mikadhāraमिकदार
ਅ਼. [مِقدار] ਸੰਗ੍ਯਾ- ਕ਼ਦਰ (ਅੰਦਾਜ਼ਾ ਕਰਨ) ਦਾ ਭਾਵ. ਅੰਦਾਜ਼ਾ. ਪ੍ਰਮਾਣ। ੨. ਮੁੱਦਤ. ਚਿਰ। ੩. ਸਾਮਰਥ੍ਯ. ਸ਼ਕਤਿ। ੪. ਵਿ- ਤੁਲ੍ਯ. ਸਮਾਨ. "ਦੇਹੀ ਕਾਚੀ ਕਾਗਦ ਮਿਕਦਾਰਾ." (ਗਉ ਮਃ ੩) "ਮਨੁ ਸੈਮਤੁ ਮੈਗਲ ਮਿਕਦਾਰਾ." (ਗਉ ਮਃ ੩) ਮਯਮੱਤ (ਮਦਮਸ੍ਤ) ਹਾਥੀ ਸਮਾਨ ਮਨ.
अ़. [مِقدار] संग्या- क़दर (अंदाज़ा करन) दा भाव. अंदाज़ा. प्रमाण। २. मुॱदत. चिर। ३. सामरथ्य. शकति। ४. वि- तुल्य. समान. "देही काची कागद मिकदारा." (गउ मः ३) "मनु सैमतु मैगल मिकदारा." (गउ मः ३) मयमॱत (मदमस्त) हाथी समान मन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. कन्दर ਸੰਗ੍ਯਾ- ਹਾਥੀ ਦੇ ਕੰ (ਸਿਰ) ਨੂੰ ਜੋ ਪਾੜੇ, ਅੰਕੁਸ਼। ੨. ਇਸ ਦੇਖੋ, ਕੰਦਰਾ "ਰੂਖ ਬਿਰਖ ਕਰੈ ਕੰਦਰ ਵਾਸੁ." (ਰਤਨਮਾਲਾ ਬੰਨੋ)...
ਫ਼ਾ. [اندازہ] ਅੰਦਾਜ਼ਹ. ਸੰਗ੍ਯਾ- ਅਨੁਮਾਨ. ਅਟਕਲ। ੨. ਤੋਲ, ਵਜ਼ਨ ੩. ਮਾਪ, ਮਿਣਤੀ ੪. ਭਾਗ. ਹਿੱਸਾ। ੫. ਦ੍ਰਿਸ੍ਟਾਂਤ. ਮਿਸਾਲ। ੬. ਯੋਗ੍ਯ. ਮੁਨਾਸਿਬ. "ਬੋਲਿ ਸਕੈ ਨ ਅੰਦਾਜਾ." (ਬਿਲਾ ਕਬੀਰ) ਅਯੋਗ ਬੋਲਣਾ ਤਾਂ ਇੱਕ ਪਾਸੇ ਰਿਹਾ ਯੋਗ ਉੱਤਰ ਭੀ ਸਾਮ੍ਹਣੇ ਨਹੀਂ ਬੋਲ ਸਕਦਾ. "ਲਫਜ ਕਮਾਇ ਅੰਦਾਜਾ." (ਮਾਰੂ ਸੋਲਹੇ ਮਃ ੫)...
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
(ਦੇਖੋ, ਭੂ ਧਾ) ਸੰ. ਸੰਗ੍ਯਾ- ਸੱਤਾ. ਹੋਂਦ. ਅਸ੍ਤਿਤ੍ਵ। ੨. ਵਿਚਾਰ. ਖ਼ਯਾਲ. "ਸਤਿਆਦਿ ਭਾਵਰਤੰ." (ਗੂਜ ਜੈਦੇਵ) ਸਤ੍ਯ ਸੰਤੋਖ ਆਦਿ ਚਿੱਤ ਦੇ ਉੱਤਮ ਭਾਵਾਂ ਨਾਲ ਹੈ ਜਿਸ ਦੀ ਪ੍ਰੀਤਿ. ਅਥਵਾ ਸਤ ਚਿਤ ਆਦਿ ਜੋ ਭਾਵ (ਆਪਣੇ ਸ੍ਵਰੂਪਭੂਤ ਧਰਮ) ਹਨ, ਉਨ੍ਹਾਂ ਵਿੱਚ ਰਤ (ਰਮਣ ਕਰਦਾ) ਹੈ। ੩. ਅਭਿਪ੍ਰਾਯ. ਮਤਲਬ। ੪. ਜਨਮ. "ਤੱਤ ਸਮਾਧਿ ਸੁ ਭਾਵ ਪ੍ਰਣਾਸੀ." (੩੩ ਸਵੈਯੇ) ਆਵਾਗਮਨ ਦੂਰ ਕਰਨ ਵਾਲਾ। ੫. ਆਤਮਾ। ੬. ਪਦਾਰਥ. ਵਸਤੁ। ੭. ਸੰਸਾਰ. ਜਗਤ। ੮. ਪ੍ਰਕ੍ਰਿਤਿ. ਸ੍ਵਭਾਵ। ੯. ਪ੍ਰਕਾਰ. ਤਰਹ। ੧੦. ਆਦਰ. ਸਨਮਾਨ. ਭਾਉ. "ਰਾਖਤ ਸਭ ਕੋ ਭਾਵ." (ਚਰਿਤ੍ਰ ੧੦੨) ੧੧. ਪ੍ਰੇਮ. "ਭੈ ਭਾਵ ਕਾ ਕਰੇ ਸੀਗਾਰੁ." (ਆਸਾ ਮਃ ੧) ੧੨. ਮਨ ਦੇ ਖ਼ਿਆਲ ਅਨੁਸਾਰ ਅੰਗਾਂ ਦੀ ਚੇਸ੍ਟਾ. "ਕਰੇ ਭਾਵ ਹੱਥੰ." (ਵਿਚਿਤ੍ਰ) ੧੩. ਸ਼ੁੱਧਾ। ੧੪. ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ (emotion) "ਚੰਚਲਿ ਅਨਿਕ ਭਾਵ ਦਿਖਾਵਏ." (ਬਿਲਾ ਛੰਤ ਮਃ ੫)#"ਆਨਨ ਲੋਚਨ ਵਚਨ ਮਗ ਪ੍ਰਗਟਤ ਮਨ ਕੀ ਬਾਤ,#ਤਾਹੀਂ ਸੋਂ ਸਬ ਕਹਿਤ ਹੈਂ ਭਾਵ ਕਵਿਨ ਕੇ ਤਾਤ."#(ਰਸਿਕਪ੍ਰਿਯਾ)#ਕਵੀਆਂ ਨੇ ਭਾਵ ਦੇ ਪੰਜ ਭੇਦ ਲਿਖੇ ਹਨ, ਯਥਾ-#"ਭਾਵ ਸੁ ਪਾਂਚ ਪ੍ਰਕਾਰ ਕੋ ਸੁਨ ਵਿਭਾਵ ਅਨੁਭਾਵ,#ਅਸਥਾਈ ਸਾਤ੍ਤਿਕ ਕਹੈਂ ਵ੍ਯਭਿਚਾਈ ਕਵਿਰਾਵ."#(ਰਸਿਕਪ੍ਰਿਯਾ)#ਇਨ੍ਹਾਂ ਪੰਜਾਂ ਦਾ ਨਿਰਣਾ ਇਉਂ ਹੈ-#(ੳ) ਵਿਭਾਵ ਉਸ ਨੂੰ ਆਖਦੇ ਹਨ, ਜਿਸ ਤੋਂ ਰਸ ਦੀ ਉਤਪੱਤੀ ਹੁੰਦੀ ਹੈ. ਅੱਗੇ ਉਸ ਦੇ ਦੋ ਭੇਦ ਹਨ, ਆਲੰਬਨ ਅਤੇ ਉੱਦੀਪਨ. ਜਿਸ ਨੂੰ ਆਸ਼੍ਰਯ ਕਰਕੇ ਰਸ ਰਹੇ, ਉਹ ਆਲੰਬਨ ਭਾਵ ਹੈ, ਜੇਹੇ ਕਿ- ਨਾਯਿਕਾ, ਸੁੰਦਰ ਘਰ, ਸੇਜਾ, ਗਾਯਨ, ਨ੍ਰਿਤ੍ਯ ਆਦਿਕ ਸਾਮਾਨ ਹਨ. ਉੱਦੀਪਨ ਵਿਭਾਵ ਉਹ ਹੈ ਜੋ ਰਸ ਨੂੰ ਜਾਦਾ ਚਮਕਾਵੇ, ਜੈਸੇ- ਦੇਖਣਾ, ਬੋਲਣਾ, ਸਪਰਸ਼ ਕਰਨਾ ਆਦਿਕ.#(ਅ) ਆਲੰਬਨ ਅਤੇ ਉੱਦੀਪਨ ਕਰਕੇ ਜੋ ਮਨ ਵਿੱਚ ਪੈਦਾ ਹੋਇਆ ਵਿਕਾਰ, ਉਸ ਦਾ ਸ਼ਰੀਰ ਪੁਰ ਪ੍ਰਗਟ ਹੋਣਾ, "ਅਨੁਭਾਵ" ਹੈ, ਜੈਸੇ ਇੱਕ ਆਦਮੀ ਨੇ ਚੁਭਵੀਂ ਗੱਲ ਆਖੀ, ਸੁਣਨ ਵਾਲੇ ਨੂੰ ਉਸ ਤੋਂ ਕ੍ਰੋਧ ਹੋਇਆ. ਕ੍ਰੋਧ ਤੋਂ ਨੇਤ੍ਰ ਲਾਲ ਹੋ ਗਏ ਅਤੇ ਹੋਠ ਫਰਕਣ ਲੱਗੇ. ਇਸ ਥਾਂ ਸਮਝੋ ਕਿ ਚੁਭਵੀਂ ਗੱਲ ਕਹਿਣ ਵਾਲਾ ਆਲੰਬਨ ਵਿਭਾਲ, ਚੁੱਭਵੀਂ ਬਾਤ ਉੱਦੀਪਨ ਵਿਭਾਵ, ਸੁਣਨ ਵਾਲੇ ਦੀਆਂ ਅੱਖਾਂ ਦਾ ਲਾਲ ਹੋਣਾ ਅਤੇ ਹੋਠ ਫਰਕਣੇ ਅਨੁਭਾਵ ਹੈ. ਜੋ ਚੁੱਭਵੀਂ ਗੱਲ ਕਹਿਣ ਵਾਲੇ ਨੇ ਪਹਿਲਾਂ ਭੀ ਸ਼੍ਰੋਤਾ ਦਾ ਕਦੇ ਅਪਮਾਨ ਕੀਤਾ ਹੈ, ਤਦ ਸੁਣਨ ਵਾਲੇ ਦੇ ਮਨ ਵਿੱਚ ਉਸ ਦਾ ਯਾਦ ਆਉਣਾ ਕ੍ਰੋਧ ਨੂੰ ਹੋਰ ਭੀ ਵਧਾਵੇਗਾ, ਇਸ ਲਈ ਸਿਮ੍ਰਿਤੀ, ਸੰਚਾਰੀਭਾਵ ਹੋ ਜਾਉ.#(ੲ) ਸਥਾਈ ਭਾਵ ਉਹ ਹੈ, ਜੋ ਰਸ ਵਿੱਚ ਸਦਾ ਇਸਥਿਤ ਰਹੇ, ਅਥਵਾ ਇਉਂ ਕਹੋ ਕਿ ਜਿਸ ਦੀ ਇਸਥਿਤੀ ਹੀ ਰਸ ਦੀ ਇਸਥਿਤੀ ਹੈ, ਨੌ ਰਸਾਂ ਦੇ ਨੌ ਹੀ ਸਥਾਈ ਭਾਵ ਹਨ, ਯਥਾ-#"ਰਤਿ ਹਾਸੀ ਅਰੁ ਸ਼ੋਕ ਪੁਨ ਕ੍ਰੋਧ ਉਛਾਹ ਸੁ ਜਾਨ,#ਭਯ ਨਿੰਦਾ ਵਿਸਮਯ ਵਿਰਤਿ ਥਾਈ ਭਾਵ ਪ੍ਰਮਾਨ."#(ਰਸਿਕਪ੍ਰਿਯਾ)#ਸ਼੍ਰਿੰਗਾਰ ਦਾ ਸਥਾਈ ਭਾਵ ਰਤਿ, ਹਾਸ੍ਯਰਸ ਦਾ ਹਾਸੀ. ਕਰੁਣਾਰਸ ਦਾ ਸ਼ੋਕ, ਰੌਦ੍ਰਰਸ ਦਾ ਕ੍ਰੋਧ, ਵੀਰਰਸ ਦਾ ਉਤਸਾਹ, ਭਯਾਨਕਰਸ ਦਾ ਭਯ, ਬੀਭਤਸਰਸ ਦਾ ਗਲਾਨਿ, ਅਦਭੁਤਰਸ ਦਾ ਵਿਸਮਯ (ਆਸ਼ਚਰਯ) ਅਤੇ ਸ਼ਾਂਤਰਸ ਦਾ ਸਥਾਈ ਭਾਵ ਵੈਰਾਗ੍ਯ (ਨਿਰਵੇਦ) ਹੈ.