gandamālāगंडमाला
ਦੇਖੋ, ਹੰਜੀਰਾਂ.
देखो, हंजीरां.
[خنازیر] ਖ਼ਨਾਜ਼ੀਰ. ਸੰ. गण्डमाला ਗੰਡਮਾਲਾ. Scrofula. ਇਸ ਰੋਗ ਦੇ ਕਾਰਣ ਹਨ-#ਹਾਜਮੇ ਦਾ ਵਿਗਾੜ, ਲਹੂ ਦੀ ਖਰਾਬੀ, ਸ਼ਰਾਬੀ ਅਥਵਾ ਆਤਸ਼ਕ ਰੋਗ ਨਾਲ ਗ੍ਰਸੇ ਹੋਏ ਮਾਤਾ ਪਿਤਾ ਦੇ ਵੀਰਜ ਅਤੇ ਰਕਤ ਵਿਚ ਅਸਰ, ਮੈਲੀ ਥਾਂ ਰਹਿਣਾ ਅਤੇ ਸੜਿਆ ਬੁਸਿਆ ਖਾਣਾ ਆਦਿ.#ਇਸ ਰੋਗ ਨਾਲ ਗਲੇ ਦੇ ਚੁਫੇਰੇ ਗਿਲਟੀਆਂ ਹੋਕੇ ਸੁੱਜ ਜਾਂਦੀਆਂ ਹਨ, ਕਦੇ ਫੁੱਟ ਵਹਿੰਦੀਆਂ ਹਨ. ਕਦੇ ਕਦੇ ਇਹ ਗਿਲਟੀਆਂ ਬਗਲਾਂ ਅਤੇ ਛਾਤੀ ਤੀਕ ਫੈਲ ਜਾਂਦੀਆਂ ਹਨ. ਇਸ ਰੋਗ ਤੋਂ ਬਚਣ ਲਈ ਹਾਜ਼ਮਾ ਠੀਕ ਰੱਖਣਾ ਲੋੜੀਏ. ਬਦਹਜ਼ਮੀ ਕਰਨ ਵਾਲੇ ਪਦਾਰਥਾਂ ਤੋਂ ਪਰਹੇਜ਼ ਰੱਖਣਾ ਚੰਗਾ ਹੈ. ਕਚਨਾਰ ਦੀ ਕਲੀਆਂ ਅਤੇ ਛੋਲਿਆਂ ਦੀ ਚੀਜਾਂ ਵਰਤਣੀਆਂ ਲਾਭਦਾਇਕ ਹਨ.#ਹਰੜਾਂ ਦਾ ਸੇਵਨ, ਉਸ਼ਬੇ ਦੇ ਅਰਕ ਦਾ ਪੀਣਾ, ਮੁੰਡੀ ਬੂਟੀ ਅਤੇ ਨਿੰਮ ਦੇ ਸੱਕ ਦਾ ਕਾੜ੍ਹਾ ਵਰਤਣਾ ਬਹੁਤ ਲਾਭਵੰਦ ਹੈ.#ਬਰਨੇ ਬਿਰਛ ਦੀ ਜੜ ਦਾ ਕਾੜ੍ਹਾ ਸ਼ਹਿਦ ਮਿਲਾਕੇ ਪੀਣਾ ਗੁਣਕਾਰੀ ਹੈ. ਹੰਜੀਰਾਂ ਵਾਸਤੇ ਹੇਠ ਲਿਖੇ ਉੱਤਮ ਲੇਪ ਹਨ-#ਸਫੇਦਾ ਕਾਸਗਰੀ ਛੀ ਮਾਸ਼ੇ, ਸੰਧੂਰ ਦੋ ਤੋਲੇ, ਤਿਲਾਂ ਦਾ ਤੇਲ ਦਸ ਤੋਲੇ, ਇਨ੍ਹਾਂ ਨੂੰ ਲੋਹੇ ਦੇ ਬਰਤਨ ਵਿੱਚ ਮੱਠੀ ਆਂਚ ਨਾਲ ਪਕਾਕੇ ਮਰਹਮ ਬਣਾ ਲਓ. ਗਿਲਟੀਆਂ ਬੰਦ ਹੋਣ ਭਾਵੇਂ ਵਗਦੀਆਂ, ਨਿੰਮ ਦੇ ਕਾੜ੍ਹੇ ਨਾਲ ਧੋਕੇ ਉਨ੍ਹਾਂ ਉੱਪਰ ਇਹ ਮਰਹਮ (ਮਲ੍ਹਮ) ਲਗਾਓ.#ਨਰਮੇ (ਕਪਾਹ) ਦੇ ਪੱਤੇ, ਨਿੰਮ ਦੇ ਪੱਤੇ, ਅਰਿੰਡ ਦੇ ਪੱਤੇ, ਭੰਗਰੇ ਦੇ ਪੱਤੇ ਇੱਕ ਇੱਕ ਛਟਾਂਕ ਲੈ ਕੇ ਘੋਟਕੇ ਨੁਗਦਾ ਬਣਾ ਲਓ, ਸਰ੍ਹੋਂ ਦਾ ਤੇਲ ਤਿੰਨ ਛਟਾਂਕ, ਮੋਮ ਚਾਰ ਤੋਲੇ ਲੈ ਕੇ ਲੋਹੇ ਦੇ ਭਾਂਡੇ ਵਿੱਚ ਨੁਗਦਾ ਪਕਾਓ, ਜਦ ਨੁਗਦਾ ਚੰਗੀ ਤਰਾਂ ਪੱਕ ਜਾਵੇ, ਤਾਂ ਘੋਟਕੇ ਮਰਹਮ ਬਣਾ ਲਓ ਅਤੇ ਗਿਲਟੀਆਂ ਉੱਪਰ ਲਾਓ.#ਚਿੱਟੀ ਸਰ੍ਹੋਂ, ਸੁਹਾਂਜਨੇ ਦੇ ਬੀਜ, ਸਣ ਦੇ ਬੀਜ, ਅਲਸੀ ਦੇ ਬੀਜ, ਜੌਂ, ਮੂਲੀ ਦੇ ਬੀਜ, ਇਨ੍ਹਾਂ ਸਭਨਾਂ ਨੂੰ ਖੱਟੀ ਲੱਸੀ ਵਿੱਚ ਚੰਗੀ ਤਰਾਂ ਪਿਸਕੇ ਗਿਲਟੀਆਂ ਤੇ ਲੇਪ ਕਰੋ.#"ਹੁਤੀ ਹੰਜੀਰਾਂ ਗਰ ਮਹਿਂ ਤਾਹੀਂ,#ਦੇਤ ਬਿਖਾਦ ਮਿਟ ਸੋ ਨਾਹੀਂ." (ਗੁਪ੍ਰਸੂ)...