ਧੁਨੀ

dhhunīधुनी


ਸੰ. ਸੰਗ੍ਯਾ- ਨਦੀ ਦਰਿਆ। ੨. ਸੰ. ਧ੍ਵਨਿ. ਸ਼ਬਦ. ਨਾਦ. "ਅਨਹਦ ਧੁਨੀ ਦਰਿ ਵਜਦੇ." (ਸ੍ਰੀ ਮਃ ੪) ੩. ਆਵਾਜ਼ ਦੀ ਗੂੰਜ। ੪. ਕਾਵ੍ਯ ਅਨੁਸਾਰ ਉਹ ਗੂਢ ਅਰਥ ਦਾ ਭਾਵ, ਜੋ ਅੱਖਰਾਂ ਦੇ ਅਰਥ ਤੋਂ ਭਿੰਨ ਵ੍ਯੰਜਨਾ ਸ਼ਕਤਿ ਦ੍ਵਾਰਾ ਪ੍ਰਗਟ ਹੋਵੇ, ਜਿਵੇਂ- "ਮੇਟੀ ਜਾਤਿ ਹੂਏ ਦਰਬਾਰਿ." (ਗੌਡ ਰਵਿਦਾਸ) ਇਸ ਤੋਂ ਉਹ ਧੁਨੀ (ਧ੍ਵਨਿ) ਨਿਕਲੀ ਕਿ ਜੋ ਜਾਤਿ- ਅਭਿਮਾਨੀ ਹਨ, ਉਹ ਕਰਤਾਰ ਦੇ ਦਰਬਾਰ ਦੇ ਅਧਿਕਾਰੀ ਨਹੀਂ।¹ ੫. ਗਾਉਣ ਦੀ ਧਾਰਨਾ. ਗਾਉਣ ਦਾ ਢੰਗ. ਸ਼੍ਰੀ ਗੁਰੂ ਅਰਜਨ ਸਾਹਿਬ ਨੇ ਨੌ ਵਾਰਾਂ ਅਜੇਹੀਆਂ ਚੁਣੀਆਂ, ਜਿਨ੍ਹਾਂ ਦੇ ਗਾਉਣ ਦੀ ਧਾਰਨਾ ਪੁਰਾਣੇ ਯੋਧਿਆਂ ਦੀਆਂ ਵਾਰਾਂ ਅਨੁਸਾਰ ਰਬਾਬੀਆਂ ਨੂੰ ਦੱਸੀ, ਅਰ ਪੁਰਾਣੀਆਂ ਵਾਰਾਂ ਦੇ ਪਤੇ ਵਾਰਾਂ ਦੇ ਮੁੱਢ ਲਿਖੇ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਢਾਡੀਆਂ ਤੋਂ ਇਹ ਨੌ ਧੁਨੀਆਂ ਵੀਰ ਰਸ ਦੀ ਵ੍ਰਿੱਧੀ ਲਈ ਗਵਾਈਆਂ, ਜੋ ਹੁਣ ਤੀਕ. ਟਕਸਾਲੀਏ ਰਾਗੀ ਰਬਾਬੀ ਗਾਉਂਦੇ ਹਨ. ਬਹੁਤ ਲੇਖਕਾਂ ਨੇ ਲਿਖਿਆ ਹੈ ਕਿ ਧੁਨੀਆਂ ਛੀਵੇਂ ਸਤਿਗੁਰੂ ਨੇ ਚੜ੍ਹਾਈਆਂ ਹਨ, ਪਰ ਇਹ ਅਸਤ੍ਯ ਹੈ.²#ਨੌ ਧੁਨੀਆਂ ਇਹ ਹਨ:-#(ੳ) ਮਾਝ ਕੀ ਵਾਰ, ਮਲਕ ਮਰੁਦੀ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ. ਮਲਿਕ ਜਾਤੀ ਦਾ ਮੁਰੀਦ ਖ਼ਾਂਨ ਅਤੇ ਸੋਹੀ ਜਾਤਿ ਦਾ ਚੰਦ੍ਰਹੜਾ ਦੋਵੇਂ ਅਕਬਰ ਦੇ ਫ਼ੌਜੀ ਸਰਦਾਰ ਆਪੋ ਵਿੱਚੀ ਵਿਰੋਧ ਰਖਦੇ ਸਨ. ਇੱਕ ਵਾਰ ਬਾਦਸ਼ਾਹ ਨੇ ਸਰਹੱਦੀ ਮੁੰਹਿਮ ਤੇ ਮਲਿਕ ਨੂੰ ਤੋਰ ਦਿੱਤਾ. ਮਾਲਿਕ ਨੇ ਵੈਰੀ ਨੂੰ ਜਿੱਤਕੇ ਮੁਲਕ ਪੁਰ ਕ਼ਬਜਾ ਕੀਤਾ ਅਤੇ ਅਮਨ ਕ਼ਾਇਮ ਕਰਨ ਲਈ ਕੁਝ ਸਮਾਂ ਉੱਥੇ ਠਹਿਰਿਆ. ਚੰਦ੍ਰਹੜਾ ਨੇ ਚਾਲਾਕੀ ਨਾਲ ਬਾਦਸ਼ਾਹ ਨੂੰ ਇਹ ਜਤਾਇਆ ਕਿ ਮਲਿਕ ਮੁਲਕ ਤੇ ਕ਼ਾਬਿਜ ਹੋਕੇ ਬਾਗ਼ੀ ਹੋਗਿਆ ਹੈ. ਇਸ ਪੁਰ ਬਾਦਸ਼ਾਹ ਨੇ ਚੰਦ੍ਰਹੁੜਾ ਨੂੰ ਮਲਿਕ ਦੇ ਹੋਸ਼ ਠਿਕਾਣੇ ਕਰਨ ਭੇਜਿਆ. ਦੋਵੇਂ ਯੋਧਾ ਮੈਦਾਨ ਜੰਗ ਵਿੱਚ ਕਟਕੇ ਮਰਗਏ. ਢਾਡੀਆਂ ਨੇ ਉਨ੍ਹਾਂ ਦੀ ਵਾਰ ਇਸ ਵਜ਼ਨ ਤੇ ਬਣਾਈ-#"ਕਾਬੁਲ ਵਿੱਚ ਮੁਰੀਦਖਾਂ ਫੜਿਆ ਬਡ ਜੋਰ,#ਚੰਦ੍ਰਹੜਾ ਲੈ ਫੌਜ ਕੋ ਚੜਿਆ ਬਡ ਤੌਰ,#ਦੁਹਾਂ ਕੰਧਾਰਾਂ ਮੁਹ ਜੁੜੇ ਦਾਮਾਮੇ ਦੌਰ,#ਸਸਤ੍ਰ ਪਜੂਤੇ ਸੂਰਿਆਂ ਸਿਰ ਬੱਧੇ ਟੌਰ,#ਹੋਲੀ ਖੇਲੇ ਚੰਦ੍ਰਹੜਾ ਰੰਗ ਲੱਗੇ ਸੌਰ,#ਦੋਵੇਂ ਤਰਫਾਂ ਜੁੱਟੀਆਂ ਸਰ ਵੱਗਨ ਕੌਰ,#ਮੈ ਭੀ ਰਾਇ ਸਦਾਇਸਾਂ ਵੜਿਆ ਲਾਹੌਰ,#ਦੋਵੇਂ ਸੂਰੇ ਸਾਮਣੇ ਜੂਝੇ ਉਸ ਠੌਰ."#ਇਸ ਨਾਲ ਅਠ ਤੁਕੀ ਪੌੜੀ ਮਾਝ ਵਾਰ ਦੀ ਦੇਖੋ- "ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ."×××#(ਅ) ਗਉੜੀ ਕੀ ਵਾਰ ਮਹਲਾ ੫. ਰਾਇ ਕਮਾਲ ਦੀ ਮੋਜਦੀ ਕੀ ਵਾਰ ਕੀ ਧੁਨੀ. ਵਾਰ ਦੇਸ਼ ਦੇ ਮਾਲਿਕ ਕਮਾਲੁੱਦੀਨ ਨੇ ਆਪਣੇ ਭਾਈ ਨੂੰ ਛਲ ਨਾਲ ਜ਼ਹਿਰ ਦੇਕੇ ਮਾਰਦਿੱਤਾ. ਉਸ ਦੀ ਇਸਤ੍ਰੀ ਨਾਬਾਲਿਗ਼ ਮੁਅ਼ੱਜ਼ੁੱਦੀਨ³ ( [مُعّزاُلدین] ) ਨੂੰ ਲੈ ਕੇ ਪੇਕੇ ਘਰ ਜਾ ਰਹੀ. ਜਦ ਮੁਅ਼ੱਜ਼ੁੱਦੀਨ ਜਵਾਨ ਹੋਇਆ ਤਦ ਨਾਨਕਿਆਂ ਦੀ ਭਾਰੀ ਜਮਾਤ ਨਾਲ ਲੈਕੇ ਆਪਣੇ ਚਾਚੇ ਨੂੰ ਜੰਗ ਲਈ ਵੰਗਾਰਿਆ ਅਰ ਅਜੇਹੀ ਬਹਾਦੁਰੀ ਨਾਲ ਲੜਿਆ ਕਿ ਕਮਾਲੁੱਦੀਨ ਨੂੰ ਸੰਸਾਰ ਤ੍ਯਾਗਣਾ ਪਿਆ. ਢਾਡੀਆਂ ਨੇ ਇਸ ਜੰਗ ਦੀ ਵਾਰ ਇਸ ਵਜ਼ਨ ਪੁਰ ਰੁਚੀ:-#"ਰਾਣਾ ਰਾਇ ਕਮਾਲਦੀਂ ਰਣ ਭਾਰਾ ਬਾਹੀ,#ਮੌਜੁੱਦੀਂ ਤਲਵੰਡੀਓਂ ਚੜਿਆ ਸਾਬਾਹੀ,#ਢਾਲੀਂ ਅੰਬਰ ਛਾਇਆ ਫੁੱਲੇ ਅਕ ਕਾਹੀ,#ਜੁੱਟੇ ਆਮ੍ਹੋ ਸਾਮ੍ਹਣੇ ਨੇਜੇ ਝਲਕਾਹੀ,#ਮੌਜੇ ਘਰ ਵਾਧਾਈਆਂ ਘਰ ਚਾਚੇ ਧਾਹੀ."#ਇਸ ਨਾਲ ਧੁਨੀ ਮਿਲਾਉਣ ਲਈ ਪੰਜ ਤੁਕੀ ਪੌੜੀ ਗਉੜੀ ਵਾਰ ਦੀ ਦੇਖੋ, "ਜੋ ਤੁਧੁ ਭਾਵੈ ਸੋ ਭਲਾ ਸਚੁ ਤੇਰਾ ਭਾਣਾ." ×××#(ੲ) ਆਸਾ ਕੀ ਵਾਰ. ਟੁੰਡੇ ਅਸਰਾਜੈ ਕੀ ਧੁਨੀ. ਸਾਰੰਗ ਦਾ ਪੁਤ੍ਰ ਅਸਰਾਜ ਸੀ. ਉਸ ਦੀ ਛੋਟੀ ਮਾਂ ਜੋ ਨਵਯੋਵਨਾ ਸੀ, ਅਸਰਾਜ ਤੇ ਮੋਹਿਤ ਹੋਗਈ, ਅਰ ਆਪਣੀ ਮੰਦਭਾਵਨਾ ਪ੍ਰਗਟ ਕੀਤੀ, ਪਰ ਧਰਮਾਤਮਾ ਅਸ ਨੇ ਦ੍ਰਿੜ੍ਹਤਾ ਨਾਲ ਧਰਮ ਪਾਲਿਆ. ਮਤੇਈ ਨੇ ਵਿਸਯਲੰਪਟ ਰਾਜੇ ਨੂੰ ਭੜਕਾਕੇ ਪੁਤ੍ਰ ਤੇ ਅਯੋਗ ਕਲੰਕ ਲਾਇਆ ਅਤੇ ਹੱਥ ਕਟਵਾਕੇ ਦੇਸੋਂ ਕਢਵਾ ਦਿੱਤਾ. ਦੈਵ ਯੋਗ ਨਾਲ ਟੁੰਡਾ ਅਸਰਾਜ ਵਿਦੇਸ਼ ਵਿੱਚ ਜਾਕੇ ਆਪਣੇ ਸ਼ੁਭ ਗੁਣਾਂ ਦ੍ਵਾਰਾ ਸਭ ਸੰਪਦਾ ਸਹਿਤ ਹੋਗਿਆ. ਜਦ ਪਿਤਾ ਨੂੰ ਸਮਾਂ ਪਾਕੇ ਅਸਲ ਹਾਲ ਮਲੂਮ ਹੋਇਆ ਤਦ ਪੁਤ੍ਰ ਨੂੰ ਚਿੱਠੀ ਲਿਖਕੇ ਬੁਲਾਇਆ, ਪਰ ਅਸਰਾਜ ਦੀ ਮਤੇਈ ਦੇ ਪੁਤ੍ਰ ਖਾਨ ਅਤੇ ਸੁਲਤਾਨ ਨੇ ਫ਼ੌਜ਼ਾਂ ਲੈਕੇ ਵਡੇ ਭਾਈ ਦਾ ਮੁਕ਼ਾਬਲਾ ਕੀਤਾ. ਕਰਤਾਰ ਦੀ ਕ੍ਰਿਪਾ ਨਾਲ ਅਸਰਾਜ ਨੇ ਫਤੇ ਪਾਕੇ ਪਿਤਾ ਦੇ ਚਰਣਾਂ ਪੁਰ ਪ੍ਰਣਾਮ ਕੀਤਾ. ਸਾਰੰਗ ਨੇ ਪਿਛਲੀ ਆਪਣੀ ਕਰਤੂਤ ਪੁਰ ਲੱਜਿਤ ਹੋਕੇ ਅਸਰਾਜ ਨੂੰ ਰਾਜਸਿੰਘਾਸਨ ਤੇ ਬੈਠਾਕੇ ਆਪ ਏਕਾਂਤਾਸ ਅਖਤਿਆਰ ਕੀਤਾ. ਇਸ ਘਟਨਾ ਦੀ ਵਾਰ ਜੋ ਰਚੀ ਉਸ ਦੀ ਪੌੜੀ ਇਹ ਹੈ:-#ਭਬਕਿਆ ਸੇਰ ਸਰਦੂਲ ਰਾਇ ਰਣ ਮਾਰੂ ਬੱਜੇ,#ਸੁਲਤਾਨ ਖਾਨ ਬਡ ਸੂਰਮੇ ਵਿਚ ਰਣ ਦੇ ਗੱਜੇ,#ਖਤ ਲਿਖੇ ਟੰਡੇ ਅਸਰਾਜ ਨੂੰ ਪਤਸਾਹੀ ਅੱਜੇ,#ਟਿੱਕਾ ਸਾਰੰਗ ਬਾਪ ਨੇ ਦਿੱਤਾ ਭਰ ਲੱਜੇ,#ਫਤੇ ਪਾਇ ਅਸਰਾਜ ਜੀ ਸ਼ਾਹੀ ਪਰ ਸੱਜੇ.#ਇਸ ਪੰਜ ਤੁਕੀ ਪੌੜੀ ਨਾਲ ਆਸਾ ਵਾਰ ਦੀ ਪੰਜ ਤੁਕੀ ਪੋੜੀ ਦੀ ਧੁਨੀ ਸਤਿਗੁਰੂ ਨੇ ਮਿਲਾਈ "ਆਪੀ ਨੈ ਆਪ ਸਾਜਿਓ ਆਪੀਨੈ ਰਚਿਓ ਨਾਉ."#(ਸ) ਗੂਜਰੀ ਕਾ ਵਾਰ, ਸਿਕੰਦਰ ਬਿਰਾਹਿਮ ਕੀ ਧੁਨੀ. ਸਿਕੰਦਰ ਅਤੇ ਇਬਰਾਹੀਮ ਦੋ ਇੱਕੋ ਖ਼ਾਨਦਾਨ ਦੇ ਰਈਸ ਸਨ. ਇਬਰਾਹੀਮ ਵਿਭਚਾਰੀ ਅਤੇ ਸਿਕੰਦਰ ਧਰਮਾਤਮਾ ਸੀ. ਇੱਕ ਵਾਰ ਇਬਰਾਹੀਮ ਨੇ ਕਿਸੇ ਦੀ ਕੰਨ੍ਯਾ ਦਾ ਧਰਮਭੰਗ ਕਰਨਾ ਚਾਹਿਆ. ਕੰਨ੍ਯਾ ਦਾ ਪਿਤਾ ਸਿਕੰਦਰ ਦੀ ਸ਼ਰਣ ਗਿਆ ਅਰ ਇਬਰਾਹੀਮ ਦਾ ਅਤ੍ਯਾਚਾਰ ਦੱਸਿਆ. ਸਿਕੰਦਰ ਸੈਨਾ ਲੈਕੇ ਇਬਰਾਹੀਮ ਪੁਰ ਚੜ੍ਹਆਇਆ ਅਤੇ ਜੰਗ ਜਿੱਤਕੇ ਕੈਦੀ ਕਰਲਿਆ. ਅੰਤ ਨੂੰ ਇਬਰਾਹੀਮ ਨੇ ਆਪਣੇ ਜੀਵਨ ਨੂੰ ਸੁਧਾਰਣ ਦਾ ਪ੍ਰਣ ਕਰਕੇ ਸਿਕੰਦਰ ਤੋਂ ਛੁਟਕਾਰਾ ਪਾਇਆ. ਇਸ ਪ੍ਰਸੰਗ ਦੀ ਵਾਰ ਜੋ ਬਣੀ ਉਸ ਦੀ ਪੌੜੀ ਇਹ ਹੈ:-#"ਪਾਪੀ ਖਾਨ ਬਿਰਾਮ ਪਰ ਚੜਿਆ ਸੇਕੰਦਰ,#ਭੇੜ ਦੁਹਾਂ ਦਾ ਮੱਚਿਆ ਬਡ ਰਣ ਦੇ ਅੰਦਰ,#ਫੜਿਆ ਖਾਨ ਬਿਰਾਮ ਨੂੰ ਕਰ ਬਡ ਆਡੰਬਰ,#ਬੱਧਾ ਸੰਗਲ ਪਾਇਕੈ ਜਣੁ ਕੀਲੇ ਬੰਦਰ,#ਅਪਨਾ ਹੁਕਮ ਮਨਾਇਕੈ ਛੱਡਿਆ ਜਗ ਅੰਦਰ."