#(ਸ) ਵਿਭਾਵ ਅਨੁਭਾਵ ਦੇ ਅਸਰ ਤੋਂ ਉਤਪੰਨ ਹੋਈ ਕ੍ਰਿਯਾ ਦਾ ਨਾਮ ਸਾਤ੍ਤਿਕ ਭਾਵ ਹੈ, ਯਥਾ- ਰੋਮਾਂਚ, ਪਸੀਨਾ, ਕਾਂਬਾ, ਅੰਝੂ, ਸ੍ਵਰਭੰਗ ਆਦਿਕ.#(ਹ) ਜੋ ਭਾਵ ਅਨੇਕ ਰਸਾਂ ਵਿੱਚ ਵਰਤੇ ਅਤੇ ਇੱਕ ਰਸ ਵਿੱਚ ਹੀ ਇਸਥਿਤ ਨਾ ਰਹੇ, ਉਸ ਦਾ ਨਾਮ ਵ੍ਯਭਿਚਾਰੀ (ਅਥਵਾ ਸੰਚਾਰੀ) ਭਾਵ ਹੈ, ਯਥਾ- ਆਲਸ, ਚਿੰਤਾ, ਸ੍ਵਪਨ, ਮਸ੍ਤੀ, ਨੀਂਦ ਦਾ ਉੱਚਾਟ ਅਤੇ ਵਿਵਾਦ ਆਦਿਕ ਹਨ....
ਸੰਗ੍ਯਾ- ਪ੍ਰ- ਮਾਣ. ਤੋਲ. ਵਜ਼ਨ. ਦੇਖੋ, ਤੋਲ। ੨. ਮਾਪ. ਮਿਣਤੀ. ਦੇਖੋ, ਮਿਣਤੀ। ੩. ਕਾਰਣ. ਹੇਤੁ. ਸਬਬ। ੪. ਮਰਯਾਦਾ। ੫. ਗਿਆਨੇਂਦ੍ਰਿਯ। ੩. ਤਰਾਜ਼ੂ. ਤੁਲਾ। ੭. ਦੂਰੀ. ਫਾਸਿਲਾ। ੮. ਬ੍ਰਹਮ. ਕਰਤਾਰ। ੯. ਸਤ੍ਯਵਕਤਾ ਪੁਰਖ। ੧੦. ਪ੍ਰਾਮਾਣਿਕ ਧਰਮਗ੍ਰੰਥ। ੧੧. ਪ੍ਰਮਾ (ਯਥਾਰਥ) ਗਿਆਨ ਦਾ ਸਾਧਨ ਰੂਪ ਸਬੂਤ.#ਮਤਭੇਦ ਕਰਕੇ ਪ੍ਰਮਾਣਾਂ ਦੀ ਗਿਣਤੀ ਵੱਧ ਘੱਟ ਹੈ, ਪਰ ਕਾਵ੍ਯਗ੍ਰੰਥਾਂ ਵਿੱਚ ਅੱਠ ਪ੍ਰਮਾਣ ਮੰਨੇ ਹਨ- ਪ੍ਰਤ੍ਯਕ੍ਸ਼੍, ਅਨੁਮਾਨ, ਉਪਮਾਨ, ਸ਼ਬਦ, ਅਰਥਾਪੱਤਿ, ਅਨੁਪਲਬਧਿ, ਸੰਭਵ ਅਤੇ ਐਤਿਹ੍ਯ.#(ੳ) ਅੰਤਹਕਰਣ ਦੇ ਸੰਯੋਗ ਨਾਲ ਨੇਤ੍ਰਾਦਿਕ ਗਿਆਨ ਇੰਦ੍ਰੀਆਂ ਦ੍ਵਾਰਾ ਹੋਇਆ ਗਿਆਨ 'ਪ੍ਰਤ੍ਯਕ' ਹੈ.#ਇੰਦ੍ਰਿਯ ਅਰੁ ਮਨ ਯੇ ਜਹਾਂ#ਵਿਸਯ ਆਪਨੋ ਪਾਇ,#ਗ੍ਯਾਨ ਕਰੇਂ ਪ੍ਰਤ੍ਯਕ੍ਸ਼੍ ਤਹਿਂ#ਕਹਿ ਗੁਲਾਬ ਕਵਿਰਾਇ.#(ਲਲਿਤ ਕੌਮੁਦੀ)#ਉਦਾਹਰਣ-#ਕੁਦਰਤਿ ਦਿਸੈ ਕੁਦਰਤਿ ਸੁਣੀਐ#ਕੁਦਰਤਿ ਭਉ ਸੁਖਸਾਰ,#ਕੁਦਰਤਿ ਪਾਤਾਲੀ ਆਕਾਸੀ#ਕੁਦਰਤਿ ਸਰਬ ਆਕਾਰ.#(ਵਾਰ ਆਸਾ ਮਃ ੧)#ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠ.#(ਵਾਰ ਰਾਮ ੨. ਮਃ ੫)#ਸੰਤਨ ਕੀ ਸੁਣਿ ਸਾਚੀ ਸਾਖੀ,#ਸੋ ਬੋਲਹਿ ਜੋ ਪੇਖਹਿ ਆਖੀ.#(ਰਾਮ ਮਃ ੫)#(ਅ) ਕਾਰਣ ਦ੍ਵਾਰਾ ਕਾਰਯ ਦਾ ਗਿਆਨ "ਅਨੁਮਾਨ" ਪ੍ਰਮਾਣ ਹੈ.#ਕਾਰਣ ਕੇ ਜਾਨੇ ਜਹਾਂ ਕਾਰਯ ਜਾਨ੍ਯੋਜਾਇ,#ਹੈ ਅਨੁਮਾਨ ਅਲੰਕ੍ਰਿਤੀ ਕਵਿ ਗੁਲਾਬ ਕੇ ਭਾਇ.#(ਲਲਿਤ ਕੌਮੁਦੀ)#ਉਦਾਹਰਣ-#ਧੂਮ ਤੇ ਆਗ ਰਹੈ ਨ ਦੁਰੀ ਜਿਮ,#ਤ੍ਯੋਂ ਛਲ ਤੇ ਤੁਮ ਕੋ ਲਖਪਾਯੋ.#(ਕ੍ਰਿਸਨਾਵ)#(ੲ) ਕਿਸੇ ਪ੍ਰਸਿੱਧ ਵਸਤੂ ਨੂੰ ਜਾਣਕੇ ਉਸ ਦੇ ਤੁਲ੍ਯ ਕਿਸੇ ਅਣਦੇਖੀ ਵਸਤੂ ਨੂੰ ਜਾਣਨਾ "ਉਪਮਾਨ" ਪ੍ਰਮਾਣ ਹੈ.#ਉਪਮਾ ਕੀ ਸਾਦ੍ਰਿਸ਼੍ਯ ਤੇਂ ਬਿਨ ਦੇਖ੍ਯੋ ਉਪਮੇਯ,#ਜਾਨਪਰੈ ਉਪਮਾਨ ਸੋ ਅਲੰਕਾਰ ਹੈ ਗੋਯ.