆ. ਜਦ ਮਧੁ ਦੇ ਪੁਤ੍ਰ ਲਵਣ ਨੂੰ ਰਾਮਚੰਦ੍ਰ ਜੀ ਦੇ ਭਾਈ ਸ਼ਤ੍ਰੁਘਨ ਨੇ ਮਾਰ ਦਿੱਤਾ, ਤਾਂ ਉਸ ਨੇ ਇਸ ਸ਼ਹਰ ਦਾ ਨਾਮ "ਮਧੁਰਾ" ਰੱਖਦਿੱਤਾ, ਜਿਸ ਤੋਂ ਮਥੁਰਾ ਬਣ ਗਿਆ.#ਬਾਦਸ਼ਾਹ ਔਰੰਗਜ਼ੇਬ ਨੇ ਰਮਜ਼ਾਨ ਸਨ ਹਿਜਰੀ ੧੦੮੦ (ਸਨ ੧੬੬੯) ਵਿੱਚ ਇਸ ਪੁਰੀ ਦਾ ਨਾਮ "ਇਸਲਾਮਾਬਾਦ" ਰੱਖਿਆ ਸੀ¹ ਅਤੇ ਕੇਸ਼ਵਦੇਵ ਮੰਦਿਰ ਨੂੰ ਢਾਹਕੇ ਮਸੀਤ ਚਿਣਵਾਈ ਸੀ.#ਇਸ ਸ਼ਹਿਰ ਵਿੱਚ ਚੌਬਿਆਂ ਦੇ ਘਰ ਛੀਂਵੇਂ ਗੁਰੂ ਸਾਹਿਬ ਦਾ ਅਸਥਾਨ ਹੈ. ਆਗਰੇ ਜਾਂਦੇ ਹੋਏ ਇਸ ਥਾਂ ਪਧਾਰੇ ਸਨ. ਕੰਸ ਦੇ ਟਿੱਲੇ ਉੱਪਰ ਨੋਮੇ ਸਤਿਗੁਰੂ ਜੀ ਦਾ ਗੁਰਦ੍ਵਾਰਾ ਹੈ. ਮਥੁਰਾ ਵਿੱਚ ਦਸ਼ਮੇਸ਼ ਨੇ ਭੀ ਪਟਨੇ ਤੋਂ ਪੰਜਾਬ ਨੂੰ ਆਉਂਦੇ ਚਰਣ ਪਾਏ ਹਨ. ਸ਼੍ਰੀ ਗੁਰੂ ਨਾਨਕਦੇਵ ਜੀ ਭੀ ਇਸ ਥਾਂ ਪਧਾਰੇ ਹਨ, ਗੁਰਦ੍ਵਾਰਾ ਪ੍ਰਸਿੱਧ ਨਹੀਂ. ਦੇਖੋ, ਨਾਨਕ ਪ੍ਰਕਾਸ਼ ਉੱਤਰਾਰਧ ਅਃ ੯....
ਵਿ- ਰੱਜਿਆ. ਤ੍ਰਿਪਤ. ਸੰਤੁਸ੍ਟ। ੨. ਸੰ. राजन्. ਸੰਗ੍ਯਾ- ਆਪਣੀ ਨੀਤਿ ਅਤੇ ਸ਼ੁਭਗੁਣਾਂ ਨਾਲ ਪ੍ਰਜਾ ਨੂੰ ਰੰਜਨ (ਪ੍ਰਸੰਨ) ਕਰਨ ਵਾਲਾ.¹#ਗੁਰਵਾਕ ਹੈ- "ਰਾਜੇ ਚੁਲੀ ਨਿਆਵ ਕੀ." (ਮਃ ੧. ਵਾਰ ਸਾਰ) ਰਾਜੇ ਨੂੰ ਨਿਆਂ ਕਰਨ ਦੀ ਪ੍ਰਤਿਗ੍ਯਾ ਕਰਨੀ ਚਾਹੀਏ. "ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣੁ. ਰਤੁ." (ਮਾਰੂ ਮਃ ੧) ਗੁਣੀ ਅਤੇ ਪ੍ਰਧਾਨਪੁਰਖਾਂ ਦੇ ਸਮਾਜ ਦਾ ਭੈ ਮੰਨਣ ਵਾਲਾ ਰਾਜਾ ਹੀ ਤਖਤ ਤੇ ਰਹਿ ਸਕਦਾ ਹੈ. ਭਾਈ ਗੁਰਦਾਸ ਜੀ ਲਿਖਦੇ ਹਨ-#"ਜੈਸੇ ਰਾਜਨੀਤਿ ਰੀਤਿ ਚਕ੍ਰਵੈ ਚੈਤੰਨਰੂਪ#ਤਾਂਤੇ ਨਿਹਚਿੰਤ ਨ੍ਰਿਭੈ ਬਸਤ ਹੈਂ ਲੋਗ ਜੀ. ×××#ਜੈਸੇ ਰਾਜਾ ਧਰਮਸਰੂਪ ਰਾਜਨੀਤਿ ਬਿਖੈ.