parasurāmaपरसुराम
ਦੇਖੋ, ਪਰਸਰਾਮ.
देखो, परसराम.
ਇੱਕ ਵੈਦ੍ਯ, ਜੋ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋਕੇ ਦੀਨਾਂ ਦਾ ਇ਼ਲਾਜ ਕਰਦਾ ਅਤੇ ਧਰਮ ਪ੍ਰਚਾਰਕ ਸੀ। ੨. ਛੀਵੇਂ ਸਤਿਗੁਰੂ ਦੀ ਸੈਨਾ ਦਾ ਇੱਕ ਮਹਾਨ ਯੋਧਾ। ੩. ਇੱਕ ਵੈਰਾਗੀ ਸਾਧੂ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੇਵਕ ਹੋਇਆ, ਇਸ ਨੂੰ ਕਲਗੀਧਰ ਨੇ ਯੋਗਤਤ੍ਵ ਦਾ ਉਪਦੇਸ਼ ਦਿੱਤਾ।#੪. ਪਰਸ਼ੁਰਾਮ. ਕੁਹਾੜਾਧਾਰੀ ਰਾਮ. ਪੁਰਾਣਾਂ ਵਿੱਚ ਇਸ ਨੂੰ ਵਿਸਨੁ ਦਾ ਅਵਤਾਰ¹ ਮੰਨਿਆ ਹੈ. ਇਹ ਜਮਦਗਨਿ ਬ੍ਰਾਹਮਣ ਅਤੇ ਰੇਣੁਕਾ ਦਾ ਪੰਜਵਾਂ ਪੁਤ੍ਰ ਸੀ, ਅਤੇ ਮਾਤਾ ਦੇ ਕੁਸ਼ਿਕ ਵੰਸ਼ ਕਰਕੇ ਕੌਸ਼ਿਕ ਸੀ. ਤ੍ਰੇਤਾ ਯੁਗ ਦੇ ਆਰੰਭ ਵਿੱਚ ਇਸ ਨੇ ਛਤ੍ਰੀਆਂ ਦਾ ਨਾਸ਼ ਕੀਤਾ. ਇਸ ਦੀ ਕਥਾ ਮਹਾਭਾਰਤ ਅਤੇ ਪੁਰਾਣਾਂ ਤਥਾ ਰਾਮਾਯਣ ਵਿੱਚ ਵਿਸਤਾਰ ਨਾਲ ਹੈ.#ਮਹਾਭਾਰਤ ਵਿੱਚ ਲਿਖਿਆ ਹੈ ਕਿ ਇਸ ਨੇ ਕਰਣ ਨੂੰ ਅਸਤ੍ਰਵਿਦ੍ਯਾ ਸਿਖਾਈ ਅਤੇ ਭੀਸਮ ਨਾਲ ਇਸ ਦਾ ਯੁੱਧ ਹੋਇਆ. ਜਦੋਂ ਕੁਰੁਵੰਸ਼ੀਆਂ ਦੀ, ਸੰਗ੍ਰਾਮ ਪਿੱਛੋਂ ਪੰਚਾਇਤ ਬੈਠੀ, ਤਾਂ ਇਹ ਭੀ ਉਸ ਵਿੱਚ ਸੀ. ਪਰਸ਼ੁਰਾਮ ਰਾਮਚੰਦ੍ਰ ਜੀ ਤੋਂ ਪਹਿਲਾਂ ਜਨਮਿਆ ਹੈ, ਪਰ ਦੋਵੇਂ ਇਕ ਸਮੇਂ ਵਿੱਚ ਮੌਜੂਦ ਸਨ. ਮਹਾਭਾਰਤ ਵਿੱਚ ਲਿਖਿਆ ਹੈ ਕਿ ਰਾਮਚੰਦ੍ਰ ਜੀ ਨੇ ਪਰਸ਼ੁਰਾਮ ਨੂੰ ਮਾਰਕੇ ਬੇਹੋਸ਼ ਕਰ ਦਿੱਤਾ ਸੀ, ਪਰ ਰਾਮਾਯਣ ਵਿੱਚ ਦੱਸਿਆ ਹੈ ਕਿ ਪਰਸ਼ੁਰਾਮ ਸ਼ਿਵ ਦਾ ਉਪਾਸਕ ਸੀ ਅਤੇ ਜਦ ਰਾਮਚੰਦ੍ਰ ਜੀ ਨੇ ਮਿਥਿਲਾ ਵਿੱਚ ਸੀਤਾ ਵਰਣ ਸਮੇਂ ਸ਼ਿਵ ਦਾ ਧਨੁਖ ਤੋੜ ਦਿੱਤਾ, ਤਦ ਪਰਸ਼ੁਰਾਮ ਨੂੰ ਗੁੱਸਾ ਆਇਆ ਅਤੇ ਰਾਮ ਨੂੰ ਆਪਣਾ ਵੈਸਨਵ ਧਨੁਖ ਦੇਕੇ ਚਿੱਲਾ ਚੜ੍ਹਾਉਣ ਲਈ ਆਖਿਆ. ਸ੍ਰੀ ਰਾਮ ਨੇ ਨਿਰਯਤਨ ਹੀ ਕਮਾਨ ਚੜ੍ਹਾ ਦਿੱਤੀ, ਜਿਸ ਪੁਰ ਪਰਸ਼ੁਰਾਮ ਨੇ ਹਾਰ ਮੰਨੀ, ਪਰ ਰਾਮਚੰਦ੍ਰ ਜੀ ਨੇ ਜੋ ਚਿੱਲੇ ਵਿੱਚ ਤੀਰ ਜੋੜਲਿਆ ਸੀ, ਉਸ ਨੂੰ ਨਿਸਫਲ ਕਰਨਾ ਨਾ ਚਾਹਿਆ, ਇਸ ਲਈ ਪਰਸ਼ੁਰਾਮ ਦੀ ਆਕਾਸ਼ਗਤੀ ਉਸ ਤੀਰ ਨਾਲ ਨਾਸ਼ ਕਰ ਦਿੱਤੀ, ਯਥਾ- "ਨਭ ਕੀ ਗਤਿ ਤਾਂਹਿ ਹਤੀ ਸਰ ਸੋਂ." (ਰਾਮਾਵ) ਇਹ ਪ੍ਰਸੰਗ ਇਉਂ ਹੈ ਕਿ ਜਦ ਪ੍ਰਿਥਿਵੀ ਛਤ੍ਰੀਆਂ ਤੋਂ ਜਿੱਤਕੇ ਪਰਸ਼ੁਰਾਮ ਨੇ ਬ੍ਰਾਹਮਣਾਂ ਨੂੰ ਦੇ ਦਿੱਤੀ, ਤਾਂ ਉਸ ਦਿਨ ਤੋਂ ਦਾਨ ਕੀਤੀ ਹੋਈ ਪ੍ਰਿਥਿਵੀ ਪੁਰ ਰਾਤ ਦਾ ਵਸਣਾ ਪਰਸ਼ੁਰਾਮ ਨੇ ਛੱਡ ਦਿੱਤਾ ਸੀ. ਹਰੇਕ ਰਾਤ੍ਰੀ ਆਕਾਸ਼ ਵਿੱਚ ਨਿਵਾਸ ਕਰਦਾ ਸੀ.