#(ਲਲਿਤ ਕੌਮੁਦੀ)#ਉਦਾਹਰਣ-#ਗਾਂ ਜੇਹਾ ਰੋਝ, ਬਘਿਆੜ ਹੁੰਦਾ ਕੁੱਤੇ ਜੇਹਾ,#ਬਿੱਲੀ ਜਿਹਾ ਬਾਘ ਇੱਲ ਜੇਹਾ ਹੁੰਦਾ ਬਾਜ ਹੈ.#(ਸ)ਧਰਮਗ੍ਰੰਥ ਅਥਵਾ ਲੋਕਪ੍ਰਮਾਣ ਵਾਕ੍ਯ "ਸ਼ਬਦ ਪ੍ਰਮਾਣ" ਹੈ.#ਜਹਾਂ ਸ਼ਾਸਤ੍ਰ ਅਰ ਲੋਕ ਕੋ ਬਚਨ ਪ੍ਰਮਾਣ ਬਖਾਨ,#ਸੋਊ ਸ਼ਬਦ ਪ੍ਰਮਾਣ ਹੈ ਭਾਖਤ ਸੁਕਵਿ ਸੁਜਾਨ.#(ਲਲਿਤ ਕੌਮੁਦੀ)#ਉਦਾਹਰਣ-#ਸੁਣਿਆ ਮੰਨਿਆ ਮਨਿ ਕੀਤਾ ਭਾਉ,#ਅੰਤਰਗਤਿ ਤੀਰਥਿ ਮਲਿ ਨਾਉ.#ਜਿਨੀ ਨਾਮੁ ਧਿਆਇਆ ਗਏ, ਮਸਕਤਿ ਘਾਲਿ,#ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ.#(ਜਪੁ)#ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ!#ਹਰਿ ਕਰਤਾ ਆਪਿ ਮੁਹਹੁ ਕਢਾਏ.#(ਵਾਰ ਗਉ ੧. ਮਃ ੪)#(ਹ) ਇੱਕ ਬਾਤ ਵ੍ਯਰਥ ਹੋਈ ਆਪਣੀ ਸਿੱਧੀ ਲਈ ਦੂਜੀ ਦੀ ਕਲਪਣਾ ਕਰਾਵੇ, ਇਹ "ਅਰਥਾਪੱਤਿ" ਪ੍ਰਮਾਣ ਹੈ.#ਜਹਾਂ ਵ੍ਯਰ੍ਥ ਭੇ ਅਰਥ ਕੋ ਔਰ ਜੋਗ ਸੇ ਥਾਪ,#ਅਰਥਾਪੱਤਿ ਅਲੰਕ੍ਰਿਤੀ ਭਾਖਤ ਸੁਕਵਿ ਸਦਾਪ,#(ਲਲਿਤ ਕੌਮੁਦੀ)#ਉਦਾਹਰਣ-#ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ,#ਤਿਸ ਦਾ ਨਫਰੁ ਕਿਥਹੁ ਰਜਿ ਖਾਏ?#ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ,#ਅਣਹੋਂਦੀ ਕਿਥਹੁ ਪਾਏ?#(ਵਾਰ ਗਉ ੧. ਮਃ ੪)#(ਕ) ਕਿਸੇ ਪ੍ਰਮਾਣ ਦ੍ਵਾਰਾ ਜਿੱਥੇ ਵਸ੍ਤੁ ਪ੍ਰਤੀਤ ਨਾ ਹੋਵੇ, ਇਹ "ਅਨੁਪਲਬਧਿ" ਹੈ.#ਜਾਨ ਪਰੈ ਨਹਿ ਵਸ੍ਤੁ ਕਛੁ ਅਨੁਪਲਬਧਿ ਹੈ ਸੋਯ.#(ਲਲਿਤ ਕੌਮੁਦੀ)#ਉਦਾਹਰਣ-#ਨਾਰਾਇਣ ਨਿੰਦਸਿ ਕਾਇ ਭੂਲੀ ਗਾਵਾਰੀ।#ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮੁ ਰੀ, ×××#ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰਗੇਹਣਿ,#ਤਾਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ.#(ਧਨਾ ਤ੍ਰਿਲੋਚਨ)#ਸਾਤੋ ਅਕਾਸ ਸਾਤੋ ਪਤਾਰ,#ਬਿਥਰ੍ਯੋ ਅਦ੍ਰਿਸਟ ਜਿਹ ਕਰਮਜਾਰ.#(ਅਕਾਲ)#(ਖ) ਜਿਸ ਥਾਂ ਕਿਸੇ ਗੱਲ ਦਾ ਹੋਣਾ ਮੁਮਕਿਨ ਠਹਿਰਾਇਆ ਜਾਵੇ ਇਹ "ਸੰਭਵ" ਪ੍ਰਮਾਣ ਹੈ.#ਜਹਿ ਸੰਭਵ ਹਨਐ ਵਸ੍ਤੁ ਕੋ, ਸੰਭਵ ਨਾਮ ਸੁ ਹੋਯ.#(ਲਲਿਤ ਕੌਮੁਦੀ)#ਉਦਾਹਰਣ-#ਚਾਰ ਜਨੇ ਚਾਰਹੁ ਦਿਸ਼ਾ ਤੇ ਚਾਰ ਕੋਨੇ ਗਹਿ,#ਮੇਰੁ ਕੋ ਹਲਾਯਕੈ ਉਖਾਰੈਂ, ਤੋ ਉਖਰਜਾਯ.#(ਠਾਕੁਰ ਕਵਿ)#(ਗ) ਜਿਸ ਕਥਨ ਦੇ ਵਕਤਾ ਦਾ ਪਤਾ ਨਹੀਂ, ਪਰ ਪਰੰਪਰਾ ਗੱਲ ਚੱਲੀ ਆਉਂਦੀ ਹੈ, ਏਹ "ਐਤਿਹ੍ਯ" ਪ੍ਰਮਾਣ ਹੈ.#ਪਰੰਪਰਾ ਕਹਨਾਵਤ ਜੋਈ,#ਤਿਹ ਏਤਿਹ੍ਯ ਕਹਿਤ ਸਬਕੋਈ.#(ਸਰਬ ਗੰਜਨੀ)#ਉਦਾਹਰਣ-#ਭਗਤ ਹੇਤਿ ਮਾਰਿਓ ਹਰਨਾਖਸੁ#ਨਰਸਿੰਘ ਰੂਪ ਹੋਇ ਦੇਹ ਧਰਿਓ,#ਨਾਮਾ ਕਹੈ ਭਗਤਿ ਬਸਿ ਕੇਸਵ#ਅਜਹੂੰ ਬਲਿਕੇ ਦੁਆਰ ਖਰੋ.#(ਮਾਰੂ ਨਾਮਦੇਵ)#ਨ੍ਰਿਪਕੰਨਿਆ ਕੇ ਕਾਰਨੈ ਇਕ ਭਇਆ ਭੇਖਧਾਰੀ,#ਕਾਮਾਰਥੀ ਸੁਆਰਥੀ ਵਾਕੀ ਪੈਜ ਸਵਾਰੀ.#(ਬਿਲਾ ਸਧਨਾ)#੧੨ ਵਿ- ਤੁੱਲ. ਸਮਾਨ. "ਸਤਿਗੁਰੁ ਪ੍ਰਮਾਣੁ ਬਿਧ ਨੈ ਸਿਰਿਉ." (ਸਵੈਯੇ ਮਃ ੪. ਕੇ) ਗੁਰੂ ਅਮਰਦਾਸ ਜੀ ਦੇ ਤੁਲ੍ਯ ਹੀ ਆਪ ਨੂੰ ਵਿਧਾਤਾ ਨੇ ਰਚਿਆ ਹੈ। ੧੩. ਵ੍ਯ- ਤੀਕ. ਤੋੜੀ. ਪਰਯੰਤ....
ਅ਼. [مُدتّ] ਸੰਗ੍ਯਾ- ਦੇਰ. ਚਿਰ। ੨. ਲੰਬਾਈ....
ਸੰ. ਵਿ- ਬਹੁਤ ਦਿਨ ਦਾ। ੨. ਕ੍ਰਿ. ਵਿ- ਬਹੁਤ ਸਮੇਂ ਤੀਕ। ੩. ਸੰਗ੍ਯਾ- ਦੇਰੀ. ਢਿੱਲ....
ਸੰ. सामर्थ्य ਸੰਗ੍ਯਾ- ਬਲ. ਤਾਕਤ. ਸ਼ਕਤਿ। ੨. ਯੋਗ੍ਯਤਾ. ਲਿਆਕਤ....
ਸੰ. ਸ਼ਕ੍ਤਿ. ਸੰਗ੍ਯਾ- ਤਾਕਤ. ਸਾਮਰਥ੍ਯ. "ਮਾਨੁ ਮਹਤੁ ਨ ਸਕਤਿ ਹੀ ਕਾਈ." (ਬਿਲਾ ਮਃ ੫) ੨. ਪ੍ਰਭਾਵ. ਅਸਰ. "ਸਕਤਿ ਅੰਧੇਰ ਜੇਵੜੀ ਭ੍ਰਮ ਚੂਕਾ." (ਗਉ ਕਬੀਰ) ੩. ਮਾਇਆ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੪. ਭਾਵ- ਇਸਤ੍ਰੀ. "ਸਕਤਿ ਸਨੇਹ ਕਰਿ ਸੁੰਨਤਿ ਕਰੀਐ." (ਆਸਾ ਕਬੀਰ) "ਤਉ ਆਨਿ ਸਕਤਿ ਗਲਿ ਬਾਂਧਿਆ." (ਸ੍ਰੀ ਬੇਣੀ) ੫. . ਕੁਦਰਤ. ਪ੍ਰਕ੍ਰਿਤਿ। ੬. ਬਰਛੀ. ਸੈਹਥੀ. "ਪਹਿਰਿ ਸੀਲ ਸਨਾਹੁ ਸਕਤਿ ਬਿਦਾਰਿ." (ਸਵੈਯੇ. ਮਃ ੨. ਕੇ) ਇਸ ਥਾਂ "ਸਕਤਿ" ਸ਼ਬਦ ਸ਼ਲੇਸ ਹੈ. ਮਾਇਆ ਅਤੇ ਬਰਛੀ। ੭. ਪਦ ਤੇ ਵਾਕ੍ਯ ਦੀ ਉਹ ਵ੍ਰਿੱਤਿ (ਸੱਤਾ) ਜੋ ਅਰਥ ਬੋਧਨ ਕਰਾਉਂਦੀ ਹੈ। ੮. ਦੇਵਤਿਆਂ ਦੀ ਸਾਮਰਥ੍ਯ ਅਤੇ ਉਨ੍ਹਾਂ ਦੀਆਂ ਇਸਤ੍ਰੀਆਂ ਨੂੰ ਭੀ ਸ਼ਕਤਿ ਲਿਖਿਆ ਹੈ. ਇਨ੍ਹਾਂ ਦੀ ਗਿਣਤੀ ਬਹੁਤ ਹੈ ਪਰ ਮੁੱਖ ਇਹ ਹਨ- ਇੰਦ੍ਰਾਣੀ, ਵੈਸਨਵੀ, ਸ਼ਾਂਤਾ, ਬ੍ਰਹਮਾ੍ਣੀ, ਰੌਦ੍ਰੀ, ਕੌਮਾਰੀ, ਨਾਰਸਿੰਘੀ, ਵਾਰਾਹੀ, ਮਾਹੇਸ਼੍ਵਰੀ, ਚਾਮੁੰਡਾ, ਚੰਡਿਕਾ, ਕਾਰਤਿਕੀ, ਪ੍ਰਧਾਨਾ, ਕੀਰ੍ਤਿ, ਕਾਂਤਿ, ਤੁਸ੍ਟਿ, ਪੁਸ੍ਟਿ, ਧ੍ਰਿਤਿ, ਸ਼ਾਂਤਿ, ਕ੍ਰਿਯਾ, ਦਯਾ, ਮੇਧਾ, ਲੋਲਾਕ੍ਸ਼ੀ, ਦੀਰਘਜਿਹ੍ਵਾ, ਗੋਮੁਖੀ, ਕੁੰਡੋਦਰੀ, ਵਿਰਜਾ ਆਦਿ। ੯. ਸੰ. ਸਕ੍ਤਿ. ਸੰਬੰਧ. ਸੰਯੋਗ. "ਜੈਸੇ ਸਕਤਿ ਸੂਰੁ ਬਹੁ ਜਲਤਾ ਗੁਰ ਸਸਿ ਦੇਖੇ ਲਹਿ ਜਾਇ ਸਭ ਤਪਨਾ." (ਗੌਂਡ ਮਃ ੪) ਸੂਰਜ ਦੇ ਸੰਬੰਧ ਨਾਲ ਤਪਤ....
ਸੰ. ਵਿ- ਸਮਾਨ. ਬਰਾਬਰ। ੨. ਸਦ੍ਰਿਸ਼. ਜੇਹਾ। ੩. ਸੰਗ੍ਯਾ- ਇੱਕ ਗੰਧਰਵ....
ਸੰ. ਵਿ- ਤੁਲ੍ਯ. ਬਰਾਬਰ. ਜੇਹਾ। ੨. ਸਮਾਇਆ. ਮਿਲਿਆ. "ਜੋਤੀ ਜੋਤਿ ਸਮਾਨ." (ਬਿਲਾ ਮਃ ੫) ੩. ਦੇਖੋ, ਸਵੈਯੇ ਦਾ ਰੂਪ ੬। ੪. ਨਾਭਿ ਵਿੱਚ ਰਹਿਣ ਵਾਲੀ ਪ੍ਰਾਣ ਵਾਯੂ। ੫. ਆਦਰ. ਸੰਮਾਨ. "ਰਾਜ ਦੁਆਰੈ ਸੋਭ ਸਮਾਨੈ." (ਗਉ ਅਃ ਮਃ ੧) ੬. ਸ- ਮਾਨ. ਉਸ ਨੂੰ ਮੰਨ. ਉਸ ਨੂੰ ਜਾਣ. "ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁਲਿ ਸਮਾਨ." (ਕੇਦਾ ਰਵਿਦਾਸ) ੭. ਸਾਮਾਨ ਦਾ ਸੰਖੇਪ....
ਸੰਗ੍ਯਾ- ਦੇਹ ਤਨ. ਸ਼ਰੀਰ. "ਇਸ ਦੇਹੀ ਕਉ ਸਿਮਰਹਿ ਦੇਵ." (ਭੈਰ ਕਬੀਰ) ੨. ਦੇਹੀਂ. ਦੇਵੇਂ। ੩. ਸੰ. देहिन्. ਜੀਵਾਤਮਾ. "ਮਨ ਕਾ ਜੀਉ ਪਵਨ, ਪਤਿਦੇਹੀ, ਦੇਹੀ ਮਹਿ ਦੇਉ ਸਮਾਗਾ." (ਸੋਰ ਮਃ ੧) ਮਨ ਕਾ ਜੀਵਨ ਪ੍ਰਾਣ, ਪ੍ਰਾਣਾਂ ਦਾ ਪਤਿ ਜੀਵਾਤਮਾ, ਦੇਹੀ (ਜੀਵਾਤਮਾ) ਵਿੱਚ ਦੇਉ (ਪਾਰਬ੍ਰਹਮ) ਸਮਾਇਆ ਹੋਇਆ ਹੈ। ੪. ਦੇਹ ਵਾਲਾ....
ਕੱਚੀ. ਦੇਖੋ, ਕਾਚਾ....
ਦੇਖੋ, ਕਾਗਜ. "ਬਸੁਧ ਕਾਗਦ ਬਨਰਾਜ ਕਲਮਾ." (ਆਸਾ ਛੰਤ ਮਃ ੫)...
ਸੰ. ਵਿ- ਦਾਨਾ. ਵਿਚਾਰਵਾਨ. ਵਿਵੇਕੀ. "ਮਨੁ ਰਾਜਾ ਮਨੁ ਮਨ ਤੇ ਮਾਨਿਆ." (ਭੈਰ ਮਃ ੧) ੨. ਸੰਗਯਾ- ਮਨੁੱਖ. ਆਦਮੀ. "ਜੇਤੇ ਸਾਸ ਗ੍ਰਾਸ ਮਨੁ ਲੇਤਾ." (ਗਉ ਮਃ ੫) ੩. ਹਿੰਦੂਮਤ ਅਨੁਸਾਰ ਮਨੁੱਖਜਾਤਿ ਦਾ ਆਦਿਪੁਰਖ, ਜੇਹਾਕਿ ਬਾਈਬਲ ਅਤੇ ਕੁਰਾਨ ਵਿੱਚ ਆਦਮ ਮੰਨਿਆ ਹੈ. ਇਹ ਬ੍ਰਹਮਾ ਦਾ ਮਾਨਸ ਪੁਤ੍ਰ ਲਿਖਿਆ ਹੈ. ਹਰੇਕ ਕਲਪ ਵਿੱਚ ਚੌਦਾਂ ਮਨੁ ਹੁੰਦੇ ਹਨ ਅਤੇ ਇੱਕ ਮਨੁ ਦਾ ਸਮਾਂ "ਮਨ੍ਵੰਤਰ" ਕਹਾਉਂਦਾ ਹੈ, ਜਿਸ ਦਾ ਪ੍ਰਮਾਣ ਯੁਗਾਂ ਦੀ ੭੧ ਚੌਕੜੀਆਂ ਹੈ. ਚੌਦਾਂ ਮਨੁ ਇਹ ਹਨ:-#ਸ੍ਵਾਯੰਭੁਵ, ਸ੍ਹਾਰੋਚਿਸ, ਔਤੱਮ, ਤਾਮਸ, ਰੈਵਤ, ਚਾਕ੍ਸ਼ੁਸ. ਵੈਵਸ੍ਵਤ, ਸਾਵਿਰ੍ਣ, ਦਕ੍ਸ਼ਾਸਾਵਿਰ੍ਣ, ਬ੍ਰਹਮ੍ਸਾਵਿਰ੍ਣ. ਧਰ੍ਮਸਾਵਿਰ੍ਣ, ਰੁਦ੍ਰਸਾਵਿਰ੍ਣ, ਦੇਵਸਾਵਿਰ੍ਣਿ ਅਤੇ ਇੰਦ੍ਰਸਾਵਿਰ੍ਣ.