#ਤਾਂਕੇ ਦੇਸ ਪਰਜਾ ਬਸਤ ਸੁਖ ਪਾਇਕੈ." ×××#(ਕਬਿੱਤ)#ਪ੍ਰੇਮਸੁਮਾਰਗ ਵਿੱਚ ਕਲਗੀਧਰ ਦਾ ਉਪਦੇਸ਼ ਹੈ-#"ਰਾਜੇ ਕੋ ਚਾਹੀਐ ਜੋ ਨਿਆਉਂ ਸਮਝ ਕਰ ਭੈ ਸਾਥ ਕਰੈ, ਕੋਈ ਇਸ ਕੇ ਰਾਜ ਮੈ ਦੁਖਿਤ ਨ ਹੋਇ. ਰਾਜੇ ਕੋ ਚਾਹੀਐ ਜੋ ਅਪਨੇ ਉੱਪਰ ਭੀ ਨਿਆਉਂ ਕਰੇ." ਅਰਥਾਤ ਜਿਨ੍ਹਾਂ ਕੁਕਰਮਾਂ ਤੋਂ ਲੋਕਾਂ ਨੂੰ ਦੰਡ ਦਿੰਦਾ ਹੈ, ਉਨ੍ਹਾਂ ਤੋਂ ਆਪ ਭੀ ਬਚੇ.#ਭਾਈ ਬਾਲੇ ਦੀ ਸਾਖੀ ਵਿੱਚ ਲਿਖਿਆ ਹੈ ਕਿ- "ਮੀਰ ਬਾਬਰ ਨੇ ਕਹਿਆ, ਹੇ ਫਕੀਰ ਜੀ! ਮੁਝ ਕੋ ਤੁਸੀਂ ਕੁਛ ਉਪਦੇਸ਼ ਕਰੋ." ਤਾਂ ਸ਼੍ਰੀ ਗੁਰੂ ਜੀ ਕਹਿਆ, "ਹੇ ਪਾਤਸ਼ਾਹ! ਤੁਸਾਂ ਧਰਮ ਦਾ ਨਿਆਉਂ ਕਰਨਾ ਤੇ ਪਰਉਪਕਾਰ ਕਰਨਾ."#ਚਾਣਕ੍ਯ ਨੇ ਰਾਜਾ ਦਾ ਲੱਛਣ ਕੀਤਾ ਹੈ-#''नीतिशास्त्रानुगो राजा. '' (ਸੂਤ੍ਰ ੪੮) ਉਸ ਨੇ ਰਾਜ੍ਯ ਦਾ ਮੂਲ ਇੰਦ੍ਰੀਆਂ ਨੂੰ ਜਿੱਤਣਾ ਲਿਖਿਆ ਹੈ-#''राज्यमृलमिन्दि्रय जयः '' (ਸੂਤ੍ਰ ੪) ਸਾਥ ਹੀ ਇਹ ਭੀ ਦੱਸਿਆ ਹੈ ਕਿ ਇੰਦ੍ਰੀਆਂ ਤੇ ਕਾਬੂ ਆਇਆ ਰਾਜਾ ਚਤੁਰੰਗਿਨੀ ਫੌਜ ਰਖਦਾ ਹੋਇਆ ਭੀ ਨਸ੍ਟ ਹੋਜਾਂਦਾ ਹੈ. - ''इन्दि्रय वशवर्ती चतुरङ्गवानपि विनश्यति. '' (ਸੂਤ੍ਰ ੭੦)#ਨੀਤਿਵੇੱਤਾ ਚਾਣਕ੍ਯ ਨੇ ਇਹ ਭੀ ਲਿਖਿਆ ਹੈ ਕਿ ਜੋ ਰਾਜੇ ਪ੍ਰਜਾ ਨਾਲ ਮੇਲ ਜੋਲ ਰਖਦੇ ਅਤੇ ਹਰੇਕ ਨੂੰ ਮੁਲਾਕਾਤ ਦਾ ਮੌਕਾ ਦਿੰਦੇ ਹਨ, ਉਹ ਪ੍ਰਜਾ ਨੂੰ ਪ੍ਰਸੰਨ ਕਰਦੇ ਹਨ, ਅਰ ਜਿਨ੍ਹਾਂ ਦਾ ਦਰਸ਼ਨ ਮਿਲਣਾ ਹੀ ਔਖਾ ਹੈ, ਉਹ ਪ੍ਰਜਾ ਨੂੰ ਨਸ੍ਟ ਕਰ ਦਿੰਦੇ ਹਨ-#''दुर्दर्शना हि राजानः प्रजा नाशयन्ति।'' (ਸੂਤ੍ਰ ੫੫੭)#''सुदर्शना हि राजानः प्रजा रञ्जयन्ति. '' (ਸੂਤ੍ਰ ੫੫੮)²#ਲਾਲ, ਦੇਵੀਦਾਸ ਅਤੇ ਰਘੁਨਾਥ ਆਦਿ ਕਵੀਆਂ ਨੇ ਰਾਜਾ ਦੇ ਸੰਬੰਧ ਵਿੱਚ ਲਿਖਿਆ ਹੈ-#ਕਬਿੱਤ#"ਸੁੰਦਰ ਸਲੱਜ ਸੁਧੀ ਸਾਹਸੀ ਸੁਹ੍ਰਿਦ ਸਾਚੋ#ਸੂਰੋ ਸ਼ੁਚਿ ਸਾਵਧਾਨ ਸ਼ਾਸਤ੍ਰਗ੍ਯ ਜਾਨੀਏ,#ਉੱਦਮੀ ਉਦਾਰ ਗੁਨਗ੍ਰਾਹੀ ਔ ਗੰਭੀਰ "ਲਾਲ"#ਸ਼ੁੱਧਮਾਨ ਧਰਮੀ ਛਮੀ ਸੁ ਤਤ੍ਵਗ੍ਯਾਨੀਏ,#ਇੰਦ੍ਰਯਜਿਤ ਸਤ੍ਯਵ੍ਰਤ ਸੁਕ੍ਰਿਤੀ ਧ੍ਰਿਤੀ ਵਿਨੀਤ#ਤੇਜਸੀ ਦਯਾਲੁ ਪ੍ਰੀਤਿ ਹਰਿ ਸੋਂ ਪ੍ਰਮਾਨੀਏ,#ਲੋਭ ਛੋਭ ਹਿੰਸਾ ਕਾਮ ਕਪਟ ਗਰੂਰਤਾ ਨ#ਲੰਛਨ ਬਤੀਸ ਏ ਛਿਤੀਸ ਕੇ ਬਖਾਨੀਏ.#ਛੋਟੇ ਛੋਟੇ ਗੁਲਨ ਕੋ ਸੂਰਨ ਕੀ ਬਾਰ ਕਰੈ#ਪਾਤਰੇ ਸੇ ਪੌਧਾ ਪਾਨੀ ਪੋਖ ਕਰ ਪਾਰਬੋ,#ਫੂਲੀ ਫੁਲਵਾਰਨ ਕੇ ਫੂਲ ਮੋਹ ਲੇਵੈ ਪੁਨ#ਖਾਰੇ ਘਨੇ ਰੂਖ ਏਕ ਠੌਰ ਤੈਂ ਉਪਾਰਬੋ,#ਨੀਚੇ ਪਰੇ ਪਾਯਨ ਤੈਂ ਟੇਕ ਦੈ ਦੈ ਊਚੇ ਕਰੈ#ਊਚੇ ਬਢਗਏ ਤੇ ਜਰੂਰ ਕਾਟਡਾਰਬੋ,#ਰਾਜਨ ਕੋ ਮਾਲਿਨ ਕੋ ਦਿਨਪ੍ਰਤਿ ਦੇਵੀਦਾਸ#ਚਾਰ ਘਰੀ ਰਾਤ ਰਹੇ ਇਤਨੋ ਬਿਚਾਰਬੋ.