kānhaकान्ह
ਕ੍ਰਿਸਨਦੇਵ. ਦੇਖੋ, ਕ੍ਰਿਸਨ ੧੧.
क्रिसनदेव. देखो, क्रिसन ११.
ਸੰ. कृष्ण ਕ੍ਰਿਸ੍ਣ. ਵਿ- ਕਾਲਾ. ਸਿਆਹ. ਸ਼੍ਯਾਮ. "ਕ੍ਰਿਸਨ ਰਿਦਾ ਉੱਜਲ ਕਰਿਹਂ." (ਗੁਪ੍ਰਸੂ) "ਕ੍ਰਿਸਨ ਵਿਸ੍ਵ ਤਰਬੇ ਨਿਮਿਤ." (ਕ੍ਰਿਸਨਾਵ) ਪਾਪਾਂ ਨਾਲ ਕਾਲੀ ਹੋਈ ਦੁਨੀਆਂ ਨੂੰ ਤਾਰਣ ਵਾਸਤੇ। ੨. ਸੰਗ੍ਯਾ- ਵੇਦਵ੍ਯਾਸ। ੩. ਅਰਜੁਨ। ੪. ਕੋਇਲ। ੫. ਕਾਉਂ। ੬. ਅੰਧੇਰਾ ਪੱਖ। ੭. ਕਲਿਯੁਗ। ੮. ਨੀਲ। ੯. ਲੋਹਾ। ੧੦. ਸੁਰਮਾ। ੧੧. ਵਿਸਨੁ ਦਾ ਅੱਠਵਾਂ ਅਵਤਾਰ ਸ਼੍ਰੀ ਕ੍ਰਿਸ੍ਨ, ਜੋ ਭੋਜਵੰਸ਼ੀ ਦੇਵਕ ਦੀ ਪੁਤ੍ਰੀ¹ ਦੇਵਕੀ ਦੇ ਗਰਭ ਤੋਂ ਯਦੁਵੰਸ਼ੀ ਵਸੁਦੇਵ ਦੇ ਪੁਤ੍ਰ ਸਨ. ਇਨ੍ਹਾਂ ਦਾ ਜਨਮ ਮਥੁਰਾ ਦੇ ਜੇਲ ਵਿੱਚ ਹੋਇਆ ਅਤੇ ਪਰਵਰਿਸ਼ ਗੋਕਲ ਪਿੰਡ ਵਿੱਚ ਨੰਦ ਗੋਪ ਦੇ ਘਰ ਯਸ਼ੋਦਾ ਦੀ ਨਿਗਰਾਨੀ ਵਿੱਚ ਹੋਈ. ਕ੍ਰਿਸਨ ਜੀ ਵਡੇ ਨੀਤਿਵੇਤਾ ਅਤੇ ਯੋਧਾ ਸਨ, ਇਨ੍ਹਾਂ ਦੀ ਹਿੰਮਤ ਨਾਲ ਯਾਦਵਾਂ ਦਾ ਭਾਰੀ ਪ੍ਰਤਾਪ ਵਧਿਆ. ਇਨ੍ਹਾਂ ਨੇ ਕੰਸ ਨੂੰ ਮਾਰਕੇ ਆਪਣੇ ਨਾਨਾ ਉਗ੍ਰਸੇਨ ਨੂੰ ਮਥੁਰਾ ਦੇ ਰਾਜਸਿੰਘਾਸਨ ਪੁਰ ਬੈਠਾਇਆ. ਕੌਰਵ ਪਾਂਡਵਾਂ ਦੇ ਯੁੱਧ ਵਿੱਚ ਆਪ ਨੇ ਵਡਾ ਹਿੱਸਾ ਲਿਆ. ਅਰਜੁਨ ਦੇ ਰਥਵਾਹੀ ਬਣਕੇ ਪਾਂਡਵਾਂ ਨੂੰ ਜਿੱਤ ਦਿਵਾਈ. ਗੀਤਾ ਦਾ ਉਪਦੇਸ਼ ਆਪ ਨੇ ਹੀ ਦੇ ਕੇ ਜੰਗ ਤੋਂ ਕਾਇਰ ਹੁੰਦੇ ਅਰਜੁਨ ਨੂੰ ਧੀਰਯ ਦਿੱਤਾ ਸੀ. ਜਰਾਸੰਧ ਦੀ ਲੜਾਈਆਂ ਤੋਂ ਤੰਗ ਆ ਕੇ ਇਨ੍ਹਾਂ ਨੇ ਮਥੁਰਾ ਛੱਡਕੇ ਦ੍ਵਾਰਿਕਾ ਯਾਦਵਾਂ ਦੀ ਰਾਜਧਾਨੀ ਥਾਪੀ. ਕ੍ਰਿਸਨ ਜੀ ਦੀ ਪ੍ਰਧਾਨ ਇਸਤ੍ਰੀਆਂ ਅੱਠ (ਰੁਕਮਿਣੀ, ਕਾਲਿੰਦੀ, ਮਿਤ੍ਰਵਿੰਦਾ, ਸਤ੍ਯਾ, ਨਾਗਨਿਜਿਤੀ, ਜਾਂਬਵਤੀ, ਸੁਸ਼ੀਲਾ, ਸਤ੍ਯਭਾਮਾ, ਲਕ੍ਸ਼੍ਮਣਾ) ਸਨ. ਇਨ੍ਹਾਂ ਤੋਂ ਛੁੱਟ ੧੬੧੦੦ ਹੋਰ ਭੀ ਦੱਸੀਦੀਆਂ ਹਨ. ਜਰ ਫੰਧਕ (ਜੋ ਬਾਲੀ ਦਾ ਅਵਤਾਰ ਲਿਖਿਆ ਹੈ, ਉਸ) ਦੇ ਹੱਥੋਂ ਕ੍ਰਿਸਨ ਜੀ ਦਾ ਦੇਹਾਂਤ ਸੋਮ ਤੀਰਥ (ਪ੍ਰਭਾਸ) ਪੁਰ ਹੋਇਆ. ਆਪ ਦੀ ਉਮਰ ੧੨੫ ਵਰ੍ਹੇ ਦੀ ਸੀ.#ਕ੍ਰਿਸਨ ਜੀ ਦੇ ਰੱਥ ਦੇ ਚਾਰ ਘੋੜੇ- ਸ਼ੈਵਯ, ਸੁਗ੍ਰੀਵ, ਮੇਘਪੁਸਪ ਅਤੇ ਵਲਾਹਕ ਸਨ ਅਤੇ ਰਥਵਾਹੀ ਦਾਰਕ ਸੀ.#ਵਿਸਨੁਪੁਰਾਣ ਅੰਸ਼ ੫. ਅਃ ੧. ਵਿੱਚ ਲੇਖ ਹੈ ਕਿ ਭਗਵਾਨ ਨੇ ਜਗਤ ਦੀ ਰਖ੍ਯਾ ਵਾਸਤੇ ਆਪਣੇ ਦੋ ਕੇਸ਼ ਭੇਜੇ ਸਨ ਇੱਕ ਕਾਲਾ, ਜਿਸ ਤੋਂ ਕ੍ਰਿਸਨ ਹੋਏ, ਦੂਜਾ ਚਿੱਟਾ, ਜਿਸ ਤੋਂ ਬਲਰਾਮ। ੧੨. ਰਿਗਵੇਦ ਦੇ ਮੰਡਲ ੭. ਸੂਕ੍ਤ ੯੬ ਵਿੱਚ ਲਿਖਿਆ ਹੈ ਕਿ ਅੰਸ਼ੁਮਤੀ ਨਦੀ ਦੇ ਕਿਨਾਰੇ ਇੱਕ ਕ੍ਰਿਸਨ ਡਾਕੂ ਸੀ, ਜਿਸ ਦੇ ਨਾਲ ਦਸ ਹਜ਼ਾਰ ਲੁਟੇਰਾ ਰਹਿੰਦਾ ਸੀ. ਇਸ ਨੇ ਪ੍ਰਜਾ ਨੂੰ ਬਹੁਤ ਦੁੱਖ ਦਿੱਤਾ, ਅੰਤ ਨੂੰ ਇੰਦ੍ਰ ਦੇ ਹੱਥੋਂ ਇਸ ਦੀ ਮੌਤ ਹੋਈ। ੧੩. ਪਾਰਬ੍ਰਹਮ. ਕਰਤਾਰ, ਜੋ ਸਭ ਦੀ ਉਤਪੱਤਿ ਅਤੇ ਲੈ ਦਾ ਅਸਥਾਨ ਹੈ.² "ਏਕ ਕ੍ਰਿਸਨੰ ਸਰਵ ਦੇਵਾ." (ਵਾਰ ਆਸਾ) "ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ." (ਵਡ ਛੰਤ ਮਃ ੧) ੧੪. ਸੰ. कृशन ਕ੍ਰਿਸ਼ਨ. ਮੋਤੀ। ੧੫. ਦਿਲ ਦੀ ਹਰਕਤ. ਦਿਲ ਦਾ ਸੁਕੜਨਾ ਅਤੇ ਫੈਲਣਾ। ੧੬. ਭਾਈ ਸੰਤੋਖ ਸਿੰਘ ਨੇ ਕ੍ਰਿਸਕ (ਕਿਸਾਨ) ਦੇ ਥਾਂ ਕ੍ਰਿਸਨ ਸ਼ਬਦ ਭੀ ਵਰਤਿਆ ਹੈ. "ਕ੍ਰਿਸਨ ਭਗਤ ਕੋ ਮੇਘਦ ਜਿਸਨੁ." (ਗੁਪ੍ਰਸੂ) ਕ੍ਰਿਸਾਣ ਰੂਪ ਭਗਤ ਨੂੰ ਇੰਦ੍ਰ ਸਮਾਨ ਵਰਖਾ ਦੇਣ ਵਾਲੇ ਹਨ....