#ਇਸ ਪੰਜ ਤੁਕੀ ਪੌੜੀ ਨਾਲ ਗੂਜਰੀ ਦੀ ਪੰਜ ਤੁਕੀ ਪੌੜੀ ਦੇਖੋ, "ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ." ×××#(ਹ) ਵਡਹੰਸ ਕੀ ਵਾਰ ਲਲਾ ਬਹਿਲੀਮਾ ਕੀ ਧੁਨੀ. ਲਲਾ ਅਤੇ ਬਹਿਲੀਮ ਪੜੌਸੀ ਪਹਾੜੀ ਰਾਜਾ ਸਨ. ਲਲਾ ਦਾ ਇ਼ਲਾਕ਼ਾ ਖ਼ੁਸ਼ਕ ਅਰ ਬਹਿਲੀਮ ਦਾ ਸਰ ਸਬਜ਼ ਸੀ. ਇੱਕ ਵਾਰ ਬਰਸਾਤ ਕਮ ਹੋਣ ਕਰਕੇ ਲਲਾ ਨੇ ਬਹਿਲੀਮ ਤੋਂ ਨਿੱਤ ਵਹਿਣ ਵਾਲੀ ਕੂਲ੍ਹ ਦਾ ਪਾਣੀ ਮੰਗਿਆ ਅਰ ਪੈਦਾਵਾਰ ਦਾ ਛੀਵਾਂ ਹਿੱਸਾ ਦੇਣਾ ਕੀਤਾ, ਪਰ ਫਸਲ ਤਿਆਰ ਹੋਣ ਪੁਰ ਲਲਾ ਬਚਨੋਂ ਫਿਰ ਗਿਆ, ਜਿਸ ਪੁਰ ਦੋਹਾਂ ਦਾ ਯੁੱਧ ਹੋਇਆ ਅਰ ਫਤੇ ਬਹਿਲੀਮ ਦੇ ਹਿੱਸੇ ਆਈ. ਉਨ੍ਹਾਂ ਦੀ ਵਾਰ ਦੀ ਪੌੜੀ ਇਉਂ ਹੈ-#"ਕਾਲ ਲਲਾ ਦੇ ਦੇਸ ਦਾ ਖੋਇਆ ਬਹਿਲੀਮਾ,#ਹਿੱਸਾ ਛਠਾ ਮਨਾਇਕੈ ਜਲ ਨਹਿਰੋਂ ਦੀਮਾ,#ਫਿਰਾਹੂਨ ਹੁਇ ਲਲਾ ਨੇ ਰਣ ਮੰਡਿਆ ਧੀਮਾ,#ਭੇੜ ਦੁਹੂੰ ਦਿਸ ਮੱਚਿਆ ਸਟਪਟੀ ਅਜੀਮਾ,#ਸਿਰ ਧੜ ਡਿੱਗੇ ਖੇਤ ਵਿੱਚ ਜਿਉ ਵਾਹਣ ਢੀਮਾ,#ਮਾਰ ਲਲਾ ਬਹਲੀਮ ਨੇ ਰਣ ਮੇ ਧਰ ਸੀਮਾ."#ਇਸ ਛੀ ਤੁਕੀ ਪੌੜੀ ਨਾਲ ਗੁਰੂ ਸਾਹਿਬ ਨੇ ਗੂਜਰੀ ਵਾਰ ਦੀ ਛੀ ਤੁਕੀ ਪੌੜੀ ਦੀ ਧੁਨੀ ਮਿਲਾਈ- "ਤੂ ਆਪੇ ਹੀ ਆਪਿ ਆਪਿ ਹੈ ਆਪਿ ਕਾਰਣੁ ਕੀਆ."×××#(ਕ) ਰਾਮਕਲੀ ਕੀ ਵਾਰ ਮਃ ੩, ਜੋਧੇ ਵੀਰੈ ਪੂਰਬਾਣੀ ਕੀ ਧੁਨੀ. ਪੂਰਬਾਣੀ ਰਾਜਪੂਤ ਦੇ ਪੁਤ੍ਰ ਜੋਧ ਅਤੇ ਵੀਰ ਮਸ਼ਹੂਰ ਧਾੜਵੀ ਸਨ. ਇਨ੍ਹਾਂ ਨੂੰ ਕਈ ਵਾਰ ਅਕਬਰ ਨੇ ਸ਼ਾਹੀ ਨੌਕਰ ਹੋਣ ਲਈ ਆਖਿਆ ਪਰ ਇਨ੍ਹਾਂ ਨੇ ਸਦਾ ਇਹ ਕਰਾਰਾ ਉੱਤਰ ਦਿੱਤਾ ਕਿ ਅਸੀਂ ਓਹ ਰਾਜਪੂਤ ਨਹੀਂ ਜੋ ਧੀਆਂ ਵੇਚਕੇ ਤੇਰੀ ਗ਼ੁਲਾਮੀ ਕਰਨ ਵਾਲੇ ਹਨ. ਇਹ ਚੁਭਵੀਂ ਗੱਲ ਸੁਣਕੇ ਅਕਬਰ ਨੇ ਇਨ੍ਹਾਂ ਦੀ ਆਕੜ ਭੰਨਣ ਨੂੰ ਫੌਜ ਭੇਜੀ ਅਰ ਇਹ ਦੋਵੇਂ ਭਾਈ ਬਹਾਦੁਰੀ ਨਾਲ ਮੁਕ਼ਾਬਲਾ ਕਰਕੇ ਲੜ ਮੋਏ. ਭੱਟਾਂ ਨੇ ਇਸ ਵਜ਼ਨ ਦੀ ਵਾਰ ਬਣਾਈ-#ਜੋਧ ਵੀਰ ਪੂਰਬਾਣੀਏ ਦੋ ਗੱਲਾਂ ਕਰੀ ਕਰਾਰੀਆਂ,#ਫੌਜ ਚੜਾਈ ਬਾਦਸ਼ਾਹ ਅਕਬਰ ਰਣ ਭਾਰੀਆਂ,#ਸਨਮੁਖ ਹੋਏ ਰਾਜਪੂਤ ਸ਼ੁਤਰੀ ਰਣਕਾਰੀਆਂ,#ਧੂਹ ਮਿਆਨੋ ਕੱਢੀਆਂ ਬਿਜੁੱਲਚਮਕਾਰੀਆਂ,#ਇੰਦਰ ਸਣੇ ਅਪੱਛਰਾਂ ਮਿਲ ਕਰਨ ਜੁਹਾਰੀਆਂ,#ਏਹੀ ਕੀਤੀ ਜੋਧ ਵੀਰ ਪਤਸ਼ਾਹੀ ਗੱਲਾਂ ਸਾਰੀਆਂ.