#ਮਤਸ੍ਯਪੁਰਾਣ ਵਿੱਚ ਇਹ ਨਾਮ ਦਿੰਤੇ ਹਨ:-#ਸ੍ਹਾਯੰਭੁਵ. ਸ੍ਹਾਰੋਚਿਸ, ਔਤੱਮ, ਤਾਮਸ, ਰੈਵਤ, ਚਾਕ੍ਸ਼ੁਸ. ਵੈਵਸ੍ਹਤ, ਸਾਵਿਰ੍ਣ, ਰੌਚ੍ਯ, ਭੌਤ੍ਯ, ਮੇਰੁਸਾਵਿਰ੍ਣ, ਰਿਭੁ (ऋभु), ਰਿਤੁਧਾਮਾ (ऋतुधामा), ਬਿੰਬਕਸੇਨ.#ਸਭ ਤੋ, ਪਹਿਲਾ ਸ੍ਵਾਯੰਭੁਵ ਮਨੁ ਬਿਨਾ ਕਿਸੇ ਦੀ ਸਹਾਇਤਾ ਦੇ ਸ੍ਹਯੰ (ਆਪ ਹੀ) ਉਤਪੰਨ ਹੋਇਆ, ਅਤੇ ਆਪ ਨੂੰ ਦੋ ਭਾਗਾਂ ਵਿੱਚ ਕੀਤਾ, ਸੱਜਾ ਪਾਸਾ ਪਰਖ ਅਤੇ ਖੱਬਾ ਨਾਰੀ. ਇਸ ਜੋੜੇ ਨੇ ਪ੍ਰਜਾਪਤਿ ਆਦਿ ਰਚੇ. ਇੱਕ ਥਾਂ ਲਿਖਿਆ ਹੈ ਕਿ ਬ੍ਰਹਮਾ ਨੇ ਮਨੁ ਨੂੰ ਆਪਣੇ ਜੇਹਾ ਪੈਦਾ ਕੀਤਾ ਅਤੇ ਉਸਾ ਦਾ ਅੱਧਾ ਸ਼ਰੀਰ ਸ਼ਤਰੂਪਾ ਬਣਾਕੇ ਮਨੁ ਦੀ ਵਹੁਟੀ ਬਣਾਈ, ਜਿਸ ਤੋਂ ਅਨੇਕ ਪ੍ਰਕਾਰ ਦੀ ਰਚਨਾ ਹੋਈ. ਮਨੁ ਦੇ ਬਣਾਏ ਸੂਤ੍ਰ ਧਰਮ ਦਾ ਮੂਲ ਮੰਨੇ ਜਾਂਦੇ ਹਨ ਅਰ ਇਸੇ ਦਾ ਨਾਮ 'ਮਾਨਵ ਧਰਮਸ਼ਾਸਤ੍ਰ' ਹੈ. ਇਨ੍ਹਾਂ ਸੂਤ੍ਰਾਂ ਦੇ ਆਧਾਰ ਪੁਰ ਭ੍ਰਿਗੁ ਨੇ ਮਨੁਸਿਮ੍ਰਿਤੀ ਅਥਵਾ ਮਨੁਸੰਹਿਤਾ ਲਿਖੀ ਹੈ, ਜਿਸ ਦੇ ੧੨. ਅਧ੍ਯਾਯ ਅਤੇ ੨੭੦੪ ਸ਼ਲੋਕ ਹਨ. ਇਹ ਗ੍ਰੰਥ ਹਿੰਦੂਮਤ ਦਾ ਕਾਨੂਨ (Law) ਹੈ.#ਸ਼ਟਪਥਬ੍ਰਾਹਮਣ ਦੇ ਆਧਾਰ ਪੁਰ ਅਗਨਿ ਪੁਰਾਣ ਆਦਿ ਅਨੇਕ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਇੱਕ ਵਾਰ ਵੈਵਸ੍ਹਤ ਮਨੁ. ਕਿਤਮਾਲਾ.¹ ਨਦੀ ਪੁਰ ਤਰਪਣ ਕਰ ਰਿਹਾ ਸੀ, ਤਾਂ ਉਸ ਦੇ ਹੱਥ ਵਿੱਚ ਇਕ ਮੱਛੀ ਆ ਗਈ ਅਰ ਆਕਾਸ਼ਬਾਣੀ ਹੋਈ ਕਿ- "ਇਸ ਮੱਛੀ ਨੂੰ ਨਾ ਤਿਆਗੀਂ," ਇਹ ਮੱਛੀ ਵੱਡੇ ਆਕਾਰ ਵਾਲੀ ਹੁੰਦੀ ਗਈ. ਪ੍ਰਲਯ ਦੇ ਸਮੇਂ ਮਨੁ ਆਪਣੇ ਪਰਿਵਾਰ ਅਤੇ ਜੀਵ ਜੰਤ ਲੈਕੇ ਇੱਕ ਕਿਸ਼ਤੀ ਵਿਚ ਪ੍ਰਵੇਸ਼ ਹੋਗਿਆ, ਅਰ ਉਸ ਮੱਛੀ ਦੇ ਸਿੰਗ ਨਾਲ ਬੇੜੀ ਬੰਨ੍ਹ ਦਿੱਤੀ, ਜਿਸ ਤੋਂ ਸਾਰੇ ਬਚ ਗਏ.#ਭਾਗਵਤ ਵਿੱਚ ਲੇਖ ਹੈ ਕਿ ਮਹਾਰਿਖੀ ਸਤ੍ਯਵ੍ਰਤ ਹੀ ਵੈਵਸ੍ਹਤ ਮਨੁ ਕਹਾਇਆ ਅਰ ਮੱਛ ਭਗਵਾਨ ਨੇ ਇਸੇ ਨੂੰ ਸੌਨੇ ਦਾ ਮੱਛ ਹੋਕੇ ਪ੍ਰਲਯ ਸਮੇਂ ਕਿਸ਼ਤੀ ਵਿੱਚ ਬਚਾਇਆ ਸੀ.