nanakānā, nanakānāननकाणा, ननकाना
ਦੇਖੋ, ਨਾਨਕਿਆਨਾ.
देखो, नानकिआना.
ਨਾਨਕ- ਅਯਨ. ਸ਼੍ਰੀ ਗੁਰੂ ਨਾਨਕ ਦੇਵ ਦਾ ਅਯਨ (ਘਰ). ਲਹੌਰੌਂ ੪੮ ਮੀਲ ਪੱਛਮ ਜਿਲਾ ਸ਼ੇਖੂਪੁਰਾ ਵਿੱਚ ਗੁਰੂ ਨਾਨਕ ਸ੍ਵਾਮੀ ਦੇ ਜਨਮ ਦਾ ਨਗਰ, ਜਿਸ ਦਾ ਪਹਿਲਾ ਨਾਉਂ ਰਾਇਪੁਰ ਫੇਰ ਤਲਵੰਡੀ ਰਾਇਭੋਇ ਦੀ ਹੋਇਆ. ਹੁਣ ਨਾਨਕਿਆਨਾ ਨਾਰਥ ਵੈਸਟ੍ਰਨ ਰੇਲਵੇ ਦਾ ਸਟੇਸ਼ਨ ਹੈ. ਇਸ ਪਵਿਤ੍ਰ ਨਗਰ ਵਿੱਚ ਸੰਮਤ ੧੫੨੬ ਵਿੱਚ ਸ਼੍ਰੀ ਗੁਰੂ ਨਾਨਕਦੇਵ ਨੇ ਅਵਤਾਰ ਧਾਰਿਆ ਹੈ. ਇਸ ਥਾਂ ਹੁਣ ਗੁਰਦ੍ਵਾਰਾ "ਜਨਮ ਅਸਥਾਨ" ਆ਼ਲੀਸ਼ਾਨ ਬਣਿਆ ਹੋਇਆ ਹੈ, ਪਾਸ ਰਹਿਣ ਲਈ ਸੁੰਦਰ ਮਕਾਨ ਹਨ. ਗੁਰਧਾਮ ਨਾਲ ਅਠਾਰਾਂ ਹਜ਼ਾਰ ਏਕੜ ਜਮੀਨ ਅਤੇ ਨੌ ਹਜ਼ਾਰ ਅੱਠ ਸੋ ਬਾਨਵੇ ਰੁਪਯੇ ਦੀ ਜਾਗੀਰ ਹੈ. ਕ਼ਰੀਬ ਵੀਹ ਹਜ਼ਾਰ ਸਾਲਾਨਾ ਪੂਜਾ ਦੀ ਆਮਦਨ ਹੈ. ਪਹਿਲਾਂ ਪੁਜਾਰੀ ਉਦਾਸੀ ਸੀ, ਸਨ ੧੯੨੧ ਤੋਂ ਸਿੰਘ ਸੇਵਾ ਕਰਦੇ ਹਨ. ਮੇਲਾ ਕੱਤਕ ਪੂਰਨਮਾਸੀ ਅਤੇ ਨਿਮਾਣੀ ਨੂੰ ਹੁੰਦਾ ਹੈ.#ਜਨਮਅਸਥਾਨ ਤੋਂ ਛੁੱਟ ਇਸ ਥਾਂ ਇਤਨੇ ਹੋਰ ਗੁਰਦ੍ਵਾਰੇ ਹਨ:-#(ੳ) ਕਿਆਰਾ ਸਾਹਿਬ. ਨਗਰ ਤੋਂ ਪੂਰਵ ਵੱਲ ਸਮੀਪ ਹੀ ਗੁਰੂ ਸਾਹਿਬ ਦਾ ਉਹ ਅਸਥਾਨ, ਜਿੱਥੇ ਗੁਰੂ ਜੀ ਨੇ ਪਸ਼ੂਆਂ ਦੀ ਖਾਧੀ ਪੈਲੀ ਹਰੀ ਕੀਤੀ. ਇਸ ਗੁਰਦ੍ਵਾਰੇ ਨਾਲ ੪੫ ਮੁਰੱਬੇ ਜ਼ਮੀਨ ਹੈ.#(ਅ) ਤੰਬੂ ਸਾਹਿਬ. ਕਸਬੇ ਤੋਂ ਉੱਤਰ ਵੱਲ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਉਹ ਗੁਰਦ੍ਵਾਰਾ ਹੈ, ਜਿੱਥੇ ਚੂਹੜਕਾਣੇ ਤੋਂ ਸੱਚਾਸੋਦਾ ਕਰਕੇ ਭਾਈ ਬਾਲਾ ਜੀ ਸਮੇਤ ਇੱਕ ਵਣ ਦੇ ਬਿਰਛ ਹੇਠ ਆਕੇ ਵਿਰਾਜੇ. ਗੁਰਦ੍ਵਾਰਾ ਗੁੰਬਜਦਾਰ ਸੁੰਦਰ ਬਣ ਰਿਹਾ ਹੈ ਇਸ ਦੀ ਸੇਵਾ ਇਕ ਪ੍ਰੇਮੀ ਸਰਦਾਰ ਵੱਲੋਂ ਹੋ ਰਹੀ ਹੈ.#(ੲ) ਪੱਟੀਸਾਹਿਬ, ਕਸਬੇ ਦੇ ਵਿੱਚ ਹੀ ਗੁਰਦ੍ਵਾਰਾ ਬਾਲਲੀਲ੍ਹਾ ਪਾਸ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਨੇ ਇੱਥੇ ਪਾਧੇ ਪਾਸ ਪੜ੍ਹਨ ਬੈਠਿਆਂ ਉਸ ਨੂੰ ਉਪਦੇਸ਼ ਦੇਕੇ ਆਪਣਾ ਸਿੱਖ ਬਣਾਇਆ ਸੀ. ਆਸਾ ਪੱਟੀ ਬਾਣੀ ਇੱਥੇ ਹੀ ਉਚਰੀ ਹੈ. ਪੁਜਾਰੀ ਸਿੰਘ ਹਨ.#(ਸ) ਬਾਲਲੀਲ੍ਹਾ. ਨਾਨਕਿਆਨਾ ਸਾਹਿਬ ਦੀ ਆਬਾਦੀ ਵਿੱਚ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਗੁਰਦ੍ਵਾਰਾ ਹੈ, ਜਿੱਥੇ ਛੋਟੀ ਉਮਰ ਵਿੱਚ ਖੇਡਦੇ ਸਨ. ਗੁਰਦ੍ਵਾਰੇ ਤੋਂ ਪੂਰਵ ਵੱਲ ਇੱਕ ਤਲਾਬ ਹੈ, ਜੋ ਗੁਰੂ ਸਾਹਿਬ ਦੇ ਨਾਮ ਪੁਰ ਰਾਇਬੁਲਾਰ ਨੇ ਖੁਦਵਾਇਆ ਸੀ, ਗੁਰਦ੍ਵਾਰਾ ਸੁੰਦਰ ਬਣਿਆ ਹੋਇਆ ਹੈ. ਪੁਜਾਰੀ ਸਿੰਘ ਹਨ. ਇਸ ਗੁਰਦ੍ਵਾਰੇ ਨਾਲ ੧੨੦ ਮੁਰੱਬੇ ਜ਼ਮੀਨ ਅਤੇ ੩੧ ਰੁਪਏ ਸਾਲਾਨਾ ਜਾਗੀਰ ਹੈ.#(ਹ) ਮਾਲ ਜੀ ਸਾਹਿਬ. ਨਾਨਕਿਆਨਾ ਸਾਹਿਬ ਦੇ ਵਿੱਚ ਹੀ ਸ਼੍ਰੀ ਗੁਰੂ ਜੀ ਦਾ ਉਹ ਅਸਥਾਨ, ਜਿੱਥੇ ਗਾਈਆਂ ਅਤੇ ਮੱਝੀਆਂ ਚਾਰਦੇ ਹੁੰਦੇ ਸਨ, ਅਰ ਮਾਲ ਬਿਰਛ ਦੀ ਛਾਇਆ ਸੂਰਜ ਦੇ ਢਲਣ ਤੋਂ ਭੀ ਗੁਰੂ ਸਾਹਿਬ ਦੇ ਮੁਖੋਂ ਨਹੀਂ ਟਲੀ ਸੀ. ਇਸੇ ਤਰਾਂ ਇੱਕ ਵਾਰ ਧੁੱਪ ਤੋਂ ਬਚਾਉਣ ਲਈ ਇੱਥੇ ਹੀ ਸਰਪ ਨੇ ਫਣ ਦੀ ਛਾਇਆ ਕੀਤੀ ਸੀ. ਇਹ ਗੁਰਦ੍ਵਾਰਾ ਪੈਲੀਆਂ ਵਿੱਚ ਬਣਾਇਆ ਗਿਆ ਹੈ. ੧੮੦ ਮੁਰੱਬੇ ਜ਼ਮੀਨ ਅਤੇ ੫੦ ਰੁਪਏ ਨਕ਼ਦ ਸਾਲਾਨਾ ਜਾਗੀਰ ਹੈ. ਗੁਰਦ੍ਵਾਰਾ ਸੁੰਦਰ ਬਣਿਆ ਹੋਇਆ ਹੈ. ਉਹ ਵਣ (ਮਾਲ) ਦਾ ਬਿਰਛ, ਜਿਸ ਤਲੇ ਗੁਰੂ ਜੀ ਵਿਰਾਜੇ ਸਨ, ਮੌਜੂਦ ਹੈ.