#ਸੁਥਰੀ ਸਿਲਾਹ ਰਾਖੇ ਵਾਯੁਬੇਗੀ ਬਾਹ ਰਾਖੇ#ਰਸਦ ਕੀ ਰਾਹ ਰਾਖੇ, ਰਾਖੇ ਰਹੈ ਬਨ ਕੋ,#ਚਤੁਰ ਸਮਾਜ ਰਾਖੇ ਔਰ ਦ੍ਰਿਗਬਾਜ਼ ਰਾਖੇ#ਖਬਰ ਕੇ ਕਾਜ ਬਹੁਰੂਪਿਨ ਕੇ ਗਨ ਕੋ,#ਆਗਮਭਖੈਯਾ ਰਾਖੇ ਹਿੰਮਤਰਖੈਯਾ ਰਾਖੇ#ਭਨੇ ਰਘੁਨਾਥ ਔ ਬੀਚਾਰ ਬੀਚ ਮਨ ਕੋ,#ਬਾਜੀ ਹਾਰੇ ਕੌਨਹੂੰ ਨ ਔਸਰ ਕੇ ਪਰੇ ਭੂਪ#ਰਾਜੀ ਰਾਖੇ ਪ੍ਰਜਨ ਕੋ ਤਾਜੀ ਸੁਭਟਨ ਕੋ.#ਛੱਪਯ#ਪ੍ਰਥਮ ਬੁੱਧ ਧਨ ਧੀਰ ਧਰਨ ਧਰਨੀ ਪ੍ਰਜਾਹ ਸੁਖ,#ਸੁਚਿ ਸੁਸੀਲ ਸੁਭ ਨਿਯਤ ਨੀਤਬੇਤਾ ਪ੍ਰਸੰਨਮੁਖ,#ਨਿਰਬਿਕਾਰ ਨਿਰਲੋਭ ਨਿਰਬਿਖੀ ਨਿਰਗਰੂਰ ਮਨ,#ਹਾਨਿ ਲਾਭ ਕਰ ਨਿਪੁਣ ਕਦਰਦਾਨੀ ਬਿਬੇਕ ਸਨ,#ਤੇਗ ਤ੍ਯਾਗ ਸਾਚੋ ਸੁਕ੍ਰਿਤਿ ਹਰਿਸੇਵਕ ਹਿੰਮਤ ਅਮਿਤ,#ਸਦ ਸਭਾ ਦਾਸ ਮੰਤ੍ਰੀ ਸੁਧੀ ਬਢਤ ਰਾਜ ਸਸਿਕਲਾ ਵਤ.#੩. ਸਭ ਨੂੰ ਪ੍ਰਸੰਨ ਕਰਨ ਅਤੇ ਪ੍ਰਕਾਸ਼ਣ ਵਾਲਾ ਜਗਤ ਨਾਥ ਕਰਤਾਰ. "ਕੋਊ ਹਰਿ ਸਮਾਨਿ ਨਹੀ ਰਾਜਾ." (ਬਿਲਾ ਕਬੀਰ) "ਰਾਜਾ ਰਾਮੁ ਮਉਲਿਆ ਅਨਤਭਾਇ। ਜਹ ਦੇਖਉ ਤਹ ਰਹਿਆ ਸਮਾਇ." (ਬਸੰ ਕਬੀਰ) "ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜਾ ਛੋਡਿ ਔਰ ਦੂਜਾ ਕੌਨ ਧ੍ਯਾਇਯੇ?" (ਗ੍ਯਾਨ) ੪. ਕ੍ਸ਼੍ਤ੍ਰਿਯ. ਛਤ੍ਰੀ। ੫. ਭਾਵ- ਮਨ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਕੱਚੀ ਨਗਰੀ (ਵਿਨਾਸ਼ ਹੋਣ ਵਾਲੀ) ਦੇਹ ਹੈ। ੬. ਚੰਦ੍ਰਮਾ। ੭. ਨਾਪਿਤ (ਨਾਈ) ਨੂੰ ਭੀ ਪ੍ਰਸੰਨ ਕਰਨ ਲਈ ਲੋਕ ਰਾਜਾ ਆਖਦੇ ਹਨ। ੮. ਵਿ- ਰਾਜ੍ਯ ਦਾ. "ਨਾਮੁ ਧਨੁ, ਨਾਮੁ ਸੁਖ ਰਾਜਾ, ਨਾਮੁ ਕੁਟੰਬ, ਸਹਾਈ." (ਗੂਜ ਮਃ ੫)...
