bisaranaबिसरण
ਸੰ. ਵਿਸ੍ਮਰਣ. ਯਾਦ ਤੋਂ ਭੁੱਲਣ ਦਾ ਭਾਵ. ਚੇਤੇ ਨਾ ਰਹਿਣਾ. "ਮਰਣੰ ਬਿਸਰਣੇ ਗੋਬਿੰਦਹ." (ਗਾਥਾ) "ਬਿਸਰਿਗਈ ਸਭ ਤਾਤ ਪਰਾਈ." (ਕਾਨ ਮਃ ੫)
सं. विस्मरण. याद तों भुॱलण दा भाव. चेते ना रहिणा. "मरणं बिसरणे गोबिंदह." (गाथा) "बिसरिगई सभ तात पराई." (कान मः ५)
ਦੇਖੋ, ਬਿਸਰਣ....
ਫ਼ਾ. [یاد] ਸੰਗ੍ਯਾ- ਸਮਰਣ. ਸਿਮਰਣ. ਚੇਤਾ। ੨. ਵਿ- ਕੰਠਾਗ੍ਰ. ਹ਼ਿਫਜ਼....
(ਦੇਖੋ, ਭੂ ਧਾ) ਸੰ. ਸੰਗ੍ਯਾ- ਸੱਤਾ. ਹੋਂਦ. ਅਸ੍ਤਿਤ੍ਵ। ੨. ਵਿਚਾਰ. ਖ਼ਯਾਲ. "ਸਤਿਆਦਿ ਭਾਵਰਤੰ." (ਗੂਜ ਜੈਦੇਵ) ਸਤ੍ਯ ਸੰਤੋਖ ਆਦਿ ਚਿੱਤ ਦੇ ਉੱਤਮ ਭਾਵਾਂ ਨਾਲ ਹੈ ਜਿਸ ਦੀ ਪ੍ਰੀਤਿ. ਅਥਵਾ ਸਤ ਚਿਤ ਆਦਿ ਜੋ ਭਾਵ (ਆਪਣੇ ਸ੍ਵਰੂਪਭੂਤ ਧਰਮ) ਹਨ, ਉਨ੍ਹਾਂ ਵਿੱਚ ਰਤ (ਰਮਣ ਕਰਦਾ) ਹੈ। ੩. ਅਭਿਪ੍ਰਾਯ. ਮਤਲਬ। ੪. ਜਨਮ. "ਤੱਤ ਸਮਾਧਿ ਸੁ ਭਾਵ ਪ੍ਰਣਾਸੀ." (੩੩ ਸਵੈਯੇ) ਆਵਾਗਮਨ ਦੂਰ ਕਰਨ ਵਾਲਾ। ੫. ਆਤਮਾ। ੬. ਪਦਾਰਥ. ਵਸਤੁ। ੭. ਸੰਸਾਰ. ਜਗਤ। ੮. ਪ੍ਰਕ੍ਰਿਤਿ. ਸ੍ਵਭਾਵ। ੯. ਪ੍ਰਕਾਰ. ਤਰਹ। ੧੦. ਆਦਰ. ਸਨਮਾਨ. ਭਾਉ. "ਰਾਖਤ ਸਭ ਕੋ ਭਾਵ." (ਚਰਿਤ੍ਰ ੧੦੨) ੧੧. ਪ੍ਰੇਮ. "ਭੈ ਭਾਵ ਕਾ ਕਰੇ ਸੀਗਾਰੁ." (ਆਸਾ ਮਃ ੧) ੧੨. ਮਨ ਦੇ ਖ਼ਿਆਲ ਅਨੁਸਾਰ ਅੰਗਾਂ ਦੀ ਚੇਸ੍ਟਾ. "ਕਰੇ ਭਾਵ ਹੱਥੰ." (ਵਿਚਿਤ੍ਰ) ੧੩. ਸ਼ੁੱਧਾ। ੧੪. ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ (emotion) "ਚੰਚਲਿ ਅਨਿਕ ਭਾਵ ਦਿਖਾਵਏ." (ਬਿਲਾ ਛੰਤ ਮਃ ੫)#"ਆਨਨ ਲੋਚਨ ਵਚਨ ਮਗ ਪ੍ਰਗਟਤ ਮਨ ਕੀ ਬਾਤ,#ਤਾਹੀਂ ਸੋਂ ਸਬ ਕਹਿਤ ਹੈਂ ਭਾਵ ਕਵਿਨ ਕੇ ਤਾਤ."#(ਰਸਿਕਪ੍ਰਿਯਾ)#ਕਵੀਆਂ ਨੇ ਭਾਵ ਦੇ ਪੰਜ ਭੇਦ ਲਿਖੇ ਹਨ, ਯਥਾ-#"ਭਾਵ ਸੁ ਪਾਂਚ ਪ੍ਰਕਾਰ ਕੋ ਸੁਨ ਵਿਭਾਵ ਅਨੁਭਾਵ,#ਅਸਥਾਈ ਸਾਤ੍ਤਿਕ ਕਹੈਂ ਵ੍ਯਭਿਚਾਈ ਕਵਿਰਾਵ."#(ਰਸਿਕਪ੍ਰਿਯਾ)#ਇਨ੍ਹਾਂ ਪੰਜਾਂ ਦਾ ਨਿਰਣਾ ਇਉਂ ਹੈ-#(ੳ) ਵਿਭਾਵ ਉਸ ਨੂੰ ਆਖਦੇ ਹਨ, ਜਿਸ ਤੋਂ ਰਸ ਦੀ ਉਤਪੱਤੀ ਹੁੰਦੀ ਹੈ. ਅੱਗੇ ਉਸ ਦੇ ਦੋ ਭੇਦ ਹਨ, ਆਲੰਬਨ ਅਤੇ ਉੱਦੀਪਨ. ਜਿਸ ਨੂੰ ਆਸ਼੍ਰਯ ਕਰਕੇ ਰਸ ਰਹੇ, ਉਹ ਆਲੰਬਨ ਭਾਵ ਹੈ, ਜੇਹੇ ਕਿ- ਨਾਯਿਕਾ, ਸੁੰਦਰ ਘਰ, ਸੇਜਾ, ਗਾਯਨ, ਨ੍ਰਿਤ੍ਯ ਆਦਿਕ ਸਾਮਾਨ ਹਨ. ਉੱਦੀਪਨ ਵਿਭਾਵ ਉਹ ਹੈ ਜੋ ਰਸ ਨੂੰ ਜਾਦਾ ਚਮਕਾਵੇ, ਜੈਸੇ- ਦੇਖਣਾ, ਬੋਲਣਾ, ਸਪਰਸ਼ ਕਰਨਾ ਆਦਿਕ.#(ਅ) ਆਲੰਬਨ ਅਤੇ ਉੱਦੀਪਨ ਕਰਕੇ ਜੋ ਮਨ ਵਿੱਚ ਪੈਦਾ ਹੋਇਆ ਵਿਕਾਰ, ਉਸ ਦਾ ਸ਼ਰੀਰ ਪੁਰ ਪ੍ਰਗਟ ਹੋਣਾ, "ਅਨੁਭਾਵ" ਹੈ, ਜੈਸੇ ਇੱਕ ਆਦਮੀ ਨੇ ਚੁਭਵੀਂ ਗੱਲ ਆਖੀ, ਸੁਣਨ ਵਾਲੇ ਨੂੰ ਉਸ ਤੋਂ ਕ੍ਰੋਧ ਹੋਇਆ. ਕ੍ਰੋਧ ਤੋਂ ਨੇਤ੍ਰ ਲਾਲ ਹੋ ਗਏ ਅਤੇ ਹੋਠ ਫਰਕਣ ਲੱਗੇ. ਇਸ ਥਾਂ ਸਮਝੋ ਕਿ ਚੁਭਵੀਂ ਗੱਲ ਕਹਿਣ ਵਾਲਾ ਆਲੰਬਨ ਵਿਭਾਲ, ਚੁੱਭਵੀਂ ਬਾਤ ਉੱਦੀਪਨ ਵਿਭਾਵ, ਸੁਣਨ ਵਾਲੇ ਦੀਆਂ ਅੱਖਾਂ ਦਾ ਲਾਲ ਹੋਣਾ ਅਤੇ ਹੋਠ ਫਰਕਣੇ ਅਨੁਭਾਵ ਹੈ. ਜੋ ਚੁੱਭਵੀਂ ਗੱਲ ਕਹਿਣ ਵਾਲੇ ਨੇ ਪਹਿਲਾਂ ਭੀ ਸ਼੍ਰੋਤਾ ਦਾ ਕਦੇ ਅਪਮਾਨ ਕੀਤਾ ਹੈ, ਤਦ ਸੁਣਨ ਵਾਲੇ ਦੇ ਮਨ ਵਿੱਚ ਉਸ ਦਾ ਯਾਦ ਆਉਣਾ ਕ੍ਰੋਧ ਨੂੰ ਹੋਰ ਭੀ ਵਧਾਵੇਗਾ, ਇਸ ਲਈ ਸਿਮ੍ਰਿਤੀ, ਸੰਚਾਰੀਭਾਵ ਹੋ ਜਾਉ.#(ੲ) ਸਥਾਈ ਭਾਵ ਉਹ ਹੈ, ਜੋ ਰਸ ਵਿੱਚ ਸਦਾ ਇਸਥਿਤ ਰਹੇ, ਅਥਵਾ ਇਉਂ ਕਹੋ ਕਿ ਜਿਸ ਦੀ ਇਸਥਿਤੀ ਹੀ ਰਸ ਦੀ ਇਸਥਿਤੀ ਹੈ, ਨੌ ਰਸਾਂ ਦੇ ਨੌ ਹੀ ਸਥਾਈ ਭਾਵ ਹਨ, ਯਥਾ-#"ਰਤਿ ਹਾਸੀ ਅਰੁ ਸ਼ੋਕ ਪੁਨ ਕ੍ਰੋਧ ਉਛਾਹ ਸੁ ਜਾਨ,#ਭਯ ਨਿੰਦਾ ਵਿਸਮਯ ਵਿਰਤਿ ਥਾਈ ਭਾਵ ਪ੍ਰਮਾਨ."#(ਰਸਿਕਪ੍ਰਿਯਾ)#ਸ਼੍ਰਿੰਗਾਰ ਦਾ ਸਥਾਈ ਭਾਵ ਰਤਿ, ਹਾਸ੍ਯਰਸ ਦਾ ਹਾਸੀ. ਕਰੁਣਾਰਸ ਦਾ ਸ਼ੋਕ, ਰੌਦ੍ਰਰਸ ਦਾ ਕ੍ਰੋਧ, ਵੀਰਰਸ ਦਾ ਉਤਸਾਹ, ਭਯਾਨਕਰਸ ਦਾ ਭਯ, ਬੀਭਤਸਰਸ ਦਾ ਗਲਾਨਿ, ਅਦਭੁਤਰਸ ਦਾ ਵਿਸਮਯ (ਆਸ਼ਚਰਯ) ਅਤੇ ਸ਼ਾਂਤਰਸ ਦਾ ਸਥਾਈ ਭਾਵ ਵੈਰਾਗ੍ਯ (ਨਿਰਵੇਦ) ਹੈ.#(ਸ) ਵਿਭਾਵ ਅਨੁਭਾਵ ਦੇ ਅਸਰ ਤੋਂ ਉਤਪੰਨ ਹੋਈ ਕ੍ਰਿਯਾ ਦਾ ਨਾਮ ਸਾਤ੍ਤਿਕ ਭਾਵ ਹੈ, ਯਥਾ- ਰੋਮਾਂਚ, ਪਸੀਨਾ, ਕਾਂਬਾ, ਅੰਝੂ, ਸ੍ਵਰਭੰਗ ਆਦਿਕ.#(ਹ) ਜੋ ਭਾਵ ਅਨੇਕ ਰਸਾਂ ਵਿੱਚ ਵਰਤੇ ਅਤੇ ਇੱਕ ਰਸ ਵਿੱਚ ਹੀ ਇਸਥਿਤ ਨਾ ਰਹੇ, ਉਸ ਦਾ ਨਾਮ ਵ੍ਯਭਿਚਾਰੀ (ਅਥਵਾ ਸੰਚਾਰੀ) ਭਾਵ ਹੈ, ਯਥਾ- ਆਲਸ, ਚਿੰਤਾ, ਸ੍ਵਪਨ, ਮਸ੍ਤੀ, ਨੀਂਦ ਦਾ ਉੱਚਾਟ ਅਤੇ ਵਿਵਾਦ ਆਦਿਕ ਹਨ....