#ਇਸ ਛੀ ਤੁਕੀ ਪੋੜੀ ਨਾਲ ਰਾਮਕਲੀ ਦੀ ਛੀ ਤੁਕੀ ਪੌੜੀ ਦੀ ਧੁਨਿ ਮਿਲਾਈ-#"ਸਚੈ ਤਖਤੁ ਰਚਾਇਆ ਬੈਸਣ ਕਉ ਜਾਈ."×××#(ਖ) ਸਾਰੰਗ ਕੀ ਵਾਰ. ਰਾਇ ਮਹਮੇ ਹਸਨੇ ਕੀ ਧੁਨਿ. ਮਹਿਮਾ ਹਸਨਾ ਭਟੀ ਰਾਜਪੂਤ ਸਨ. ਹਸਨਾ ਸ਼ਾਹੀ ਮੁਲਾਜ਼ਮ ਸੀ ਪਰ ਕਿਸੇ ਅਪਰਾਧ ਤੋਂ ਮੌਕੂਫ਼ ਹੋਗਿਆ ਅਰ ਮਹਿਮੇ ਦੀ ਪਨਾਹ ਲਈ. ਮਹਿਮੇ ਨੇ ਉਸ ਨੂੰ ਆਪਣਾ ਪ੍ਰਧਾਨ ਥਾਪਿਆ ਅਤੇ ਸ਼ਾਹੀ ਟੇਕ੍‌ਸ ਅਦਾ ਕਰਨ ਲਈ ਉਸੇ ਨੂੰ ਭੇਜਦਾ ਰਿਹਾ. ਹਸਨੇ ਨੇ ਰਾਜਕਰ (ਸਰਕਾਰੀ ਮੁਆਮਲਾ) ਸਦਾ ਆਪਣੇ ਨਾਮ ਦਾਖ਼ਿਲ ਕਰਵਾਕੇ ਮਹਿਮੇ ਨੂੰ ਗ਼ੈਰਹ਼ਾਜਿਰ ਲਿਖਵਾਇਆ. ਮੁਆਮਲਾ ਨਾ ਦੇਣ ਦੇ ਅਪਰਾਧ ਵਿਚ ਮਹਿਮਾ ਕ਼ੈਦ ਕੀਤਾ ਗਿਆ ਪਰ ਅੰਤ ਭੇਦ ਖੁਲ੍ਹ ਜਾਣ ਪੁਰ ਮਹਿਮਾ ਸ਼ਾਹੀ ਫੌਜ ਨਾਲ ਹਸਨੇ ਨੂੰ ਕਰਮਫਲ ਭੁਗਤਾਉਣ ਲਈ ਭੇਜਿਆ ਗਿਆ. ਮਹਿਮੇ ਨੇ ਫਤੇ ਪਾਕੇ ਹਸਨਾ ਕ਼ੈਦ ਕੀਤਾ, ਪਰ ਉਸ ਦੀ ਦੀਨਤਾ ਪੁਰ ਆਪਣੇ ਕ੍ਰਿਪਾਲੁ ਸੁਭਾਉ ਅਨੁਸਾਰ ਹਸਨੇ ਦਾ ਅਪਰਾਧ ਬਖਸ਼ ਦਿੱਤਾ. ਢਾਡੀਆਂ ਨੇ ਇਸ ਦੀ ਵਾਰ ਰਚੀ-#ਮਹਿਮਾ ਹਸਨਾ ਰਾਜਪੂਤ ਰਾਇ ਭਾਰੇ ਭੱਟੀ,#ਡਸਨੇ ਬੇਈਮਾਨਗੀ ਨਾਲ ਮਹਿਮੇ ਥੱਟੀ,#ਭੇੜ ਦੁਹਾਂ ਦਾ ਮੱਚਿਆ ਸਰ ਵਗੇ ਸਫੱਟੀ,#ਮਹਿਮੇ ਪਾਈ ਫਤੇ ਰਨ ਗਲ ਹਸਨੇ ਘੱਟੀ,#ਬੰਨ ਹਸਨੇ ਨੂੰ ਛੱਡਿਆ ਜਸ ਮਹਿਮੇ ਖੱਟੀ,#ਇਸ ਪੰਜ ਤੁਕੀ ਪੌੜੀ ਨਾਲ ਸਾਰੰਗ ਵਾਰ ਦੀ ਪੰਜਤੁਕੀ ਪੌੜੀ ਮਿਲਾਈ ਗਈ-#"ਆਪੇ ਆਪਿ ਨਿਰੰਜਨਾ ਜਿਨਿ ਆਪੁ ਉਪਾਇਆ."#(ਗ) ਮਲਾਰ ਕੀ ਵਾਰ. ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ. ਰਾਣਾ ਕੈਲਾਸਦੇਵ ਅਤੇ ਮਾਲਦੇਵ ਰਾਜਪੂਤ, ਦੋਵੇਂ ਸਕੇ ਭਾਈ ਪਹਾੜੀ ਰਈਸ ਸਨ. ਵਡੇ ਭਾਈ ਨੇ ਰਾਜ ਪਾਕੇ ਛੋਟੇ ਭਾਈ ਨਾਲ ਅਯੋਗ ਵਰਤਾਉ ਕੀਤਾ. ਮਾਲਦੇਵ ਅਣਖ ਵਾਲਾ ਯੋਧਾ ਸੀ, ਉਸ ਨੇ ਆਪਣੇ ਰਸੂਖ਼ ਨਾਲ ਸੈਨਾ ਅਤੇ ਪ੍ਰਜਾ ਨੂੰ ਆਪਣੀ ਵੱਲ ਕਰ ਲੀਤਾ, ਅਰ ਕੈਲਾਸਦੇਵ ਨੂੰ ਜੰਗ ਵਿੱਚ ਸ਼ਿਕਸ੍ਤ ਦੇਕੇ ਰਿਆਸਤ ਦਾ ਪ੍ਰਬੰਧ ਆਪਣੇ ਹੱਥ ਲਿਆ. ਜਦ ਕੈਲਾਸ ਨੇ ਪਛਤਾਕੇ ਭਾਈ ਤੋਂ ਮੁਆ਼ਫ਼ੀ ਮੰਗੀ, ਤਦ ਧਰਮਾਤਮਾ ਮਾਲਦੇਉ ਨੇ ਅੱਧੀ ਰਿਆਸਤ ਉਸ ਦੇ ਹਵਾਲੇ ਕਰ ਦਿੱਤੀ. ਇਨ੍ਹਾਂ ਦੋਹਾਂ ਰਾਜਪੁਤ੍ਰਾਂ ਦੀ ਵਾਰ ਜੋ ਢਾਡੀਆਂ ਨੇ ਬਣਾਈ, ਉਸ ਦਾ ਨਮੂਨਾ ਇਹ ਹੈ-#"ਧਰਤ ਘੋੜਾ ਪਰਬਤ ਪਲਾਣ ਸਿਰ ਟੱਟਰ ਅੰਬਰ,#ਨਉ ਸੈ ਨਦੀ ਨੜਿੰਨਵੇ ਰਾਣਾ ਜਲ ਕੰਧਰ,#ਢੁੱਕਾ ਰਾਇ ਅਮੀਰਦੇ ਕਰ ਮੇਘਅਡੰਬਰ,#ਆਨਤ ਖੰਡਾ ਰਾਣਿਆ ਕੈਲਾਸੇ ਅੰਦਰ,#ਬਿਜੁੱਲ ਜ੍ਯੋਂ ਚਮਕਾਣੀਆਂ ਤੇਗਾਂ ਵਿੱਚ ਅੰਬਰ,#ਮਾਲਦੇਵ ਕੈਲਾਸ ਨੂੰ ਬੰਨ੍ਹਿਆ ਕਰ ਸੰਘਰ,#ਫਿਰ ਅੱਧਾ ਧਨ ਮਾਲ ਦੇ ਛੱਡਿਆ ਗੜ੍ਹ ਅੰਦਰ,#ਮਾਲਦੇਉ ਜਸ ਖੱਟਿਆ ਜਿਉ ਸ਼ਾਹ ਸਿੰਕਦਰ."#ਇਸ ਅਠਤੁਕੀ ਪੌੜੀ ਨਾਲ ਮਲਾਰ ਵਾਰ ਦੀ ਅਠਤੁਕੀ ਧੁਨਿ ਮਿਲਾਈ "ਆਪੀ ਨੈ ਆਪੁ ਸਾਜਿ ਆਪੁ ਪਛਾਣਿਆ."×××#(ਘ) ਕਾਨੜੇ ਦੀ ਵਾਰ. ਮੂਸੇ ਕੀ ਵਾਰ ਕੀ ਧੁਨੀ. ਮੂਸਾ ਰਾਠ ਵਡਾ ਬਹਾਦੁਰ ਯੋਧਾ ਸੀ. ਉਸ ਦੀ ਮੰਗ ਕਿਸੇ ਹੋਰ ਨੇ ਵਿਆਹ ਲਈ. ਇਸ ਪੁਰ ਮੂਸੇ ਨੇ ਵੈਰੀ ਨੂੰ ਜੰਗ ਵਿੱਚ ਕ਼ੈਦ ਕਰਕੇ ਇਸਤ੍ਰੀ ਸਮੇਤ ਘਰ ਲਿਆਂਦਾ ਅਰ ਇਸਤ੍ਰੀ ਤੋਂ ਪੁੱਛਿਆ ਕਿ ਤੇਰਾ ਕੀ ਸੰਕਲਪ ਹੈ? ਉਸ ਪਤਿਵ੍ਰਤਾ ਨੇ ਕਿਹਾ ਕਿ ਮੈਂ ਉਸੇ ਦੀ ਇਸਤ੍ਰੀ ਰਹਾਂਗੀ ਜਿਸ ਨੇ ਮੈਨੂੰ ਵਿਆਹਿਆ ਹੈ ਅਤੇ ਜਿਸ ਦੇ ਘਰ ਮੈਂ ਵਸ ਚੁੱਕੀ ਹਾਂ. ਮੂਸਾ ਇਹ ਯੋਗ੍ਯ ਬਾਤ ਸੁਣਕੇ ਪ੍ਰਸੰਨ ਹੋਇਆ ਅਰ ਵੈਰੀ ਨੂੰ ਇਸਤ੍ਰੀ ਦੇਕੇ ਸਨਮਾਨ ਨਾਲ ਵਿਦਾ ਕੀਤਾ. ਇਸ ਬਹਾਦੁਰੀ ਦੀ ਵਾਰ ਜੋ ਢਾਡੀਆਂ ਨੇ ਬਣਾਈ ਉਸ ਦੀ ਪੌੜੀ ਇਹ ਹੈ-#"ਤ੍ਰੈ ਸੈ ਸੱਠ ਮਰਾਤਬਾ ਇਕ ਘੁਰਿਐ ਡੱਗੇ,#ਚੜਿਆ ਮੂਸਾ ਪਾਤਸਾਹ ਸਭ ਸੁਣਿਆ ਜੱਗੇ,#ਦੰਦ ਚਿਟੇ ਬਡ ਹਾਥੀਆਂ ਕਹੁ ਕਿੱਤ ਵਰੱਗੇ,#ਰੁੱਤ ਪਛਾਤੀ ਬਗੁਲਿਆਂ ਘਟ ਕਾਲੀ ਬੱਗੇ.#ਏਹੀ ਕੀਤੀ ਮੂਸਿਆ ਕਿਨ ਕਰੀ ਨ ਅੱਗੇ."#ਇਸ ਪੰਜ ਤੁਕੀ ਪੌੜੀ ਨਾਲ ਕਾਨੜਾਵਾਰ ਦੀ ਪੰਜ ਤੁਕੀ ਪੌੜੀ ਦੀ ਧੁਨੀ ਮਿਲਾਕੇ ਸਤਿਗੁਰਾਂ ਨੇ ਗਾਉਣ ਦੀ ਧਾਰਣਾ ਥਾਪੀ- "ਤੂੰ ਆਪੇ ਹੀ ਸਿਧ ਸਾਧਿਕੋ ਤੂ ਆਪੇ ਹੀ ਜੁਗਜੋਗੀਆ."×××#੬. ਧੂਨਨ ਕੀਤੀ. ਹਿਲਾਈ. ਕੰਬਾਈ. "ਕੋਪ ਮੁੰਡੀ ਧੁਨੀ." (ਰਾਮਾਵ) ਕ੍ਰੋਧ ਵਿੱਚ ਸਿਰ ਹਿਲਾਇਆ. ਦੇਖੋ, ਧੁਨ ੧. ਅਤੇ ਧੁਣਨ.