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਸੰ. ਸ਼ਿਵ. ਸੰਗ੍ਯਾ- ਸੁੱਖ। ਮੁਕਤਿ। ਮਹਾਦੇਵ. ਪਾਰਵਤੀ ਦਾ ਪਤਿ. "ਸਿਵ ਸਿਵ ਕਰਤੇ ਜੋ ਨਰ ਧਿਆਵੈ." (ਗੌਂਡ ਨਾਮਦੇਵ) ੪. ਜਲ। ੫. ਸੇਂਧਾ ਲੂਣ। ੬. ਗੁੱਗਲ। ੭. ਬਾਲੂਰੇਤ। ੮. ਪਾਰਾ। ੯. ਸ਼ਾਂਤਿ."ਆਪੇ ਸਿਵ ਵਰਤਾਈਅਨੁ ਅੰਤਰਿ." (ਮਾਰੂ ਸੋਲਹੇ ਮਃ ੫) ੧੦. ਪਾਰਬ੍ਰਹਮ. ਕਰਤਾਰ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੧੧. ਆਤਮਗਿਆਨ। ੧੨. ਬ੍ਰਹਮਾ. ਦੇਖੋ, ਮਹੇਸ਼। ੧੩. ਗਿਆਰਾਂ ਸੰਖ੍ਯਾਬੋਧਕ. ਕਿਉਂਕਿ ਸ਼ਿਵ ੧੧. ਮੰਨੇ ਹਨ। ੧੪. ਗੁਣ। ੧੫. ਸਿਵਾ (ਸ਼ਵਦਾਹ ਦੀ ਚਿਤਾ) ਲਈ ਭੀ ਸਿਵ ਸ਼ਬਦ ਇੱਕ ਥਾਂ ਆਇਆ ਹੈ- "ਤਨਿਕ ਅਗਨਿ ਕੇ ਸਿਵ ਭਏ." (ਚਰਿਤ੍ਰ ੯੧) ਦੇਖੋ, ਸਿਵਾ ੯। ੧੬. ਸੰ. सिव् ਧਾ- ਸਿਉਂਣਾ. ਬੀਜਣਾ. ਸਿੰਜਣਾ. ਸੇਵਾ ਕਰਨਾ....
ਸੰ. ਸ਼ੂਲ. ਤ੍ਰਿਸੂਲ। ੨. ਨੇਜ਼ਾ. ਭਾਲਾ. "ਤੁਹੀ ਸੂਲ ਸੈਥੀ ਤਬਰ, ਤੂੰ ਨਿਖੰਗ ਅਰੁ ਬਾਨ." (ਸਨਾਮਾ) ੩. ਸ਼ੂਲ (ਨੇਜ਼ੇ) ਵਾਂਙ ਚੁਭਣ ਵਾਲੀ ਢਿੱਡਪੀੜ. [بجع المعدہ] Gastralgia. "ਦੁਸਟ ਬ੍ਰਾਹਮਣ ਮੂਆ ਹੋਇਕੈ ਸੂਲ." (ਭੈਰ ਮਃ ੫)#ਇਹ ਰੋਗ ਬਹੁਤਾ ਰੁੱਖਾ, ਕੱਚਾ, ਬੇਹਾ, ਭਾਰੀ ਅਤੇ ਲੇਸਦਾਰ ਅੰਨ ਖਾਣ ਤੋਂ, ਮਲਮੂਤ੍ਰ ਰੋਕਕੇ ਘੋੜੇ ਆਦਿ ਦੀ ਅਸਵਾਰੀ ਕਰਨ ਤੋਂ, ਬਹੁਤ ਚਾਇ ਅਤੇ ਤਮਾਖੂ ਪੀਣ ਤੋਂ ਹੁੰਦਾ ਹੈ. ਸੂਲ ਦੇ ਅਨੰਤ ਭੇਦ ਅਤੇ ਕਾਰਣ ਹਨ. ਉਨ੍ਹਾਂ ਅਨੁਸਾਰ ਹੀ ਸਿਆਣੇ ਹਕੀਮ ਦੀ ਰਾਇ ਨਾਲ ਇਲਾਜ ਹੋਣਾ ਚਾਹੀਏ, ਪਰ ਸਾਧਾਰਣ ਸੂਲ ਲਈ ਹੇਠ ਲਿਖੇ ਉੱਤਮ ਉਪਾਉ ਹਨ-#ਸੁੰਢ, ਸੁਹਾਗੇ ਦੀ ਖਿੱਲ, ਹਿੰਗ, ਇਨ੍ਹਾਂ ਤੇਹਾਂ ਨੂੰ ਅਦਰਕ ਦੇ ਰਸ ਵਿੱਚ ਪੀਸਕੇ ਮੋਟੇ ਛੋਲੇ ਬਰਾਬਰ ਗੋਲੀ ਬਣਾਓ. ਗਰਮ ਜਲ ਨਾਲ ਇਕ ਤੋਂ ਚਾਰ ਗੋਲੀਆਂ ਤੀਕ ਖਵਾਓ.#ਸੌਂਫ ਅਤੇ ਪੋਦੀਨੇ ਦਾ ਅਰਕ ਪਿਆਓ.#ਪੇਟ ਉੱਪਰ ਸੇਕ ਕਰੋ. ਤੁੰਮੇ ਦੀ ਜਵਾਇਨ¹ ਦੇਓ.#ਗਰਮ ਜਲ ਦੀ ਪਿਚਕਾਰੀ ਕਰੋ. ਕਬਜ ਦੂਰ ਕਰਨ ਲਈ ਇਰੰਡੀ ਦਾ ਤੇਲ ਗਰਮ ਦੁੱਧ ਵਿੱਚ ਪਾਕੇ ਪਿਆਓ.#ਸੁੰਢ, ਕਾਲਾ ਲੂਣ, ਭੁੰਨੀ ਹੋਈ ਹਿੰਗ, ਤਿੰਨੇ ਸਮਾਨ ਲੈ ਕੇ ਸੁਹਾਂਜਨੇ ਦੇ ਰਸ ਵਿੱਚ ਕੋਕਨ ਬੇਰ (ਝਾੜੀ ਬੇਰ) ਬਰਾਬਰ ਗੋਲੀ ਬਣਾਓ. ਗਰਮ ਜਲ ਨਾਲ ਇੱਕ ਗੋਲੀ ਦੇਓ। ੪. ਕੰਡਾ. "ਸੂਲ ਨੇ ਸੰਕਟ ਦੀਯੋ ਸੂਲ ਜ੍ਯੋਂ ਚੁਭੈ ਹੈ ਤਨ." (ਗੁਪ੍ਰਸੂ)...
ਫ਼ਾ. [نیزہ] ਨੇਜ਼ਹ. ਸੰ. ਨੇਕ੍ਸ਼੍ਣ. ਸੰਗ੍ਯਾ- ਭਾਲਾ. ਬਰਛਾ. "ਨੇਜਾ ਨਾਮ ਨੀਸਾਣੁ." (ਸਵੈਯੇ ਮਃ ੫. ਕੇ) ੨. ਨਿਸ਼ਾਨ. ਝੰਡਾ। ੩. ਪੁਰਾਣੇ ਸਮੇਂ ਦਾ ਇੱਕ ਮਾਪ, ਜੋ ਸੱਤ ਹੱਥ (ਸਾਢੇ ਤਿੰਨ ਗਜ) ਹੋਇਆ ਕਰਦਾ ਸੀ, ਕਿਉਂਕਿ ਨੇਜਾ ਸ਼ਸਤ੍ਰ ਸੱਤ ਹੱਥ ਭਰ ਹੁੰਦਾ ਸੀ. "ਸੂਰਜ ਸਵਾ ਨੇਜੇ ਉੱਤੇ ਆਨ ਠਹਿਰੇ." (ਹੀਰ ਵਾਰਸਸ਼ਾਹ) ੪. ਚਿਲਗੋਜ਼ੇ (ਨੇਉਜੇ) ਨੂੰ ਭੀ ਬਹੁਤ ਲੋਕ ਨੇਜਾ ਆਖਦੇ ਹਨ. ਦੇਖੋ, ਨੇਵਜਾ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਦੇਖੋ, ਰਾਮ ੩....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....