#(ਕ) ਗੁਰੂ ਅਰਜਨ ਸਾਹਿਬ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਅਸਥਾਨ. ਪੰਜਵੇਂ ਸਤਿਗੁਰੂ ਗੁਰੂਧਾਮਾਂ ਦੀ ਯਾਤ੍ਰਾ ਕਰਨ ਆਏ ਅਤੇ ਕਸ਼ਮੀਰ ਤੋਂ ਹਟਦੇ ਹੋਏ, ਗੁਰੂ ਹਰਿਗੋਬਿੰਦ ਸਾਹਿਬ ਨਾਨਕਿਆਨੇ ਸਾਹਿਬ ਦੇ ਦਰਸ਼ਨ ਲਈ ਜੇਠ ਸੁਦੀ ੧੧. ਨੂੰ ਇੱਥੇ ਪਧਾਰੇ ਹਨ. ਗੁਰੁਸਿੱਖਾਂ ਨੇ ਸਦਾ ਲਈ ਇਹ ਮੇਲਾ ਕ਼ਾਇਮ ਕਰਲਿਆ. ਇਸ ਅਸਥਾਨ ਨੂੰ ਤੇਰਾਂ ਘੁਮਾਉਂ ਜ਼ਮੀਨ ਮੁਆ਼ਫ਼ ਹੈ. ਜਿਸ ਵਣ ਦੇ ਬਿਰਛ ਹੇਠ ਗੁਰੂ ਸਾਹਿਬਾਨ ਵਿਰਾਜੇ ਹਨ, ਉਹ ਮੌਜੂਦ ਹੈ. ਪੁਜਾਰੀ ਸਿੰਘ ਸੇਵਾਦਾਰ ਹਨ.#੨. ਸੰਗਰੂਰ ਨਗਰ ਪਾਸ ਗੁਰੂ ਨਾਨਕਦੇਵ ਜੀ ਦਾ ਗੁਰਦ੍ਵਾਰਾ, ਜੋ ਪਿੰਡ ਮੁਁਗਲਵਾਲ ਤੋਂ ਇੱਕ ਮੀਲ ਪੱਛਮ ਉੱਤਰ ਹੈ. ਗੁਰੂ ਨਾਨਕਦੇਵ ਇੱਥੇ ੧੫. ਦਿਨ ਵਿਰਾਜੇ ਹਨ. ਗੁਰੂ ਹਰਿਗੋਬਿੰਦ ਸਾਹਿਬ ਨੇ ਭੀ ਇਸ ਥਾਂ ਚਰਣ ਪਾਏ ਹਨ. ਰਾਜਾ ਰਘੁਬੀਰਸਿੰਘ ਜੀਂਦਪਤਿ ਨੇ ਸੁੰਦਰ ਦਰਬਾਰ ਬਣਵਾਇਆ ਹੈ. ਪਾਸ ਹੀ ਸੁੰਦਰ ਤਾਲ ਹੈ. ਰਿਆਸਤ ਜੀਂਦ ਵੱਲੋਂ ਇੱਕ ਪਿੰਡ ਗੁਰਦ੍ਵਾਰੇ ਦੇ ਨਾਮ ਹੈ. ਸੋਲਾਂ ਰੁਪਯੇ ਨਕ਼ਦ ਰਿਆਸਤ ਜੀਂਦ ਵੱਲੋਂ ਅਤੇ ਸਾਢੇ ਬਾਰਾਂ ਰੁਪਯੇ ਰਿਆਸਤ ਨਾਭੇ ਤੋਂ ਹਨ. ਸਿੰਘ ਪੁਜਾਰੀ ਸੇਵਾਦਾਰ ਹੈ. ਰੇਲਵੇ ਸਟੇਸ਼ਨ ਸੰਗਰੂਰ ਤੋਂ ਦੋ ਮੀਲ ਉੱਤਰ ਪੂਰਵ ਨਾਭੇ ਵਾਲੀ ਪੁਰਾਨੀ ਸੜਕ ਪੁਰ ਇਹ ਅਸਥਾਨ ਹੈ.#੩. ਜਿਲਾ ਮਾਂਟਗੁਮਰੀ ਦੇ ਸ਼ਹਿਰ ਦੀਪਾਲਪੁਰ ਤੋਂ ਦੱਖਣ ਪੂਰਵ ਬਾਹਰ ਵਾਰ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਨੇ ਆਕੇ ਇੱਕ ਸੁੱਕੇ ਪਿੱਪਲ ਹੇਠਾਂ ਡੇਰਾ ਕੀਤਾ, ਜੋ ਹਰਾ ਹੋ ਗਿਆ ਅਤੇ ਇੱਥੇ ਪਾਸ ਹੀ ਨੂਰੀ (ਨੌਰੰਗਾ) ਨਾਮੇ ਕੌੜ੍ਹੀ ਨੂੰ, ਜਿਸ ਦੇ ਸ਼ਰੀਰ ਵਿੱਚੋਂ ਲਹੂ ਤੇ ਪਾਕ ਨਿਕਲਦੀ ਸੀ, ਅਰੋਗ ਕੀਤਾ. ਦਰਬਾਰ ਛੋਟਾ ਜਿਹਾ ਬਣਿਆ ਹੋਇਆ ਹੈ. ਪਾਸ ਗੁਰੂ ਜੀਦੇ ਸਮੇਂ ਦਾ ਪਿੱਪਲ ਮੌਜੂਦ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਪ੍ਰਕਾਸ਼ ਇੱਕ ਜੁਦੇ ਕਮਰੇ ਵਿੱਚ ਹੁੰਦਾ ਹੈ. ਨੂਰੀ ਕੁਸ੍ਠੀ ਦੀ ਕ਼ਬਰ ਭੀ ਪਾਸ ਹੈ. ਇਸ ਗੁਰਦ੍ਵਾਰੇ ਨਾਲ ੨੫ ਘੁਮਾਉਂ ਜ਼ਮੀਨ ਪਿੰਡ "ਮਨਚਾਰੀਆਂ" ਵਿੱਚ ਕੰਬੋ ਸਿੰਘਾਂ ਵੱਲੋਂ ਅਤੇ ਇੱਕ ਘੁਮਾਉਂ ਇੱਥੇ ਹੈ. ਪੁਜਾਰੀ ਬੇਦੀ ਹੀਰਾਸਿੰਘ ਹੈ. ਕੱਤਕ ਪੂਰਨਮਾਸੀ ਨੂੰ ਮੇਲਾ ਹੁੰਦਾ ਹੈ.#ਇਸ ਸ਼ਹਿਰ ਵਿੱਚ ਭਾਈ ਨੱਥੂਰਾਮ ਦੀ ਸੰਤਾਨ ਵਿੱਚੋਂ ਭਾਈ ਹਜੂਰਾਸਿੰਘ ਸਹਜਧਾਰੀ ਸਿੱਘ ਦੇ ਘਰ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦੀ ਬਖ਼ਸ਼ੀ ਹੋਈ ਮੰਜੀ ਹੈ. ਜੋ ਪੌਣੇ ਛੀ ਫੁਟ ਲੰਮੀ, ਤਿੰਨ ਫੁਟ ਚੌੜੀ ਅਤੇ ਸਵਾ ਫੁੱਟ ਉੱਚੀ ਹੈ. ਚਿੱਟੇ ਅਤੇ ਲਾਲ ਸੂਤ ਨਾਲ ਬੁਣੀ ਹੋਈ ਹੈ. ਕਾਲੀ ਲੱਕੜ ਦੀਆਂ ਬਾਹੀਆਂ ਅਤੇ ਰੰਗੀਲ ਪਾਵੇ ਹਨ. ਇੱਕ ਵੇਲਦਾਰ ਚਿਤ੍ਰੀ ਹੋਈ ਲੱਕੜ ਦੀ ਅਲਮਾਰੀ ਹੈ, ਜੋ ਬਹੁਤ ਪੁਰਾਣੀ ਹੈ. ਕਹਿ"ਦੇ ਹਨ ਕਿ ਇਹ ਅਲਮਾਰੀ ਦਸ਼ਮ ਪਾਤਸ਼ਾਹ ਜੀ ਨੇ ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਸਮੇਤ ਭਾਈ ਨੱਥੂ ਨੂੰ ਬਖ਼ਸ਼ੀ ਸੀ. ਸੋ ਅਲਮਾਰੀ ਤਾਂ ਇੱਥੇ ਹੈ, ਪਰ ਗੁਰੂ ਗ੍ਰੰਥਸਾਹਿਬ ਜੀ ਨਹੀਂ ਹਨ. ਇਹ ਅਸਥਾਨ ਰੇਲਵੇ ਸਟੇਸ਼ਨ ਉਕਾੜਾ ਤੋਂ ੧੬. ਮੀਲ ਦੱਖਣ ਪੂਰਵ ਪੱਕੀ ਸੜਕ ਪੁਰ ਹੈ....