#ਮਹਾਭਾਰਤ ਵਿੱਚ ਕਥਾ ਹੈ ਕਿ ਮੱਛ ਭਗਵਾਨ ਦੇ ਕਹਿਣ ਅਨੁਸਾਰ ਮਨੁ ਨੇ ਪ੍ਰਲਯ ਤੋਂ ਪਹਿਲਾਂ ਹੀ ਕਿਸ਼ਤੀ ਬਣਾਲਈ ਸੀ ਅਤੇ ਪ੍ਰਲਯ ਹੋਣ ਪੁਰ ਮਨੁ ਸੱਤ ਰਿਖੀਆਂ ਅਤੇ ਜੀਵ ਜੰਤੂ ਤਥਾ ਬਿਰਛ ਆਦਿ ਦੇ ਬੀਜ ਲੈਕੇ ਕਿਸ਼ਤੀ ਵਿੱਚ ਪ੍ਰਵੇਸ਼ ਹੋਗਿਆ, ਅਰ ਥੋੜੀ ਮੱਛ ਦੇ ਸਿੰਗ ਨਾਲ ਬੱਧੀ. ਬਹੁਤ ਵਰ੍ਹੇ ਪਿੱਛੋਂ ਇਹ ਕਿਸ਼ਤੀ ਹਿਮਾਲਯ ਦੀ ਚੋਟੀ ਨਾਲ ਬੰਨ੍ਹੀ ਗਈ, ਜਿਸ ਦਾ ਹੁਣ ਭੀ ਨਾਮ "ਨੌਕਾਬੰਧਨ" ਹੈ. ਕਰਨਲ ਟਾਡ (Tod) ਲਿਖਦਾ ਹੈ ਕਿ ਨੂਹ਼ ( [نوُہ] ) ਇਹੀ ਮਨੁ ਸੀ. ਦੇਖੋ, ਨੂਹ. "ਰਾਜਵਤਾਰ ਭਯੋ ਮਨੁ ਰਾਜਾ। ਸਭ ਹੀ ਸਜੇ ਧਰਮ ਕੇ ਸਾਜਾ." (ਮਨੁਰਾਜ) ੪. ਮਾਨੁਸਜਨਮ. ਮਨੁਖ ਦੇਹ. "ਹਉਮੈ ਵਿਚਿ ਸੇਵਾ ਨ ਹੋਵਈ, ਤਾ ਮਨੁ ਬਿਰਥਾ ਜਾਇ." (ਵਡ ਮਃ ੩) ੫. ਆਸਾਮ ਦਾ ਇੱਕ ਦਰਿਆ, ਜੋ ਤਿਪਰਾ ਰਾਜ ਤੋਂ ਨਿਕਲਦਾ ਹੈ। ੬. ਸੰ. मनस्. ਸੰਗ੍ਯਾ- ਮਨ. ਦਿਲ. "ਮਨੁ ਅਰਪਉ ਧਨੁ ਰਾਖਉ ਆਗੈ." (ਗਉ ਮਃ ੫) ੭. ਹਿੰ. ਵ੍ਯ- ਮਾਨੋ, ਗੋਯਾ. ਜਨੁ. "ਮੇਰਾ ਚਿਤ ਨ ਚਲੈ, ਮਨੁ ਭਇਓ ਪੰਗੁ." (ਬਸੰ ਰਾਮਾਨੰਦ)...
ਮਦ ਟਪਕਦਾ ਹੈ ਜਿਸ ਦੇ ਗਲ ਤੋਂ, ਐਸਾ ਮਸ੍ਤ ਹਾਥੀ. "ਮੈਗਲ ਜਿਉ ਫਾਸਸਿ ਕਾਮਹਾਰ." (ਬਸੰ ਅਃ ਮਃ ੧) ੨. ਦੇਖੋ, ਮਦਕਲ....
ਮਯ (ਸ਼ਰਾਬ) ਵਿੱਚ ਮੱਤ। ੨. ਮਦ ਕਰਕੇ ਮਸ੍ਤ। ੩. ਸੰਗ੍ਯਾ- ਮਤਵਾਲਾ ਹਾਥੀ. "ਮੇਰੇ ਜਾਨ ਘੰਟਾ ਹੈ ਮਦਨ ਮਯਮੰਤ ਕੋ." (ਹਰਿਜਨ) ਪ੍ਰਾਕ੍ਰਿਤ ਵਿੱਚ ਦ ਦਾ ਯ ਹੋ ਜਾਂਦਾ ਹੈ, ਜੈਸੇ- ਮਦਨ ਦਾ ਮਯਨ ਅਤੇ ਮਦ ਦਾ ਮਯ....
ਸੰ. ਹਸ੍ਤਿ. ਹਸ੍ਤ (ਸੁੰਡ) ਵਾਲਾ. "ਕਹਾ ਭਇਓ ਦਰਿ ਬਾਂਧੇ ਹਾਥੀ?" (ਧਨਾ ਨਾਮਦੇਵ) ਰਾਜਪੂਤਾਨੇ ਦੀ ਡਿੰਗਲ ਭਾਸਾ ਵਿੱਚ ਉਮਰ ਦੇ ਲਿਹਾਜ ਨਾਲ ਹਾਥੀ ਦੇ ਇਹ ਨਾਮ ਹਨ-#ਪੰਜ ਵਰ੍ਹੇ ਦਾ "ਬਾਲ."#ਦਸ ਵਰ੍ਹੇ ਦਾ "ਬੋਤ."#ਵੀਹ ਵਰ੍ਹੇ ਦਾ "ਬਿੱਕ."#ਤੀਹ ਵਰ੍ਹੇ ਦਾ "ਕਲਭ."#੨. ਭੁਜਾ (ਬਾਂਹ) ਜੋ ਹੱਥ ਨੂੰ ਧਾਰਨ ਕਰਦੀ ਹੈ. "ਗੁਰੁ ਹਾਥੀ ਦੈ ਨਿਕਲਾਵੈਗੋ." (ਕਾਨ ਅਃ ਮਃ ੪) "ਸੰਸਾਰ ਸਾਗਰ ਤੇ ਕਢੁ, ਦੇ ਹਾਥੀ." (ਵਡ ਮਃ ੫)...