सं. संग्या- नदी दरिआ। २. सं. ध्वनि. शबद. नाद. "अनहद धुनी दरि वजदे." (स्री मः ४) ३. आवाज़ दी गूंज। ४. काव्य अनुसार उह गूढ अरथ दा भाव, जो अॱखरां दे अरथ तों भिंन व्यंजना शकति द्वारा प्रगट होवे, जिवें- "मेटी जाति हूए दरबारि." (गौड रविदास) इस तों उह धुनी (ध्वनि) निकली कि जो जाति- अभिमानी हन, उहकरतार दे दरबार दे अधिकारी नहीं।¹ ५. गाउण दी धारना. गाउण दा ढंग. श्री गुरू अरजन साहिब ने नौ वारां अजेहीआं चुणीआं, जिन्हां दे गाउण दी धारना पुराणे योधिआं दीआं वारां अनुसार रबाबीआं नूं दॱसी, अर पुराणीआं वारां दे पते वारां दे मुॱढ लिखे. श्री गुरू हरिगोबिंद साहिब ने ढाडीआं तों इह नौ धुनीआं वीर रस दी व्रिॱधी लई गवाईआं, जो हुण तीक. टकसालीए रागी रबाबी गाउंदे हन. बहुत लेखकां ने लिखिआ है कि धुनीआं छीवें सतिगुरू ने चड़्हाईआं हन, पर इह असत्य है.²#नौ धुनीआं इह हन:-#(ॳ) माझ की वार, मलक मरुदी तथा चंद्रहड़ा सोहीआ की धुनी. मलिक जाती दा मुरीद ख़ांन अते सोही जाति दा चंद्रहड़ा दोवें अकबर दे फ़ौजी सरदार आपो विॱची विरोध रखदे सन. इॱक वार बादशाह ने सरहॱदी मुंहिम ते मलिक नूं तोर दिॱता. मालिक ने वैरी नूं जिॱतके मुलक पुर क़बजा कीता अते अमन क़ाइम करन लई कुझ समां उॱथे ठहिरिआ. चंद्रहड़ा ने चालाकी नाल बादशाह नूं इह जताइआ कि मलिक मुलक ते क़ाबिज होके बाग़ी होगिआ है. इस पुर बादशाह ने चंद्रहुड़ा नूं मलिक दे होश ठिकाणे करन भेजिआ. दोवें योधा मैदान जंग विॱच कटके मरगए. ढाडीआं ने उन्हां दी वार इस वज़न ते बणाई-#"काबुल विॱच मुरीदखां फड़िआ बड जोर,#चंद्रहड़ालै फौज को चड़िआ बड तौर,#दुहां कंधारां मुह जुड़े दामामे दौर,#ससत्र पजूते सूरिआं सिर बॱधे टौर,#होली खेले चंद्रहड़ा रंग लॱगे सौर,#दोवें तरफां जुॱटीआं सर वॱगन कौर,#मै भी राइ सदाइसां वड़िआ लाहौर,#दोवें सूरे सामणे जूझे उस ठौर."#इस नाल अठ तुकी पौड़ी माझ वार दी देखो- "तूं करता पुरखु अगंमु है आपि स्रिसटि उपाती."×××#(अ) गउड़ी की वार महला ५. राइ कमाल दी मोजदी की वार की धुनी. वार देश दे मालिक कमालुॱदीन ने आपणे भाई नूं छल नाल ज़हिर देके मारदिॱता. उस दी इसत्री नाबालिग़ मुअ़ॱज़ुॱदीन³ ( [مُعّزاُلدین] ) नूं लै के पेके घर जा रही. जद मुअ़ॱज़ुॱदीन जवान होइआ तद नानकिआं दी भारी जमात नाल लैके आपणे चाचे नूं जंग लई वंगारिआ अर अजेही बहादुरी नाल लड़िआ कि कमालुॱदीन नूं संसार त्यागणा पिआ. ढाडीआं ने इस जंग दी वार इस वज़न पुर रुची:-#"राणा राइ कमालदीं रण भारा बाही,#मौजुॱदीं तलवंडीओं चड़िआ साबाही,#ढालीं अंबर छाइआ फुॱले अक काही,#जुॱटे आम्हो साम्हणे नेजे झलकाही,#मौजे घर वाधाईआं घर चाचे धाही."#इस नाल धुनी मिलाउण लई पंज तुकी पौड़ी गउड़ी वार दी देखो, "जो तुधु भावै सो भला सचु तेरा भाणा." ×××#(ॲ) आसा की वार. टुंडे असराजै की धुनी. सारंग दा पुत्र असराज सी.उस दी छोटी मां जो नवयोवना सी, असराज ते मोहित होगई, अर आपणी मंदभावना प्रगट कीती, पर धरमातमा अस ने द्रिड़्हता नाल धरम पालिआ. मतेई ने विसयलंपट राजे नूं भड़काके पुत्र ते अयोग कलंक लाइआ अते हॱथ कटवाके देसों कढवा दिॱता. दैव योग नाल टुंडा असराज विदेश विॱच जाके आपणे शुभ गुणां द्वारा सभ संपदा सहित होगिआ. जद पिता नूं समां पाके असल हाल मलूम होइआ तद पुत्र नूं चिॱठी लिखके बुलाइआ, पर असराज दी मतेई दे पुत्र खान अते सुलतान ने फ़ौज़ां लैके वडे भाई दा मुक़ाबला कीता. करतार दी क्रिपा नाल असराज ने फते पाके पिता दे चरणां पुर प्रणाम कीता. सारंग ने पिछली आपणी करतूत पुर लॱजित होके असराज नूं राजसिंघासन ते बैठाके आप एकांतास अखतिआर कीता. इस घटना दी वार जो रची उस दी पौड़ी इह है:-#भबकिआ सेर सरदूल राइ रण मारू बॱजे,#सुलतान खान बड सूरमे विच रण दे गॱजे,#खत लिखे टंडे असराज नूं पतसाही अॱजे,#टिॱका सारंग बाप ने दिॱता भर लॱजे,#फते पाइ असराज जी शाही पर सॱजे.#इस पंज तुकी पौड़ी नाल आसा वार दी पंज तुकी पोड़ी दी धुनी सतिगुरू ने मिलाई "आपी नै आप साजिओ आपीनै रचिओ नाउ."#(स) गूजरी का वार, सिकंदर बिराहिम की धुनी. सिकंदर अते इबराहीम दो इॱको ख़ानदान दे रईस सन.इबराहीम विभचारी अते सिकंदर धरमातमा सी. इॱक वार इबराहीम ने किसे दी कंन्या दा धरमभंग करना चाहिआ. कंन्या दा पिता सिकंदर दी शरण गिआ अर इबराहीम दा अत्याचार दॱसिआ. सिकंदर सैना लैके इबराहीम पुर चड़्हआइआ अते जंग जिॱतके कैदी करलिआ. अंत नूं इबराहीम ने आपणे जीवन नूं सुधारण दा प्रण करके सिकंदर तों छुटकारा पाइआ. इस प्रसंग दी वार जो बणी उस दी पौड़ी इह है:-#"पापी खान बिराम पर चड़िआ सेकंदर,#भेड़ दुहां दा मॱचिआ बड रण दे अंदर,#फड़िआ खान बिराम नूं कर बड आडंबर,#बॱधा संगल पाइकै जणु कीले बंदर,#अपना हुकम मनाइकै छॱडिआ जग अंदर."