ਕ੍ਰਿ- ਨਿਵਾਸ ਕਰਨਾ. ਰਹਾਇਸ਼ ਕਰਨੀ. "ਏਕ ਦਿਵਸ ਰਹਿ ਗਮਨ ਕਰੀਜੈ." (ਗੁਪ੍ਰਸੂ) ੨. ਰੁਕਣਾ. ਠਹਿਰਨਾ. "ਹਉਮੈ ਮੇਰਾ ਰਹਿਗਇਆ." (ਸ੍ਰੀ ਮਃ ੩) ੩. ਥਕਣਾ. "ਰਹਿਓ ਸੰਤ ਹਉ ਟੋਲਿ." (ਸਵੈਯੇ ਮਃ ੩. ਕੇ)...
ਸੰ. ਸੰਗ੍ਯਾ- ਸ੍ਤੁਤਿ. ਉਸਤਤਿ "ਗਾਥਾ ਗਾਵੰਤਿ ਨਾਨਕ." (ਗਾਥਾ) ੨. ਕਥਾ. ਪ੍ਰਕਰਣ ਕਹਾਣੀ. "ਰਾਰ ਕਰਤ ਝੂਠੀ ਲਗਿ ਗਾਥਾ." (ਆਸਾ ਮਃ ੫) ੩. ਉਹ ਇਤਿਹਾਸਿਕ (ਐਤਿਹਾਸਿਕ) ਰਚਨਾ, ਜਿਸ ਵਿੱਚ ਕਿਸੇ ਦੀ ਵੰਸ਼ ਅਤੇ ਦਾਨ ਆਦਿਕ ਦਾ ਵਰਣਨ ਹੋਵੇ. "ਜਾਤਿ ਪਾਤਿ ਨ ਗੋਤ੍ਰ ਗਾਥਾ." (ਅਕਾਲ) ੪. ਇੱਕ ਛੰਦ, ਜਿਸ ਦਾ ਨਾਉਂ ਆਰਯਾ ਅਤੇ ਗਾਹਾ ਭੀ ਹੈ. ਦੇਖੋ, ਗਾਹਾ। ੫. ਇੱਕ ਪ੍ਰਾਚੀਨ ਭਾਸਾ, ਜਿਸ ਵਿੱਚ ਸੰਸਕ੍ਰਿਤ, ਪਾਲ ਅਤੇ ਹੋਰ ਬੋਲੀਆਂ ਦੇ ਸ਼ਬਦ ਮਿਲੇ ਦੇਖੀਦੇ ਹਨ. 'ਲਲਿਤ- ਵਿਸ੍ਤਰ' ਆਦਿਕ ਬੌੱਧ ਧਰਮ ਦੇ ਗ੍ਰੰਥ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ "ਸਹਸਕ੍ਰਿਤੀ ਸਲੋਕ" ਅਤੇ "ਗਾਥਾ" ਇਸੇ ਭਾਸਾ ਵਿੱਚ ਹਨ. ਕਈ ਅਗ੍ਯਾਨੀ ਸਹਸਕ੍ਰਿਤੀ ਅਤੇ ਗਾਥਾ ਦਾ ਅਰਥ ਸਮਝੇ ਬਿਨਾ ਹੀ ਆਪਣੀ ਅਲਪ ਵਿਦ੍ਯਾ ਦੇ ਕਾਰਣ ਸਹਸਕ੍ਰਿਤੀ ਸਲੋਕਾਂ ਨੂੰ ਸੰਸਕ੍ਰਿਤ ਦੇ ਵ੍ਯਾਕਰਣ ਵਿਰੁੱਧ ਆਖਿਆ ਕਰਦੇ ਹਨ....