#ਪਰਸ਼ੁਰਾਮ ਨੇ ਛੋਟੀ ਅਵਸਥਾ ਵਿੱਚ ਹੀ ਜਾਕੇ ਸ਼ਿਵ ਦੀ ਸ਼ਾਗਿਰਦੀ ਕੀਤੀ. ਸ਼ਿਵ ਨੇ ਇਸ ਨੂੰ ਸ਼ਸਤ੍ਰ ਅਸਤ੍ਰ ਵਿਦ੍ਯਾ ਪੂਰਣ ਰੀਤੀ ਨਾਲ ਸਿਖਾਈ ਅਤੇ ਇੱਕ ਦਿਵ੍ਯ ਪਰਸ਼ੁ (ਕੁਹਾੜਾ) ਦਿੱਤਾ. ਜਿਸ ਤੋਂ ਇਸ ਦਾ ਨਾਮ ਪਰਸ਼ੁਰਾਮ ਹੋ ਗਿਆ. ਮਹਾਭਾਰਤ ਵਿੱਚ ਲਿਖਿਆ ਹੈ ਕਿ ਇਸ ਨੇ ਆਪਣੇ ਪਿਤਾ ਦੀ ਆਗ੍ਯਾ ਅਨੁਸਾਰ ਆਪਣੀ ਮਾਤਾ ਰੇਣੁਕਾ ਦਾ ਸਿਰ ਵੱਢ ਦਿੱਤਾ ਸੀ. ਪਰਸ਼ੁਰਾਮ ਦਾ ਛਤ੍ਰੀਆਂ ਨਾਲ ਬਹੁਤ ਯੁੱਧ ਹੋਇਆ ਅਤੇ ਇੱਕੀ ਵੇਰ ਇਸ ਨੇ ਪ੍ਰਿਥਿਵੀ ਤੋਂ ਸਾਰੇ ਛਤ੍ਰੀ ਮਾਰ ਮੁਕਾਏ ਅਤੇ ਪ੍ਰਿਥਿਵੀ ਬ੍ਰਾਹਮਣਾਂ ਨੂੰ ਦੇ ਦਿੱਤੀ. ਪਰਸ਼ੁਰਾਮ ਨੇ ਛਤ੍ਰੀਆਂ ਨੂੰ ਮਾਰਕੇ ਉਨ੍ਹਾਂ ਦੇ ਲਹੂ ਦੇ ਸਮੰਤ- ਪੰਚਕ ਨਾਮਕ ਪੰਜ ਵਡੇ ਤਾਲ ਭਰੇ. ਕਹਿੰਦੇ ਹਨ ਕਿ ਮਾਲਾਬਾਰ ਦੇਸ਼ ਪਰਸ਼ੁਰਾਮ ਨੇ ਹੀ ਵਸਾਇਆ ਹੈ. ਕਈ ਕਹਿੰਦੇ ਹਨ ਕਿ ਇਹ ਦੇਸ਼ ਵਰੁਣ ਨੇ ਇਸ ਨੂੰ ਦਿੱਤਾ ਸੀ. ਕਈ ਲਿਖਦੇ ਹਨ ਕਿ ਇਸ ਨੇ ਸਮੁੰਦਰ ਨੂੰ ਪਿੱਛੇ ਹਟਾਕੇ ਉਸ ਦੇ ਕਿਨਾਰੇ ਕਈ ਬਸਤੀਆਂ ਬਣਾਈਆਂ ਸਨ. ਛਤ੍ਰੀਆਂ ਨਾਲ ਪਰਸ਼ੁਰਾਮ ਦਾ ਵੈਰ ਹੋਣ ਦਾ ਕਾਰਣ ਇਹ ਸੀ ਕਿ ਹੈਹਯਵੰਸ਼ ਦੇ ਰਾਜਾ ਅਰਜੁਨ (ਕਾਰ੍ਤਵੀਰ੍ਯ ਸਹਸ੍ਰਬਾਹੁ) ਨੇ ਪਰਸ਼ੁਰਾਮ ਦੇ ਪਿਤਾ ਜਮਦਗਨਿ ਨੂੰ ਮਾਰ ਦਿੱਤਾ ਸੀ. "ਪਰਸ਼ੁਰਾਮ ਰੋਵੈ ਘਰਿ ਆਇਆ." (ਵਾਰ ਰਾਮ ੧. ਮਃ ੧) ਦੇਖੋ, ਸਹਸ੍ਰਬਾਹੁ, ਜਮਦਗਨਿ ਅਤੇ ਰੇਣੁਕਾ....