#इस पंज तुकी पौड़ी नाल गूजरी दी पंज तुकी पौड़ी देखो, "आपणा आपु उपाइओनु तदहु होरु न कोई." ×××#(ह) वडहंस की वार लला बहिलीमा की धुनी. लला अते बहिलीम पड़ौसी पहाड़ी राजा सन. लला दा इ़लाक़ा ख़ुशक अर बहिलीम दा सर सबज़ सी. इॱक वार बरसात कम होण करके लला ने बहिलीम तों निॱत वहिण वाली कूल्ह दा पाणी मंगिआ अर पैदावार दा छीवां हिॱसा देणा कीता, पर फसल तिआर होण पुर लला बचनों फिर गिआ, जिस पुर दोहां दा युॱध होइआ अर फते बहिलीम दे हिॱसे आई. उन्हां दी वार दी पौड़ी इउं है-#"काल लला दे देस दा खोइआ बहिलीमा,#हिॱसा छठा मनाइकै जल नहिरोंदीमा,#फिराहून हुइ लला ने रण मंडिआ धीमा,#भेड़ दुहूं दिस मॱचिआ सटपटी अजीमा,#सिर धड़ डिॱगे खेत विॱच जिउ वाहण ढीमा,#मार लला बहलीम ने रण मे धर सीमा."#इस छी तुकी पौड़ी नाल गुरू साहिब ने गूजरी वार दी छी तुकी पौड़ी दी धुनी मिलाई- "तू आपे ही आपि आपि है आपि कारणु कीआ."×××#(क) रामकली की वार मः ३, जोधे वीरै पूरबाणी की धुनी. पूरबाणी राजपूत दे पुत्र जोध अते वीर मशहूर धाड़वी सन. इन्हां नूं कई वार अकबर ने शाही नौकर होण लई आखिआ पर इन्हां ने सदा इह करारा उॱतर दिॱता कि असीं ओह राजपूत नहीं जो धीआं वेचके तेरी ग़ुलामी करन वाले हन. इह चुभवीं गॱल सुणके अकबर ने इन्हां दी आकड़ भंनण नूं फौज भेजी अर इह दोवें भाई बहादुरी नाल मुक़ाबला करके लड़ मोए. भॱटां ने इस वज़न दी वार बणाई-#जोध वीर पूरबाणीए दो गॱलां करी करारीआं,#फौज चड़ाई बादशाह अकबर रण भारीआं,#सनमुख होए राजपूत शुतरी रणकारीआं,#धूह मिआनो कॱढीआं बिजुॱलचमकारीआं,#इंदर सणे अपॱछरां मिल करन जुहारीआं,#एही कीती जोध वीर पतशाही गॱलां सारीआं.#इस छी तुकी पोड़ी नाल रामकली दी छी तुकी पौड़ी दी धुनि मिलाई-#"सचै तखतु रचाइआ बैसण कउ जाई."×××#(ख) सारंग की वार. राइ महमे हसने की धुनि. महिमा हसना भटी राजपूत सन.हसना शाही मुलाज़म सी पर किसे अपराध तों मौकूफ़ होगिआ अर महिमे दी पनाह लई. महिमे ने उस नूं आपणा प्रधान थापिआ अते शाही टेक्‌स अदा करन लई उसे नूं भेजदा रिहा. हसने ने राजकर (सरकारी मुआमला) सदा आपणे नाम दाख़िल करवाके महिमे नूं ग़ैरह़ाजिर लिखवाइआ. मुआमला ना देण दे अपराध विच महिमा क़ैद कीता गिआ पर अंत भेद खुल्ह जाण पुर महिमा शाही फौज नाल हसने नूं करमफल भुगताउण लई भेजिआ गिआ. महिमे ने फते पाके हसना क़ैद कीता, पर उस दी दीनता पुर आपणे क्रिपालु सुभाउ अनुसार हसने दा अपराध बखश दिॱता. ढाडीआं ने इस दी वार रची-#महिमा हसना राजपूत राइ भारे भॱटी,#डसने बेईमानगी नाल महिमे थॱटी,#भेड़ दुहां दा मॱचिआ सर वगे सफॱटी,#महिमे पाई फते रन गल हसने घॱटी,#बंन हसने नूं छॱडिआ जस महिमे खॱटी,#इस पंज तुकी पौड़ी नाल सारंग वार दी पंजतुकी पौड़ी मिलाई गई-#"आपे आपि निरंजना जिनि आपु उपाइआ."#(ग) मलार की वार. राणे कैलास तथा मालदे की धुनि. राणा कैलासदेव अते मालदेव राजपूत, दोवें सके भाई पहाड़ी रईस सन. वडे भाई ने राज पाके छोटे भाई नाल अयोग वरताउ कीता. मालदेव अणख वाला योधा सी, उस ने आपणे रसूख़ नाल सैना अते प्रजा नूं आपणी वॱल कर लीता, अर कैलासदेव नूं जंग विॱच शिकस्तदेके रिआसत दा प्रबंध आपणे हॱथ लिआ. जद कैलास ने पछताके भाई तों मुआ़फ़ी मंगी, तद धरमातमा मालदेउ ने अॱधी रिआसत उस दे हवाले कर दिॱती. इन्हां दोहां राजपुत्रां दी वार जो ढाडीआं ने बणाई, उस दा नमूना इह है-#"धरत घोड़ा परबत पलाण सिर टॱटर अंबर,#नउ सै नदी नड़िंनवे राणा जल कंधर,#ढुॱका राइ अमीरदे कर मेघअडंबर,#आनत खंडा राणिआ कैलासे अंदर,#बिजुॱल ज्यों चमकाणीआं तेगां विॱच अंबर,#मालदेव कैलास नूं बंन्हिआ कर संघर,#फिर अॱधा धन माल दे छॱडिआ गड़्ह अंदर,#मालदेउ जस खॱटिआ जिउ शाह सिंकदर."#इस अठतुकी पौड़ी नाल मलार वार दी अठतुकी धुनि मिलाई "आपी नै आपु साजि आपु पछाणिआ."×××#(घ) कानड़े दी वार. मूसे की वार की धुनी. मूसा राठ वडा बहादुर योधा सी. उस दी मंग किसे होर ने विआह लई. इस पुर मूसे ने वैरी नूं जंग विॱच क़ैद करके इसत्री समेत घर लिआंदा अर इसत्री तों पुॱछिआ कि तेरा की संकलप है? उस पतिव्रता ने किहा कि मैं उसे दी इसत्री रहांगी जिस ने मैनूं विआहिआ है अते जिस दे घर मैं वस चुॱकी हां. मूसा इह योग्य बात सुणके प्रसंन होइआ अर वैरी नूं इसत्री देके सनमान नाल विदा कीता. इस बहादुरी दी वार जो ढाडीआं ने बणाई उस दी पौड़ी इह है-#"त्रै सै सॱठ मरातबा इकघुरिऐ डॱगे,#चड़िआ मूसा पातसाह सभ सुणिआ जॱगे,#दंद चिटे बड हाथीआं कहु किॱत वरॱगे,#रुॱत पछाती बगुलिआं घट काली बॱगे.#एही कीती मूसिआ किन करी न अॱगे."#इस पंज तुकी पौड़ी नाल कानड़ावार दी पंज तुकी पौड़ी दी धुनी मिलाके सतिगुरां ने गाउण दी धारणा थापी- "तूं आपे ही सिध साधिको तू आपे ही जुगजोगीआ."×××#६. धूनन कीती. हिलाई. कंबाई. "कोप मुंडी धुनी." (रामाव) क्रोध विॱच सिर हिलाइआ. देखो, धुन १. अते धुणन.