ਕ੍ਰਿ. ਵਿ- ਤਤਕਾਲ ਦਾ ਸੰਖੇਪ. ਫ਼ੌਰਨ. ਤੁਰੰਤ. "ਬਿਖ ਖਾਤ ਮਰ ਜਾਤ ਤਾਤ." (ਭਾਗੁ ਕ) ੨. ਵਿ- ਤਪ੍ਤ. ਤਪਿਆ ਹੋਇਆ. "ਮਨੋ ਤਾਤ ਤਵਾ ਪਰ ਬੂੰਦ ਪਰੀ." (ਰਾਮਾਵ) ਤੱਤੇ ਤਵੇ ਤੇ ਬੂੰਦ ਪਈ। ੩. ਸੰਗ੍ਯਾ- ਰੁਚਿ. ਪ੍ਰੀਤਿ. "ਮੋਹਿ ਨਾਹਿ ਇਨ ਸਿਉ ਤਾਤ." (ਕਾਨ ਮਃ ੫) ੪. ਸੰ. ਜੋ ਵੰਸ਼ ਦਾ ਵਿਸ੍ਤਾਰ ਕਰੇ, ਪਿਤਾ. "ਤਾਤ ਮਾਤ ਨ ਜਾਤ ਜਾ ਕਰ." (ਜਾਪੁ) ੫. ਪੁਤ੍ਰ. "ਤਾਂ ਕਹੁ ਤਾਤ ਅਨਾਥ ਜ੍ਯੋਂ ਆਜ." (ਰਾਮਾਵ) ੬. ਵਡਾ ਭਾਈ। ੭. ਤਾਇਆ. ਪਿਤਾ ਦਾ ਵਡਾ ਭਾਈ। ੮. ਬ੍ਰਹਮਾ। ੯. ਵਿ- ਪ੍ਯਾਰਾ. ਪ੍ਰਿਯ. "ਮਿਤ ਹੋ ਸੋਊ ਤਾਤ." (ਕ੍ਰਿਸ਼ਨਾਵ) ਉਹ ਪ੍ਯਾਰਾ ਮਿਤ੍ਰ ਹੋਵੇ। ੧੦. ਦੇਖੋ, ਤ਼ਾਅ਼ਤ। ੧੧. ਦੇਖੋ, ਤਾਤਿ। ੧੨. ਦੇਖੋ, ਤਾਤੁ। ੧੩. ਸਿੰਧੀ. ਚਰਚਾ। ੧੪. ਨਿੰਦਾ। ੧੫. ਖ਼ਬਰਦਾਰੀ। ੧੬. ਤਾਬੇਦਾਰੀ....
ਵਿ- ਓਪਰੀ. ਦੂਸਰੇ ਦੀ. "ਪਰਾਈ ਅਮਾਣ ਕਿਉ ਰਖੀਐ?" (ਵਾਰ ਸਾਰ ਮਃ ੩) ੨. ਪਲਾਈ. ਦੇਖੋ, ਪਲਾਯਨ. "ਬਡੇ ਗੁਨ ਲੋਭ ਤੇ ਜਾਤ ਪਰਾਈ." (ਚੰਡੀ ੧)਼...
ਸੰਗ੍ਯਾ- ਕਰ੍ਣ. ਕੰਨ. "ਮੰਤੁ ਦੀਓ ਹਰਿ ਕਾਨ." (ਪ੍ਰਭਾ ਮਃ ੪) ੨. ਕਾਨਾ. ਸਰਕੁੜੇ ਦਾ ਕਾਂਡ. "ਦੀਸਹਿ ਦਾਧੇ ਕਾਨ ਜਿਉ." (ਸ. ਕਬੀਰ) ਜਲੇ ਹੋਏ ਕਾਨੇ ਤੁੱਲ ਦੀਸਹਿਂ। ੩. ਜੁਲਾਹੇ ਦੀ ਤਾਣੀ ਦੇ ਕਾਨੇ. "ਦੁਆਰ ਊਪਰਿ ਝਿਲਕਾਵਹਿ ਕਾਨ." (ਗੌਂਡ ਕਬੀਰ) ੪. ਕਾਨ੍ਹ. ਕ੍ਰਿਸਨ. "ਗਾਵਹਿ ਗੋਪੀਆ ਗਾਵਹਿ ਕਾਨ." (ਵਾਰ ਆਸਾ) ੫. ਦੇਖੋ, ਕਾਣ, ਕਾਣਿ ਅਤੇ ਕਾਨਿ। ੬. ਤੀਰ. ਬਾਣ. "ਪ੍ਰੇਮ ਕੇ ਕਾਨ ਲਗੇ ਤਨ ਭੀਤਰਿ." (ਮਾਰੂ ਮਃ ੧) ੭. ਫ਼ਾ. [کان] ਖਾਣਿ. ਆਕਰ। ੮. ਤੁ [قان] ਕ਼ਾਨ. ਲਹੂ. ਰੁਧਿਰ....